ਅਣਡਿੱਠਾ ਪੈਰਾ – ਭੂਆ ਦੇ ਪਿਆਰ ਦਾ ਨਿੱਘ
ਹੇਠ ਦਿੱਤੇ ਅਣਡਿੱਠੇ ਪੈਰੇ ਨੂੰ ਪੜ੍ਹ ਕੇ ਦਿੱਤੇ ਗਏ ਪ੍ਰਸ਼ਨਾਂ ਦੇ ਉੱਤਰ ਦਿਓ :
ਸ਼ੁਕਰ-ਸ਼ੁਕਰ ਕਰ ਕੇ ਦੋ ਰਾਤਾਂ ਕੱਟੀਆਂ ਤੇ ਤੀਜੇ ਦਿਨ ਮੈਂ ਜਾਂਞੀਆਂ ਪਾਸੋਂ ਮਸੇਂ-ਮਸੋਂ ਖਹਿੜਾ ਛੁਡਾ ਕੇ ਭੂਆ ਦੇ ਪਿੰਡ ਪਿਆ। ਮੈਨੂੰ ਯਾਦ ਸੀ, ਨਿੱਕੇ ਹੁੰਦਿਆਂ ਮੇਰੀ ਭੂਆ ਪਤਲੇ ਫੁਲਕੇ ਚੁੱਲ੍ਹੇ ਵਿੱਚ ਫੁਲਾ ਕੇ ਕਿੱਡੇ ਪਿਆਰ ਨਾਲ ਖੁਆਇਆ ਕਰਦੀ ਸੀ। ਸਵਾਰੀ ਦਾ ਕੋਈ ਪ੍ਰਬੰਧ ਨਾ ਹੋ ਸਕਿਆ। ਦੁਪਹਿਰਾਂ ਦਾ ਤੁਰਿਆ ਮੈਂ ਸਾਰੇ ਰਾਹ ਘੱਟਾ ਫੱਕਦਾ ਕਿਤੇ ਪੈਲੀਆਂ ਵਿੱਚੋਂ ਤੇ ਕਿਤੇ ਸੜਕੇ-ਸੜਕੇ, ਸੋਤੇ ਪਏ ਭੂਆ ਦੇ ਪਿੰਡ ਪੁੱਜਾ। ਜਾਨ ਵਿੱਚ ਜਾਨ ਆਈ। ਜਾਂਦਿਆਂ ਹੀ ਬੜੀ ਗਰਮ-ਜੋਸ਼ੀ ਨਾਲ ਮੈਂ ਭੂਆ ਨੂੰ ਪੈਰੀਂ ਪੈਣਾ ਕੀਤਾ। ਉਸ ਨੇ ‘ਜੀਓ ਆਇਆਂ’ ‘ਸਦਕੇ ਆਇਆਂ’ ਆਖਦਿਆਂ ਹੋਇਆਂ ਮੇਰੀ ਪਿੱਠ ਪਲੋਸੀ ਪਰ ਇਸ ਵਿੱਚੋਂ ਮੈਨੂੰ ਭੂਆ ਦੇ ਪਿਆਰ ਦਾ ਨਿੱਘ ਨਾ ਲੱਭਿਆ। ਅਸਲ ਗੱਲ ਇਹ ਸੀ ਕਿ ਭੂਆ ਨੇ ਮੈਨੂੰ ਪਛਾਤਾ ਹੀ ਨਹੀਂ ਸੀ, ਉਸ ਨੂੰ ਅੰਧਰਾਤੇ ਦੀ ਕਸਰ ਸੀ। ਜਦ ਉਸ ਦੇ, “ਕਾਕਾ ਕਿੱਥੋਂ ਏਂ ਤੂੰ ?” ਉੱਤਰ ਵਿੱਚ ਮੈਂ ਆਪਣਾ ਨਾਂ ਦੱਸਿਆ ਤਾਂ ਸਾਰੀ ਦੀ ਸਾਰੀ ਭੂਆ ਮੇਰੇ ਦੁਆਲੇ ਲਿਪਟ ਗਈ। ਉਸ ਨੇ ਮੇਰਾ ਮੱਥਾ ਚੁੰਮਿਆ ਤੇ ਉੱਚੀ ਦੇ ਕੇ ਪੁਕਾਰ ਉੱਠੀ, “ਨੀ ਚੰਨਣ ਕੌਰੇ ! ਕੁੜੇ ! ਆਈਂ ਨੀ, ਭੱਜ ਕੇ। ਨੀ ਮੇਰਾ•••••••••• ਸਿੰਘ ਆਇਆ ਈ ਸੁਖ ਨਾਲ। ਵੇ ਮੁੰਡਿਓ, ਕੁੜੀਓ ! ਤੁਹਾਡਾ ਤਾਇਆ ਆਇਆ ਜੇ।”
ਪ੍ਰਸ਼ਨ 1. ਜਾਂਞੀਆਂ ਪਾਸੋਂ ਪਿੱਛਾ ਛੁਡਾ ਕੇ ਲੇਖਕ ਕਿਸ ਪਾਸੇ ਤੁਰ ਪਿਆ ?
(ੳ) ਆਪਣੇ ਪਿੰਡ
(ਅ) ਆਪਣੇ ਘਰ
(ੲ) ਮਾਮੇ ਦੇ ਪਿੰਡ
(ਸ) ਭੂਆ ਦੇ ਪਿੰਡ
ਪ੍ਰਸ਼ਨ 2. ਲੇਖਕ ਨੂੰ ਨਿੱਕੇ ਹੁੰਦਿਆਂ ਕੌਣ ਪਤਲੇ ਫੁਲਕੇ ਚੁੱਲ੍ਹੇ ਵਿੱਚ ਫੁਲਾ ਕੇ ਪਿਆਰ ਨਾਲ ਖੁਆਉਂਦੀ ਸੀ ?
(ੳ) ਮਾਮੀ
(ਅ) ਦਾਦੀ
(ੲ) ਮਾਸੀ
(ਸ) ਭੂਆ
ਪ੍ਰਸ਼ਨ 3. ਕਿਸ ਨੂੰ ਅੰਧਰਾਤੇ ਦੀ ਕਸਰ ਸੀ ?
(ੳ) ਲੇਖਕ ਦੀ ਮਾਂ ਨੂੰ
(ੲ) ਭੂਆ ਨੂੰ
(ਅ) ਲੇਖਕ ਨੂੰ
(ਸ) ਮਾਮੀ ਨੂੰ
ਪ੍ਰਸ਼ਨ 4. ਭੂਆ ਨੇ ਲੇਖਕ ਦੀ ਪਿੱਠ ਪਲੋਸੀ ਪਰ ਇਸ ਵਿੱਚੋਂ ਲੇਖਕ ਨੂੰ ਕੀ ਨਾ ਲੱਭਿਆ ?
(ੳ) ਪਿਆਰ
(ਅ) ਭੂਆ ਦਾ ਪਿਆਰ
(ੲ) ਨਿੱਘ
(ਸ) ਭੂਆ ਦੇ ਪਿਆਰ ਦਾ ਨਿੱਘ
ਪ੍ਰਸ਼ਨ 5. ਭੂਆ ਨੇ ਲੇਖਕ ਨੂੰ ਕਿਵੇਂ ਪਛਾਣਿਆ ?
(ੳ) ਲੇਖਕ ਵੱਲੋਂ ਆਪਣੇ ਪਿੰਡ ਦਾ ਨਾਂ ਦੱਸਣ ਤੇ
(ਅ) ਲੇਖਕ ਵੱਲੋਂ ਆਪਣਾ ਨਾਂ ਦੱਸਣ ‘ਤੇ
(ੲ) ਲੇਖਕ ਵੱਲੋਂ ਆਪਣੇ ਪਿਤਾ ਦਾ ਨਾਂ ਦੱਸਣ ‘ਤੇ
(ਸ) ਲੇਖਕ ਵੱਲੋਂ ਆਪਣੀ ਮਾਂ ਦਾ ਨਾਂ ਦੱਸਣ ਤੇ