ਸੰਖੇਪ ਰਚਨਾ

ਵਹਿਮਾਂ ਦੀ ਪੁਰਾਤਨਤਾ

ਲੋਕਾਂ ਵਿੱਚ ਜਿਹੜੇ ਵਹਿਮ ਪ੍ਰਚਲਤ ਹਨ ਉਹ ਢੇਰ ਪੁਰਾਣੇ ਹਨ। ਉਹ ਉਦੋਂ ਤੋਂ ਸ਼ੁਰੂ ਹੋਏ ਜਦੋਂ ਮਨੁੱਖ ਚੱਪੇ-ਚੱਪੇ ‘ਤੇ ਡਰਦਾ ਸੀ, ਜਦੋਂ ਸਧਾਰਨ ਹਨੇਰਾ ਖਾਣ ਨੂੰ ਪੈਂਦਾ ਸੀ, ਪੱਤਾ ਹਿੱਲੇ ਤਾਂ ਦਿਲ ਦਹਿਲ ਜਾਂਦਾ ਸੀ। ਮਨੁੱਖ ਨੂੰ ਚਾਰੇ ਪਾਸੇ ਵੈਰੀ ਤਾਕਤਾਂ ਦਿੱਸਦੀਆਂ ਸਨ। ਜਿਨ੍ਹਾਂ ਨੂੰ ਉਹ ਰੱਬੀ ਤਾਕਤਾਂ ਮੰਨਦਾ ਸੀ, ਉਹ ਵੀ ਭੈਅ ਦੇਣ ਵਾਲੀਆਂ, ਕੁਰੱਖ਼ਤ, ਡਰਾਉਣੀ ਸ਼ਕਲ ਵਾਲੀਆਂ ਤੇ ਨਿੱਕੀ ਨਿੱਕੀ ਭੁੱਲ ਤੋਂ ਖਿਝ ਕੇ ਸਖ਼ਤ ਤੋਂ ਸਖ਼ਤ ਸਜ਼ਾਵਾਂ ਦੇਣ ਵਾਲੀਆਂ ਸਨ। ਉਹ ਰੱਬੀ ਤਾਕਤਾਂ ਮਨੁੱਖ ਤੋਂ ਦੂਰ ਨਹੀਂ ਸੀ ਰਹਿੰਦੀਆਂ–ਦਰੱਖ਼ਤਾਂ, ਝਾੜੀਆਂ ਵਿੱਚ, ਨਦੀ-ਨਾਲੀਆਂ ਵਿੱਚ, ਹਵਾ ਦੇ ਫ਼ਰਾਟਿਆਂ ਵਿੱਚ ਸਾਂ-ਸਾਂ ਕਰਦੀਆਂ ਸੁਣਾਈ ਦੇਂਦੀਆਂ ਸਨ। ਕਦੀ-ਕਦੀ ਮਨੁੱਖ ਦੀ ਸ਼ਕਲ ਵਿੱਚ ਜਾਂ ਬਿੱਲੀ, ਕੁੱਤੇ ਜਾਂ ਕਾਂ ਦੀ ਸ਼ਕਲ ਵਿੱਚ ਆਲੇ ਦੁਆਲੇ ਹੁੰਦੀਆਂ ਸਨ। ਮਨੁੱਖ ਸ਼੍ਰੇਣੀ ਤੇ ਜਨੌਰ ਸ਼੍ਰੇਣੀ ਵਿੱਚ ਬਹੁਤਾ ਫ਼ਰਕ ਨਹੀਂ ਸੀ ਦਿੱਸਦਾ। ਵਿਦਿਆ ਤੇ ਵਿਚਾਰ ਦਾ ਘਾਟਾ ਹੋਣ ਕਰਕੇ ਉਂਞ ਵੀ ਬਹੁਤਾ ਫ਼ਰਕ ਨਹੀਂ ਸੀ। ਪਰ ਆਵਾਗੌਣ ਦੇ ਖ਼ਿਆਲ ਨੇ ਜਨੌਰਾਂ ਤੇ ਮਨੁੱਖਾਂ ਨੂੰ ਇਕੱਠਾ ਕਰ ਕਰ ਦੱਸਿਆ ਸੀ। ਕੀ ਪਤਾ ਹੈ ਕਿਹੜੀ ਬਿੱਲੀ ਸਾਡੇ ਚੌਂਕੇ ਵਿੱਚ ਮੂੰਹ ਮਾਰ ਰਹੀ ਹੈ ਸਾਡੀ ਮਾਸੀ ਹੀ ਹੋਵੇ ਅਰਥਾਤ ਸਾਡੀ ਮਾਸੀ ਦੀ ਰੂਹ ਉਸ ਵਿੱਚ ਕੰਮ ਕਰਦੀ ਹੋਵੇ।

ਸਿਰਲੇਖ : ਵਹਿਮਾਂ ਦੀ ਪੁਰਾਤਨਤਾ

ਸੰਖੇਪ : ਲੋਕਾਂ ਵਿੱਚ ਵਹਿਮ ਮੁੱਢ ਤੋਂ ਪ੍ਰਚਲਤ ਹਨ। ਇਨ੍ਹਾਂ ਦੀ ਬੁਨਿਆਦ ਕੁਦਰਤੀ ਤਾਕਤਾਂ ਦਾ ਡਰ ਹੈ। ਵਿੱਦਿਆ ਤੇ ਵਿਚਾਰ ਦੇ ਘਾਟੇ ਕਾਰਨ ਉਹ ਤਾਕਤਾਂ ਦਰੱਖ਼ਤਾਂ, ਝਾੜੀਆਂ, ਨਦੀ-ਨਾਲਿਆਂ ਤੇ ਹਵਾ ਦੇ ਫਰਾਟਿਆਂ ਆਦਿ ਵਿੱਚ ਮਨੁੱਖਾਂ, ਬਿੱਲੀਆਂ ਜਾਂ ਕੁੱਤਿਆਂ ਦੀ ਸ਼ਕਲ ਵਿੱਚ ਦਿੱਸਦੀਆਂ ਸਨ। ਆਵਾਗੌਣ ਦੇ ਸਿਧਾਂਤ ਨੇ ਜਨੌਰਾਂ ਤੇ ਮਨੁੱਖਾਂ ਵਿੱਚ ਰੂਹਾਂ ਦੀ ਸਾਂਝ ਦਾ ਵਿਚਾਰ ਦੇ ਕੇ ਇਨ੍ਹਾਂ ਨੂੰ ਇਕੱਠਾ ਕਰ ਦਿੱਤਾ ਹੈ।

ਮੂਲ-ਰਚਨਾ ਦੇ ਸ਼ਬਦ = 180
ਸੰਖੇਪ-ਰਚਨਾ ਦੇ ਸ਼ਬਦ = 60