ਅਣਡਿੱਠਾ ਪੈਰਾ – ਸਿਹਤ ਹਜ਼ਾਰ ਨਿਆਮਤ
ਸਿਹਤ ਹਜ਼ਾਰ ਨਿਆਮਤ
ਜਿਹੜਾ ਪੁਰਸ਼ ਕਦੀ ਬਿਮਾਰ ਨਹੀਂ ਹੁੰਦਾ ਮੇਰੀ ਜਾਚੇ ਤਾਂ ਉਸਦੀ ਸਿਹਤ ਵਿਚ ਵੀ ਕੁਛ ਨਾ ਕੁਛ ਨੁਕਸ ਜ਼ਰੂਰ ਹੈ। ਜ਼ਿੰਦਗੀ ਦੀ ਸ਼ਾਹ ਰਾਹ ਤੇ ਕਿਸੇ ਲੀਕ ਤੇ ਤੁਰੇ ਜਾਂਦੇ ਗੱਡੇ ਵਾਂਗ, ਸਦਾ ਇੱਕੋ ਚਾਲੇ ਤੁਰੇ ਜਾਣਾ ਕੋਈ ਬਹਾਦੁਰ ਜਾਂ ਸਿਹਤਵਰ ਹੋਣ ਦੀ ਦਲੀਲ ਨਹੀਂ। ਬਿਮਾਰੀ ਕੇਵਲ ਮੰਜੀ ਨਾਲ ਪੰਜ-ਸੱਤ ਦਿਨ ਬਿਨਾਂ ਕੁਝ ਖਾਣ-ਪੀਣ ਦੇ ਜੁੜੇ ਰਹਿਣ ਦਾ ਨਾਮ ਨਹੀਂ ਹੈ। ਮੈਂ ਰੋਜ਼ ਕਈ ਅਜਿਹੇ ਬਿਮਾਰ ਵੀ ਵੇਖਦਾ ਹਾਂ ਜਿਹੜੇ ਬਿਲਕੁਲ ਹੱਟੇ-ਕੱਟੇ ਤੇ ਤੰਦਰੁਸਤ ਹੁੰਦੇ ਹਨ; ਜਾਂ ਇਉਂ ਕਹਿ ਲਓ ਕਿ ਉਹ ਜੀਊਂਦੇ ਹੀ ਆਪਣੀ ਬਿਮਾਰੀ ਦੇ ਸਿਰ ਤੇ ਹਨ; ਜਿਵੇਂ–ਕਿ ‘ਦੇਸ਼ ਪਿਆਰ’ ਤੇ ‘ਮਜ਼ਹਬ ਆਦਿ ਦੇ ਰੋਗੀ’ । ਹੋਰਨਾਂ ਨੂੰ ਵੀ ਬਦੋ-ਬਦੀ ਇਸ ਰੋਗ ਵਿਚ ਫਸਾਉਣ ਦੇ ਜਤਨ ਨੂੰ ਉਹ ਆਪਣੇ ਇਲਾਜ ਦੀ ਭਾਲ ਵਿਚ ਸ਼ਹਿਰ-ਸ਼ਹਿਰ, ਪਿੰਡ-ਪਿੰਡ ਤੇ ਘਰ-ਘਰ ਹੌਕਾ ਦੇਂਦੇ ਫਿਰਦੇ ਹਨ। ਇਸ ਤੋਂ ਛੁੱਟ ਕਈਆਂ ਨੂੰ ਕਵਿਤਾ ਜਾਂ ਕਹਾਣੀ ਲਿਖਣ ਦੀ ਬਿਮਾਰੀ ਵੀ ਹੁੰਦੀ ਹੈ। ਇਸ ਦੇ ਇਲਾਜ ਲਈ ਇਹ ਰੋਗੀ ਇਕ ਦੂਸਰੇ ਦੇ ਵਿਰੁਧ ਕਈ ਛੋਟੀਆਂ-ਛੋਟੀਆਂ ਪਾਰਟੀਆਂ ਬਣਾ ਲੈਂਦੇ ਹਨ ਅਤੇ
ਪਰਹੇਜ਼ ਦੇ ਤੌਰ ਤੇ ਹਰ ਨਵੇਂ ਉੱਠ ਰਹੇ ਲਿਖਾਰੀ ਨੂੰ ਕੁਚਲਣ ਦੀਆਂ ਤਰਕੀਬਾਂ ਸੋਚਦੇ ਰਹਿੰਦੇ ਹਨ। ਆਬੋ-ਹਵਾ ਦੀ ਤਬਦੀਲੀ ਲਈ ਇਨ੍ਹਾਂ ਦਾ ਇਕ ਦੋ ਕਿਸੇ ਗ਼ੈਰ ਜ਼ਬਾਨ ਵਿਚ ਛਪੀਆਂ ਹੋਈਆਂ ਕਿਤਾਬਾਂ ਤੇ ਕਾਪੀਆਂ ਕੱਛੇ ਮਾਰ ਕੇ ਗਲੀ-ਗਵਾਂਢ ਜਾਂ ਬਾਗ਼ਾਂ ਵਿਚ ਰੰਗ-ਬਰੰਗੀਆਂ ਚੁੰਨੀਆਂ ਤੇ ਸਾੜ੍ਹੀਆਂ ਦੇ ਮਗਰ-ਮਗਰ ਭੌਂ ਲੈਣਾ ਹੀ ਕਾਫ਼ੀ ਹੈ। ਦੂਸਰਿਆਂ ਦੇ ਖ਼ਿਆਲ ਚੁਰਾ ਲੈਣਾ ਤਾਂ ਇਨ੍ਹਾਂ ਦੇ ‘ਅਗਾਂ ਵਧੂ’ ਹੋਣ ਦੀ ਅਤੇ ਚੰਗੇ ਹਾਜ਼ਮੇ ਦੀ ਨਿਸ਼ਾਨੀ ਹੈ। (ਈਸ਼ਵਰ ਸਿੰਘ ਚਿੱਤਕਾਰ)
ਉਪਰੋਕਤ ਵਾਰਤਕ ਪੈਰੇ ਦੇ ਅਧਾਰ ‘ਤੇ ਹੇਠਾਂ ਦਿੱਤੇ ਪ੍ਰਸ਼ਨਾਂ ਦੇ ਉੱਤਰ ਦਿਉ :
ਪ੍ਰਸ਼ਨ 1. ਪੈਰ੍ਹੇ ਦਾ ਢੁਕਵਾਂ ਸਿਰਲੇਖ ਲਿਖੋ।
ਪ੍ਰਸ਼ਨ 2. ਪੈਰ੍ਹੇ ਨੂੰ ਸੰਖੇਪ ਕਰਕੇ ਲਿਖੋ।
ਪ੍ਰਸ਼ਨ 3. ਬਿਮਾਰ ਆਦਮੀ ਕੌਣ ਹੈ, ਉਹ ਆਪਣੇ ਇਲਾਜ ਲਈ ਕੀ-ਕੀ ਕਰਦਾ ਹੈ?
ਪ੍ਰਸ਼ਨ 4. ਕੁਝ ਨਾ ਕੁਝ ਲਿਖਣ ਦੀ ਬਿਮਾਰੀ ਦਾ ਰੋਗੀ ਕੀ-ਕੀ ਕਰਦਾ ਹੈ?