ਲੇਖ : ਸੋਸ਼ਲ ਮੀਡੀਆ

ਸੋਸ਼ਲ ਮੀਡੀਆ

ਭੂਮਿਕਾ : ਵਿਗਿਆਨ ਦੀਆਂ ਕਾਢਾਂ ਨੇ ਹਮੇਸ਼ਾ ਹੀ ਸਾਡੇ ਜੀਵਨ ਨੂੰ ਅਰਾਮਦਾਇਕ ਅਤੇ ਆਨੰਦਮਈ ਬਣਾਇਆ ਹੈ। ਇਨ੍ਹਾਂ ਕਾਢਾਂ ਵਿੱਚੋਂ ਸੋਸ਼ਲ ਮੀਡੀਆ ਅਜੋਕੇ ਸਮੇਂ ਵਰਦਾਨ ਸਾਬਤ ਹੋ ਰਿਹਾ ਹੈ। ਸੋਸ਼ਲ ਮੀਡੀਆ ਤੋਂ ਭਾਵ ਹੈ ਸਮਾਜ ਨਾਲ ਜੁੜੇ ਰਹਿਣ ਵਾਲਾ ਮਾਧਿਅਮ। ਇਹ ਮਾਧਿਅਮ ਇਲੈਕਟਰਾਨਿਕ ਤਕਨਾਲੋਜੀ ਨਾਲ ਸੰਬੰਧਤ ਹੈ। ਇਸ ਦੇ ਕਈ ਰੂਪ; ਜਿਵੇਂ ਸਮਾਰਟ ਫੋਨ, ਵਟਸਐਪ, ਫੇਸਬੁੱਕ, ਟਵਿੱਟਰ, ਸਕਾਈਪ, ਇੰਸਟਾਗ੍ਰਾਮ, ਯੂ-ਟਿਊਬ, ਮਾਈ ਸਪੇਸ, ਵੀ-ਚੈਟ ਆਦਿ ਵਿਕਸਤ ਹੋਏ ਹਨ। ਇਨ੍ਹਾਂ ਸੋਸ਼ਲ ਸਾਈਟਾਂ ਵਿੱਚੋਂ ਸਭ ਤੋਂ ਵੱਧ ਵਰਤੋਂ ਫੇਸਬੁੱਕ ਦੀ ਹੁੰਦੀ ਹੈ। ਇਸ ਦਾ ਆਰੰਭ 2004 ਵਿੱਚ ਹੋਇਆ ਸੀ। 2020 ਦੇ ਸਰਵੇਖਣ ਅਨੁਸਾਰ ਭਾਰਤ ਵਿੱਚ 310 ਮਿਲੀਅਨ ਲੋਕ ਫੇਸਬੁੱਕ ‘ਤੇ ਹਨ। ਸੋਸ਼ਲ ਮੀਡੀਆ ਜਾਣਕਾਰੀ ਦਾ ਸ੍ਰੋਤ ਹੈ ਜੋ ਸਾਨੂੰ ਦੇਸ਼-ਵਿਦੇਸ਼ ਵਿੱਚ ਵਾਪਰ ਰਹੀਆਂ ਘਟਨਾਵਾਂ ਤੋਂ ਜਾਣੂੰ ਕਰਵਾਉਂਦਾ ਹੈ।

ਨਿੱਜੀ ਪੱਧਰ ‘ਤੇ ਵਰਤੋਂ : ਸੋਸ਼ਲ ਮੀਡੀਆ ਰਾਹੀਂ ਵਿਅਕਤੀ ਆਪਣੇ ਸਾਕ-ਸੰਬੰਧੀਆਂ ਅਤੇ ਦੋਸਤਾਂ-ਮਿੱਤਰਾਂ ਨਾਲ ਜੁੜਿਆ ਰਹਿੰਦਾ ਹੈ। ਵਟਸਐਪ, ਫੇਸਬੁੱਕ ਆਦਿ ਮਿੱਤਰਤਾ ਤੇ ਸਮਾਜਕ ਸੰਬੰਧਾਂ ਵਿੱਚ ਨਿੱਘ ਬਣਾਈ ਰੱਖਦੇ ਹਨ। ਫੇਸਬੁੱਕ ‘ਤੇ ਅਸੀਂ ਕਈ ਵਾਰ ਉਨ੍ਹਾਂ ਦੋਸਤਾਂ ਜਾਂ ਜਮਾਤੀਆਂ ਨੂੰ ਵੀ ਲੱਭ ਲੈਂਦੇ ਹਾਂ, ਜੋ ਲੰਮੇ ਸਮੇਂ ਤੋਂ ਵਿੱਛੜੇ ਹੁੰਦੇ ਹਨ। ਇਸ ਤੋਂ ਇਲਾਵਾ ਅਨੇਕ ਅਣਜਾਣ ਵਿਅਕਤੀ ਵੀ ਫੇਸਬੁੱਕ ‘ਤੇ ਦੋਸਤ ਬਣ ਜਾਂਦੇ ਹਨ। ਦੋਵੇਂ ਧਿਰਾਂ ਆਪਣੀਆਂ ਤਸਵੀਰਾਂ, ਵੀਡੀਓ ਅਤੇ ਵਿਚਾਰ ਸਾਂਝੇ ਕਰਦੇ ਹਨ ਅਤੇ ਆਪਣੀ ਪਸੰਦ ਜਾਂ ਨਾ-ਪਸੰਦ ਦੀਆਂ ਟਿੱਪਣੀਆਂ ਕਰਦੇ ਹੋਏ ਆਨੰਦ ਮਾਣਦੇ ਹਨ। ਅਨੇਕ ਮੁੰਡੇ-ਕੁੜੀਆਂ ਸੋਸ਼ਲ-ਮੀਡੀਆ ਰਾਹੀਂ ਆਪਣਾ ਮਨਪਸੰਦ ਜੀਵਨ ਸਾਥੀ ਵੀ ਲੱਭ ਲੈਂਦੇ ਹਨ।

ਪ੍ਰਚਾਰ ਦਾ ਸਾਧਨ : ਫੇਸਬੁੱਕ, ਟਵਿੱਟਰ, ਯੂ-ਟਿਊਬ, ਮਾਈ ਸਪੇਸ ਆਦਿ ਸੋਸ਼ਲ ਸਾਈਟਸ ਰਾਜਨੀਤਿਕ ਨੇਤਾਵਾਂ ਲਈ ਪ੍ਰਚਾਰ ਦਾ ਸ਼ਕਤੀਸ਼ਾਲੀ ਸਾਧਨ ਹਨ। ਇਹਨਾਂ ਰਾਹੀਂ ਨੇਤਾ ਆਪਣੇ ਵਿਚਾਰ ਸਾਂਝੇ ਕਰਦੇ ਹਨ ਅਤੇ ਲੋਕਾਂ ਨੂੰ ਆਪਣੇ ਨਾਲ ਜੋੜਨ ਲਈ ਉਹਨਾਂ ਤੋਂ ਟੀਕਾ-ਟਿੱਪਣੀ ਹਾਸਲ ਕਰ ਲੈਂਦੇ ਹਨ। ਚੋਣਾਂ ਦੌਰਾਨ ਰਾਜਨੀਤਿਕ ਪਾਰਟੀਆਂ ਇਸ ਦੀ ਧੜੱਲੇ ਨਾਲ ਵਰਤੋਂ ਕਰਦੀਆਂ ਹਨ।

ਵਪਾਰੀਆਂ ਲਈ ਲਾਭਦਾਇਕ : ਸੋਸ਼ਲ ਮੀਡੀਆ ਉੱਤੇ ਵਪਾਰੀ ਆਪਣੀ ਦੁਕਾਨਦਾਰੀ ਚਲਾ ਰਹੇ ਹਨ। ਇਸ ਮੰਤਵ ਲਈ ਉਹ ਟਵਿੱਟਰ ਅਤੇ ਲਿੰਕਡਇਨ (linked IN) ਦੀ ਵਰਤੋਂ ਵਧੇਰੇ ਕਰ ਰਹੇ ਹਨ। ਵਪਾਰਕ ਕੰਪਨੀਆਂ ਗਾਹਕਾਂ ਤੋਂ ਰਾਏ ਲੈਂਦੀਆਂ ਹਨ ਅਤੇ ਇਹ ਯਕੀਨ ਦਿਵਾਉਂਦੀਆਂ ਹਨ ਕਿ ਗਾਹਕਾਂ ਦੀ ਤਸੱਲੀ ਹੀ ਉਨ੍ਹਾਂ ਦਾ ਉਦੇਸ਼ ਹੈ। ਵਪਾਰੀ ਆਪਣੇ ਜਾਣਕਾਰ ਵਪਾਰੀਆਂ ਤੋਂ ਇਲਾਵਾ ਹੋਰ ਨਵੇਂ ਵਪਾਰੀਆਂ ਨਾਲ ਸਬੰਧ ਸਥਾਪਤ ਕਰ ਕੇ ਕਾਰੋਬਾਰ ਵਧਾ ਰਹੇ ਹਨ ਅਤੇ ਮੋਟੀ ਰਕਮ ਕਮਾ ਰਹੇ ਹਨ। ਲਿੰਕਡਿਨ ਵਪਾਰਕ ਖੇਤਰ ਵਿੱਚ ਵਿਸ਼ੇਸ਼ ਭੂਮਿਕਾ ਨਿਭਾ ਰਿਹਾ ਹੈ।

ਮਨੋਰੰਜਨ ਦਾ ਸਾਧਨ : ਸੋਸ਼ਲ ਮੀਡੀਆ ਮਨੋਰੰਜਨ ਦਾ ਵੀ ਸਾਧਨ ਹੈ। ਯੂ-ਟਿਊਬ ਉੱਤੇ ਮਨੋਰੰਜਨ ਭਰਪੂਰ ਅਨੇਕ ਪ੍ਰੋਗਰਾਮ ਉਪਲੱਬਧ ਹਨ। ਅਸੀਂ ਕਲਾਕਾਰਾਂ ਅਤੇ ਸੰਗੀਤਕਾਰਾਂ ਦੀਆਂ ਵੀਡੀਓ ਵੇਖ ਕੇ ਦਿਲ ਪਰਚਾ ਸਕਦੇ ਹਾਂ। ਇਸ ਤੋਂ ਇਲਾਵਾ ਫੇਸਬੁੱਕ ‘ਤੇ ਅਨੇਕ ਖੇਡਾਂ ਖੇਡ ਕੇ ਅਸੀਂ ਆਪਣਾ ਵਿਹਲਾ ਸਮਾਂ ਬਤੀਤ ਕਰ ਸਕਦੇ ਹਾਂ। ਮੁੱਕਦੀ ਗੱਲ ਤਾਂ ਇਹ ਹੈ ਕਿ ਸੋਸ਼ਲ ਮੀਡੀਆ ਦੀ ਵਰਤੋਂ ਕਰ ਕੇ ਕੋਈ ਵੀ ਇਨਸਾਨ ਇਕੱਲਾਪਣ ਜਾਂ ਉਦਾਸ ਮਹਿਸੂਸ ਨਹੀਂ ਕਰਦਾ।

ਇਸ ਪ੍ਰਕਾਰ ਸੋਸ਼ਲ ਮੀਡੀਆ ਦੇ ਅਨੇਕ ਲਾਭ ਹਨ, ਜਿਸ ਕਾਰਨ ਇਹ ਮੀਡੀਆ ਪੂਰੀ ਦੁਨੀਆ ਵਿੱਚ ਲੋਕਾਂ ਦਾ ਹਰਮਨ ਪਿਆਰਾ ਬਣ ਗਿਆ ਹੈ, ਪਰ ਅਫ਼ਸੋਸ ਦੀ ਗੱਲ ਤਾਂ ਇਹ ਹੈ ਕਿ ਕੁਝ ਲੋਕ ਇਸ ਦੀ ਦੁਰਵਰਤੋਂ ਕਰ ਰਹੇ ਹਨ, ਜਿਸ ਕਾਰਨ ਇਹ ਮੀਡੀਆ ਨੁਕਸਾਨਦਾਇਕ ਵੀ ਸਾਬਿਤ ਹੋ ਰਿਹਾ ਹੈ।

ਸਮੇਂ ਦੀ ਬਰਬਾਦੀ : ਸੋਸ਼ਲ ਮੀਡੀਆ ਦੀ ਦੁਰਵਰਤੋਂ ਕਰਨ ਨਾਲ ਲੋਕ ਆਪਣਾ ਕੀਮਤੀ ਸਮਾਂ ਬਰਬਾਦ ਕਰਦੇ ਹਨ। ਅੱਧੀ ਰਾਤ ਤੱਕ ਫੇਸਬੁੱਕ ਖੋਲ੍ਹ ਕੇ ਸਾਥੀਆਂ ਦੇ ਅੱਪਡੇਟ ਵੇਖਦੇ ਜਾਂ ਆਪਣੇ ਅੱਪਡੇਟ ਕਰਦੇ ਅਤੇ ਪਸੰਦ, ਨਾ-ਪਸੰਦ ਕਰਦੇ ਹੋਏ ਟਿੱਪਣੀਆਂ ਕਰਦੇ ਰਹਿੰਦੇ ਹਨ। ਸਵੇਰੇ ਸਕੂਲ-ਕਾਲਜ ਜਾਣ ਲਈ ਬੱਸਾਂ ਵਿੱਚ ਬੈਠੇ ਬੱਚੇ ਤੇ ਨੌਜਵਾਨ ਕਿਤਾਬ ਪੜ੍ਹਨ ਦੀ ਥਾਂ ਮੋਬਾਈਲ ਉੱਤੇ ਖੇਡਾਂ ਰਹੇ ਹੁੰਦੇ ਹਨ ਜਾਂ ਫਿਰ ਦੋਸਤਾਂ-ਮਿੱਤਰਾਂ ਨੂੰ ਸੰਦੇਸ਼ ਭੇਜਦੇ ਨਜ਼ਰ ਆਉਂਦੇ ਹਨ। ਰੋਟੀ-ਪਾਣੀ ਖਾਣਾ ਭਾਵੇਂ ਭੁੱਲ ਜਾਣ, ਪਰ ਗੁੱਡ ਮਾਰਨਿੰਗ ਅਤੇ ਗੁੱਡ ਨਾਈਟ ਦਾ ਮੈਸੇਜ ਕਰਨਾ ਕਦੇ ਨਹੀਂ ਭੁੱਲਦੇ।

ਮਾਨਸਕ ਤਣਾਓ : ਸੋਸ਼ਲ ਮੀਡੀਆ ਕਾਰਨ ਅਨੇਕ ਲੋਕ ਮਾਨਸਕ ਤਣਾਓ ਹੰਢਾਉਂਦੇ/ਭੋਗਦੇ ਹਨ। ਫੇਸਬੁੱਕ ਉੱਤੇ ਲਾਈਕ ਨਾ ਮਿਲਣ ਕਾਰਨ ਕਈ ਵਿਅਕਤੀ ਉਦਾਸ ਤੇ ਨਿਰਾਸ਼ ਹੋ ਜਾਂਦੇ ਹਨ। ਸੋਸ਼ਲ ਸਾਈਟਸ ਉੱਤੇ ਕਈ ਵਾਰ ਸਮਾਜ ਵਿੱਚ ਨਾਮੀ ਹਸਤੀਆਂ, ਕਲਾਕਾਰਾਂ, ਧਰਮਿਕ ਆਗੂਆਂ ਬਾਰੇ ਅਪਮਾਨ ਜਨਕ ਟਿੱਪਣੀਆਂ ਕੀਤੀਆਂ ਜਾਂਦੀਆਂ ਹਨ ਜਾਂ ਫਿਰ ਕੁਝ ਸ਼ਰਾਰਤੀ ਅਨਸਰਾਂ ਵੱਲੋਂ ਮੰਨੇ-ਪ੍ਰਮੰਨੇ ਵਿਅਕਤੀਆਂ ਦਾ ਚਿਹਰਾ ਅਸ਼ਲੀਲ ਤਸਵੀਰਾਂ ਨਾਲ ਜੋੜ ਕੇ ਉਨ੍ਹਾਂ ਬਾਰੇ ਗ਼ਲਤ ਅਫ਼ਵਾਹਾਂ ਫੈਲਾਈਆਂ ਜਾਂਦੀਆਂ ਹਨ, ਜਿਸ ਨਾਲ ਕਈ ਵਾਰ ਇੱਜ਼ਤਦਾਰ ਵਿਅਕਤੀ ਤਾਂ ਆਤਮ-ਹੱਤਿਆ ਕਰਨ ਲਈ ਮਜਬੂਰ ਹੋ ਜਾਂਦੇ ਹਨ। ਇਸ ਤੋਂ ਇਲਾਵਾ ਐੱਸ.ਐੱਮ.ਐੱਸ ਬਣਾ ਕੇ ਸੋਸ਼ਲ ਮੀਡੀਆ ਰਾਹੀਂ ਕੁੜੀਆਂ ਨੂੰ ਬਲੈਕਮੇਲ ਕਰਨ ਦੀਆਂ ਖ਼ਬਰਾਂ ਆਮ ਹੀ ਸੁਣਨ ਨੂੰ ਮਿਲਦੀਆਂ ਹਨ।

ਸਿੱਟਾ : ਸੋਸ਼ਲ ਮੀਡੀਆ ਦੀ ਵਰਤੋਂ ਸਾਵਧਾਨੀ ਨਾਲ ਕਰਨੀ ਚਾਹੀਦੀ ਹੈ। ਬੱਚਿਆਂ ਅਤੇ ਨਾਬਾਲਗਾਂ ਨੂੰ ਇਸ ਤੋਂ ਦੂਰ ਰੱਖਣਾ ਚਾਹੀਦਾ ਹੈ। ਆਪਣੇ ਨਿੱਜੀ ਮਸਲੇ ਸੀਮਿਤ ਦਾਇਰੇ ਵਿੱਚ ਹੀ ਰੱਖਣੇ ਚਾਹੀਦੇ ਹਨ। ਸ਼ਰਾਰਤੀ ਅਨਸਰਾਂ ਵੱਲੋਂ ਫੈਲਾਈਆਂ ਜਾ ਰਹੀਆਂ ਅਫ਼ਵਾਹਾਂ ‘ਤੇ ਅੰਨ੍ਹੇਵਾਹ ਵਿਸ਼ਵਾਸ ਨਹੀਂ ਕਰਨਾ ਚਾਹੀਦਾ। ਇਸ ਤੋਂ ਇਲਾਵਾ ਸਰਕਾਰ ਨੂੰ ਵੀ ਸੋਸ਼ਲ ਮੀਡੀਆ ਦੀ ਦੁਰਵਰਤੋਂ ਨੂੰ ਰੋਕਣ ਲਈ ਸਖ਼ਤ ਕਾਨੂੰਨ ਬਣਾਉਣੇ ਚਾਹੀਦੇ ਹਨ। ਅਜਿਹੇ ਸੰਚਾਰ ਦੇ ਸਾਧਨਾਂ ਦੀ ਵਰਤੋਂ ਪ੍ਰਤੀ ਸੁਚੇਤ ਰਹਿਣ ਦੀ ਬਹੁਤ ਜ਼ਰੂਰਤ ਹੈ।