CBSEclass 11 PunjabiClass 9th NCERT PunjabiComprehension PassageEducationNCERT class 10thParagraphPunjab School Education Board(PSEB)ਅਣਡਿੱਠਾ ਪੈਰਾਅਣਡਿੱਠਾ ਪੈਰਾ (Comprehension Passage)

ਅਣਡਿੱਠਾ ਪੈਰਾ

ਸਿਰਫ਼ ਉਹੀ ਦੇਸ਼ ਅਮੀਰ ਤੇ ਮਾਲੋਮਾਲ ਹੋ ਸਕਦੇ ਹਨ ਜਿਨ੍ਹਾਂ ਦੇ ਲੋਕ ਆਪਣੇ ਆਪ ਲਈ ਕੁਝ ਨਵਾਂ ਸੋਚ ਸਕਦੇ ਹਨ। ਉਹੀ ਕੰਮ ਕਰਦੇ ਜਾਣਾ ਜੋ ਅੱਗੇ ਕਿਸੇ ਨੇ ਕਰ ਲਿਆ, ਰੁਕੇ ਵਿਕਾਸ ਦੀ ਨਿਸ਼ਾਨੀ ਹੈ। ਹੋਣਹਾਰ ਮਨੁੱਖ ਇਹੀ ਸੋਚਦਾ ਹੈ ਕਿ ਹੱਥਲਾ ਕੰਮ ਪਿਛਲੇ ਕੀਤੇ ਕੰਮ ਨਾਲੋਂ ਚੰਗੇਰਾ ਹੋਵੇ। ਜਿਸ ਕੰਮ ਦਾ ਇਹ ਖ਼ਿਆਲ ਹੋ ਜਾਵੇ ਕਿ ਪੰਜ ਸੌ ਜਾਂ ਹਜ਼ਾਰ ਸਾਲ ਪਹਿਲਾਂ ਵਾਲਾ ਜੀਵਨ ਚੰਗਾ ਸੀ ਇਸੇ ਲਈ ਉਸੇ ਨੂੰ ਹੀ ਨਿਸ਼ਾਨਾ ਰੱਖਿਆ ਜਾਏ, ਉਸ ਕੌਮ ਨੂੰ ਜ਼ਿੰਦਗੀ ਦੀਆਂ ਪਿਛਲੀਆਂ ਕਤਾਰਾਂ ਵਿੱਚ ਖਲੋਣਾ ਪੈਂਦਾ ਹੈ। ਨਸਲਾਂ ਦੀ ਮਾਨਸਿਕ ਅਵਸਥਾ ਉੱਤੇ ਹੀ ਉਹਨਾਂ ਦੀ ਖ਼ੁਸ਼ਹਾਲੀ ਤੇ ਸਾਰਥਕਤਾ ਨਿਰਭਰ ਕਰਦੀ ਹੈ। ਜਦੋਂ ਕਿਸੇ ਨਸਲ ਦੇ ਲੋਕ ਲਕੀਰ ਦੇ ਫ਼ਕੀਰ ਹੋ ਜਾਂਦੇ ਹਨ, ਹਮੇਸ਼ਾਂ ਕਿਸੇ ਦੇ ਪਾਏ ਪੂਰਨਿਆਂ ਉੱਤੇ ਹੀ ਚੱਲਦੇ ਹਨ, ਆਪੀਂ ਕੋਈ ਪੂਰਨਾ ਪਾਉਣ ਦੀ ਦਲੇਰੀ ਨਹੀਂ ਰੱਖਦੇ, ਪਿਛਲੱਗ ਅਖਵਾਉਣ ਵਿੱਚ ਹੀ ਫ਼ਖ਼ਰ ਸਮਝਦੇ ਹਨ ਤੇ ਮੋਹਰੀ ਹੋਣੋਂ ਘਬਰਾਉਂਦੇ ਹਨ, ਉਸ ਨਸਲ ਦਾ ਵਾਧਾ ਰੁੱਕ ਜਾਂਦਾ ਹੈ, ਬੁੱਧੀ ਮੋਟੀ ਹੋ ਜਾਂਦੀ ਹੈ ਤੇ ਜ਼ਿੰਦਗੀ ਵਿੱਚੋਂ ਸੁਹਜ-ਸੁਆਦ ਘੱਟ ਜਾਂਦਾ ਹੈ। ਐਸੀ ਕੌਮ ਸੁਤੰਤਰ ਨਹੀਂ ਰਹਿ ਸਕਦੀ। ਜ਼ਰੂਰ ਕਿਸੇ ਦੂਜੀ ਕੌਮ ਦੀ ਗ਼ੁਲਾਮ ਬਣ ਜਾਂਦੀ ਹੈ। ਸੋ, ਦ੍ਰਿੜ੍ਹ ਕਰਨ ਵਾਲੀ ਗੱਲ ਇਹ ਹੈ ਕਿ ਨਵਾਂ ਸੋਚਣ ਤੇ ਕਰਨ ਵਿੱਚ ਹੀ ਜੀਵਨ ਦਾ ਨਿਵਾਰਨ ਹੈ। ਦੇਸ਼ ਦੀ ਉੱਨਤੀ ਤਾਂ ਹੀ ਸੰਭਵ ਹੈ ਜੇ ਤੁਸੀਂ ਕੋਈ ਨਵਾਂ ਖ਼ਿਆਲ ਦੁਨੀਆ ਨੂੰ ਦਿਓ। ਕੋਈ ਨਵੀਂ ਕਾਢ ਕੱਢੋ, ਕੋਈ ਨਵਾਂ ਸੁਖ ਈਜਾਦ ਕਰੋ, ਕੋਈ ਨਵਾਂ ਮਾਰਗ ਲੱਭੋ, ਨਵੀਂ ਸੋਚ ਸੋਚੋ ਤੇ ਨਵੇਂ ਅਮਲ ਕਰੋ।


ਪ੍ਰਸ਼ਨ 1. ਕਿਹੜੇ ਦੇਸ਼ ਅਮੀਰ ਤੇ ਮਾਲੋਮਾਲ ਹੋ ਸਕਦੇ ਹਨ ?

(ੳ) ਜਿਸ ਦੇਸ਼ ਦੇ ਲੋਕ ਆਪਣੇ ਆਪ ਲਈ ਕੁਝ ਨਵਾਂ ਸੋਚ ਸਕਦੇ ਹਨ।
(ਅ) ਜਿਸ ਦੇਸ਼ ਦੇ ਲੋਕ ਕੀਤੇ ਹੋਏ ਕੰਮ ਦਾ ਦੁਰਹਾਉ ਕਰਦੇ ਹਨ।
(ੲ) ਜਿਸ ਦੇਸ਼ ਦੇ ਲੋਕ ਹਜ਼ਾਰਾਂ ਸਾਲ ਪਹਿਲਾਂ ਕੀਤੇ ਕੰਮ ਨੂੰ ਚੰਗਾ ਸਮਝਦੇ ਹਨ।
(ਸੀ) ਜਿਸ ਦੇਸ਼ ਦੇ ਲੋਕ ਹੱਥ ਉੱਪਰ ਹੱਥ ਰੱਖ ਕੇ ਬੈਠਦੇ ਹਨ।

ਪ੍ਰਸ਼ਨ 2. ਕੌਮ ਜਾਂ ਨਸਲ ਦੀ ਖੁਸ਼ਹਾਲੀ ਤੇ ਸਾਰਥਕਤਾ ਕਿਸ ਉੱਪਰ ਨਿਰਭਰ ਕਰਦੀ ਹੈ ?

(ੳ)ਵਾਰ-ਵਾਰ ਇੱਕ ਹੀ ਕੰਮ ਕਰਨ ਉੱਪਰ
(ਅ) ਉਹਨਾਂ ਦੀ ਮਾਨਸਿਕ ਅਵਸਥਾ ਉੱਪਰ
(ੲ)ਪਿਛਲੇ ਕੰਮਾਂ ਦੇ ਦੁਹਰਾਉ ਉੱਪਰ
(ਸ) ਪੁਰਾਣੇ ਕੰਮਾਂ ਬਾਰੇ ਸੋਚਦੇ ਰਹਿਣ ਉੱਤੇ।

ਪ੍ਰਸ਼ਨ 3. ਕਿਹੜੀ ਕੌਮ ਜਾਂ ਨਸਲ ਸੁਤੰਤਰ ਨਹੀਂ ਰਹਿ ਸਕਦੀ ?

(ੳ) ਜਿਸ ਦੇ ਲੋਕ ਲਕੀਰ ਦੇ ਫ਼ਕੀਰ ਹੋ ਜਾਂਦੇ ਹਨ।(ਅ) ਜਿਸ ਦੇ ਲੋਕ ਮੋਟੀ ਬੁੱਧੀ ਵਾਲੇ ਹੁੰਦੇ ਹਨ।
(ੲ) ਜਿਸ ਦੇ ਲੋਕ ਪਿਛਲੱਗ ਅਖਵਾਉਣ ਵਿੱਚ ਫ਼ਖਰ ਸਮਝਦੇ ਹਨ।
(ਸ) ਉਪਰੋਕਤ ਸਾਰੇ ਕਾਰਨ।

ਪ੍ਰਸ਼ਨ 4. ਜੀਵਨ ਦਾ ਨਿਵਾਰਨ ਕਿਸ ਵਿੱਚ ਹੈ?

(ੳ) ਪੂਰਨੇ ਪਾਉਣ ਦੀ ਦਲੇਰੀ ਵਿੱਚ
(ਅ) ਨਵਾਂ ਸੋਚਣ ਤੇ ਕਰਨ ਵਿੱਚ
(ੲ) ਮੋਹਰੀ ਬਣਨ ‘ਤੇ ਘਬਰਾਉਣ ਵਿੱਚ
(ਸ) ਦੂਸਰਿਆਂ ਦਾ ਗ਼ੁਲਾਮ ਬਣਨ ਵਿੱਚ।

ਪ੍ਰਸ਼ਨ 5. ਦੇਸ਼ ਦੀ ਉੱਨਤੀ ਕਦੋਂ ਸੰਭਵ ਹੈ ?

(ੳ) ਨਵਿਆਂ ਨੂੰ ਛੱਡ ਪੁਰਾਣੇ ਤੇ ਅਮਲ ਕਰਨ ਵਿੱਚ
(ਅ) ਤਰੱਕੀ ਦੀਆਂ ਪਿਛਲੀਆਂ ਕਤਾਰਾਂ ਵਿੱਚ ਖੜੇ ਹੋਣ ਨਾਲ
(ੲ) ਦੂਜੇ ਦੇਸ਼ਾਂ ਨਾਲ ਲੜਣ ਵਿੱਚ
(ਸ) ਦੁਨੀਆ ਨੂੰ ਨਵਾਂ ਖ਼ਿਆਲ ਦੇਣ ਨਾਲ