ਸੰਖੇਪ ਰਚਨਾ

ਪੰਜਾਬੀ ਭਾਸ਼ਾ ਦਾ ਵਿਕਾਸ

ਪੰਜਾਬੀ ਭਾਸ਼ਾ, ਪੰਜਾਬ ਦੀ ਬੋਲੀ ਹੈ ਅਤੇ ਜਦ ਤੋਂ ਪੰਜਾਬ ਭੂਗੋਲਿਕ ਤੌਰ ‘ਤੇ ਹੋਂਦ ਵਿੱਚ ਆਇਆ ਹੈ, ਉਸ ਸਮੇਂ ਤੋਂ ਹੀ ਬੋਲੀ ਜਾ ਰਹੀ ਹੈ। ਆਰੀਆਂ ਦੇ ਆਉਣ ਤੋਂ ਪਹਿਲਾਂ ਇਹ ਦਰਾਵੜਾਂ ਦੀ ਪਿਆਰੀ ਸੀ ਅਤੇ ਪਿੱਛੋਂ ਆਮ ਆਰੀਆ ਜਨਤਾ ਦੀ ਬੋਲੀ ਬਣ ਗਈ। ਆਰੀਆਂ ਨੇ ਆਪਣੇ ਧਾਰਮਕ ਗ੍ਰੰਥਾਂ ਲਈ ਇਸ ਨੂੰ ਨਿਯਮਬੱਧ ਕੀਤਾ ਅਤੇ ਇਸ ਨੂੰ ਸੰਸਕ੍ਰਿਤ ਦੇ ਰੂਪ ਵਿੱਚ ਢਾਲ ਕੇ ਪਵਿੱਤਰ ਕੀਤਾ। ਪਰਾਕਿਰਤਾਂ ਵੇਲੇ ਫਿਰ ਇਹ ਪੰਜਾਬ ਦੇ ਜਨ – ਸਮੂਹਾਂ ਦੇ ਮੂੰਹ ‘ਤੇ ਚੜ੍ਹੀ ਰਹੀ ਅਤੇ ਲੋਕਾਂ ਦੇ ਅੰਤਰੀਵ ਤੇ ਦੈਵੀ ਭਾਵਾਂ ਦੇ ਪ੍ਰਗਟਾਉਣ ਲਈ ਵਰਤੀ ਜਾਣ ਲੱਗੀ। ਨਾਥ-ਜੋਗੀਆਂ ਤੇ ਸਿਧਾਂ ਨੇ ਇਸ ਨੂੰ ਆਪਣੇ ਅਧਿਆਤਮਕ ਪ੍ਰਚਾਰ ਦਾ ਮਾਧਿਅਮ ਬਣਾਇਆ ਅਤੇ ਜੋਗੀਆਂ ਨੇ ਆਪਣੀ ਬੀਨ ਰਾਹੀਂ ਇਸ ਦੀਆਂ ਸੁਰਾਂ ਅਤੇ ਧੁਨੀਆਂ ਨੂੰ ਜਨਤਾ ਤਕ ਪਹੁੰਚਾਇਆ। ਇਸੇ ਲਈ ਅੱਠਵੀਂ ਤੇ ਨੌਵੀਂ ਸਦੀ ਵਿੱਚ ਇਹ ਸਾਰੇ ਉੱਤਰੀ ਭਾਰਤ ਦੀ ਲੋਕਪ੍ਰਿਅ ਬੋਲੀ ਬਣ ਗਈ, ਜਿਸ ਦਾ ਪ੍ਰਯੋਗ ਮੁਲਕ ਦੀਆਂ ਹੱਦਾਂ ਤੋਂ ਬਾਹਰ ਹੀ ਹੋਣ ਲੱਗਾ। ਭਗਤੀ ਲਹਿਰ ਦੇ ਅਰੰਭ ਨਾਲ ਇਸ ਦਾ ਮੁਹਾਂਦਰਾ ਸਾਧ-ਲਹਿਰ ਵਿੱਚ ਵਟੀਣ ਲੱਗਾ ਅਤੇ ਇਹ ਵੈਸ਼ਨਵ ਮਤ ਦੇ ਪ੍ਰਚਾਰ ਤੇ ਪ੍ਰਸਾਰ ਦਾ ਵੱਡਾ ਸਾਧਨ ਬਣ ਗਈ। ਯਾਰ੍ਹਵੀਂ ਸਦੀ ਤਕ ਇਸ ਦਾ ਕੇਂਦਰ ਮੁਲਤਾਨ ਰਿਹਾ ਅਤੇ ਜਿਹੜੇ ਵੀ ਸੈਲਾਨੀ ਭਾਰਤ ਵਿੱਚ ਆਉਂਦੇ ਰਹੇ ਉਨ੍ਹਾਂ ਨੇ ਇਸ ਨੂੰ ਹਿੰਦਵੀ, ਹਿੰਦਕੋ, ਜਟਕੀ ਜਾਂ ਮੁਲਤਾਨੀ ਦੇ ਨਾਂ ਨਾਲ ਯਾਦ ਕੀਤਾ। ਉਸ ਵੇਲੇ ਲਹਿੰਦੀ ਦਾ ਪ੍ਰਭਾਵ ਇਸ ਉੱਪਰ ਬਹੁਤ ਡੂੰਘਾ ਸੀ। ਬਾਬਾ ਫ਼ਰੀਦ ਨੇ ਇਸ ਨੂੰ ਸਾਹਿਤਕ ਜਾਮਾ ਪੁਆਇਆ ਅਤੇ ਇਹ ਹੁਣ ਨਵੀਂ ਵਿਆਹੁਤਾ ਵਾਂਗ ਆਪਣਾ ਰੂਪ-ਸ਼ਿੰਗਾਰ ਨਿਖਾਰਨ ਲੱਗੀ।

ਸਿਰਲੇਖ : ਪੰਜਾਬੀ ਭਾਸ਼ਾ ਦਾ ਵਿਕਾਸ

ਸੰਖੇਪ : ਪੰਜਾਬੀ ਭਾਸ਼ਾ ਪੰਜਾਬ ਦੀ ਬੋਲੀ ਹੈ ਜਿਸ ਨੂੰ ਦਰਾਵੜਾਂ ਤੋਂ ਬਾਅਦ ਆਰੀਆਂ ਨੇ ਆਪਣੇ ਧਾਰਮਕ ਗ੍ਰੰਥਾਂ ਲਈ ਨਿਯਮਬੱਧ ਕਰਕੇ ਸੰਸਕ੍ਰਿਤ ਦਾ ਰੂਪ ਦਿੱਤਾ। ਇਹ ਪਰਾਕਿਰਤ ਵੇਲੇ ਅਠਵੀਂ-ਨੌਵੀਂ ਸਦੀ ਵਿੱਚ ਉੱਤਰੀ ਭਾਰਤ ਦੀ ਜਨਤਕ ਬੋਲੀ ਬਣ ਗਈ ਅਤੇ ਨਾਥਾਂ-ਜੋਗੀਆਂ ਨੇ ਇਸ ਦੁਆਰਾ ਪ੍ਚਾਰ ਕੀਤਾ। ਭਗਤੀ ਲਹਿਰ ਚਾਲੂ ਹੋਣ ਨਾਲ ਇਸ ਦੁਆਰਾ ਸਾਧ ਭਾਸ਼ਾ ਦੇ ਰੂਪ ਵਿੱਚ ਵੈਸ਼ਨੂੰ ਮੱਤ ਦਾ ਪਰਚਾਰ ਹੋਇਆ। ਯਾਰ੍ਹਵੀਂ ਸਦੀ ਤੀਕ ਇਸ ਦਾ ਕੇਂਦਰ ਮੁਲਤਾਨ ਰਿਹਾ। ਬਾਬਾ ਫ਼ਰੀਦ ਨੇ ਇਸ ਨੂੰ ਸਾਹਿੱਤਕ ਵਸਤਰ ਪੁਆਏ।

ਮੂਲ-ਰਚਨਾ ਦੇ ਸ਼ਬਦ = 276
ਸੰਖੇਪ-ਰਚਨਾ ਦੇ ਸ਼ਬਦ = 75