CBSEclass 11 PunjabiClass 9th NCERT PunjabiEducationNCERT class 10thParagraphPunjab School Education Board(PSEB)

ਲੇਖ : ਪੰਜਾਬ ਦੇ ਲੋਕ-ਨਾਚ

ਪੰਜਾਬ ਦੇ ਲੋਕ-ਨਾਚ

………..ਬੋਲੀ ਮੈਂ ਪਾਵਾਂ
ਨੱਚ ਗਿੱਧੇ ਵਿਚ ਤੂੰ |

ਭੂਮਿਕਾ : ‘ਲੋਕ-ਨਾਚ’ ਉਹ ਨਾਚ ਹੈ, ਜਿਸ ਨੂੰ ਆਮ ਲੋਕੀਂ ਨੱਚਦੇ ਹੋਣ, ਜਿਸ ਵਿੱਚ ਇਲਾਕੇ ਦੇ ਆਮ ਲੋਕੀਂ ਆਪਣੀਆਂ ਖ਼ੁਸ਼ੀਆਂ, ਸਧਰਾਂ, ਮਨ ਦੀਆਂ ਭਾਵਨਾਵਾਂ ਅਤੇ ਵਲਵਲੇ ਦਰਸਾਉਂਦੇ ਹੋਣ। ਲੋਕ-ਨਾਚ ਆਪਣੇ ਇਲਾਕੇ ਦੀ ਸੱਭਿਅਤਾ ਦਾ ਸਹੀ ਦਰਪਣ ਹੁੰਦਾ ਹੈ ਕਿਉਂਕਿ ਜਦੋਂ ਲੋਕ ਖ਼ੁਸ਼ੀ ਦੀ ਤਰੰਗ ਵਿੱਚ ਹੁੰਦੇ ਹਨ, ਤਾਂ ਉਹ ਆਪਣੇ ਅਸਲੇ ਨੂੰ ਪ੍ਰਗਟ ਕਰਦੇ ਹਨ।

ਖੁਸ਼ੀ ਤੇ ਲੋਕ-ਨਾਚ : ਹਰ ਦੇਸ਼ ਦੇ ਲੋਕ ਆਪਣੀ ਖ਼ੁਸ਼ੀ ਦਾ ਪ੍ਰਗਟਾਵਾ ਗੀਤਾਂ ਅਤੇ ਨਾਚਾਂ ਰਾਹੀਂ ਕਰਦੇ ਹਨ। ਮੌਜ ਅਤੇ ਤਰੰਗ ਵਿੱਚ ਆਇਆ ਬੰਦਾ ਆਪ-ਮੁਹਾਰੇ ਹੀ ਜਾਂ ਤਾਂ ਗੁਣਗੁਣਾਗਾਉਣ ਲੱਗ ਜਾਂਦਾ ਹੈ ਜਾਂ ਨੱਚਣ-ਭੁੜਕਣ ਲੱਗ ਪੈਂਦਾ ਹੈ। ਖ਼ੁਸ਼ੀ ਦਾ ਕੁਦਰਤੀ ਉਛਾਲ ਲੋਕਾਂ ਨੂੰ ਨਚਾ ਦਿੰਦਾ ਹੈ। ਖ਼ੁਸ਼ੀ ਦੀ ਤਰੰਗ ਦਾ ਅਸਰ ਆਦਿ ਕਾਲ ਤੋਂ ਹੀ ਮਨੁੱਖੀ ਮਨ ’ਤੇ ਪਿਆ ਹੋਇਆ ਹੈ ਪਰ ਇਸ ਦਾ ਅਸਰ ਵੱਖ-ਵੱਖ ਲੋਕਾਂ ‘ਤੇ ਵੱਖ-ਵੱਖ ਪੈਂਦਾ ਹੈ। ਖ਼ੁਸ਼ੀ ਵਿੱਚ ਆ ਕੇ ਮਨੁੱਖ ਨੱਚਣ ਲੱਗ ਪੈਂਦੇ ਹਨ।

ਲੋਕ-ਨਾਚਾਂ ਦਾ ਅਰੰਭ : ਮੁਢਲਾ ਮਨੁੱਖ ਜਦੋਂ ਖ਼ੁਸ਼ੀ ਵਿੱਚ ਆ ਕੇ ਨੱਚਣ ਲੱਗਾ ਤਾਂ ਉਸ ਦੇ ਸਾਥੀ ਉਸ ਨੂੰ ਖ਼ੁਸ਼ ਵੇਖ ਕੇ ਨਾਲ ਹੀ ਨੱਚਣ ਲੱਗ ਪਏ। ਇਸ ਦੀ ਖ਼ੁਸ਼ੀ ਵਧ ਕੇ ਕਈ ਗੁਣਾ ਹੋ ਗਈ। ਖ਼ੁਸ਼ੀ ਦੀਆਂ ਘੜੀਆਂ ਲਈ ਲੋਕ-ਨਾਚ ਲੋਕਾਂ ਦਾ ਸਹਿਜ ਵਸੀਲਾ ਬਣ ਗਿਆ। ਹਰ ਖ਼ੁਸ਼ੀ ਸਮੇਂ ਨੱਚਣਾ ਇੱਕ ਰਵਾਇਤ ਬਣ ਗਿਆ। ਪੁੱਤਰ ਜੰਮਣ ’ਤੇ, ਵਿਆਹਾਂ ‘ਤੇ, ਤਿੱਥਾਂ – ਤਿਉਹਾਰਾਂ, ਮੇਲਿਆਂ ਜਾਂ ਕਿਸੇ ਵੀ ਹੋਰ ਖ਼ੁਸ਼ੀ ਦੇ ਮੌਕਿਆਂ ‘ਤੇ ਨੱਚਣਾ ਇੱਕ ਜ਼ਰੂਰੀ ਅੰਗ ਸਮਝਿਆ ਜਾਣ ਲੱਗ ਪਿਆ। ਇਸ ਤੋਂ ਬਿਨਾਂ ਖ਼ੁਸ਼ੀ ਅਧੂਰੀ ਸਮਝੀ ਜਾਂਦੀ ਸੀ। ਲੋਕ-ਨਾਚ ਵਿੱਚ ਕੇਵਲ ਸਰੀਰਕ ਮੁਦਰਾਵਾਂ, ਬੋਲੀਆਂ, ਸੀਮਤ ਜਿਹੇ ਸਾਜ਼ ਹੁੰਦੇ ਹਨ, ਜਿਨ੍ਹਾਂ ਨਾਲ ਨੱਚਣ ਦਾ ਰੰਗ ਬੱਝ ਜਾਂਦਾ ਹੈ। ਪੰਜਾਬ ਦੇ ਲੋਕ ਨਾਚਾਂ ਵਿੱਚੋਂ ਗਿੱਧਾ, ਭੰਗੜਾ, ਝੂਮਰ, ਕਿੱਕਲੀ ਆਦਿ ਪ੍ਰਸਿੱਧ ਹਨ।

ਗਿੱਧਾ : ਪੰਜਾਬੀ ਬੋਲੀ ਦੇ ਮੈਦਾਨੀ ਇਲਾਕੇ ਦੇ ਲੋਕ-ਨਾਚਾਂ ਵਿੱਚੋਂ ਸਭ ਤੋਂ ਅਹਿਮ ਸਥਾਨ ਗਿੱਧੇ ਦਾ ਹੈ ਕਿਉਂਕਿ ਇਹ ਇਸ ਇਲਾਕੇ ਦਾ ਆਪਣਾ ਨਾਚ ਹੈ। ਗਿੱਧਾ ਹਰ ਖ਼ੁਸ਼ੀ ਦੇ ਮੌਕੇ ‘ਤੇ ਕੁੜੀਆਂ ਤੇ ਮੁਟਿਆਰਾਂ ਵੱਲੋਂ ਪਾਇਆ ਜਾਂਦਾ ਹੈ।

ਗਿੱਧਾ ਪਾਉਂਦਿਆਂ ਕੇਵਲ ਨੱਚਿਆ ਹੀ ਨਹੀਂ ਜਾਂਦਾ ਬਲਕਿ ਮਨ ਦੇ ਹਾਵਾਂ-ਭਾਵਾਂ ਨੂੰ ਬੇਰੋਕ ਪ੍ਰਗਟ ਕੀਤਾ ਜਾਂਦਾ ਹੈ। ਇਸਦੇ ਨਾਲ ਬੋਲੀਆਂ ਪਾਈਆਂ ਜਾਂਦੀਆਂ ਹਨ। ਕੁੜੀਆਂ ਆਪਣੇ ਮਨ ਦੇ ਭਾਵਾਂ ਨੂੰ ਗਿੱਧੇ ਦੀਆਂ ਬੋਲੀਆਂ ਵਿੱਚ ਪੇਸ਼ ਕਰਦੀਆਂ ਹਨ।

ਗਿੱਧਾ ਪਾਉਣ ਵੇਲੇ ਕੁੜੀਆਂ ਘੇਰਾ ਬਣਾ ਕੇ ਖੜ੍ਹੀਆਂ ਹੋ ਜਾਂਦੀਆਂ ਹਨ। ਇਨ੍ਹਾਂ ਵਿੱਚੋਂ ਇੱਕ ਕੁੜੀ ਬੋਲੀ ਪਾਉਂਦੀ ਹੈ ਬਾਕੀ ਤਾੜੀਆਂ ਮਾਰਦੀਆਂ ਹਨ। ਜਦੋਂ ਬੋਲੀ ਦਾ ਆਖ਼ਰੀ ਟੱਪਾ/ਤੁਕ ਬੋਲਦੀ ਹੈ ਤਾਂ ਬਾਕੀ ਕੁੜੀਆਂ ਬੋਲੀ ਚੁੱਕ ਲੈਂਦੀਆਂ ਹਨ। ਇੰਝ ਗਿੱਧੇ ਦਾ ਪਿੜ ਭਖ ਜਾਂਦਾ ਹੈ। ਇਸ ਵਾਸਤੇ ਤਾੜੀ, ਢੋਲਕੀ ਦੀ ਵਰਤੋਂ ਕੀਤੀ ਜਾਂਦੀ ਹੈ।

ਪਰ ਅੱਜ-ਕੱਲ੍ਹ ਇਹੋ ਜਿਹਾ ਗਿੱਧਾ ਅਲੋਪ ਹੋ ਗਿਆ ਹੈ। ਅੱਜ-ਕੱਲ੍ਹ ਸਕੂਲਾਂ/ਕਾਲਜਾਂ ਦੀਆਂ ਸਟੇਜਾਂ ‘ਤੇ ਹੀ ਗਿੱਧਾ ਪਾਇਆ ਜਾਂਦਾ ਹੈ। ਗਿੱਧੇ ਦੀ ਇੱਕ ਬੋਲੀ ਇਸ ਤਰ੍ਹਾਂ ਹੈ :

ਨੀ ਮੈਂ ਆਵਾਂ, ਆਵਾਂ, ਆਵਾਂ

ਨੀ ਮੈਂ ਨੱਚਦੀ ਝੂਮਦੀ ਆਵਾਂ

ਮੇਰੀ ਨੱਚਦੀ ਦੀ ਝਾਂਜਰ ਛਣਕੇ ਨੀ

ਨੀ ਮੈਂ ਨੱਚਣਾ ਪਟੋਲਾ ਬਣਕੇ ਨੀ….

ਭੰਗੜਾ : ਭੰਗੜਾ ਪੰਜਾਬ ਦੇ ਨੌਜਵਾਨਾਂ ਦਾ ਹਰਮਨ – ਪਿਆਰਾ ਨਾਚ ਹੈ। ਇਹ ਨਾਚ ਉਨ੍ਹਾਂ ਦੇ ਸੁਭਾਅ, ਕਰੜਾਈ ਤੇ ਗਠੀਲੇਪਨ ਦੀ ਇੱਕ ਤਸਵੀਰ ਹੈ। ਅਸਲ ਵਿੱਚ ਇਹ ਨਾਚ ਪੱਛਮੀ ਪੰਜਾਬ ਦੇ ਜ਼ਿਲ੍ਹੇ ਸ਼ੇਖੂਪੁਰੇ, ਗੁਜਰਾਤ ਅਤੇ ਸਿਆਲਕੋਟ ਦਾ ਹੈ ਪਰ ਜੋਸ਼ ਭਰਿਆ ਹੋਣ ਕਾਰਨ ਪੰਜਾਬੀਆਂ ਨੇ ਅਪਣਾ ਲਿਆ ਹੈ। ਇਹ ਨਾਚ ਪਹਿਲੀ ਵਾਰ 1953 ਈ: ਵਿੱਚ ਗਣਤੰਤਰ ਦਿਵਸ ਦੇ ਮੌਕੇ ‘ਤੇ ਨੱਚਿਆ ਗਿਆ ਤਾਂ ਲੋਕ ਹੈਰਾਨ ਰਹਿ ਗਏ।

ਇਸ ਨਾਚ ਦਾ ਸਬੰਧ ਕਣਕ ਦੀ ਫ਼ਸਲ ਨਾਲ ਵੀ ਹੈ। ਵਿਸਾਖੀ ਦੇ ਦਿਨਾਂ ਵਿੱਚ ਜਦੋਂ ਕਿਸਾਨ ਖੇਤਾਂ ਵਿੱਚ ਕਣਕ ਦੀਆਂ ਸੁਨਹਿਰੀ ਬੱਲੀਆਂ/ਸਿੱਟੇ ਹਵਾ ਵਿੱਚ ਲਹਿਰਾਉਂਦੇ ਤੱਕਦਾ ਹੈ ਤਾਂ ਉਸ ਦਾ ਮਨ ਹੁਲਾਰੇ ਖਾਣ ਲੱਗ ਪੈਂਦਾ ਹੈ। ਉਸ ਦਾ ਇਹ ਹੁਲਾਸ, ਜੋਸ਼ ਤੇ ਖੁਮਾਰ ਭੰਗੜੇ ਦੇ ਰੂਪ ਵਿੱਚ ਪ੍ਰਗਟ ਹੁੰਦਾ ਹੈ। ਪੰਜਾਬ ਵਿੱਚ ਵਿਸਾਖੀ ਵਾਲੇ ਦਿਨ ਥਾਂ-ਥਾਂ ਮੇਲੇ ਲੱਗਦੇ ਹਨ। ਇਨ੍ਹਾਂ ਮੇਲਿਆਂ ਵਿੱਚ ਜੱਟ ਖ਼ੁਸ਼ੀ ਵਿੱਚ ਭੰਗੜੇ ਪਾਉਂਦੇ ਹਨ। ਧਨੀਰਾਮ ਚਾਤ੍ਰਿਕ ਦੇ ਅਨੁਸਾਰ :

“ਮਾਰਦਾ ਦਮਾਮੇ ਜੱਟ ਮੇਲੇ ਆ ਗਿਆ”

ਸ਼ੁਰੂ ਵਿੱਚ ਇਹ ਨਾਚ ਢੋਲ ਨਾਲ ਹੀ ਨੱਚਿਆ ਜਾਂਦਾ ਸੀ ਪਰ ਹੌਲੀ-ਹੌਲੀ ਇਸ ਵਿੱਚ ਤੂੰਬਾ, ਚਿਮਟਾ, ਕਾਂਟੋ, ਸੱਪ, ਇੱਕ ਤਾਰਾ, ਅਲਗੋਜਾ ਆਦਿ ਸਾਜ਼ ਵਰਤੇ ਜਾਣ ਲੱਗ ਪਏ। ਉਂਝ ਢੋਲ ਹੀ ਕੇਂਦਰੀ ਸਾਜ਼ ਹੈ ਬਾਕੀ ਉਸ ਦੇ ਮਗਰ ਵੱਜਦੇ ਹਨ। ਢੋਲੀ ਢੋਲ ਵਜਾਉਂਦਾ ਹੈ। ਢੋਲ ਦੇ ਡੱਗੇ ਦੀ ਅਵਾਜ਼ ਸੁਣ ਕੇ ਲੋਕ ਇੱਕ ਗੋਲ ਘੇਰਾ ਬਣਾ ਕੇ ਇਕੱਠੇ ਹੋ ਜਾਂਦੇ ਹਨ। ਫਿਰ ਢੋਲੀ ਦੇ ਇਸ਼ਾਰੇ ‘ਤੇ ਨਾਚ ਸ਼ੁਰੂ ਹੁੰਦਾ ਹੈ। ਲੋਕ ਮਸਤੀ ਵਿੱਚ ਆ ਕੇ ਘੇਰੇ ਵਿੱਚ ਨੱਚਣ ਲੱਗ ਪੈਂਦੇ ਹਨ।

ਪਹਿਲਾਂ ਇਹ ਤਾਲ ਮੱਠੀ ਵੱਜਦੀ ਹੈ ਫਿਰ ਗੱਭਰੂ ਤਾਲ ਉੱਤੇ ਪੈਰ ਹਿਲਾ ਕੇ, ਸਰੀਰ ਨੂੰ ਹਲੂਣਾ ਦਿੰਦੇ ਹਨ ਤੇ ਮੋਢੇ ਫਰਕਾਉਂਦੇ ਹੋਏ ਨੱਚਦੇ ਹਨ। ਕਦੇ ਗੋਡੇ ਅੱਗੇ ਵਧਾ ਕੇ, ਕਦੇ ਸਰੀਰ ਨੂੰ ਨੀਵਾਂ ਕਰ ਕੇ, ਕਦੇ ਮੁੱਠੀ ਜਿਹੀ ਮੀਚ ਕੇ, ਕਦੇ ਵਾਲ ਖਿਲਾਰ ਕੇ ਨੱਚਦੇ ਹਨ। ਫਿਰ ਢੋਲੀ ਆਪਣੇ ਢੋਲ ਦੀ ਤਾਲ ਨੂੰ ਤੇਜ਼ ਕਰ ਦਿੰਦਾ ਹੈ ਤੇ ਨਾਚ ਵੀ ਤੇਜ਼ੀ ਨਾਲ ਸ਼ੁਰੂ ਹੋ ਜਾਂਦਾ ਹੈ। ਕੋਈ ਮਨਚਲਾ ਜਵਾਨ ਘੇਰੇ ਅੰਦਰ ਆ ਕੇ ਇੱਕ ਹੱਥ ਕੰਨ ‘ਤੇ ਰੱਖ ਕੇ, ਦੂਜਾ ਹੱਥ ਉੱਚਾ ਚੁੱਕ ਕੇ ਅਨੋਖੇ ਢੰਗ ਨਾਲ ਬੋਲੀ ਪਾਉਂਦਾ ਹੈ :

ਅਸੀਂ ਗੱਭਰੂ ਦੇਸ਼ ਪੰਜਾਬ ਦੇ

ਉੱਡਦੇ ਵਿਚ ਹਵਾ

ਨੱਚ-ਨੱਚ ਭੰਗੜਾ ਪਾਂਵਦੇ

ਤੇ ਦਿੰਦੇ ਧੂੜ ਧਮਾ….

ਇਸ ਨਾਚ ਵਿੱਚ ਨੱਚਣ ਵਾਲੇ ਲਈ ਜ਼ਰੂਰੀ ਗੱਲ ਇਹ ਹੈ ਕਿ ਉਹ ਤਾਲ ਨਾ ਤੋੜੇ ਅਤੇ ਢੋਲ ਦੀ ਤਾਲ ਉੱਤੇ ਨੱਚਦਾ ਰਹੇ। ਬਾਕੀ ਸਰੀਰ ਦੀਆਂ ਹਰਕਤਾਂ ਜਿਵੇਂ ਮਰਜ਼ੀ ਕਰੇ। ਭੰਗੜਾ ਪਾਉਂਦੇ ਸਮੇਂ ਮਨ ਤੇ ਸਰੀਰ ਦੋਹਾਂ ਦੀ ਕਸਰਤ ਹੁੰਦੀ ਹੈ। ਮਨ ਖ਼ੁਸ਼ੀ ਨਾਲ ਖਿੜ ਉੱਠਦਾ ਹੈ, ਸਰੀਰ ਵੀ ਜੋਸ਼ ਨਾਲ ਤਕੜਾ ਹੁੰਦਾ ਹੈ। ਇਹੀ ਨਾਚ ਹੈ ਜਿਹੜਾ ਪੰਜਾਬੀਆਂ ਨੂੰ ਖ਼ੁਸ਼ ਰਹਿਣ ਤੇ ਬਲਵਾਨ ਯੋਧੇ ਬਣੇ ਰਹਿਣ ਵਿੱਚ ਸਹਾਈ ਹੁੰਦਾ ਹੈ।

ਝੁੰਮਰ : ਝੁੰਮਰ ਪੱਛਮੀ ਪੰਜਾਬ ਦੇ ਸਾਂਦਲ ਬਾਰ ਦੇ ਵਸਨੀਕਾਂ ਦਾ, ਮਰਦਾਵਾਂ ਨਾਚ ਹੈ। ਇਹ ਇਲਾਕਾ ਰਾਵੀ ਤੇ ਝਨਾਂ ਦੇ ਵਿਚਾਲੇ ਦਾ ਹੈ। ਝੁੰਮਰ ਲਈ ਢੋਲ ਦੀਆਂ ਤਿੰਨ ਤਾਲਾਂ ਹੁੰਦੀਆਂ ਹਨ : ਧੀਮੀ, ਤੇਜ਼ ਤੇ ਅਤਿ ਤੇਜ਼। ਇਸ ਦੀਆਂ ਸਰੀਰਕ ਹਰਕਤਾਂ ਇਹ ਹੁੰਦੀਆਂ ਹਨ; ਪਹਿਲਾਂ ਝੁਮਰੀ ਹੱਥ ਹੇਠਾਂ ਤੋਂ ਚੁੱਕ ਕੇ ਦੋ ਵਾਰੀ ਛਾਤੀ ਅੱਗੇ ਮੁੱਠਾਂ ਮੀਟ ਕੇ ਮਟਕਾਉਂਦੇ ਹਨ। ਫਿਰ ਦੋਵੇਂ ਬਾਹਵਾਂ ਸਿਰ ਤੋਂ ਉਤਾਂਹ ਕੱਢ ਕੇ ਇੱਕ ਵਾਰੀ ਲਹਿਰਾਉਣ ਪਿੱਛੋਂ ਹੱਥ ਮੁੜ ਛਾਤੀ ‘ਤੇ ਵਾਪਸ ਲਿਆ ਕੇ ਪਹਿਲਾਂ ਵਾਂਗ ਹੀ ਮਟਕਾਉਂਦੇ ਹਨ ਅਤੇ ਫਿਰ ਬਾਹਵਾਂ ਨੂੰ ਆਪਣੇ ਅਸਲ ਟਿਕਾਣੇ ‘ਤੇ ਹੀ ਲੈ ਆਉਂਦੇ ਹਨ। ਇਹ ਹਰਕਤਾਂ ਉਹ ਮੁੜ-ਮੁੜ ਦਰਸਾਉਂਦੇ ਹਨ। ਮੱਠੀ ਤਾਲ ਵਜੋਂ ਤੇਜ਼ ਤਾਲ ਵੱਲ ਜਾਂਦੇ ਹੋਏ ਝੂੰਮਰੀ ਇੰਝ ਬੋਲਦੇ ਹਨ :

ਚੀਣਾ ਅਸੀਂ ਛੁਣੀਂਦਾ ਹੋ ਮੋਹਲਾ ਅਸੀਂ ਮਰੀਂਦਾ ਹੋ

ਚੀਣਾ ਅਸੀਂ ਛੜੀਂਦਾ ਯਾਰ ……..। ਮੋਹਲਾ ਅਈਂ ਮਰੀਂਦਾ ਹੈ |

ਮੱਠੀ ਤਾਲ ਨੂੰ ‘ਝੁੰਮਰ ਦੀ ਤਾਲ’, ਦੂਜੀ ਨੂੰ ‘ਚੀਣਾ ਛੱਡਣਾ’ ਤੇ ਤੀਜੀ ਨੂੰ ‘ਧਮਾਲ’ ਕਿਹਾ ਜਾਂਦਾ ਹੈ।

ਸੰਮੀ : ਸੰਮੀ ਔਰਤਾਂ ਦਾ ਨਾਚ ਹੈ ਤੇ ਇਸ ਦਾ ਸਬੰਧ ਵੀ ਸਾਂਦਰ ਬਾਰ ਦੇ ਇਲਾਕੇ ਨਾਲ ਹੈ। ਝਨਾਂ ਤੋਂ ਪਾਰਲੇ ਇਲਾਕੇ ਦੀਆਂ ਔਰਤਾਂ ਇਸ ਨਾਚ ਨੂੰ ਨੱਚਦੀਆਂ ਹਨ। ਚਾਨਣੀਆਂ ਰਾਤਾਂ ਵਿੱਚ ਜਦੋਂ ਕੁੜੀਆਂ ਇਕੱਠੀਆਂ ਹੋ ਕੇ ਸੰਮੀ ਪਾਉਂਦੀਆਂ ਹਨ ਤਾਂ ਉਨ੍ਹਾਂ ਦੀਆਂ ਬਾਹਾਂ ਦੇ ਉਲਾਰ ਤੇ ਚੂੜੀਆਂ ਦੀ ਛਣਕਾਰ, ਪੈਰਾਂ ਦੀ ਧਮਕ ਅਤੇ ਝਾਂਜਰਾਂ ਦੀ ਛਣਕਾਰ ਨਾਲ ਇੱਕ ਸਮਾਂ ਬੱਝ ਜਾਂਦਾ ਹੈ।

ਇਸ ਨਾਚ ਦਾ ਨਾਂ ਇੱਕ ਕੁੜੀ ਦੇ ਨਾਂ ‘ਤੇ ਪਿਆ ਹੈ ਜਿਸ ਦਾ ਮਾਹੀ (ਢੋਲ) ਉਸ ਨੂੰ ਛੱਡ ਗਿਆ ਸੀ। ਉਹ ਆਪਣੇ ਮਾਹੀ ਦੀ ਯਾਦ ਵਿੱਚ ਮਸਤ ਹੋ ਕੇ ਨੱਚਿਆ ਤੇ ਗਾਇਆ ਕਰਦੀ ਸੀ। ਇਹ ਕਹਾਣੀ ਪੰਜਾਬ ਵਿੱਚ ਢੋਲ ਅਤੇ ਸੰਮੀ ਦਾ ਕਿੱਸਾ ਬਣ ਗਈ।

ਸੰਮੀ ਨੱਚਣ ਵੇਲੇ ਹੋਰ ਲੋਕ-ਨਾਚਾਂ ਵਾਂਗ ਕੁੜੀਆਂ ਘੇਰੇ ਵਿੱਚ ਖਲੋ ਜਾਂਦੀਆਂ ਹਨ ਤੇ ਪੈਰ ਦੀ ਧਮਕ ਨਾਲ ਤਾਲ ਦਿੰਦੀਆਂ ਹਨ ਤੇ ਗੀਤ ਗਾਉਂਦੀਆਂ ਚੱਕਰ ਵਿੱਚ ਚੱਲਣ ਲੱਗ ਪੈਂਦੀਆਂ ਹਨ। ਕੁਝ ਚਿਰ ਬਾਅਦ ਕੁੜੀਆਂ ਬਾਹਾਂ ਛੱਡ ਕੇ ਇਨ੍ਹਾਂ ਨੂੰ ਉੱਪਰ ਵੱਲ ਉਭਾਰ ਕੇ ਚੁਟਕੀਆਂ ਮਾਰਦੀਆਂ ਹਨ। ਫਿਰ ਛਾਤੀ ਕੋਲ ਲਿਆ ਕੇ ਤਾੜੀ ਮਾਰਦੀਆਂ ਹਨ। ਥੋੜ੍ਹੇ ਚਿਰ ਪਿੱਛੋਂ ਇਹ ਹਰਕਤ ਬਦਲਦੀ ਹੈ। ਕਈ ਵਾਰ ਚੁਟਕੀਆਂ ਦੋ ਦੀ ਥਾਂ ‘ਤੇ ਤਿੰਨ ਵਾਰ ਵਜਾਉਂਦੀਆਂ ਹਨ। ਨੱਚਣ ਵਾਲੀਆਂ ਇੱਕ ਪੈਰ ਦੀ ਧਮਕ ਦੀ ਥਾਂ ਦੋਹਾਂ ਨਾਲ ਉੱਛਲ ਕੇ ਧਮਕ ਦਿੰਦੀਆਂ ਹਨ।

ਇਸ ਨਾਚ ਵਿੱਚ ਕਿਸੇ ਸਾਜ਼ ਦੀ ਲੋੜ ਨਹੀਂ ਹੁੰਦੀ, ਕਈ ਵਾਰ ਢੋਲਕੀ ਵੀ ਨਹੀਂ ਵਜਾਈ ਜਾਂਦੀ। ਤਾਲ ਦਾ ਹਿਸਾਬ ਕੇਵਲ ਤਾੜੀ ਅਤੇ ਚੁਟਕੀ ਨਾਲ ਹੀ ਰੱਖਿਆ ਜਾਂਦਾ ਹੈ। ਸੰਮੀ ਦੇ ਗੀਤ ਵਿੱਚ ਵੀ ਅਰਥ ਇੱਕੋ ਤੁਕ ਵਿੱਚ ਹੁੰਦਾ ਹੈ।

ਸੰਮੀ ਮੇਰੀ ਵਲ, ਉੱਠ ਲੱਦ ਕਠੂਰ ਦੇ, ਸੰਮੀਆ

ਸੰਮੀ ਮੇਰੀ ਵਲ, ਲੱਦੀ ਤਾਂ ਜਾਂਦੇ ਭੰਗ, ਵਣ ਕੁੜੀ ਸੰਮੀਆ

ਸੰਮੀ ਮੇਰੀ ਵਲ, ਝੰਗ ਨੂੰ ਝਗੜ, ਰੰਗ ਵਣ ਸੰਮੀਆ

ਵਣ’ ਜੰਗਲੀ ਬੋਲੀ ਵਿੱਚ ਕੁੜੀ ਨੂੰ ਕਿਹਾ ਜਾਂਦਾ ਹੈ।

ਕਿੱਕਲੀ : ਕਿੱਕਲੀ ਅਸਲ ਵਿੱਚ ਨਿੱਕੀਆਂ ਕੁੜੀਆਂ ਦਾ ਖੇਡ ਨਾਚ ਹੈ। ਦੋ ਕੁੜੀਆਂ ਆਹਮੋ-ਸਾਹਮਣੇ ਖਲੋ ਕੇ ਕਾਂਟੇ ਦੀ ਸ਼ਕਲ ਵਿੱਚ ਖੱਬਾ ਹੱਥ ਦੂਜੇ ਦੇ ਸੱਜੇ ਹੱਥ ਨਾਲ ਤੇ ਸੱਜੇ, ਹੱਥ ਦੂਜੇ ਦੇ ਖੱਬੇ ਨਾਲ਼ ਫੜ੍ਹ ਕੇ ਗੀਤ ਗਾਉਂਦੀਆਂ ਝੂਮਦੀਆਂ ਹਨ। ਕਈ ਵਾਰ ਇਹ ਚਾਰ ਕੁੜੀਆਂ ਦਾ ਜੋਟਾ ਵੀ ਬਣ ਜਾਂਦਾ ਹੈ :

“ਕਿੱਕਲੀ ਕਲੀਰ ਦੀ, ਪੱਗ ਮੇਰੇ ਵੀਰ ਦੀ,

ਦੁਪੱਟਾ ਮੇਰੇ ਭਾਈ ਦਾ, ਫਿੱਟੇ ਮੂੰਹ ਜਵਾਈ ਦਾ।”

ਲੁੱਡੀ : ਲੁੱਡੀ ਪੰਜਾਬ ਦਾ ਇੱਕ ਖੁਸ਼ੀ ਭਰਿਆ ਨਾਚ ਹੈ। ਕਿਸੇ ਦੀ ਜਿੱਤ ਦੀ ਖੁਸ਼ੀ ਵਿੱਚ ਲੋਕ ਲੁੱਡੀ ਪਾਉਂਦੇ ਹਨ। ਪਾਰਟੀ, ਮੁਕੱਦਮਾ ਜਾਂ ਕਿਸੇ ਖੇਡ ਵਿੱਚ ਜਿੱਤ ਹੋਵੇ। ਢੋਲੀ ਢੋਲ ਵਜਾਉਂਦਾ ਹੈ। ਪਹਿਲਾਂ ਤਾਂ ਛਾਤੀ ਉੱਤੇ ਤਾੜੀ ਮਾਰਦੇ, ਅੱਖਾਂ ਮਟਕਾਉਂਦੇ, ਮੋਢੇ ਹਿਲਾਉਂਦੇ ਤੇ ਲੱਕ ਲਚਕਾਉਂਦੇ ਹੋਏ ਚੱਕਰ ਅੰਦਰ ਤਾਲ ਵਿੱਚ ਤੁਰਦੇ ਹਨ। ਫਿਰ ਨਾਚ ਸ਼ੁਰੂ ਹੁੰਦਾ ਹੈ। ਇਨ੍ਹਾਂ ਤੋਂ ਇਲਾਵਾ ਕੁਝ ਹੋਰ ਵੀ ਨਾਚ ਹਨ ਪਰ ਉਪਰੋਕਤ ਨਾਚ ਹੀ ਪ੍ਰਮੁੱਖ ਤੇ ਪ੍ਰਸਿੱਧ ਹਨ।

ਸਾਰੰਸ਼ : ਪੰਜਾਬ ਦੇ ਲੋਕ-ਨਾਚਾਂ ਦਾ ਆਪਣਾ ਮਹੱਤਵ ਹੈ। ਇਹ ਨਾਚ ਪੰਜਾਬੀਆਂ ਦੀ ਸੋਚ ਤੇ ਜੀਵਨ ਜਾਂਚ ਨੂੰ ਪ੍ਰਗਟਾਉਂਦੇ ਹਨ। ਅਜੋਕੇ ਸਮੇਂ ‘ਚ ਇਨ੍ਹਾਂ ਲੋਕ ਨਾਚਾਂ ‘ਚ ਪੱਛਮੀ ਨਾਚਾਂ ਨੂੰ ਮਿਲਾਇਆ ਜਾ ਰਿਹਾ ਹੈ ਇਸ ਪ੍ਰਤੀ ਗੰਭੀਰ ਸੋਚ ਅਪਣਾਉਣ ਦੀ ਲੋੜ ਹੈ।