ਸੰਖੇਪ ਰਚਨਾ
ਵਤਨ ਦਾ ਪਿਆਰ
ਵਤਨ ਦੇ ਪਿਆਰ ਦਾ ਮੁੱਢ ਆਪਣੇ ਘਰ, ਮਾਂ, ਭੈਣ ਤੇ ਆਪਣੇ ਬੱਚਿਆਂ ਦੀ ਮਾਂ ਦਾ ਗੂੜ੍ਹਾ, ਸਾਦਾ ਪਰ ਅਸਗਾਹ ਜਿਹਾ ਖ਼ਸਮਾਨਾ ਹੈ। ਇਸ ਮੁੱਢ ਥੀਂ ਵਤਨ ਦੇ ਪਿਆਰ ਦਾ ਬ੍ਰਿਛ ਉਪਜਦਾ ਹੈ। ਜੇ ਜੜ੍ਹ ਹੀ ਨਾ ਹੋਵੇ, ਉੱਥੇ ਜ਼ਿੰਦਗੀ ਦਾ ਫੈਲਾਓ ਕਿਸ ਤਰ੍ਹਾਂ ਹੋ ਸਕਦਾ ਹੈ ਤੇ ਘਰ ਦਾ ਡੂੰਘਾ ਪਿਆਰ ਉਨ੍ਹਾਂ ਲੋਕਾਂ ਵਿੱਚ ਪੈ ਨਹੀਂ ਸਕਦਾ, ਜਿਨ੍ਹਾਂ ਇਹ ਵਿੱਦਿਆ ਪੜ੍ਹੀ ਹੋਵੇ ਕਿ ਪੰਜ ਇੰਦ੍ਰੀਆਂ ਦਾ ਜੀਵਨ ਹੀ ਇੱਕ ਦੁੱਖ ਰੂਪ ਹੈ; ਘਰ ਦਾ ਤਿਆਗ ਹੀ ਆਦਰਸ਼ ਹੈ ਤੇ ਇਸ ਦੁੱਖ ਦੀ ਨਵਿਰਤੀ ਵਿੱਚ ਹੀ ਕਲਿਆਣ ਹੈ। ਜਿਹੜੇ ਇਸ ਤਰ੍ਹਾਂ ਦੀ ਫ਼ਿਲਾਸਫ਼ੀ ਦੇ ਸਿਖਾਏ ਮਜ਼੍ਹਬ ਦੇ ਅੱਡੇ ਚੜ੍ਹੇ, ਉਨ੍ਹਾਂ ਨੂੰ ਘਰ ਦਾ ਮੋਹ, ਬਾਲ-ਬੱਚੇ ਦਾ ਪਿਆਰ, ਮਾਂ, ਭੈਣ ਤੇ ਇਸਤਰੀ ਦਾ ਸਤਿਕਾਰ ਪਾਪ ਜਿਹੇ ਜਾਪਦੇ ਹਨ। ਹਿੰਦੁਸਤਾਨ ਦੇ ਸੰਨਿਆਸੀ ਤੇ ਸਾਧੂ ਵੈਰਾਗਯ-ਤਿਆਗ ਦੀ ਤਾਲੀਮ ਦਿੰਦੇ ਇਸਤਰੀ ਜਾਤੀ ਦਾ ਤ੍ਰਿਸਕਾਰ ਕਰਦੇ ਆਏ ਹਨ।
ਸਿਰਲੇਖ : ਵਤਨ ਦਾ ਪਿਆਰ
ਸੰਖੇਪ : ਵਤਨ ਦੇ ਪਿਆਰ ਦਾ ਮੁੱਢ ਘਰ ਦੇ ਜੀਆਂ ਨੂੰ ਪਿਆਰ ਕਰਨ ਨਾਲ ਬੱਝਦਾ ਹੈ। ਜਿਹੜੇ ਸੰਨਿਆਸੀਆਂ ਦੀਆਂ ਸਿਖਿਆਵਾਂ ਉੱਤੇ ਘਰ ਦੇ ਤਿਆਗ ਨੂੰ ਆਦਰਸ਼ਕ ਮੰਨਦੇ ਹੋਏ ਘਰ ਦੇ ਜੀਆਂ ਨੂੰ ਘ੍ਰਿਣਾ ਕਰਦੇ ਹਨ, ਉਨ੍ਹਾਂ ਵਿੱਚ ਵਤਨ ਦਾ ਪਿਆਰ ਨਹੀਂ ਪੈਦਾ ਹੋ ਸਕਦਾ।
ਮੂਲ-ਰਚਨਾ ਦੇ ਸ਼ਬਦ = 130
ਸੰਖੇਪ-ਰਚਨਾ ਦੇ ਸ਼ਬਦ = 42