ਅਣਡਿੱਠਾ ਪੈਰਾ – ਸੇਵਾ ਦਾ ਇਤਿਹਾਸ
ਸਿੱਖ ਧਰਮ ਅਤੇ ਬਾਣੀ ਸੰਸਾਰ ਵਿਚ ਸੇਵਾ ਦੇ ਮਹਾਤਮ ਨੂੰ ਸਭ ਤੋਂ ਉੱਚਾ ਰੱਖਿਆ ਗਿਆ ਹੈ। ਸੇਵਾ ਉਹ ਕਰ ਸਕਦਾ ਹੈ ਜੋ ਆਪਣੇ ਬੰਧਨਾਂ ਤੋਂ ਉੱਪਰ ਉੱਠ ਚੁੱਕਾ ਹੈ। ਸੇਵਾ ਉਸ ਵਿਅਕਤੀ ਦੇ ਹਿੱਸੇ ਆਉਂਦੀ ਹੈ ਜੋ ਨਿਰਮਾਣ ਹੈ, ਜਿਸ ਅੰਦਰ ਦੂਜਿਆਂ ਦੇ ਦੁੱਖ ਦਰਦ ਵੰਡਣ ਦੀ ਭਾਵਨਾ ਹੋਵੇ। ਸੇਵਾ ਕਿਸੇ ਲਈ ਪਰਉਪਕਾਰ ਮੰਨੀ ਗਈ ਹੈ। ਆਪਣੇ ਲਈ ਤਾਂ ਹਰ ਕੋਈ ਜਿਊਂਦਾ ਹੈ ਪਰ ਉੱਤਮ ਜੀਉਣਾ ਉਹ ਹੈ ਜੋ ਦੂਜਿਆਂ ਲਈ ਜੀਇਆ ਜਾਏ। ਮਹਾਤਮਾ ਬੁੱਧ ਨੇ ਕਿਹਾ ਸੀ ਕਿ ਜੋ ਮੇਰੀ ਸੇਵਾ ਕਰਨਾ ਲੋਚਦਾ ਹੈ, ਉਹ ਕਿਸੇ ਰੋਗੀ ਦੀ ਸੇਵਾ ਕਰੇ। ਸਿੱਖ ਇਤਿਹਾਸ ਵਿਚ ਭਾਈ ਘਨ੍ਹਈਆ ਜੀ ਇਸ ਲਈ ਆਦਰਸ਼ ਹਨ ਕਿਉਂਕਿ ਉਨ੍ਹਾਂ ਦਾ ਜੀਵਨ ਸੇਵਾ ਨੂੰ ਅਰਪਿਤ ਸੀ।ਜੰਗਾਂ ਯੁੱਧਾਂ ਵਿਚ ਜ਼ਖ਼ਮੀਆਂ ਨੂੰ ਪਾਣੀ ਪਿਆਉਣਾ ਅਤੇ ਲੰਗਰ ਦੀ ਸੇਵਾ ਕਰਨਾ, ਉਨ੍ਹਾਂ ਦਾ ਕਰਤਾਰੀ ਕਰਮ ਸੀ। ਸੇਵਾ ਭਾਵਨਾ ਵਿੱਚੋਂ ਹੀ ਉਨ੍ਹਾਂ ਨੂੰ ਰੱਬੀ ਮਿਲਾਪ ਦਾ ਫਖਰ ਹਾਸਲ ਸੀ। ਅਨਹਦ ਨਾਦ ਦੀ ਧੁਨੀ ਦੀ ਗੂੰਜ ਹਰ ਪਲ ਉਨ੍ਹਾਂ ਨੂੰ ਖਿੜਾਉ ਟਿਕਾਉ ਵਿਚ ਰੱਖਦੀ ਸੀ। ਸੇਵਾ ਭਾਵਨਾ ਨੇ ਸਾਰੀ ਹਉਮੈਂ
ਦਾ ਨਾਸ਼ ਕਰਨਾ ਹੁੰਦਾ ਹੈ ਅਤੇ ਜਿਸ ਅੰਦਰੋਂ ਹਉਮੈਂ ਮਿਟ ਗਈ ਹੈ, ਉਹ ਬ੍ਰਹਮ ਨਾਲ ਇੱਕਸਾਰ ਹੋ ਜਾਂਦਾ ਹੈ। ਬਾਣੀ ਵਿਚ ਉਪਦੇਸ਼ ਹੈ, “ਹਉਮੈਂ ਬੁਝੈ ਤਾਂ ਦਰਿ ਸੂਝੈ” ਸੇਵਾ ਜਿੱਥੇ ਹਉਮੈਂ ਤੋਂ ਮੁਕਤ ਕਰਦੀ ਹੈ ਉੱਥੇ ਦੂਜਿਆਂ ਨਾਲ ਜੋੜਦੀ ਵੀ ਹੈ। ਸੇਵਾ ਬਿਗਾਨਿਆਂ ਨੂੰ ਆਪਣਾ ਬਣਾ ਲੈਂਦੀ ਹੈ। ਬਾਣੀ ਵਿਚ ਸੇਵਾ ਦੇ ਮਹਾਤਮ ਨੂੰ ਇੰਜ ਪ੍ਰਗਟਾਇਆ ਹੈ—
ਵਿਚਿ ਦੁਨੀਆ ਸੇਵ ਕਮਾਈਐ॥
ਤਾ ਦਰਗਹ ਬੈਸਣੁ ਪਾਈਐ॥
ਉਪਰੋਕਤ ਵਾਰਤਕ ਪੈਰੇ ਦੇ ਅਧਾਰ ‘ਤੇ ਹੇਠਾਂ ਦਿੱਤੇ ਪ੍ਰਸ਼ਨਾਂ ਦੇ ਉੱਤਰ ਦਿਉ :
ਪ੍ਰਸ਼ਨ 1. ਪੈਰ੍ਹੇ ਨੂੰ ਢੁਕਵਾਂ ਸਿਰਲੇਖ ਦਿਓ।
ਪ੍ਰਸ਼ਨ 2. ਪੈਰ੍ਹੇ ਨੂੰ ਸੰਖੇਪ ਕਰਕੇ ਲਿਖੋ।
ਪ੍ਰਸ਼ਨ 3. ਸਿੱਖ ਧਰਮ ਤੇ ਬਾਣੀ ਸੰਸਾਰ ਵਿਚ ਕਿਸ ਮਹਾਤਮ ਨੂੰ ਸਭ ਤੋਂ ਉੱਚਾ ਮੰਨਿਆ ਗਿਆ ਹੈ ਤੇ ਕਿਉਂ?
ਪ੍ਰਸ਼ਨ 4. ਸਿੱਖ ਇਤਿਹਾਸ ਵਿਚ ਭਾਈ ਘਨ੍ਹਈਆਂ ਜੀ ਨੇ ਆਪਣਾ ਜੀਵਨ ਕਿਸ ਨੂੰ ਅਰਪਿਤ ਕੀਤਾ ਸੀ?