ਸੰਖੇਪ ਰਚਨਾ
ਵਿਹਲੀਆਂ ਗੱਲਾਂ ਲਈ ਲੋੜੀਂਦੀਆਂ ਯੋਗਤਾਵਾਂ
ਵਿਹਲੀਆਂ ਗੱਲਾਂ ਕਰਨ ਦਾ ਵੀ ਇੱਕ ਹੁਨਰ ਹੈ, ਜੋ ਹਰ ਕਿਸੇ ਨੂੰ ਨਹੀਂ ਆਉਂਦਾ। ਇਸ ਨੂੰ ਕਾਮਯਾਬੀ ਨਾਲ ਨਿਭਾਉਣ ਲਈ ਕਈ ਗੁਣਾਂ ਦੀ ਲੋੜ ਹੈ। ਸਭ ਤੋਂ ਪਹਿਲੀ ਲੋੜ ਇਸ ਗੱਲ ਦੀ ਹੈ ਕਿ ਗੱਲ ਕਰਨ ਵਾਲਾ ਹੱਸ-ਮੁਖ ਹੋਵੇ। ਉਸ ਦੇ ਦਿਲ ਵਿੱਚ ਲੰਮੇ ਵੈਰ ਨਾ ਹੋਣ, ਉਸ ਦੀ ਆਮ ਵਾਕਫ਼ੀ ਤੇ ਤਜਰਬਾ ਬਹੁਤ ਹੋਵੇ, ਜੋ ਬਹੁਤ ਕਰਕੇ ਸਫ਼ਰ ਕਰਨ ਤੇ ਦੇਸ਼ਾਂ ਵਿੱਚ ਭਉਣ-ਚਉਣ ਤੋਂ ਮਿਲਦਾ ਹੈ। ਸ਼ਾਇਦ ਇਸੇ ਲਈ ਗੁਰੂ ਨਾਨਕ ਦੇਵ ਜੀ ਨੇ ਕਿਹਾ ਹੈ : ਬਹੁ ਤੀਰਥ ਭਵਿਆ ਤੇਤੋ ਲਵਿਆ।’ ਜੋ ਕੁਝ ਆਲੇ-ਦੁਆਲੇ ਵਿੱਚ ਵਰਤ ਰਿਹਾ ਹੋਵੇ, ਉਸ ਦੀ ਪਛਾਣ ਰੱਖਦਾ ਹੋਵੇ, ਨਹੀਂ ਤਾਂ ਉਸ ਦੀਆਂ ਗੱਲਾਂ, ਉਸ ਦੇ ਮਖ਼ੌਲ ਇੱਕ ਦੋ ਵਾਰੀ ਦੁਹਰਾਏ ਜਾਣ ‘ਤੇ ਬਾਸੀ ਜਹੇ ਲੱਗਣ ਲੱਗ ਪੈਣਗੇ। ਉਸ ਨੂੰ ਲੋਕਾਂ ਦੇ ਸੁਭਾਅ ਤੇ ਮੌਕਾ ਪਛਾਣਨ ਦੀ ਜਾਚ ਹੋਵੇ, ਲੋਕਾਂ ਦੀਆਂ ਆਮ ਰੁਚੀਆਂ ਨਾਲ ਹਮਦਰਦੀ ਹੋਵੇ ਅਤੇ ਆਪਣੀ ਰਾਇ ਤੇ ਦਲੀਲ ਉੱਤੇ ਹੱਠ ਨਾ ਕਰੇ, ਖਾਸ ਕਰਕੇ ਆਪਣੀ ਬੋਲੀ ਉੱਤੇ ਚੰਗਾ ਕਾਬੂ ਹੋਵੇ।
ਸਿਰਲੇਖ : ਵਿਹਲੀਆਂ ਗੱਲਾਂ ਲਈ ਲੋੜੀਂਦੀਆਂ ਯੋਗਤਾਵਾਂ
ਸੰਖੇਪ : ਵਿਹਲੀਆਂ ਗੱਲਾਂ ਕਰਨ ਦੇ ਹੁਨਰ ਨੂੰ ਸਫ਼ਲਤਾ ਸਹਿਤ ਨਿਭਾਉਣ ਲਈ ਖ਼ੁਸ਼ ਤੇ ਮਿਲਾਪੜੀ ਤਬੀਅਤ, ਦੇਸ਼ ਗਮਨ ਤੋਂ ਪ੍ਰਾਪਤ ਵਿਸ਼ਾਲ ਅਨੁਭਵ ਤੇ ਆਮ ਜਾਣਕਾਰੀ, ਆਲੇ-ਦੁਆਲੇ ਹੋਏ-ਬੀਤੇ ਦੀ ਸਮਝ, ਲੋਕ ਸੁਭਾਅ ਦੀ ਪਰਖ, ਮੌਕੇ ਦੀ ਪਛਾਣ, ਜਨਤਕ ਰੁਚੀਆਂ ਲਈ ਹਮਦਰਦੀ, ਹਾਲਤ ਅਨੁਸਾਰ ਢਲਣ ਲਈ ਯੋਗਤਾ ਅਤੇ ਵਿਸ਼ੇਸ਼ ਕਰ ਕੇ ਬੋਲੀ ‘ਤੇ ਕੰਟਰੋਲ ਚਾਹੀਦਾ ਹੈ।
ਮੂਲ-ਰਚਨਾ ਦੇ ਸ਼ਬਦ = 151
ਸੰਖੇਪ-ਰਚਨਾ ਦੇ ਸ਼ਬਦ = 51