ਅਣਡਿੱਠਾ ਪੈਰਾ – ਸਮਾਂ
ਸਮਾਂ – ਇਕ ਮਹਾਨ ਖ਼ਜ਼ਾਨਾ
ਸਮਾਂ ਇਕ ਮਹਾਨ ਖ਼ਜ਼ਾਨਾ ਹੈ। ਅਮਰੀਕਾ, ਜਪਾਨ ਵਿਚ ਮੀਂਹ ਹੋਵੇ, ਹਨੇਰੀ ਹੋਵੇ, ਠੰਡ ਹੋਵੇ, ਗਰਮੀ ਹੋਵੇ, ਅੱਠ ਘੰਟੇ ਹਰ ਕੋਈ ਡੱਟ ਕੇ ਕੰਮ ਕਰਦਾ ਹੈ। ਦਫ਼ਤਰਾਂ ਵਿਚ, ਖੇਤਾਂ ਵਿਚ, ਕਾਰਖਾਨਿਆਂ ਵਿਚ ਵਿਸ਼ੇਸ਼ ਛੁੱਟੀਆਂ ਸਾਲ ਵਿਚ ਮਸਾਂ ਚਾਰ-ਪੰਜ ਹੁੰਦੀਆਂ ਹਨ। ਸਾਡੇ ਦੇਸ਼ ਵਿਚ ਕਿੰਨੀਆਂ ਹੀ ਛੁੱਟੀਆਂ, ਕਿੰਨੇ ਥੋੜੇ ਘੰਟੇ ਕੰਮ, ਕਿੰਨਾ ਬੇਦਿਲਾ ਕੰਮ ਤੇ ਫੇਰ ਸਵੇਰ-ਸ਼ਾਮ ਮੰਦਰਾਂ, ਗੁਰਦੁਆਰਿਆਂ ਵਿਚ ਭੀੜਾਂ, ਸਾਧੂਆਂ ਦੀ ਨਿਤ ਫੇਰੀ, ਮਰਨੇ, ਜੰਮਣੇ ਤੇ ਵਿਆਹ, ਕਿਸੇ ਹੋਰ ਦੇਸ਼ ਵਿਚ ਇਨ੍ਹਾਂ ਗੱਲਾਂ ਉੱਤੇ ਸਮਾਂ ਬਰਬਾਦ ਨਹੀਂ ਕੀਤਾ ਜਾਂਦਾ। ਲਾਊਡ ਸਪੀਕਰਾਂ ਉੱਤੇ ਦਿਨ-ਰਾਤ ਧਰਮ ਨਹੀਂ, ਵਹਿਮ-ਭਰਮ ਪ੍ਰਚਾਰੇ ਜਾਂਦੇ ਹਨ। ਹੋਰਨਾਂ ਦੇਸ਼ਾਂ ਵਿਚ ਭਾਵੇਂ ਕਿੰਨੀ ਬਰਫ ਜੰਮੀ ਹੋਵੇ, ਕਾਮੇ ਪੂਰੇ ਅੱਠ ਵਜੇ ਆਪਣੇ ਕੰਮ ਉੱਤੇ ਪਹੁੰਚ ਰਹੇ ਹਨ। ਬਾਰਾਂ ਵਜੇ ਤੱਕ ਡੱਟ ਕੇ ਕੰਮ ਕੀਤਾ ਜਾਂਦਾ ਹੈ। ਇਕ ਘੰਟਾ ਵਿਚਕਾਰ ਖਾਣਾ ਖਾ ਕੇ ਫਿਰ ਪੰਜ ਵਜੇ ਤੱਕ ਅਣਥੱਕ ਮਿਹਨਤ ਹੁੰਦੀ ਹੈ। ਇਹੀ ਕਾਰਨ ਹੈ ਕਿ ਉਨ੍ਹਾਂ ਦੀ ਪੈਦਾਵਾਰ ਸਾਡੇ ਨਾਲੋਂ ਕਈ ਗੁਣਾਂ ਵਧੇਰੇ ਹੁੰਦੀ ਹੈ।
ਉਪਰੋਕਤ ਵਾਰਤਕ ਪੈਰੇ ਦੇ ਅਧਾਰ ‘ਤੇ ਹੇਠਾਂ ਦਿੱਤੇ ਪ੍ਰਸ਼ਨਾਂ ਦੇ ਉੱਤਰ ਦਿਉ :
ਪ੍ਰਸ਼ਨ 1. ਪੈਰ੍ਹੇ ਨੂੰ ਢੁੱਕਵਾਂ ਸਿਰਲੇਖ ਦਿਓ।
ਪ੍ਰਸ਼ਨ 2. ਪੈਰ੍ਹੇ ਨੂੰ ਸੰਖੇਪ ਕਰਕੇ ਲਿਖੋ।
ਪ੍ਰਸ਼ਨ 3. ਅਮਰੀਕਾ ਅਤੇ ਜਪਾਨ ਵਿਚ ਲੋਕ ਕਿੰਨੇ ਘੰਟੇ ਕੰਮ ਕਰਦੇ ਹਨ ਅਤੇ ਕਿਹੜੀਆਂ ਅਵਸਥਾਵਾਂ ਵਿਚ ਕਰਦੇ ਹਨ?
ਪ੍ਰਸ਼ਨ 4. ਸਾਡੇ ਦੇਸ਼ ਵਿਚ ਸਮਾਂ ਕਿਵੇਂ ਬਰਬਾਦ ਕੀਤਾ ਜਾਂਦਾ ਹੈ?