ਸੰਖੇਪ ਰਚਨਾ

ਨਾਨਕ-ਬਾਣੀ ਦੀ ਭਾਸ਼ਾ

ਨਾਨਕ-ਬਾਣੀ ਨੂੰ ਪੜ੍ਹ ਕੇ ਮਨੁੱਖ ਇਸ ਸਿੱਟੇ ਉੱਪਰ ਪੁੱਜਦਾ ਹੈ ਕਿ ਜਿਸ ਪ੍ਰਕਾਰ ਸਤਿਗੁਰ ਦਾ ਵਿਅਕਤੀਤਵ ਗ਼ੈਰ ਮਾਮੂਲੀ, ਅਸਧਾਰਨ, ਬਹੁਮੁਖੀ ਤੇ ਬਹੁਪੱਖੀ ਹੈ, ਆਪ ਦੀ ਭਾਸ਼ਾ ਅਸਧਾਰਨ, ਬਹੁਰੰਗੀ ਅਤੇ ਬਹੁਰੂਪਣੀ ਹੈ। ਆਪ ਦੀ ਪ੍ਰਤਿਭਾ ਬਹੁਤ ਹੀ ਤੀਖਣ ਅਤੇ ਪ੍ਰਭਾਵਸ਼ਾਲੀ ਸੀ, ਸੋਚ-ਉਡਾਰੀ ਬਹੁਤ ਹੀ ਬਲਵਾਨ ਅਤੇ ਬੁਲੰਦ ਪਾਏ ਦੀ। ਆਪ ਜਿਸ ਇਲਾਕੇ ਵਿੱਚ ਜਾਂਦੇ ਸਨ, ਸਥਾਨਕ ਬੋਲੀ ਵਿੱਚ ਹੀ ਉੱਥੋਂ ਦੇ ਲੋਕ-ਸਮੂਹ ਨੂੰ ਉਪਦੇਸ਼ ਦਿੰਦੇ ਸਨ। ਪਰ ਆਪ ਦੀ ਭਾਸ਼ਾ ਪੂਰਬੀ ਪੰਜਾਬੀ ਦੇ ਅੰਤਰਗਤ ਰੱਖੀ ਜਾ ਸਕਦੀ ਹੈ, ਕਿਉਂਕਿ ਆਪ ਇਸੇ ਇਲਾਕੇ ਦੇ ਜੰਮਪਲ ਸਨ ਅਤੇ ਆਪਣੀ ਮੁੱਢਲੀ ਉਮਰ ਦੇ ਤੀਹ ਸਾਲਾਂ ਵਿੱਚ ਇਸੇ ਪਿਆਰੀ ਮਾਤ-ਬੋਲੀ ਨੂੰ ਬੋਲਦੇ ਰਹੇ। ਸਿੱਟੇ ਵਜੋਂ ਇਹ ਬੋਲੀ ਆਪ ਦੇ ਵਿਚਾਰ-ਵਿਮਰਸ਼, ਵਿਚਾਰ-ਵਟਾਂਦਰੇ ਅਤੇ ਵਿਚਾਰ – ਪ੍ਰਗਟਾਵੇ ਦਾ ਮਾਧਿਅਮ ਬਣ ਗਈ। ਇਸ ਸਾਂਝੀ ਬੋਲੀ (ਪੰਜਾਬੀ) ਉੱਪਰ ਲਹਿੰਦੀ ਬੋਲੀ-ਮੁਲਤਾਨੀ ਤੇ ਪੋਠੋਹਾਰੀ ਆਦਿ ਦਾ ਪ੍ਰਭਾਵ ਵੀ ਸਪੱਸ਼ਟ ਹੈ। ਕਈ ਥਾਵਾਂ ਉੱਪਰ ਖੜ੍ਹੀ ਬੋਲੀ (ਹਿੰਦੀ, ਉਰਦੂ), ਬ੍ਰਿਜ-ਭਾਸ਼ਾ ਅਤੇ ਰੇਖਤਾ ਦੇ ਪ੍ਰਯੋਗ ਵੀ ਮਿਲਦੇ ਹਨ। ਕਿਤੇ ਸਿੰਧੀ, ਪਚਾਧੀ ਅਤੇ ਹਰਿਆਣੀ ਬੋਲੀ ਦੀ ਸ਼ਬਦਾਵਲੀ ਵੀ ਦ੍ਰਿਸ਼ਟੀਗੋਚਰ ਹੋ ਜਾਂਦੀ ਹੈ। ਲੋਕ-ਕਲਿਆਣ ਖ਼ਾਤਰ ਹੀ ਗੁਰਦੇਵ ਨੂੰ ਮਿਸੀ ਭਾਸ਼ਾ ਦਾ ਪ੍ਰਯੋਗ ਕਰਨਾ ਪਿਆ।

ਸਿਰਲੇਖ : ਨਾਨਕ-ਬਾਣੀ ਦੀ ਭਾਸ਼ਾ

ਸੰਖੇਪ : ਗੁਰੂ ਨਾਨਕ ਦੇ ਵਿਅਕਤੀਤਵ ਵਾਂਗ ਉਨ੍ਹਾਂ ਦੀ ਭਾਸ਼ਾ ਵੀ ਬਹੁਰੰਗੀ ਅਤੇ ਪ੍ਰਭਾਵਸ਼ਾਲੀ ਸੀ। ਉਹ ਹਰ ਸਥਾਨ ਦੇ ਲੋਕਾਂ ਨੂੰ ਉਨ੍ਹਾਂ ਦੀ ਭਾਸ਼ਾ ਵਿੱਚ ਉਪਦੇਸ਼ ਦੇਂਦੇ ਸਨ। ਪੰਜਾਬ ਦੇ ਜੰਮਪਲ ਹੋਣ ਕਾਰਨ ਆਪ ਦੀ ਭਾਸ਼ਾ ਪੂਰਬੀ ਪੰਜਾਬੀ ਦੇ ਅੰਤਰਗਤ ਰੱਖੀ ਜਾ ਸਕਦੀ ਹੈ, ਜੋ ਹੋਰ ਪੰਜਾਬੀ ਉਪਭਾਸ਼ਾਵਾਂ ਅਤੇ ਪ੍ਰਾਂਤਾਂ ਦੀਆਂ ਭਾਸ਼ਾਵਾਂ ਦੇ ਅਸਰ ਕਾਰਨ ਮਿਸੀ ਭਾਸ਼ਾ ਬਣ ਗਈ।

ਮੂਲ-ਰਚਨਾ ਦੇ ਸ਼ਬਦ = 180
ਸੰਖੇਪ-ਰਚਨਾ ਦੇ ਸ਼ਬਦ = 60