CBSEclass 11 PunjabiClass 9th NCERT PunjabiEducationNCERT class 10thPunjab School Education Board(PSEB)

ਪ੍ਰੀਤ – ਕਥਾਵਾਂ : ਮਿਰਜ਼ਾ ਸਾਹਿਬਾਂ

ਮਿਰਜ਼ਾ ਸਾਹਿਬਾਂ

ਖੀਵੇਂ ਮਾਹਣੀ ਦੇ ਸਰਦਾਰ ਖੀਵੇ ਖ਼ਾਨ ਦੀ ਇੱਕ ਧੀ ਸੀ। ਉਸ ਦਾ ਨਾਂ ਸਾਹਿਬਾਂ ਸੀ। ਇਸ ਪ੍ਰੀਤ-ਕਹਾਣੀ ਦਾ ਨਾਇਕ ਮਿਰਜ਼ਾ ਦਾਨਾਬਾਦ ਪਿੰਡ ਵਿੱਚ ਵੰਝਲ ਨਾਂ ਦੇ ਵਿਅਕਤੀ ਦੇ ਘਰ ਜੰਮਿਆ। ਸਾਹਿਬਾਂ ਰਿਸ਼ਤੇ ਵਿੱਚ ਮਿਰਜ਼ੇ ਦੇ ਮਾਮੇ ਦੀ ਧੀ ਸੀ। ਸਾਹਿਬਾਂ ਕੁਝ ਵੱਡੀ ਹੋਈ ਤਾਂ ਉਸ ਨੂੰ ਪਿੰਡ ਦੀ ਮਸੀਤ ਵਿੱਚ ਪੜ੍ਹਨੇ ਪਾਇਆ ਗਿਆ। ਕਹਿੰਦੇ ਹਨ ਕਿ ਮਿਰਜ਼ੇ ਦੇ ਬਚਪਨ ਸਮੇਂ ਹੀ ਉਸ ਦੇ ਸਿਰ ਤੋਂ ਪਿਓ ਦਾ ਸਾਇਆ ਉੱਠ ਗਿਆ ਸੀ। ਸ਼ਾਇਦ ਇਸੇ ਕਾਰਨ ਉਸ ਨੂੰ ਉਸ ਦੇ ਨਾਨਕੇ ਘਰ ਭੇਜ ਦਿੱਤਾ ਗਿਆ ਸੀ।

ਨਾਨਕੇ ਘਰ ਰਹਿੰਦਿਆਂ ਮਿਰਜ਼ਾ ਵੀ ਮਸੀਤ ਵਿੱਚ ਪੜ੍ਹਨ ਲਈ ਜਾਣ ਲੱਗਿਆ। ਮਸੀਤ ਵਿੱਚ ਇਕੱਠੇ ਪੜ੍ਹਦਿਆਂ ਮਿਰਜ਼ਾ ਤੇ ਸਾਹਿਬਾਂ ਦਾ ਆਪਸੀ ਲਗਾਅ ਹੋ ਗਿਆ। ਜਵਾਨੀ ਦੀ ਦਹਿਲੀਜ਼ ‘ਤੇ ਪੈਰ ਧਰਦਿਆਂ ਹੀ ਇਹ ਲਗਾਅ ਗੂੜ੍ਹੀ ਪ੍ਰੀਤ ਦਾ ਰੂਪ ਧਾਰਨ ਕਰ ਗਿਆ। ਛੇਤੀ ਹੀ ਇਸ ਪ੍ਰੀਤ ਕਹਾਣੀ ਦੀ ਚਰਚਾ ਹੋਣ ਲੱਗੀ। ਨਤੀਜੇ ਵਜੋਂ ਮਿਰਜ਼ਾ ਆਪਣੇ ਪਿੰਡ ਦਾਨਾਬਾਦ ਵਾਪਸ ਆ ਗਿਆ। ਦੂਜੇ ਪਾਸੇ ਸਾਹਿਬਾਂ ਦੇ ਮਾਪਿਆਂ ਨੇ ਉਸ ਦਾ ਵਿਆਹ ਚੰਧੜ ਖ਼ਾਨਦਾਨ ਦੇ ਇੱਕ ਗੱਭਰੂ ਨਾਲ ਤੈਅ ਕਰ ਦਿੱਤਾ।

ਚੰਧੜਾਂ ਦੀ ਜੰਞ ਢੁੱਕਣ ਵਾਲੀ ਸੀ। ਸਾਹਿਬਾਂ ਇਸ ਵਿਆਹ ਲਈ ਰਾਜ਼ੀ ਨਹੀਂ ਸੀ। ਇਸ ਲਈ ਉਸ ਨੇ ਕਰਮੂ ਨਾਂ ਦੇ ਇੱਕ ਵਿਅਕਤੀ ਮਿਰਜ਼ੇ ਨੂੰ ਦਾਨਾਬਾਦ ਸੁਨੇਹਾ ਭੇਜਿਆ। ਸੁਨੇਹੇ ਵਿੱਚ ਮਿਰਜ਼ੇ ਨੂੰ ਤਤਕਾਲ ਸਾਹਿਬਾਂ ਕੋਲ ਪਹੁੰਚਣ ਲਈ ਕਿਹਾ ਗਿਆ।

ਸਾਹਿਬਾਂ ਦਾ ਸੁਨੇਹਾ ਮਿਲਦਿਆਂ ਹੀ ਮਿਰਜ਼ਾ ਤਿਆਰ ਹੋ ਗਿਆ। ਉਸ ਦੇ ਘਰਦਿਆਂ ਨੇ ਉਸ ਨੂੰ ਬਹੁਤ ਰੋਕਿਆ, ਬਹੁਤ ਸਮਝਾਇਆ ਪਰ ਮਿਰਜ਼ਾ ਸਾਹਿਬਾਂ ਕੋਲ ਜਾਣ ਲਈ ਦ੍ਰਿੜ੍ਹ ਸੀ। ਉਹ ਬਿਨਾਂ ਕਿਸੇ ਢਿੱਲ ਤੋਂ ਆਪਣੀ ਬੱਕੀ ਉੱਤੇ ਸਵਾਰ ਹੋ ਕੇ ਵਾਹੋ-ਦਾਹੀ ਸਾਹਿਬਾਂ ਦੇ ਪਿੰਡ ਪਹੁੰਚ ਗਿਆ। ਉੱਥੇ ਉਸ ਨੇ ਆਪਣੀ ਮਾਸੀ ਬੀਬੋ ਦੇ ਰਾਹੀਂ ਸਾਹਿਬਾਂ ਨੂੰ ਆਪਣੇ ਪਹੁੰਚਣ ਦੀ ਖ਼ਬਰ ਦਿੱਤੀ। ਤਦੋਂ ਮਿਰਜ਼ਾ ਅਤੇ ਸਾਹਿਬਾਂ ਨੇ ਵਿਆਹ ਤੋਂ ਪਹਿਲਾਂ ਹੀ ਨੱਠ ਜਾਣ ਦਾ ਮਤਾ ਪਕਾ ਲਿਆ।

ਕਹਿੰਦੇ ਹਨ ਕਿ ਮਿਰਜ਼ਾ ਸਾਹਿਬਾਂ ਨੂੰ ਆਪਣੀ ਬੱਕੀ ਉੱਤੇ ਬਿਠਾ ਕੇ ਹਵਾ ਹੋ ਗਿਆ। ਛੇਤੀ ਹੀ ਉਹ ਪਿੰਡ ਤੋਂ ਕਾਫ਼ੀ ਦੂਰ ਚਲੇ ਗਏ। ਤਦ ਕੁਝ ਸਫ਼ਰ ਦੀ ਥਕਾਵਟ ਕਾਰਨ ਅਤੇ ਕੁਝ ਨਿਸਚਿੰਤ ਹੋ ਜਾਣ ਕਾਰਨ ਮਿਰਜ਼ਾ ਇੱਕ ਜੰਡ ਦੇ ਹੇਠਾਂ ਅਰਾਮ ਕਰਨ ਲਈ ਰੁਕ ਗਿਆ। ਉਸ ਨੇ ਆਪਣੀ ਬੱਕੀ ਨੇੜੇ ਹੀ ਬੰਨ੍ਹ ਦਿੱਤੀ। ਤੀਰਾਂ ਦਾ ਬੱਥਾ ਨੇੜੇ ਰੱਖ ਲਿਆ। ਪਲਾਂ ਵਿੱਚ ਉਹ ਗੂੜ੍ਹੀ ਨੀਂਦ ਸੌਂ ਗਿਆ। ਸਾਹਿਬਾਂ ਉਸ ਦੇ ਸਰ੍ਹਾਣੇ ਜਾਗਦੀ ਬੈਠੀ ਸੀ।

ਓਧਰ ਇਹ ਗੱਲ ਛੁਪੀ ਨਾ ਰਹੀ ਕਿ ਮਿਰਜ਼ਾ ਸਾਹਿਬਾਂ ਨੂੰ ਉਧਾਲ ਕੇ ਲੈ ਗਿਆ ਹੈ। ਤਦ ਸਿਆਲ ਅਤੇ ਚੰਧੜ ਅਰਥਾਤ ਸਾਹਿਬਾਂ ਦੇ ਪੇਕੇ ਤੇ ਸਹੁਰੇ ਘਰ ਦੇ ਬੰਦੇ ਮਿਰਜ਼ੇ ਅਤੇ ਸਾਹਿਬਾਂ ਦਾ ਪਿੱਛਾ ਕਰਨ ਲੱਗੇ। ਸਾਹਿਬਾਂ ਨੂੰ ਪਿੱਛਾ ਕੀਤੇ ਜਾਣ ਦਾ ਡਰ ਸੀ। ਇਸ ਲਈ, ਉਸ ਨੇ ਮਿਰਜ਼ੇ ਨੂੰ ਜਗਾਉਣ ਦੀ ਕੋਸ਼ਸ਼ ਕੀਤੀ ਪਰ ਮਿਰਜ਼ੇ ਨੂੰ ਆਪਣੀ ਤਾਕਤ ਉੱਤੇ ਅੰਨ੍ਹਾ ਵਿਸ਼ਵਾਸ ਸੀ ਜਿਸ ਕਰ ਕੇ ਉਸ ਨੇ ਸਾਹਿਬਾਂ ਦੀ ਗੱਲ ਨੂੰ ਗੌਲਿਆ ਤੱਕ ਨਾ ਅਤੇ ਸੁੱਤਾ ਰਿਹਾ।

ਸਿਆਲਾਂ ਅਤੇ ਚੰਧੜਾਂ ਦੀ ਧਾੜ ਅਖ਼ੀਰ ਖੁਰਾ ਨੱਪਦੀ ਹੋਈ ਉਸ ਜੰਡ ਦੇ ਨੇੜੇ ਪਹੁੰਚ ਗਈ ਜਿੱਥੇ ਮਿਰਜ਼ਾ ਸੁੱਤਾ ਪਿਆ ਸੀ।

ਸਾਹਿਬਾਂ ਨੂੰ ਫ਼ਿਕਰ ਹੋਇਆ ਕਿ ਜੇ ਮਿਰਜ਼ਾ ਤੀਰ-ਬਾਜ਼ੀ ਕਰੇਗਾ ਤਾਂ ਉਸ ਦੇ ਭਰਾਵਾਂ ਦਾ ਨੁਕਸਾਨ ਹੋਵੇਗਾ। ਇਸ ਲਈ ਉਸ ਨੇ ਮਿਰਜ਼ੇ ਦਾ ਤੀਰਾਂ ਵਾਲਾ ਭੱਥਾ ਅਤੇ ਕਮਾਨ ਜੰਡ ਉੱਤੇ ਟੰਗ ਦਿੱਤੇ। ਇੰਨੇ ਨੂੰ ਪਿੱਛਾ ਕਰਦੀ ਆਉਂਦੀ ਵਾਹਰ ਨੇ ਮਿਰਜ਼ੇ ਨੂੰ ਆ ਘੇਰਿਆ। ਨਿਹੱਥਾ ਅਤੇ ਇਕੱਲਾ ਮਿਰਜ਼ਾ ਸਿਆਲਾਂ ਅਤੇ ਚੰਧੜਾਂ ਦੇ ਹਮਲੇ ਅੱਗੇ ਟਿਕ ਨਾ ਸਕਿਆ। ਮਿਰਜ਼ਾ ਜੰਡ ਦੇ ਹੇਠਾਂ ਮਾਰਿਆ ਗਿਆ।