ਸੰਖੇਪ ਰਚਨਾ
ਘਰ ਦੇ ਪਿਆਰ ਦੀ ਮਹੱਤਤਾ
ਇੱਕ ਮੋਰੀ ਜਾਣਕਾਰ ਬਿਰਧ ਬੀਬੀ ਜੀ ਹਨ, ਜੋ ਨੇਕੀ ਤੇ ਉਪਕਾਰ ਦੀ ਪੁਤਲੀ ਹਨ। ਸਵੇਰੇ ਸ਼ਾਮ ਬਿਨਾਂ ਨਾਗਾ
ਨਿੱਤਨੇਮ ਕਰਦੇ, ਗੁਰਦੁਆਰੇ ਦੀ ਪਰਕਰਮਾ ਕਰਦੇ ਹਨ। ਕਿਸੇ ਦੁਖੀ ਨੂੰ ਵੇਖ ਕੇ ਕਦੀ ਜਰ ਨਹੀਂ ਸਕਦੇ। ਵਲਵਲਾ ਉਨ੍ਹਾਂ ਦਾ ਇੰਨਾ ਕੋਮਲ ਤੇ ਪਵਿੱਤਰ ਹੈ ਕਿ ਚੱਪੇ-ਚੱਪੇ ’ਤੇ ਹਮਦਰਦੀ ਨਾਲ ਫਿੱਸ ਪੈਂਦੇ ਹਨ। ਬੱਚਿਆਂ ਨੂੰ ਦੇਖ ਕੇ ਤਾਂ ਬੱਚੇ ਹੀ ਬਣ ਜਾਂਦੇ ਹਨ ਪਰ ਸੁਭਾਅ ਉਨ੍ਹਾਂ ਦਾ ਬਹੁਤ ਖਰ੍ਹਵਾ ਹੈ। ਨਿੱਕੀ-ਨਿੱਕੀ ਗੱਲ ਤੋਂ ਖਿਝ ਪੈਂਦੇ ਹਨ ਅਤੇ ਗੁੱਸੇ ਵਿੱਚ ਆ ਕੇ ਆਪੇ ਤੋਂ ਬਾਹਰ ਹੋ ਜਾਂਦੇ ਹਨ। ਉਸ ਹਾਲਤ ਵਿੱਚ ਉਨ੍ਹਾਂ ਨੂੰ ਦੇਖੋ ਤਾਂ ਮਲੂਮ ਹੁੰਦਾ ਹੈ ਕਿ ਉਨ੍ਹਾਂ ਦੇ ਦਿਲ ਵਿੱਚ ਕੋਈ ਤਰਸ ਨਹੀਂ, ਕੋਈ ਪਿਆਰ ਨਹੀਂ, ਪਰ ਹੁੰਦੇ ਉਸ ਵਕਤ ਵੀ ਉੱਨੇ ਹੀ ਨਰਮ ਤੇ ਕੋਮਲ ਹਨ। ਕੇਵਲ ਇਹ ਕੋਮਲਤਾ ਤੇ ਨਰਮੀ ਗੁੱਸੇ ਦੇ ਪਰਦੇ ਹੇਠ ਛੁਪੀ ਹੁੰਦੀ ਹੈ। ਇਸ ਗੁੱਸੇ ਤੇ ਝੱਲਪੁਣੇ ਦਾ ਕਾਰਨ ਉਨ੍ਹਾਂ ਦੀ ਜ਼ਿੰਦਗੀ ਦਾ ਪਿੱਛਾ ਫੋਲਣ ਤੋਂ ਇਹ ਮਲੂਮ ਹੁੰਦਾ ਹੈ ਕਿ ਉਨ੍ਹਾਂ ਨੂੰ ਘਰ ਦਾ ਪਿਆਰ ਨਹੀਂ ਮਿਲਿਆ। ਪਤੀ ਜਵਾਨੀ ਵਿੱਚ ਹੀ ਸਾਥ ਛੱਡ ਗਿਆ ਅਤੇ ਝੋਲੀ ਪੁੱਤਰਾਂ ਧੀਆਂ ਤੋਂ ਖ਼ਾਲੀ ਰਹੀ। ਕਿਸੇ ਨੇ ਨਿੱਕੀਆਂ-ਨਿੱਕੀਆਂ ਬਾਹਾਂ ਗਲ ਵਿੱਚ ਪਾ ਕੇ ਨਹੀਂ ਆਖਿਆ “ਬੀ ਜੀਓ ! ਮੈਂ ਕਿੱਡਾ ਸੋਹਣਾ ਵਾਂ।”
ਸਿਰਲੇਖ : ਘਰ ਦੇ ਪਿਆਰ ਦੀ ਮਹੱਤਤਾ
ਸੰਖੇਪ : ਘਰ ਦੇ ਪਿਆਰ ਤੋਂ ਵਾਂਝੇ ਵਿਅਕਤੀ ਦਾ ਸੁਭਾਅ ਅਕਸਰ ਖਰ੍ਹਵਾ, ਚਿੜਚਿੜਾ, ਗੁਸੈਲਾ, ਨਿਰਦਈ ਤੇ ਝੱਲਪੁਣੇ ਵਾਲਾ ਬਣ ਜਾਂਦਾ ਹੈ। ਸੁਭਾਅ ਦਾ ਇਹ ਵਿਗਾੜ ਉਨ੍ਹਾਂ ਦੇ ਕੋਮਲ ਤੇ ਪਵਿੱਤਰ ਵਲਵਲੇ, ਨਾਮ ਸਿਮਰਨ ਅਤੇ ਹੋਰਨਾਂ ਨਾਲ ਨੇਕੀ, ਉਪਕਾਰ, ਪਿਆਰ ਤੇ ਹਮਦਰਦੀ ਕਰਨ ਦੇ ਬਾਵਜੂਦ ਵੀ ਠੀਕ ਨਹੀਂ ਹੁੰਦਾ। ਘਰ ਦਾ ਪਿਆਰ ਬਚਪਨ, ਜਵਾਨੀ, ਵਿਆਹੁਤਾ ਜੀਵਨ ਤੇ ਬੁਢਾਪੇ ਲਈ ਇੱਕੋ ਜਿਹੀ ਮਹੱਤਤਾ ਰੱਖਦਾ ਹੈ।
ਮੂਲ-ਰਚਨਾ ਦੇ ਸ਼ਬਦ = 186
ਸੰਖੇਪ-ਰਚਨਾ ਦੇ ਸ਼ਬਦ = 61