ਲੇਖ : ਨਸ਼ਾਖੋਰੀ
ਨਸ਼ਾਖ਼ੋਰੀ, ਨਸ਼ਾਬੰਦੀ ਜਾਂ ਨੌਜਵਾਨਾਂ ਵਿੱਚ ਵਧ ਰਹੀ ਨਸ਼ਿਆਂ ਦੀ ਵਰਤੋਂ
ਭੂਮਿਕਾ : ਹਰ ਰੋਜ਼ ਅਖ਼ਬਾਰਾਂ ਵਿੱਚ ਇੱਕ ਅਹਿਮ ਖ਼ਬਰ ਇਹ ਵੀ ਹੁੰਦੀ ਹੈ ਕਿ ਵੱਡੀ ਮਾਤਰਾ ਵਿੱਚ ਹੈਰੋਇਨ, ਅਫ਼ੀਮ, ਸਮੈਕ ਆਦਿ ਫੜ੍ਹੀ ਗਈ ਜਿਸ ਦੀ ਕੀਮਤ ਕਰੋੜਾਂ ਰੁਪਿਆਂ ਵਿੱਚ ਹੁੰਦੀ ਹੈ। ਇਹ ਨਸ਼ੇ ਦੇ ਵਪਾਰੀ ਅਫ਼ਗਾਨਿਸਤਾਨ ਤੇ ਪਾਕਿਸਤਾਨ ਤੋਂ ਨਸ਼ੀਲੇ ਪਦਾਰਥ ਭਾਰਤ ਵਿੱਚ ਲਿਆ ਰਹੇ ਹਨ। ਭਾਰਤ ਵਿੱਚ ਅਫ਼ੀਮ ਦੀ ਖ਼ਪਤ ਸਭ ਤੋਂ ਜ਼ਿਆਦਾ ਹੈ, ਇਸ ਲਈ ਇਸ ਦੀ ਕੀਮਤ ਵੀ ਬੜੀ ਤੇਜ਼ੀ ਨਾਲ ਵਧ ਰਹੀ ਹੈ।
ਨਸ਼ੀਲੀਆਂ ਵਸਤਾਂ ਦੀਆਂ ਕਿਸਮਾਂ : ਕੋਈ ਵੇਲਾ ਸੀ ਜਦੋਂ ਨਸ਼ੀਲੇ ਪਦਾਰਥਾਂ ਦਾ ਰੂਪ ਸ਼ਰਾਬ, ਅਫ਼ੀਮ, ਪੋਸਤ ਜਾਂ ਭੁੱਕੀ ਤੱਕ ਹੀ ਸੀਮਤ ਸੀ ਪਰ ਹੁਣ ਚਰਸ, ਗਾਂਜਾ, ਹਸ਼ੀਸ਼, ਸਮੈਕ, ਸਿਗਰਟ, ਸੁਲਫਾ, ਕੋਕੀਨ, ਹੈਰੋਇਨ, ਤੰਬਾਕੂ, ਮੈਂਡਰਿਕਸ, ਐੱਲ. ਐੱਸ.ਈ., ਟੀਕੇ, ਕੈਪਸੂਲ, ਚਿੱਟਾ ਅਤੇ ਪਤਾ ਨਹੀਂ ਹੋਰ ਕੀ-ਕੀ ਬਦ-ਬਲਾਵਾਂ ਮੰਡੀ ਵਿੱਚ ਆ ਪਹੁੰਚੀਆਂ ਹਨ। ਭੰਗ, ਪੋਸਤ, ਕੋਕੀਨ, ਧਤੂਰਾ ਅਤੇ ਅਫ਼ੀਮ ਆਦਿ ਜਿਨ੍ਹਾਂ ਦੀ ਖੇਤੀ ਆਮ ਤੌਰ ‘ਤੇ ਅਫ਼ਗਾਨਿਸਤਾਨ ਦੇ ਇਲਾਕੇ ਵਿੱਚ ਹੋ ਰਹੀ ਹੈ, ਲੋਕਾਂ ਨੇ ਇਸ ਦੀ ਖੇਤੀ ਨੂੰ ਹੀ ਆਪਣਾ ਵਣਜ ਬਣਾ ਲਿਆ ਹੈ। ਇਹਨਾਂ ਕੁਦਰਤੀ ਨਸ਼ੀਲੀਆਂ ਵਸਤਾਂ ਵਿੱਚ ਦਵਾਈਆਂ ਆਦਿ ਮਿਲਾ ਕੇ ਇਹਨਾਂ ਦੀ ਸਮਰੱਥਾ ਨੂੰ ਵਧਾਇਆ ਜਾਂਦਾ ਹੈ ਤੇ ਫਿਰ ਇਹ ਟੀਕੇ, ਕੈਪਸੂਲ ਦੇ ਰੂਪ ਵਿੱਚ ਵੇਚੇ ਜਾਂਦੇ ਹਨ।
ਨਸ਼ਿਆਂ ਦਾ ਪਸਾਰ : ਨਸ਼ਿਆਂ ਦਾ ਪਸਾਰਾ ਏਨਾ ਕੁ ਫੈਲ ਗਿਆ ਹੈ ਕਿ ਇਸ ਦੇ ਚੁੰਗਲ ਵਿੱਚੋਂ ਕੋਈ ਵੀ ਨਹੀਂ ਬਚਿਆ। ਇਹ ਅਲਾਮਤ ਸਮੁੱਚੇ ਦੇਸ਼ ਦੀ ਜਵਾਨੀ ਕੀ ਮੁੰਡੇ ਤੇ ਕੀ ਕੁੜੀਆਂ ਦੇ ਹੱਡਾਂ ਨੂੰ ਸਿਓਂਕ ਵਾਂਗ ਲੱਗ ਗਈ ਹੈ। ਵਿਦਿਆਰਥੀ ਵਰਗ ਤਾਂ ਇਸ ਦੀ ਲਪੇਟ ਵਿੱਚ ਸਭ ਤੋਂ ਮੂਹਰਲੀ ਕਤਾਰ ਵਿੱਚ ਹੈ।
ਨਸ਼ਾ – ਜ਼ਿੰਦਗੀ ਕਿ ਮੌਤ : ਨਸ਼ੇ ਮਨੁੱਖ ਦੁਆਰਾ ਆਪ ਸਹੇੜੀ ਹੋਈ ਮੌਤ ਹਨ। ਇਹ ਮੌਤ ਜਿੱਥੇ ਸਮਾਜ ਦੇ ਮੱਥੇ ‘ਤੇ ਕਲੰਕ ਹੈ, ਉੱਥੇ ਨਸ਼ਈ ਵਿਅਕਤੀ ਅਤੇ ਉਸ ਦੇ ਪਰਿਵਾਰ ਨੂੰ ਵੀ ਗ਼ਰੀਬੀ ਅਤੇ ਮੁਸੀਬਤਾਂ ਦੇ ਲੜ ਲਾ ਜਾਂਦੀ ਹੈ। ਅਜਿਹੀ ਭਿਅੰਕਰ ਮੌਤ ਦੇ ਸੌਦਾਗਰ ਚਾਂਦੀ ਦੀਆਂ ਚੰਦ ਛਿੱਲੜਾਂ ਖ਼ਾਤਰ ਜ਼ਹਿਰ ਦੇ ਪਿਆਲਿਆਂ ਦਾ ਕਾਰੋਬਾਰ ਨਿਧੜਕ ਹੋ ਕੇ ਕਰ ਰਹੇ ਹਨ। ਨਸ਼ਾ ਸਰੀਰ ਵਿੱਚ ਵਿਕਾਰ ਪੈਦਾ ਕਰਦਾ ਹੈ, ਸਿਹਤ ਖ਼ਰਾਬ ਕਰਦਾ ਹੈ, ਧਨ ਦਾ ਉਜਾੜਾ ਕਰਦਾ ਹੈ, ਦਿਮਾਗੀ ਸੰਤੁਲਨ ਗੁਆ ਦਿੰਦਾ ਹੈ, ਮਨੁੱਖ ਨੂੰ ਗੁਲਾਮ ਬਣਾ ਲੈਂਦਾ ਹੈ, ਹੱਸਦਾ-ਵੱਸਦਾ ਘਰ ਬਰਬਾਦ ਹੋ ਜਾਂਦਾ ਹੈ। ਇਹਨਾਂ ਚੱਕਰਾਂ ਵਿੱਚ ਹੀ ਮੌਤ ਉਸ ਦੀ ਜ਼ਿੰਦਗੀ ਲੁੱਟ ਕੇ ਰਫੂਚੱਕਰ ਹੋ ਜਾਂਦੀ ਹੈ। ਅਜਿਹੀਆਂ ਖ਼ਬਰਾਂ ਅਸੀਂ ਰੋਜ਼ ਅਖ਼ਬਾਰਾਂ ‘ਚ ਪੜ੍ਹਦੇ ਹਾਂ।
ਨਸ਼ਿਆਂ ਦੇ ਕਾਰਨ : ਨੌਜਵਾਨਾਂ ਵਿੱਚ ਨਸ਼ਿਆਂ ਦੇ ਪਸਾਰ ਦਾ ਪ੍ਰਮੁੱਖ ਕਾਰਨ ਪੈਸੇ ਦੀ ਹਵਸ ਦੇ ਸ਼ਿਕਾਰ ਸਮਾਜ-ਵਿਰੋਧੀ ਅਨਸਰ ਹਨ। ਜਿਸ ਰੂਪ ਵਿੱਚ ਇਹ ਨਸ਼ਾ-ਤੰਤਰ ਫੈਲ ਰਿਹਾ ਹੈ ਇਉਂ ਜਾਪਦਾ ਹੈ ਜਿਵੇਂ ਇਸ ਵਿੱਚ ਭ੍ਰਿਸ਼ਟ ਨੇਤਾ, ਪੁਲਿਸ ਤੇ ਖ਼ੁਫ਼ੀਆ ਮਹਿਕਮੇ ਦੇ ਅਫ਼ਸਰ ਵੀ ਭਾਈਵਾਲ ਹਨ। ਨੌਜਵਾਨ ਪਹਿਲਾਂ – ਪਹਿਲ ਤਾਂ ਇਸ ਦੀ ਵਰਤੋਂ ਸ਼ੌਕੀਆ ਤੌਰ ‘ਤੇ ਕਰਦੇ ਹਨ ਜਿਸ ਨਾਲ ਉਹਨਾਂ ਨੂੰ ਕੋਈ ਸਰੂਰ ਜਿਹਾ ਚੜ੍ਹਿਆ ਰਹਿੰਦਾ ਹੈ ਪਰ ਇਹ ਸਰੂਰ ਜਦੋਂ ਆਦਤ ਬਣ ਜਾਂਦੀ ਹੈ ਤਾਂ ਫਿਰ ਉਸ ਦੀ ਲੋੜ ਬਣ ਜਾਂਦੀ ਹੈ ਤੇ ਉਸ ਤੋਂ ਬਾਅਦ ਇਸ ਵਿੱਚੋਂ ਬਾਹਰ ਨਿਕਲਣਾ ਔਖਾ ਹੁੰਦਾ ਹੈ।
ਬਾਹਰਲੇ ਪ੍ਰਭਾਵ : ਨੌਜਵਾਨਾਂ ਉੱਪਰ ਫ਼ਿਲਮਾਂ ਤੇ ਟੀ.ਵੀ. ਨਾਟਕਾਂ ਦਾ ਪ੍ਰਭਾਵ ਅਤੇ ਪੱਛਮੀ ਸੱਭਿਅਤਾ ਦੇ ਹੋਰ ਪ੍ਰਭਾਵ ਵੀ ਉਨ੍ਹਾਂ ਨੂੰ ਨਸ਼ਿਆਂ ਦੇ ਸੇਵਨ ਦੀਆਂ ਆਦਤਾਂ ਦਾ ਸ਼ਿਕਾਰ ਬਣਾਉਂਦੇ ਹਨ। ਪੰਜਾਬੀਆਂ ਵਿੱਚ ਤਮਾਕੂ ਖਾਣ ਦੀ ਰੁਚੀ ਤਾਂ ਯੂ.ਪੀ. ਤੇ ਬਿਹਾਰ ਤੋਂ ਆਏ ਪਰਵਾਸੀ ਮਜ਼ਦੂਰਾਂ ਦੀ ਵੇਖਾ-ਵੇਖੀ ਸ਼ੁਰੂ ਹੋਈ ਹੈ। ਤਮਾਕੂ ਹੁੱਕਾ, ਬੀੜੀ, ਸਿਗਰਟ ਤੇ ਚਿਲਮ ਦੇ ਰੂਪ ਵਿੱਚ ਵਰਤਿਆ ਜਾਂਦਾ ਹੈ। ਇਸ ਨਾਲ ਫੇਫੜਿਆਂ ਦਾ ਕੈਂਸਰ ਹੋ ਜਾਂਦਾ ਹੈ ਤੇ ਇਸ ਬਿਮਾਰੀ ਨਾਲ ਮਰਨ ਵਾਲਿਆਂ ਦੀ ਗਿਣਤੀ ਅਣਗਿਣਤ ਹੈ ।
ਬੇਰੁਜ਼ਗਾਰੀ : ਨੌਜਵਾਨਾਂ ਵਿੱਚ ਵਧ ਰਹੀ ਨਸ਼ਾਖ਼ੋਰੀ ਦਾ ਇੱਕ ਮੁਢਲਾ ਕਾਰਨ ਬੇਰੁਜ਼ਗਾਰੀ ਵੀ ਹੈ। ਮਹਿੰਗੀਆਂ ਪੜ੍ਹਾਈਆਂ ਕਰਕੇ ਉਹ ਉੱਚੇ ਅਹੁਦਿਆਂ ‘ਤੇ ਜਾਣਾ ਲੋਚਦੇ ਹਨ ਪਰ ਪੜ੍ਹੇ-ਲਿਖੇ ਨੌਜਵਾਨਾਂ ਦੀ ਗਿਣਤੀ ਵਧੇਰੇ ਹੈ ਤੇ ਰੋਜ਼ਗਾਰ ਦੇ ਅਜਿਹੇ ਮੌਕੇ ਘੱਟ ਹਨ। ਅਜਿਹੀ ਸਥਿਤੀ ‘ਚ ਨੌਜਵਾਨ ਮਾਨਸਕ ਤਣਾਅ ਦਾ ਸ਼ਿਕਾਰ ਹੋ ਜਾਂਦਾ ਹੈ। ਇਸ ਤਣਾਅ ਕਾਰਨ ਉਸ ਦੇ ਕਦਮ ਡਗਮਗਾ ਜਾਂਦੇ ਹਨ ਤੇ ਡਗਮਗਾਏ ਕਦਮ ਨਸ਼ਿਆਂ ਦਾ ਆਸਰਾ ਭਾਲਦੇ ਹਨ।
ਗ਼ਰੀਬੀ : ਭਾਰਤ ਖੇਤੀ-ਬਾੜੀ ਪ੍ਰਧਾਨ ਦੇਸ਼ ਹੈ। ਦਿਨੋ-ਦਿਨ ਖੇਤੀ ਦੀਆਂ ਵਧਦੀਆਂ ਲਾਗਤਾਂ ਤੇ ਘਟਦਾ ਮੁਨਾਫ਼ਾ ਕਿਸਾਨਾਂ ਨੂੰ ਕਰਜ਼ਾਈ ਬਣਾਈ ਜਾ ਰਿਹਾ ਹੈ। ਕਰਜ਼ੇ ਦੀਆਂ ਭਾਰੀ ਪੰਡਾਂ ਦੇ ਬੋਝ ਥੱਲੇ ਦੱਬਿਆ ਕਿਸਾਨ ਉੱਠ ਨਹੀਂ ਸਕਦਾ ਪਰ ਉਹ ਆਤਮ-ਹੱਤਿਆ ਜਾਂ ਨਸ਼ਿਆਂ ਨੂੰ ਗਲ ਨਾਲ ਲਾ ਲੈਂਦਾ ਹੈ।
ਘਰੇਲੂ ਪਰੇਸ਼ਾਨੀਆਂ : ਅੱਜ-ਕੱਲ੍ਹ ਆਮਦਨ ਘੱਟ ਤੇ ਖ਼ਰਚੇ ਜ਼ਿਆਦਾ ਹਨ। ਇਸ ਲਈ ਗ਼ਮਾਂ ਵਿੱਚ ਗ਼ਲਤਾਨ ਰਹਿੰਦਾ ਹੈ । ਉਹ ਗ਼ਮ/ਚਿੰਤਾਵਾਂ ਤੇ ਫ਼ਿਕਰਾਂ ਨੂੰ ਕੁਝ ਪਲ ਭੁਲਾਉਣ ਲਈ ਉਹ ਨਸ਼ੇ ਦਾ ਆਸਰਾ ਲੈਂਦਾ ਹੈ ਜੋ ਉਸ ਦੀ ਆਦਤ ਤੇ ਮਜਬੂਰੀ ਵੀ ਬਣ ਜਾਂਦੀ ਹੈ। ਨੌਕਰੀਸ਼ੁਦਾ ਮਾਪਿਆਂ ਦੇ ਬੱਚੇ ਇੱਕਲਤਾ ਦੀ ਡਾਵਾਂ-ਡੋਲ ਮਾਨਸਕ-ਅਵਸਥਾ ਵਿੱਚ ਕਿਸੇ ਤਰ੍ਹਾਂ ਨਸ਼ੇ ਲਾ ਬੈਠਦੇ ਹਨ। ਪਰਿਵਾਰਕ ਰਿਸ਼ਤਿਆਂ ਵਿੱਚ ਪੈਂਦੀਆਂ ਜਾ ਰਹੀਆਂ ਦੂਰੀਆਂ ਤੇ ਗ਼ਲਤ-ਫਹਿਮੀਆਂ ਤੋਂ ਛੁਟਕਾਰਾ ਪਾਉਣ ਲਈ ਵੀ ਵਿਅਕਤੀ ਨਸ਼ਾ ਕਰਨਾ ਸ਼ੁਰੂ ਕਰ ਦਿੰਦਾ ਹੈ। ਸ਼ਰਾਬ ਪੀਣ ਵਾਲੇ ਲਈ ਆਮ ਤੌਰ ‘ਤੇ ਕਿਹਾ ਜਾਂਦਾ ਹੈ ਕਿ ਦੋ ਤਰ੍ਹਾਂ ਦੇ ਵਿਅਕਤੀ ਜ਼ਿਆਦਾ ਸ਼ਰਾਬ ਪੀਂਦੇ ਹਨ, ਇੱਕ ਤਾਂ ਉਹ ਜਿਹੜੇ ਬਹੁਤ ਜ਼ਿਆਦਾ ਖ਼ੁਸ਼ ਹੋਣ ਤੇ ਦੂਜੇ ਉਹ ਜਿਹੜੇ ਬਹੁਤ ਜ਼ਿਆਦਾ ਗ਼ਮਗੀਨ ਹੋਣ।
ਹੋਸਟਲਾਂ ਦਾ ਵਾਤਾਵਰਨ : ਵਿਦਿਆਰਥੀਆਂ ਵਿੱਚ ਨਸ਼ਿਆਂ ਦੀ ਵਰਤੋਂ ਦਾ ਕਾਰਨ ਹੋਸਟਲਾਂ ਵਿਚਲਾ ਵਾਤਾਵਰਨ ਵੀ ਹੁੰਦਾ ਹੈ। ਨੌਜਵਾਨ ਹੋਸਟਲ ਵਿੱਚ ਇਕੱਠੇ ਰਹਿੰਦੇ ਹਨ ਤਾਂ ਜੇ ਕਿਸੇ ਇੱਕ ਨੂੰ ਇਹ ਅਲਾਮਤ ਲੱਗੀ ਹੋਵੇ ਤਾਂ ਜ਼ਾਹਰ ਹੈ ਇੱਕ ਮੱਛੀ ਸਾਰੇ ਤਲਾਅ ਨੂੰ ਗੰਦਾ ਕਰ ਦਿੰਦੀ ਹੈ। ਹੋਸਟਲਾਂ ਵਿੱਚ ਵਿਦਿਆਰਥੀ ਆਪਹੁਦਰੇ ਵੀ ਹੋ ਜਾਂਦੇ ਹਨ ਤੇ ਮਨਮਾਨੀਆਂ ਵੀ ਕਰਦੇ ਹਨ। ਉਹਨਾਂ ਨੂੰ ਕਿਸੇ ਕਿਸਮ ਦੀ ਸਮਾਜਕ ਮਰਯਾਦਾ ਦੀ ਵੀ ਪਰਵਾਹ ਨਹੀਂ ਹੁੰਦੀ। ਅਜਿਹੀ ਸਥਿਤੀ ‘ਚ ਉਹ ਨਸ਼ਿਆਂ ਦੇ ਗ਼ੁਲਾਮ ਹੋ ਜਾਂਦੇ ਹਨ।
ਸਫ਼ਲਤਾ ਪ੍ਰਾਪਤ ਕਰਨ ਦੀ ਪ੍ਰਬਲ ਇੱਛਾ : ਸਫ਼ਲਤਾ ਪ੍ਰਾਪਤ ਕਰਨ ਦੀ ਅਜਿਹੀ ਇੱਛਾ ਖਿਡਾਰੀਆਂ ਨੂੰ ਗੁਮਰਾਹ ਕਰ ਦਿੰਦੀ ਹੈ। ਉਹ ਜਿੱਤਣ ਲਈ ਕਰੜੀ ਮਿਹਨਤ ਅਤੇ ਅਭਿਆਸ ਦੀ ਥਾਂ ਨਸ਼ੀਲੀਆਂ ਵਸਤਾਂ ਦਾ ਇਸਤੇਮਾਲ ਕਰਨਾ ਸ਼ੁਰੂ ਕਰ ਦਿੰਦੇ ਹਨ, ਜਿਸ ਨਾਲ ਕਈ ਵਾਰ ਤਾਂ ਭਾਵੇਂ ਉਹ ਜਿੱਤ ਵੀ ਜਾਂਦੇ ਹਨ ਪਰ ਟੈਸਟਾਂ ਤੋਂ ਮਿਲੀਆਂ ਰਿਪੋਰਟਾਂ ਦੇ ਅਧਾਰ ‘ਤੇ ਉਹਨਾਂ ਨੂੰ ਅਪਮਾਨਿਤ ਹੋਣਾ ਪੈਂਦਾ ਹੈ।
ਸੁਝਾਅ : ਨਸ਼ਾਖ਼ੋਰੀ ਦੇ ਵਿਸ਼ਾਲ ਦੈਂਤ ਦਾ ਖ਼ਾਤਮਾ ਕਰਨ ਲਈ ਸਮਾਜ ਦੇ ਹਰੇਕ ਵਰਗ ਨੂੰ ਆਪੋ-ਆਪਣਾ ਹਿੱਸਾ ਪਾਉਣਾ ਪਵੇਗਾ। ਨੌਜਵਾਨਾਂ ਨੂੰ ਨੌਕਰੀਆਂ ਪਿੱਛੇ ਭੱਜਣ ਦੀ ਥਾਂ ਸਵੈ-ਰੁਜ਼ਗਾਰ ਲਈ ਸਹਾਇਕ ਧੰਦੇ ਅਪਣਾਉਣੇ ਚਾਹੀਦੇ ਹਨ। ਨੌਜਵਾਨ ਵਿਦਿਆਰਥੀਆਂ ਨੂੰ ਅਨੁਸ਼ਾਸਨ ਵਿੱਚ ਰਹਿ ਕੇ ਨੈਤਿਕ ਸਿੱਖਿਆ ਵੱਲ ਧਿਆਨ ਕੇਂਦਰਿਤ ਕਰਨਾ ਚਾਹੀਦਾ ਹੈ। ਆਪਣੀ ਮਾਨਸਕ ਸੋਚ ਵਿੱਚ ਤਬਦੀਲੀ ਲਿਆਉਣੀ ਚਾਹੀਦੀ ਹੈ। ਉਹਨਾਂ ਨੂੰ ਧਾਰਮਿਕਤਾ ਦਾ ਪੱਲਾ ਨਹੀਂ ਛੱਡਣਾ ਚਾਹੀਦਾ ਕਿਉਂਕਿ ਹਰ ਧਰਮ ਨਸ਼ਾ ਕਰਨ ਤੋਂ ਰੋਕਦਾ ਹੈ। ਸਮਾਜ-ਸੇਵੀ ਜਥੇਬੰਦੀਆਂ ਨੂੰ ਵੀ ਚਾਹੀਦਾ ਹੈ ਕਿ ਉਹ ਨਸ਼ਾ-ਛੁਡਾਊ ਕੈਂਪ ਲਾਉਣ, ਸੈਮੀਨਾਰ ਕਰਵਾਉਣ। ਰਾਜਨੀਤਿਕ ਪਾਰਟੀਆਂ ਨੂੰ ਵੀ ਚਾਹੀਦਾ ਹੈ ਕਿ ਉਹ ਚੋਣਾਂ ਦੌਰਾਨ ਨਸ਼ੇ ਨਾ ਵੰਡਣ। ਨਸ਼ੇ ਦੇ ਵਪਾਰੀਆਂ ਲਈ ਅਜਿਹੀਆਂ ਸਜ਼ਾਵਾਂ ਮੁਕੱਰਰ ਕਰਨ ਕਿ ਉਹ ਛੁੱਟ ਹੀ ਨਾ ਸਕਣ।
ਸਾਰੰਥ : ਅੰਤ ਵਿੱਚ ਅਸੀਂ ਕਹਿ ਸਕਦੇ ਹਾਂ ਕਿ ਨਸ਼ਿਆਂ ਦੀ ਵਰਤੋਂ ਮਨੁੱਖ ਵਿੱਚ ਅਨੁਸ਼ਾਸਨਹੀਣਤਾ, ਜੂਏਬਾਜ਼ੀ ਦੀ ਆਦਤ, ਦੁਰਾਚਾਰ ਅਤੇ ਵਿਭਚਾਰ ਨੂੰ ਜਨਮ ਦਿੰਦੀ ਹੈ। ਇਸ ਦੀ ਵਰਤੋਂ ਨਾਲ ਜਿੱਥੇ ਮਨੁੱਖੀ ਸਿਹਤ ਦਾ ਸੱਤਿਆਨਾਸ ਹੁੰਦਾ ਹੈ, ਉੱਥੇ ਉਸ ਨਸ਼ੱਈ ਵਿਅਕਤੀ ਦਾ ਪਰਿਵਾਰ ਵੀ ਮਾਨਸਕ ਸੰਤਾਪ ਹੰਢਾਉਣ ਲਈ ਮਜਬੂਰ ਹੋ ਜਾਂਦਾ ਹੈ ਕਿਉਂਕਿ ਨਸ਼ਾ ਧਨ ਦਾ ਉਜਾੜਾ, ਗਰੀਬੀ, ਕੰਗਾਲੀ ਤੇ ਮੰਦਹਾਲੀ ਨੂੰ ਜਨਮ ਦਿੰਦਾ ਹੈ। ਮਨੁੱਖ ਵਿੱਚ ਚੋਰੀਆਂ, ਡਾਕੇ ਆਦਿ ਬੁਰਾਈਆਂ ਪਨਪਣ ਲੱਗ ਪੈਂਦੀਆਂ ਹਨ। ਨਸ਼ਿਆਂ ਦੀ ਦਲਦਲ ਵਿੱਚ ਫਸਿਆ ਵਿਅਕਤੀ ਸਿੱਧਾ ਸਿਵਿਆਂ ਨੂੰ ਜਾਂਦਾ ਹੈ। ਇਸ ਲਈ ਨਸ਼ਾਬੰਦੀ ਕਰਨ ਲਈ ਸਰਕਾਰ ਅਤੇ ਮਨੁੱਖਾਂ ਨੂੰ ਰਲ ਕੇ ਸਾਂਝੇ ਉਪਰਾਲੇ ਕਰਕੇ, ਨਸ਼ਿਆਂ ਦੇ ਦਰਿਆ ਦੇ ਵਹਿਣ ਨੂੰ ਰੋਕਣ ਦੀ ਅਹਿਮ ਲੋੜ ਹੈ।