ਲੇਖ – ਸ੍ਰੀ ਗੁਰੂ ਗੋਬਿੰਦ ਸਿੰਘ ਜੀ
ਸ੍ਰੀ ਗੁਰੂ ਗੋਬਿੰਦ ਸਿੰਘ ਜੀ
ਵਾਹ ਪ੍ਰਗਟਿਓ ਮਰਦ ਅਗੰਮੜਾ ਵਰਿਆਮ ਅਕੇਲਾ॥
ਵਾਹੁ ਵਾਹੁ ਗੋਬਿੰਦ ਸਿੰਘ ਆਪੇ ਗੁਰ ਚੇਲਾ॥
ਜਨਮ : ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਜਨਮ ਬਿਹਾਰ ਦੀ ਰਾਜਧਾਨੀ ਪਟਨਾ ਵਿੱਚ 26 ਦਸੰਬਰ, 1666 ਈ: ਨੂੰ ਪਿਤਾ ਸ੍ਰੀ ਗੁਰੂ ਤੇਗ਼ ਬਹਾਦਰ ਜੀ ਅਤੇ ਮਾਤਾ ਗੁਜਰੀ ਜੀ ਦੇ ਘਰ ਹੋਇਆ। ਉਸ ਵੇਲੇ ਗੁਰੂ ਤੇਗ਼ ਬਹਾਦਰ ਸਾਹਿਬ ਅਸਾਮ ਗਏ ਹੋਏ ਸਨ। ਆਪ ਨੂੰ ਅਨੇਕਾਂ ਹੀ ਵਿਸ਼ੇਸ਼ਣਾਂ; ਜਿਵੇਂ : ਕਲਗੀਆਂ ਵਾਲਾ, ਦਸਮੇਸ਼ ਪਿਤਾ, ਨੀਲੇ ਘੋੜੇ ਵਾਲਾ, ਬਾਜਾਂ ਵਾਲਾ, ਸਰਬੰਸ ਦਾਨੀ ਆਦਿ ਤੇ ਕਈ ਹੋਰ ਪਵਿੱਤਰ ਨਾਵਾਂ ਨਾਲ ਯਾਦ ਕੀਤਾ ਜਾਂਦਾ ਹੈ।
ਬਚਪਨ : ਆਪ ਦਾ ਬਚਪਨ ਬਿਹਾਰ ਵਿੱਚ ਹੀ ਬੀਤਿਆ। ਆਪ ਆਪਣੇ ਸੰਗੀਆਂ-ਸਾਥੀਆਂ ਨੂੰ ਦੋ ਹਿੱਸਿਆਂ ਵਿੱਚ ਵੰਡ ਕੇ ਝੂਠੀ-ਮੂਠੀ ਲੜਦੇ ਹੁੰਦੇ ਸਨ। ਆਪ ਗੁਲੇਲ ਜਾਂ ਤੀਰ-ਕਮਾਨ ਨਾਲ ਨਿਸ਼ਾਨੇ ਫੁੰਡਿਆ ਕਰਦੇ ਸਨ।
ਵਿੱਦਿਆ : ਆਪ ਛੇ ਸਾਲ ਦੀ ਉਮਰ ਵਿੱਚ ਅਨੰਦਪੁਰ ਸਾਹਿਬ (ਪੰਜਾਬ) ਆ ਗਏ। ਇੱਥੇ ਆਪ ਨੇ ਸੰਸਕ੍ਰਿਤ, ਬ੍ਰਿਜ, ਅਰਬੀ, ਫ਼ਾਰਸੀ ਤੇ ਪੰਜਾਬੀ ਆਦਿ ਬੋਲੀਆਂ ਸਿੱਖੀਆਂ। ਇਨ੍ਹਾਂ ਵਿੱਚ ਲਿਖੇ ਗ੍ਰੰਥਾਂ, ਵਿਸ਼ੇਸ਼ ਕਰ ਕੇ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਚੰਗੀ ਤਰ੍ਹਾਂ ਪੜ੍ਹਿਆ। ਇੱਥੇ ਹੀ ਆਪ ਨੇ ਸ਼ਸਤਰ-ਵਿੱਦਿਆ ਸਿੱਖੀ।
ਪਿਤਾ ਦੀ ਸ਼ਹੀਦੀ : ਆਪ ਅਜੇ ਮਸਾਂ ਨੌਂ ਸਾਲਾਂ ਦੇ ਹੋਏ ਸਨ ਕਿ ਕਸ਼ਮੀਰ ਦੇ ਬ੍ਰਾਹਮਣਾਂ ਨੇ ਔਰੰਗਜ਼ੇਬ ਤੋਂ ਤੰਗ ਆ ਕੇ ਗੁਰੂ ਤੇਗ਼ ਬਹਾਦਰ ਸਾਹਿਬ ਕੋਲ ਆਪਣਾ ਰੋਣਾ ਰੋਇਆ। ਆਪ ਨੇ ਆਪਣੇ ਪਿਤਾ ਜੀ ਨੂੰ ਹਿੰਦੂ ਧਰਮ ਹਿਤ ਸ਼ਹੀਦ ਹੋਣ ਦੀ ਸਲਾਹ ਦੇ ਦਿੱਤੀ। ਗੁਰੂ ਜੀ ਨੇ ਬ੍ਰਾਹਮਣਾਂ ਨੂੰ ਆਖਿਆ—“ਜਾਓ ! ਔਰੰਗਜ਼ੇਬ ਨੂੰ ਕਹੋ—ਪਹਿਲਾਂ ਤੇਗ਼ ਬਹਾਦਰ ਨੂੰ ਮੁਸਲਮਾਨ ਬਣਾ, ਉਪਰੰਤ ਅਸੀਂ ਆਪਣੇ-ਆਪ ਹੀ ਬਣ ਜਾਵਾਂਗੇ।” ਗੁਰੂ ਜੀ ਆਪ ਆਪਣੇ ਕਾਤਲ (ਔਰੰਗਜ਼ੇਬ) ਕੋਲ ਪੁੱਜ ਕੇ ਚਾਂਦਨੀ
ਚੌਕ ਦਿੱਲੀ ਵਿੱਚ ਸ਼ਹੀਦ ਹੋਏ।
ਗੁਰਗੱਦੀ ‘ਤੇ ਬੈਠਣਾ : ਪਿਤਾ ਜੀ ਦੀ ਸ਼ਹੀਦੀ ਤੋਂ ਬਾਅਦ ਮਰਿਆਦਾ ਅਨੁਸਾਰ ਆਪ ਨੂੰ ਗੁਰਗੱਦੀ ‘ਤੇ ਬਿਠਾ ਦਿੱਤਾ ਗਿਆ। ਆਪ ਨੇ ਇਸ ਮਹਾਨ ਪਦਵੀ ਨੂੰ ਸੰਭਾਲਦਿਆਂ ਹੀ ਸ਼ਰਧਾਲੂਆਂ ਨੂੰ ਸ਼ਸਤਰ ਭੇਟ ਕਰਨ ਦੀ ਬੇਨਤੀ ਕੀਤੀ। ਆਪ ਨੇ ਇੱਕ ਰਣਜੀਤ ਨਗਾਰਾ ਬਣਵਾਇਆ ਜਿਸ ਦੀ ਗੂੰਜ ਦੂਰ-ਦੂਰ ਪਹਾੜੀ ਰਾਜਿਆਂ ਨੂੰ ਸੁਣਾਈ ਦਿੰਦੀ ਸੀ।
ਸਮੱਸਿਆਵਾਂ : ਗੁਰਗੱਦੀ ‘ਤੇ ਬੈਠਦਿਆਂ ਹੀ ਆਪ ਚਾਰ-ਚੁਫੇਰਿਓਂ ਸਮੱਸਿਆਵਾਂ ਨਾਲ ਘਿਰ ਗਏ ਕਿਉਂਕਿ ਆਪਣੇ-ਪਰਾਏ ਸਭ ਵੈਰੀ ਬਣ ਬੈਠੇ ਸਨ। ਆਪਦੇ ਸਬੰਧੀ ਗੁਰਗੱਦੀ ਕਾਰਨ ਮੂੰਹ ਵੱਟੀ ਬੈਠੇ ਸਨ। ਮਸੰਦਾਂ ਨੇ ਪ੍ਰਚਾਰ ਕਰਨਾ ਸ਼ੁਰੂ ਕਰ ਦਿੱਤਾ ਸੀ ਕਿ ਗੁਰੂ ਗੋਬਿੰਦ ਸਿੰਘ ਤਾਂ ਗੁਰੂ ਨਾਨਕ ਦੇਵ ਜੀ ਦਾ ਦੱਸਿਆ ਮਾਰਗ ਛੱਡ ਗਏ ਹਨ। ਪਹਾੜੀ ਰਾਜੇ ਆਪ ਨੂੰ ‘ਹਿੰਦੂ ਧਰਮ ਦਾ ਨਾਸ਼ਕ’ ਤੇ ‘ਸਿਰ-ਫਿਰਿਆਂ ਦਾ ਗੁਰੂ’ ਕਹਿਣ ਲੱਗ ਪਏ ਸਨ। ਸਰਹਿੰਦ ਦਾ ਨਵਾਬ ਆਪ ਦਾ ਜਾਨੀ ਵੈਰੀ ਬਣ ਚੁੱਕਿਆ ਸੀ, ਪਰ ਆਪ ਨੂੰ ਗੁਰੂ ਨਾਨਕ ਦੇ ਬਹੁਮੁੱਲੇ ਵਿਰਸੇ ‘ਤੇ ਮਾਣ ਸੀ। ਨਾਲੇ ਔਰੰਗਜ਼ੇਬ ਤੋਂ ਸਤੇ ਹੋਏ ਹਿੰਦੂ, ਨਿਆਂ-ਪੱਖੀ ਮੁਸਲਮਾਨ, ਪਹਾੜੀ ਰਾਜਾ ਨਾਹਨ ਅਤੇ ਸਿਰਮੌਰ ਦਾ ਰਾਜਾ ਮੇਦਨੀ ਪ੍ਰਕਾਸ਼ (ਗੁਰੂ-ਘਰ ਵਿੱਚ ਸ਼ਰਧਾ ਰੱਖਣ ਕਰਕੇ) ਆਪ ਦੇ ਨਾਲ ਸਨ।
ਚੰਗੇ ਭਾਗਾਂ ਨੂੰ ਉਸ ਵੇਲੇ ਔਰੰਗਜ਼ੇਬ ਲਗਭਗ ਪੰਝੀ ਸਾਲ ਦੱਖਣ ਦਿਆਂ ਝਗੜਿਆਂ ਵਿੱਚ ਰੁੱਝਿਆ ਰਿਹਾ। ਇਸ ਲਈ ਆਪ ਨੂੰ ਤਿਆਰੀ ਕਰਨ ਦਾ ਚੰਗਾ ਮੌਕਾ ਮਿਲ ਗਿਆ।
ਉਦੇਸ਼ : ਆਪ ਦਾ ਜੀਵਨ-ਉਦੇਸ਼ ਇੱਕ ਨਿਰੰਕਾਰ ਨੂੰ ਮੰਨਣਾ, ਸ੍ਵੈ-ਪੂਜਾ ਦੀ ਵਿਰੋਧਤਾ ਕਰਨਾ, ਸ਼ੁੱਭ ਕਰਮ ਕਰਨੋਂ ਨਾ ਟਲਣਾ, ਧਰਮ ਨੂੰ ਉਭਾਰਨਾ ਤੇ ਦੁਸ਼ਟਾਂ ਦਾ ਨਾਸ ਕਰਨਾ ਸੀ। ਆਪ ਨੇ ਜ਼ੁਲਮ ਨੂੰ ਖ਼ਤਮ ਕਰਨ ਲਈ ਕਿਰਪਾਨ ਉਠਾਉਣ ਵਾਲੇ ਵਿਚਾਰ ਦੀ ਪ੍ਰੋੜਤਾ ਕੀਤੀ :
ਚੂੰ ਕਾਰ ਅਜ਼ ਹਮਾ ਹੀਲਤੇ ਦਰ ਗੁਜ਼ਸ਼ਤ।
ਹਲਾਲ ਅਸਤ ਬੁਰਦਨ ਬਸ਼ਮਸ਼ੀਰ ਦਸਤ।
ਲੜਾਈਆਂ : ਵੀਹ ਸਾਲ ਦੀ ਉਮਰ ਵਿੱਚ ਆਪ ਨੂੰ ਰਣ-ਭੂਮੀ ਵਿੱਚ ਕੁੱਦਣਾ ਪਿਆ ਅਤੇ ਆਪਣੀ ਰਹਿੰਦੀ ਉਮਰ ਦਾ ਬਹੁਤਾ ਭਾਗ ਲੜਾਈਆਂ
1. ਭੰਗਾਣੀ ਦਾ ਯੁੱਧ
2. ਨਦੌਣ ਦਾ ਯੁੱਧ
3. ਹੁਸੈਨੀ ਦਾ ਯੁੱਧ
4.ਅਨੰਦਪੁਰ ਦੀ ਪਹਿਲੀ ਲੜਾਈ
5. ਅਨੰਦਪੁਰ ਦੀ ਦੂਜੀ ਲੜਾਈ
6. ਨਿਰਮੋਹੀ ਦੀ ਲੜਾਈ
7. ਬਸਾਲੀ ਦੀ ਲੜਾਈ
8. ਅਨੰਦਪੁਰ ਦੀ ਤੀਜੀ ਲੜਾਈ
9. ਅਨੰਦਪੁਰ ਦੀ ਚੌਥੀ ਲੜਾਈ
10. ਸਿਰਸਾ ਦੀ ਲੜਾਈ
11. ਚਮਕੌਰ ਦੀ ਲੜਾਈ
12. ਮੁਕਤਸਰ ਦੀ ਲੜਾਈ
ਵਿੱਚ ਬਤੀਤ ਕੀਤਾ।
ਖ਼ਾਲਸਾ ਪੰਥ ਦੀ ਸਾਜਣਾ : ਆਪ ਨੇ 1699 ਈ: ਵਿੱਚ ਵਿਸਾਖੀ ਵਾਲੇ ਦਿਨ ਅਨੰਦਪੁਰ ਸਾਹਿਬ ਵਿਖੇ ਸਿੱਖ ਸੰਗਤਾਂ ਦਾ ਇੱਕ ਭਾਰੀ ਇੱਕੱਠ ਬੁਲਾਇਆ ਤੇ ਸੰਗਤ ਦੀ ਮੌਜੂਦਗੀ ਵਿੱਚ ਖ਼ਾਲਸਾ ਪੰਥ ਦੀ ਸਾਜਣਾ ਕੀਤੀ। ਇਸ ਮੌਕੇ ਪੰਜ ਸਿੰਘਾਂ ਨੂੰ ਇੱਕ ਬਾਟੇ ਵਿੱਚ ਅੰਮ੍ਰਿਤ ਛਕਾਇਆ। ਆਪ ਨੇ 1699 ਈ: ਦੇ ਵਿਸਾਖੀ ਵਾਲੇ ਦਿਨ ਦਇਆ ਰਾਮ (ਲਾਹੌਰ ਦਾ ਖੱਤਰੀ), ਧਰਮ ਦਾਸ (ਦਿੱਲੀ ਦਾ ਜੱਟ), ਭਾਈ ਹਿੰਮਤ (ਜਗਨ-ਨਾਥ ਦਾ ਰਸੋਈਆ), ਮੁਹਕਮ ਚੰਦ (ਦਵਾਰਕਾ ਦਾ ਛੀਂਬਾ) ਤੇ ਸਾਹਿਬ ਚੰਦ (ਬਿਦਰ ਦਾ ਨਾਈ) ਨੂੰ ਅੰਮ੍ਰਿਤ ਛਕਾ ਕੇ ਸਿੰਘ ਸਜਾਇਆ ਤੇ ‘ਪੰਜ ਪਿਆਰੇ’ ਆਖਿਆ। ਬਾਅਦ ਵਿੱਚ ਆਪ ਉਨ੍ਹਾਂ ਤੋਂ ਅੰਮ੍ਰਿਤ ਛਕਿਆ :
ਵਾਹੁ ਵਾਹੁ ਗੋਬਿੰਦ ਸਿੰਘ ਆਪੇ ਗੁਰ ਚੇਲਾ॥
ਇਸ ਰਸਮ ਨਾਲ ਆਪ ਨੇ ਛੂਤ-ਛਾਤ, ਜਾਤ-ਪਾਤ ਦਾ ਖੰਡਨ ਕੀਤਾ ਤੇ ਮਿਲਵਰਤਣ ਤੇ ਏਕਤਾ ਦਾ ਪ੍ਰਚਾਰ ਕੀਤਾ ਕਿ ਹੁਣ ਸੰਤਾਂ ਦੀ ਲੋੜ ਨਹੀਂ ਸਗੋਂ ‘ਸੰਤ ਸਿਪਾਹੀਆਂ’ ਦੀ ਲੋੜ ਹੈ। ਆਪ ਨੇ ਸਿੱਖ ਪੰਥ ਦੀ ਵੱਖਰੀ ਪਛਾਣ ਸਥਾਪਿਤ ਕੀਤੀ। ਪੰਜ ਕਕਾਰ, ਬਾਣਾ ਤੇ ਰਹਿਤਾਂ-ਕੁਰਹਿਤਾਂ ਦਾ ਵਰਨਣ ਕੀਤਾ। ਇਸ ਤਰ੍ਹਾਂ ਆਪ ਨੇ ਗੁਰੂ ਨਾਨਕ ਦੇਵ ਜੀ ਦੇ ਚਲਾਏ ਸਗਲ – ਜਮਾਤੀ ਧਰਮ ਨੂੰ ਖ਼ਾਲਸਈ ਰੂਪ ਦੇ ਕੇ ਸੰਪੂਰਨਤਾ ਬਖ਼ਸ਼ੀ। ਆਪ ਨੇ ਖ਼ਾਲਸੇ ਨੂੰ ਉੱਚੀ ਪਦਵੀ ਦਿੰਦਿਆਂ ਹੋਇਆਂ ਆਖਿਆ :
ਖ਼ਾਲਸਾ ਮੇਰੋ ਰੂਪ ਹੈ ਖਾਸ । ਖ਼ਾਲਸੇ ਮਹਿ ਹਉਂ ਕਰੋ ਨਿਵਾਸ॥
ਆਦਿ-ਬੀੜ ਵਿੱਚ ਨੌਵੇਂ ਪਾਤਸ਼ਾਹ ਜੀ ਦੀ ਬਾਣੀ ਸ਼ਾਮਲ ਕਰਨਾ : ਮੁਕਤਸਰ ਦੀ ਲੜਾਈ ਤੋਂ ਬਾਅਦ ਗੁਰੂ ਜੀ ਨੇ ਸਾਬੋ ਕੀ ਤਲਵੰਡੀ (ਦਮਦਮਾ ਸਾਹਿਬ) ਵਿੱਚ ਆਦਿ ਸ੍ਰੀ (ਗੁਰੂ) ਗ੍ਰੰਥ ਸਾਹਿਬ ਦੀ ਬੀੜ ਵਿੱਚ ਆਪਣੇ ਪਿਤਾ (ਗੁਰੂ ਤੇਗ਼ ਬਹਾਦਰ ਜੀ) ਦੀ ਬਾਣੀ ਨੂੰ ਸ਼ਾਮਲ ਕੀਤਾ। ਇਸ ਬੀੜ ਨੂੰ ਭਾਈ ਮਨੀ ਸਿੰਘ ਜੀ ਨੇ ਲਿਖਿਆ।
ਮਹਾਨ ਸਾਹਿਤਕਾਰ : ਗੁਰੂ ਗੋਬਿੰਦ ਸਿੰਘ ਜੀ ਜਿੱਥੇ ਇੱਕ ਪਰਮ ਮਨੁੱਖ ਤੇ ਆਦਰਸ਼ਕ ਸੰਤ-ਸਿਪਾਹੀ ਸਨ, ਉੱਥੇ ਉਹ ਉੱਚ ਕੋਟੀ ਦੇ ਸਾਹਿਤਕਾਰ ਵੀ ਸਨ। ਆਪ ਦੀਆਂ ਪ੍ਰਸਿੱਧ ਸਾਹਿਤਕ ਰਚਨਾਵਾਂ—ਚੰਡੀ ਦੀ ਵਾਰ, ਜ਼ਫ਼ਰਨਾਮਾ, ਬਚਿੱਤਰ ਨਾਟਕ, ਜਾਪੁ ਸਾਹਿਬ, ਅਕਾਲ ਉਸਤਤ, ਚੰਡੀ ਚਰਿੱਤਰ ਅਤੇ ਗਿਆਨ ਪ੍ਰਬੋਧ-ਹਨ। ਆਪ ਨਾ ਕੇਵਲ ਆਪ ਹੀ ਸਾਹਿਤ ਰਚਦੇ ਸਗੋਂ ਹੋਰਨਾਂ ਨੂੰ ਰਚਣ ਲਈ ਪ੍ਰੇਰਦੇ ਅਤੇ ਉਨ੍ਹਾਂ ਦੀਆਂ ਰਚਨਾਵਾਂ ਦੀ ਕਦਰ ਕਰਦੇ ਸਨ।
ਬਹਾਦਰ ਸ਼ਾਹ ਦੀ ਮਦਦ : ਆਪ ਨੂੰ ਔਰੰਗਜ਼ੇਬ ਦੀ ਚਿੱਠੀ ਮਿਲੀ ਜਿਸ ਵਿੱਚ ਉਸ ਨੇ ਪਿਛਲੇ ਕੀਤੇ ਦੀ ਮੁਆਫ਼ੀ ਮੰਗਦਿਆਂ ਹੋਇਆਂ ਮਿਲਣ ਲਈ ਬੇਨਤੀ ਕੀਤੀ। ਆਪ ਔਰੰਗਜ਼ੇਬ ਨੂੰ ਮਿਲਣ ਲਈ ਤੁਰ ਪਏ। ਜਦ ਆਪ ਰਾਜਪੂਤਾਨੇ ਪੁੱਜੇ ਤਾਂ ਪਤਾ ਲੱਗਿਆ ਕਿ ਔਰੰਗਜ਼ੇਬ ਤਾਂ ਅਹਿਮਦ ਨਗਰ ਵਿੱਚ ਮਰ ਗਿਆ ਹੈ। ਆਪ ਦਿੱਲੀ ਮੁੜ ਆਏ। ਆਪ ਨੇ ਔਰੰਗਜ਼ੇਬ ਦੇ ਪੁੱਤਰਾਂ-ਬਹਾਦਰ ਸ਼ਾਹ ਤੇ ਆਜ਼ਮ ਦੀ ਤਖ਼ਤ (ਹਕੂਮਤ) ਲਈ ਆਗਰੇ ਵਿੱਚ ਹੋਈ ਆਖ਼ਰੀ ਜੰਗ ਵਿੱਚ ਬਹਾਦਰ ਸ਼ਾਹ ਦੀ ਮਦਦ ਕੀਤੀ। ਬਹਾਦਰ ਸ਼ਾਹ ਜਿੱਤ ਗਿਆ ਅਤੇ ਬਾਦਸ਼ਾਹ ਬਣ ਗਿਆ। ਗੁਰੂ ਜੀ ਕੁਝ ਦਿਨਾਂ ਲਈ ਨਾਂਦੇੜ ਚਲੇ ਗਏ।
ਬੰਦਾ ਬਹਾਦਰ ਨੂੰ ਅਸ਼ੀਰਵਾਦ : ਦੱਖਣ ‘ਚ ਨਾਂਦੇੜ ‘ਚ ਆਪ ਨੇ ਬੈਰਾਗੀ ਸਾਧੂ ਮਾਧੋ ਦਾਸ ਨੂੰ ਅੰਮ੍ਰਿਤ ਛਕਾ ਕੇ ਬੰਦਾ ਸਿੰਘ ਬਹਾਦਰ ਬਣਾਇਆ ਅਤੇ ਅਸ਼ੀਰਵਾਦ ਦੇ ਕੇ ਪੰਜਾਬ ਭੇਜਿਆ।
ਜੋਤੀ-ਜੋਤਿ : ਸਰਹਿੰਦ ਦੇ ਨਵਾਬ ਵਜੀਦ ਖਾਂ ਨੇ ਗੁਰੂ ਜੀ ਨੂੰ ਮਾਰ-ਮੁਕਾਉਣ ਲਈ ਦੋ ਪਠਾਣ ਨਾਂਦੇੜ ਭੇਜੇ ਜਿਨ੍ਹਾਂ ਨੇ ਇੱਕ ਰਾਤ ਗੁਰੂ ਜੀ ‘ਤੇ ਖ਼ੂਨੀ ਹਮਲਾ ਕਰ ਦਿੱਤਾ। ਆਪ ਨੇ ਇੱਕ ਨੂੰ ਤਾਂ ਉੱਥੇ ਹੀ ਖ਼ਤਮ ਕਰ ਦਿੱਤਾ ਅਤੇ ਦੂਜਾ ਭੱਜਦਾ ਹੋਇਆ ਮਾਰਿਆ ਗਿਆ। ਆਪ ਨੂੰ ਵੀ ਕਟਾਰ ਦਾ ਡੂੰਘਾ ਜ਼ਖ਼ਮ ਲੱਗਿਆ। ਟਾਂਕੇ ਲਾ ਕੇ ਮਲ੍ਹਮ-ਪੱਟੀ ਨਾਲ ਆਪ ਠੀਕ ਹੋ ਗਏ। ਕੁਝ
ਚਿਰ ਬਾਅਦ ਤੀਰ, ਕਮਾਨ ’ਤੇ ਚਾੜ੍ਹਨ ਲੱਗਿਆਂ ਇਹ ਅਜਿਹੇ ਟੁੱਟੇ ਕਿ ਮੁੜ ਠੀਕ ਨਾ ਹੋਏ। ਆਪਣਾ ਅੰਤ ਨੇੜੇ ਵੇਖ ਕੇ ਆਪ ਨੇ ਗੁਰ-ਸਿੱਖਾਂ ਨੂੰ ਸੱਦ ਕੇ ਆਖਿਆ ਕਿ ਅੱਗੇ ਤੋਂ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਹੀ ਗੁਰੂ ਹੋਣਗੇ ਅਤੇ ਇਸ ਮਹਾਨ ਗ੍ਰੰਥ ਦੇ ਤਾਬਿਆ ਪੰਥ, ਗੁਰ-ਪੰਥ ਹੋਵੇਗਾ। ਆਪ 7 ਅਕਤੂਬਰ 1708 ਈ: ਨੂੰ ਜੋਤੀ-ਜੋਤ ਸਮਾ ਗਏ।