ਲੇਖ – ਮਿਠਤੁ ਨੀਵੀਂ ਨਾਨਕਾ ਗੁਣ ਚੰਗਿਆਈਆ ਤਤੁ॥
ਮਿਠਤੁ ਨੀਵੀਂ ਨਾਨਕਾ ਗੁਣ ਚੰਗਿਆਈਆ ਤਤੁ॥
ਤੁਕ ਦਾ ਅਰਥ : ਗੁਰੂ ਨਾਨਕ ਦੇਵ ਜੀ ਦਾ ਮਹਾਨ ਵਾਕ ‘ਮਿਠਤੁ ਨੀਵੀਂ ਨਾਨਕਾ ਗੁਣ ਚੰਗਿਆਈਆ ਤਤੁ॥’ ਅਧਿਆਤਮਕ ਸੱਚ ਨੂੰ ਦ੍ਰਿਸ਼ਟੀਗੋਚਰ ਕਰਦਾ ਹੋਇਆ ਚੰਗਿਆਈਆਂ ਦੇ ਤੱਤ, ਮਿੱਠਤ ਤੇ ਨਿਮਰਤਾ ਨੂੰ ਜੀਵਨ ਦਾ ਅਧਾਰ ਬਣਾਉਣ ਲਈ ਪ੍ਰੇਰਦਾ ਹੈ। ਇਹ ਦੋਵੇਂ ਗੁਣ ਅਲਾਹੀ ਦਾਤਾਂ ਹਨ।
ਕੌੜਾ ਬੋਲਣ ਵਾਲੇ ਦਾ ਹਸ਼ਰ : ਗੁਰੂ ਨਾਨਕ ਦੇਵ ਜੀ ਕਹਿੰਦੇ ਹਨ ਕਿ ਮਿੱਠਾ ਬੋਲਣ ਵਾਲੇ ਦੀ ਹਰ ਪਾਸਿਓਂ ਸੋਭਾ ਹੁੰਦੀ ਹੈ ਤੇ ਕੌੜਾ ਬੋਲਣ ਵਾਲੇ ਨੂੰ ਕੋਈ ਨੇੜੇ ਵੀ ਨਹੀਂ ਲੱਗਣ ਦਿੰਦਾ। ਇਸ ਭਾਵ ਨੂੰ ਸਪਸ਼ਟ ਕਰਦੇ ਹੋਏ ਗੁਰੂ ਜੀ ਫ਼ਰਮਾਉਂਦੇ ਹਨ :
ਨਾਨਕ ਫਿਕਾ ਬੋਲੀਐ ਤਨੁ ਮਨੁ ਫਿਕਾ ਹੋਇ॥
ਫਿਕੋ ਫਿਕਾ ਸਦੀਐ ਫਿਕੇ ਫਿਕੀ ਸੋਇ॥
ਭਾਵ ਜੇ ਅਸੀਂ ਕਿਸੇ ਨੂੰ ਮਾੜੇ ਜਾਂ ਕੌੜੇ ਬੋਲ ਬੋਲਦੇ ਹਾਂ ਤਾਂ ਸਾਡਾ ਆਪਣਾ-ਆਪ, ਆਪਣਾ ਮਨ ਵੀ ਉਹੋ ਜਿਹਾ ਹੀ ਹੋ ਜਾਂਦਾ ਹੈ। ਭੈੜਾ ਬੋਲਣ ਵਾਲਾ ਹਰ ਥਾਂ ਖੱਜਲ-ਖ਼ੁਆਰ ਹੁੰਦਾ ਹੈ। ਕੌੜਾ ਬੋਲਣਾ ਉਹ ਔਗੁਣ ਹੈ ਜੋ ਮਨੁੱਖ ਦੇ ਸਾਰੇ ਚੰਗੇ ਗੁਣਾਂ ਨੂੰ ਪਿੱਛੇ ਸੁੱਟ ਦਿੰਦਾ ਹੈ। ਅਜਿਹਾ ਵਿਅਕਤੀ ਭਾਵੇਂ ਕਿੰਨਾ ਵੀ ਅਮੀਰ ਜਾਂ ਗਿਆਨਵਾਨ ਕਿਉਂ ਨਾ ਹੋਵੇ ਜਾਂ ਉੱਚੀ ਪਦਵੀ ਤੇ ਬੈਠਾ ਹੋਵੇ, ਲੋਕਾਂ ਤੋਂ ਸਤਿਕਾਰ ਪ੍ਰਾਪਤ ਨਹੀਂ ਕਰ ਸਕਦਾ ਤੇ ਇਕੱਲਾ ਹੀ ਰਹਿ ਜਾਂਦਾ ਹੈ। ਇਸੇ ਲਈ ਕਹਿੰਦੇ ਹਨ ਕਿ ਤਲਵਾਰ ਦਾ ਫੱਟ ਤਾਂ ਮਿਟ ਜਾਂਦਾ ਹੈ ਪਰ ਜ਼ਬਾਨ ਦਾ ਫੱਟ ਨਹੀਂ ਮਿਟਦਾ। ਮਹਾਭਾਰਤ ਵਰਗੇ ਯੁੱਧ ਇਸੇ ਕਾਰਨ ਕਰਕੇ ਹੋਏ।
ਮਿੱਠ-ਬੋਲੜਾ ਤੇ ਨਿਰਮਾਣ ਵਿਅਕਤੀ ਗੁਣਾਂ ਨਾਲ ਭਰਪੂਰ ਹੁੰਦਾ ਹੈ : ਗੁਰੂ ਜੀ ਵੀ ਦੱਸਦੇ ਹਨ ਕਿ ਤੱਕੜੀ ਦਾ ਭਾਰਾ ਪੱਲੜਾ ਹਮੇਸ਼ਾ ਨੀਵਾਂ ਹੁੰਦਾ ਹੈ। ਭਾਵ ਜਿਹੜਾ ਵਿਅਕਤੀ ਗੁਣਾਂ ਨਾਲ ਭਰਪੂਰ ਹੋਵੇਗਾ ਉਹ ਨਿਮਰ/ਨੀਵਾਂ ਹੋਵੇਗਾ :
ਧਰ ਤਰਾਜੂ ਤੋਲੀਐ ਨਿਵੇ ਸੁ ਗਉਰਾ ਹੋਇ॥
ਅੰਦਰੂਨੀ ਤੇ ਬਾਹਰੀ ਨਿਮਰਤਾ : ਅਜਿਹਾ ਨਿਮਰ ਵਿਅਕਤੀ ਅੰਦਰੋਂ – ਬਾਹਰੋਂ ਇੱਕੋ ਜਿਹਾ ਹੁੰਦਾ ਹੈ; ਜਿਵੇਂ – ਜਿਹੜਾ ਵਿਅਕਤੀ ਬੋਲਦਾ ਤਾਂ ਮਿੱਠਾ ਹੈ ਪਰ ਦਿਲ ਦਾ ਖੋਟਾ ਹੈ ਤੇ ਆਪਣੇ ਸਵਾਰਥ ਲਈ ਜਿਊਂਦਾ ਹੈ, ਉਹ ਬੇਈਮਾਨ ਹੁੰਦਾ ਹੈ। ਮਿੱਠਤ ਤੇ ਨਿਮਰਤਾ ਅੰਦਰ ਦੇ ਗੁਣ ਹਨ। ਇੱਕ ਸਵਾਰਥੀ ਆਪਣੇ ਮਤਲਬ ਲਈ ਮਿੱਠਾ ਤੇ ਨਿਮਰ ਹੋ ਸਕਦਾ ਹੈ ਪਰ ਮਤਲਬ ਪੂਰਾ ਕਰ ਲੈਣ ਤੋਂ ਬਾਅਦ ਉਹ ਆਪਣੇ ਅਸਲੀ -ਕੌੜੇ ਤੇ ਆਕੜ ਵਾਲੇ ਰੂਪ ਵਿੱਚ ਆ ਜਾਂਦਾ ਹੈ। ਜਿਵੇਂ – ਸ਼ਿਕਾਰੀ ਹਿਰਨ ਦਾ ਸ਼ਿਕਾਰ ਕਰਨ ਵੇਲੇ ਨਿਵ ਕੇ ਪੇਟ ਨੂੰ ਜ਼ਮੀਨ ਨਾਲ ਲਾ ਲੈਂਦਾ ਹੈ ਪਰ ਉਹ ਹਿਰਨ ਨੂੰ ਗੋਲੀ ਮਾਰ ਕੇ ਮੁੜ ਪਹਿਲੀ ਸਥਿਤੀ (ਆਕੜ ਵਾਲ਼ੀ) ਵਿੱਚ ਆ ਜਾਂਦਾ ਹੈ। ਗੁਰੂ ਨਾਨਕ ਦੇਵ ਜੀ ਨੇ ਸੱਜਣ ਠੱਗ ਦਾ ਪਾਜ ਉਘਾੜਦਿਆਂ ਸਪਸ਼ਟ ਸ਼ਬਦਾਂ ਵਿੱਚ ਕਿਹਾ :
ਉਜਲ ਕੈਹਾ ਚਿਲਕਣਾ ਘੋਟਮ ਕਾਲੜੀ ਮਸੁ।।
ਸੋ ਸਵਾਰਥੀ ਦੀ ਬਾਹਰਲੀ ਮਿਠਾਸ ਤੇ ਨਿਮਰਤਾ ਵਿਅਰਥ ਹੁੰਦੀ ਹੈ।
ਨਿਮਰ ਬਣਨ ਲਈ ਸਖ਼ਤ ਘਾਲਣਾ ਦੀ ਲੋੜ : ਨਿਮਰਤਾ ਐਵੇਂ ਹਾਸਲ ਨਹੀਂ ਹੋ ਜਾਂਦੀ ਸਗੋਂ ਸਖ਼ਤ ਘਾਲਣਾ ਘਾਲਣੀ ਪੈਂਦੀ ਹੈ, ਹਉਮੈਂ, ਈਰਖਾ ਅਤੇ ਨਫ਼ਰਤ ਛੱਡਣੀ ਪੈਂਦੀ ਹੈ, ਦਇਆ, ਉਪਕਾਰ, ਸਬਰ-ਸੰਤੋਖ, ਧੀਰਜ ਜਿਹੇ ਗੁਣ ਧਾਰਨ ਕਰਨ ਪੈਂਦੇ ਹਨ।
ਮਿਠਾਸ ਨਾਲ ਰੱਬ ਨੂੰ ਪਾਉਣਾ ਅਸਾਨ ਹੋ ਜਾਂਦਾ ਹੈ : ਮਿੱਠਾ ਬੋਲ ਕੇ ਤੇ ਨੀਵੇਂ ਰਹਿ ਕੇ ਮਨੁੱਖ ਨੂੰ ਤਾਂ ਕੀ ਰੱਬ ਨੂੰ ਵੀ ਵੱਸ ਕੀਤਾ ਜਾ ਸਕਦਾ ਹੈ ਕਿਉਂਕਿ ਰੱਬ ਪਿਆਰਿਆਂ ਦੇ ਪ੍ਰੇਮ ਦਾ ਭੁੱਖਾ ਹੁੰਦਾ ਹੈ। ‘ਰੱਬ ਵੱਸ ਭਗਤਾਂ ਨੇ ਕੀਤਾ, ਪ੍ਰੇਮ ਦੀਆਂ ਪਾ ਕੇ ਡੋਰੀਆਂ।’ ਫ਼ਰੀਦ ਜੀ ਇਸ ਭਾਵ ਨੂੰ ਸਪਸ਼ਟ ਕਰਦੇ ਆਖਦੇ ਹਨ :
ਨਿਵਣ ਸੁ ਅਖਰ, ਖਵਣ ਗੁਣ, ਜਿਹਬਾ ਮਣੀਆ ਮੰਤੁ॥
ਏ ਤ੍ਰੈ ਭੈਣੇ ਵੇਸ ਕਰ, ਤਾ ਵਸਿ ਆਵੀ ਕੰਤ॥
ਭਾਵ ਨੀਵੇਂ ਰਹਿਣ ਦਾ ਗੁਣ, ਜੀਭ ਦੀ ਮਿਠਾਸ, ਬਰਦਾਸ਼ਤ ਕਰਨ ਤੇ ਸਬਰ-ਸੰਤੋਖ ਜਿਹੇ ਗੁਣਾਂ ਨਾਲ ਪਤੀ-ਪਰਮਾਤਮਾ ਨੂੰ ਵੀ ਵੱਸ ਕੀਤਾ ਜਾ ਸਕਦਾ ਹੈ।
ਮਹਾਂਪੁਰਖਾਂ ਦੀ ਨਿਮਰਤਾ : ਇਨ੍ਹਾਂ ਦੈਵੀ ਗੁਣਾਂ ਦਾ ਧਾਰਨੀ ਆਪਣੇ ਵੈਰੀ ਨੂੰ ਵੀ ਸੱਜਣ ਸਮਝ ਕੇ ਗਲੇ ਲਾਉਂਦਾ ਹੈ। ਇਸ ਤਰ੍ਹਾਂ ਉਸ ਨੂੰ ਆਤਮਕ ਅਨੰਦ ਦੀ ਪ੍ਰਾਪਤੀ ਹੁੰਦੀ ਹੈ। ਪ੍ਰਭੂ ਯਿਸੂ ਮਸੀਹ ਨੇ ਆਪਣੇ ਹਤਿਆਰਿਆਂ ਦਾ ਵੀ ਭਲਾ ਹੀ ਮੰਗਿਆ। ਗੁਰੂ ਨਾਨਕ ਦੇਵ ਜੀ ਨੇ ਆਪਣੇ-ਆਪ ਨੂੰ ਨੀਚ, ਢਾਡੀ ਤੇ ਨਿਰਗੁਣਿਆਰਾ ਆਦਿ ਕਹਿ ਕੇ ਆਪਣੀ ਵਡਿਆਈ ਦਾ ਸਬੂਤ ਦਿੱਤਾ। ਗੁਰੂ ਅਰਜਨ ਦੇਵ ਜੀ ਉੱਬਲਦੀ ਦੇਗ਼ ਤੇ ਤੱਤੀ ਤਵੀ ‘ਤੇ ਬੈਠ ਕੇ ਵੀ ਜਹਾਂਗੀਰ ਵਿਰੁੱਧ ਇੱਕ ਅਪਸ਼ਬਦ ਨਹੀਂ ਬੋਲੇ ਅਤੇ ਗ਼ੁੱਸੇ ਵਿੱਚ ਆਏ ਮੀਆਂ ਮੀਰ ਨੂੰ ‘ਤੇਰਾ ਭਾਣਾ ਮੀਠਾ ਲਾਗੇ’ ਦਾ ਉਪਦੇਸ਼ ਦਿੰਦੇ ਰਹੇ ਸਨ।
ਮਹਾਂਪੁਰੁਖਾਂ ਦਾ ਗੁਣ : ਮਹਾਂਪੁਰਖ ਨਿਰਮਾਣ ਅਤੇ ਪਰਉਪਕਾਰੀ ਹੁੰਦੇ ਹਨ : ਅਜਿਹੇ ਮਨੁੱਖ ਗੁਣਵਾਨ ਤੇ ਪਰਉਪਕਾਰੀ ਹੁੰਦੇ ਹਨ। ਜਿਵੇਂ ਬੇਰੀ ਵੱਟੇ ਖਾ ਕੇ ਮਿੱਠੇ ਬੇਰ, ਗੰਨਾ ਵੇਲਣੇ ਵਿੱਚ ਪਿਸ ਕੇ ਰਸ, ਲਵੇਰਾ ਘਾਹ ਖਾ ਕੇ ਦੁੱਧ ਅਤੇ ਕਪਾਹ ਕੱਤੀ – ਤੁੰਬੀ ਜਾ ਕੇ ਕੱਪੜਾ ਦਿੰਦੀ ਹੈ, ਇਵੇਂ ਮਿੱਠਾ ਤੇ ਨਿਮਰ ਵਿਅਕਤੀ ਭਾਈ ਘਨੱਈਏ ਵਾਂਗ ਸਰਬੱਤ ਦਾ ਭਲਾ ਮੰਗਦਾ ਹੈ।
ਹਰ ਪਾਸਿਓਂ ਸੋਭਾ ਖੱਟਦੇ ਹਨ : ਗੁਰੂ ਅੰਗਦ ਦੇਵ ਜੀ ਨੇ ਗੁਰੂ ਨਾਨਕ ਦੇਵ ਜੀ ਨੂੰ ਅਤੇ ਗੁਰੂ ਅਮਰਦਾਸ ਜੀ ਨੇ ਗੁਰੂ ਅੰਗਦ ਦੇਵ ਜੀ ਨੂੰ ਆਪਣੇ ਮਿੱਠੇ ਤੇ ਆਦਰ ਭਰੇ ਬੋਲਾਂ ਅਤੇ ਅਤਿ ਦੀ ਨਿਮਰਤਾ ਨਾਲ ਪ੍ਰਭਾਵਿਤ ਕਰ ਕੇ ਗੁਰਗੱਦੀ ਪ੍ਰਾਪਤ ਕੀਤੀ। ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਨਿਮਰ ਵਿਅਕਤੀ ਦੀ ਥਾਂ-ਥਾਂ ਵਡਿਆਈ ਕੀਤੀ ਗਈ ਹੈ :
ਆਪਸ ਕਉ ਜੋ ਜਾਣੈ ਨੀਚਾ ॥
ਸੋਊ ਗਨੀਐ ਸਭ ਤੇ ਊਚਾ ॥
ਉਦੇਸ਼ : ਹਰ ਪ੍ਰਾਣੀ ਦਾ ਜੀਵਨ-ਉਦੇਸ਼ ਮਿੱਠਾ ਬੋਲਣਾ ਤੇ ਨਿਵ ਕੇ ਚੱਲਣਾ ਹੋਣਾ ਚਾਹੀਦਾ ਹੈ। ਇਹ ਦੈਵੀ ਗੁਣ ਜੀਵ ਨੂੰ ਇੱਕ ਸਹੀ ਇਨਸਾਨ ਦੇ ਰੂਪ ਵਿੱਚ ਪੇਸ਼ ਕਰਦੇ ਹਨ। ਗੁਰੂ ਨਾਨਕ ਦੇਵ ਜੀ ਫਿੱਕਾ ਬੋਲਣ ਵਾਲੇ ਨੂੰ ਮੂਰਖ ਅਤੇ ਭਿੱਜੀਆ ਜੁੱਤੀਆਂ ਦੀ ਮਾਰ ਦਾ ਭਾਗੀ ਦੱਸਦੇ ਹਨ :
ਫਿਕਾ ਮੂਰਖ ਆਖੀਐ ਪਾਣਾ ਲਏ ਸਜਾਇ॥
ਸਾਰੰਸ਼ : ਨਿਰਸੰਦੇਹ ਮਿੱਠਤ ਤੇ ਨਿਮਰਤਾ ਗੁਣਾਂ ਦੇ ਹੀ ਨਹੀਂ ਸਗੋਂ ਇੱਕ ਆਦਰਸ਼ਕ ਜੀਵਨ ਦੇ ਵੀ ਤੱਤ ਹਨ। ਅਜਿਹਾ ਗੁਣੀ ਨਾ ਕੇਵਲ ਆਪਣਾ ਜੀਵਨ ਸਫ਼ਲ ਕਰ ਲੈਂਦਾ ਹੈ ਸਗੋਂ ਹੋਰ ਕਈਆਂ ਨੂੰ ਆਪਣੀ ਸੰਗਤ ਵਿੱਚ ਤਾਰ ਦਿੰਦਾ ਹੈ। ਇਸ ਗੁਣੀ ਦੀ ਲੋਕ-ਪਰਲੋਕ ਵਿੱਚ ਜੈ-ਜੈ ਕਾਰ ਹੁੰਦੀ ਹੈ।