ਅਣਡਿੱਠਾ ਪੈਰਾ – ਮਹਾਰਾਜਾ ਰਣਜੀਤ ਸਿੰਘ ਜੀ
ਸ਼ੇਰ – ਏ – ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ
ਮਹਾਰਾਜਾ ਰਣਜੀਤ ਸਿੰਘ ਆਪਣੇ ਜੀਵਨ-ਕਾਲ ਵਿੱਚ ਹੀ ਕਾਫੀ ਪ੍ਰਸਿੱਧ ਤੇ ਹਰਮਨ-ਪਿਆਰੇ ਮਹਾਰਾਜਾ ਬਣ ਗਏ ਸੀ। ਉਨ੍ਹਾਂ ਦੇ ਨਾਂ ਨਾਲ ‘ਸ਼ੇਰ ਏ -ਪੰਜਾਬ’ ਲਕਬ ਦਾ ਜੁੜ ਜਾਣਾ, ਇਸ ਦੀ ਪੁਸ਼ਟੀ ਲਈ ਪ੍ਰਤੱਖ ਪ੍ਰਮਾਣ ਹੈ। ਆਪਣੇ ਗੁਣਾਂ ਤੇ ਚੰਗੇ ਕਾਰਨਾਮਿਆਂ ਕਰਕੇ ਉਹ ਲੋਕ-ਮਾਨਸਿਕਤਾ ਵਿੱਚ ਪੂਰੀ ਤਰ੍ਹਾਂ ਵੱਸ ਚੁੱਕਾ ਹੋਇਆ ਸੀ। ਉਸ ਦੇ ਨਿਆਂ ਤੇ ਸ਼ਕਤੀ ਦੀਆਂ ਗੱਲਾਂ ਹਮੇਸ਼ਾ ਲੋਕਾਂ ਦੀ ਜ਼ੁਬਾਨ ‘ਤੇ ਹੁੰਦੀਆਂ। ਉਸ ਦੇ ਰਾਜ ਵਿੱਚ ਪਰਜਾ ਸੁਖੀ ਸੀ, ਚਾਰੇ ਪਾਸੇ ਅਮਨ ਸ਼ਾਂਤੀ ਸੀ ਅਤੇ ਕਿਸੇ ਨਾਲ ਕੋਈ ਵਿਤਕਰਾ ਨਹੀਂ ਸੀ ਕੀਤਾ ਜਾਂਦਾ। ਪੰਜਾਬੀਆਂ ਨੂੰ ਇਹ ਸੁੱਖ-ਸ਼ਾਂਤੀ ਦਾ ਮਾਹੌਲ ਬਹੁਤ ਚਿਰ ਮਗਰੋਂ ਵੇਖਣ ਨੂੰ ਮਿਲਿਆ ਸੀ। ਆਏ ਦਿਨ ਹੋਣ ਵਾਲੇ ਹਮਲਿਆਂ ਕਾਰਨ ਪੈਦਾ ਹੋਣ ਵਾਲੀ ਬਦਅਮਨੀ ਤੋਂ ਉਨ੍ਹਾਂ ਨੂੰ ਮਸਾਂ ਛੁਟਕਾਰਾ ਮਿਲਿਆ ਸੀ। ਮਹਾਰਾਜੇ ਦੀ ਸ਼ਖ਼ਸੀਅਤ ਦਾ ਜਲੌ ਇਤਨਾ ਸੀ ਕਿ ਹਮਲਾਵਰ ਉਸ ਤੋਂ ਖੌਫ਼ ਖਾਣ ਲੱਗੇ। ਇਉਂ ਮਹਾਰਾਜੇ ਨੇ ਆਪਣੀ ਸ਼ਕਤੀ ਨਾਲ ਇਸ ਧਰਤੀ ‘ਤੇ ਹੋਣ ਵਾਲੇ ਹਮਲਿਆਂ ਦਾ ਸਿਲਸਿਲਾ ਸਦਾ ਲਈ ਬੰਦ ਕਰ ਦਿੱਤਾ। ਇਨ੍ਹਾਂ ਸਾਰੀਆਂ ਗੱਲਾਂ ਕਰਕੇ ਮਹਾਰਾਜਾ ਆਪਣੇ ਜਿਊਂਦੇ ਜੀਅ ਇੱਕ ‘ਲੋਕ-ਨਾਇਕ’ ਦਾ ਰੂਪ ਧਾਰ ਚੁੱਕਾ ਹੋਇਆ ਸੀ। ਮਹਾਰਾਜੇ ਦੀ ਮੌਤ ਤੋਂ ਬਾਅਦ, ਕਈ ਲੋਕ-ਰੂੜ੍ਹੀਆਂ ਤੇ ਲੋਕ-ਵਿਸ਼ਵਾਸ ਉਸ ਦੇ ਜੀਵਨ ਨਾਲ ਜੁੜ ਗਏ।
ਉਪਰੋਕਤ ਵਾਰਤਕ ਪੈਰੇ ਦੇ ਅਧਾਰ ‘ਤੇ ਹੇਠਾਂ ਦਿੱਤੇ ਪ੍ਰਸ਼ਨਾਂ ਦੇ ਉੱਤਰ ਦਿਉ :
ਪ੍ਰਸ਼ਨ 1. ਮਹਾਰਾਜਾ ਰਣਜੀਤ ਸਿੰਘ ਦੇ ਨਾਂ ਨਾਲ ਕਿਹੜਾ ਵਿਸ਼ੇਸ਼ਣ ਜੁੜ ਗਿਆ ਸੀ ?
ਪ੍ਰਸ਼ਨ 2. ਮਹਾਰਾਜਾ ਰਣਜੀਤ ਸਿੰਘ ਲੋਕਾਂ ਦੇ ਮਨਾਂ ਵਿੱਚ ਕਿਉਂ ਵੱਸ ਚੁੱਕੇ ਸਨ ?
ਪ੍ਰਸ਼ਨ 3. ਮਹਾਰਾਜਾ ਰਣਜੀਤ ਸਿੰਘ ਦੇ ਕਾਲ ਵਿੱਚ ਸਥਿਤੀ ਕਿਹੋ ਜਿਹੀ ਸੀ ?
ਪ੍ਰਸ਼ਨ 4. ਪੈਰੇ ਦਾ ਢੁਕਵਾਂ ਸਿਰਲੇਖ ਲਿਖੋ।