ਪ੍ਰਦੂਸ਼ਣ – ਜੀਵਨ ਲਈ ਗੰਭੀਰ ਖ਼ਤਰਾ
ਪ੍ਰਦੂਸ਼ਣ ਤੋਂ ਭਾਵ ਚੌਗਿਰਦੇ ਦਾ ਗੰਧਲਾ ਹੋ ਰਿਹਾ ਵਾਤਾਵਰਨ ਹੈ। ਕਾਰਖਾਨਿਆਂ, ਫੈਕਟਰੀਆਂ ਆਦਿ ਦੀਆਂ ਚਿਮਨੀਆਂ ਵਿੱਚੋਂ ਨਿਕਲ ਰਿਹਾ ਧੂੰਆਂ, ਜ਼ਹਿਰੀਲਾ ਪਾਣੀ, ਜਹਾਜ਼ਾਂ, ਮਸ਼ੀਨਰੀਆਂ ਅਤੇ ਹੋਰ ਕਈ ਥਾਵਾਂ ਤੋਂ ਨਿਕਲ ਰਹੀਆਂ ਸ਼ੋਰ – ਸ਼ਰਾਬੇ ਦੀਆਂ ਅਵਾਜ਼ਾਂ ਆਦਿ ਸਭ ਪ੍ਰਦੂਸ਼ਣ ਫੈਲਾ ਰਹੀਆਂ ਹਨ। ਇਸ ਸਭ ਕੁੱਝ ਦਾ ਜਿੰਮੇਵਾਰ ਮਨੁੱਖ ਖ਼ੁਦ ਹੀ ਹੈ। ਉਸ ਨੇ ਆਪਣੇ ਸਮੁੱਚੇ ਵਾਤਾਵਰਨ ਨੂੰ ਗੰਧਲਾ ਤੇ ਜ਼ਹਿਰੀਲਾ ਕੀਤਾ ਹੈ, ਜਿਸ ਦੀ ਸਜ਼ਾ ਆਉਣ ਵਾਲੀਆਂ ਪੀੜ੍ਹੀਆਂ ਭੁਗਤਣਗੀਆਂ। ਇਸੇ ਕਾਰਨ ਮਨੁੱਖ ਬੜੀਆਂ ਘਾਤਕ ਤੇ ਜਾਨ – ਲੇਵਾ ਬਿਮਾਰੀਆਂ ਦਾ ਸ਼ਿਕਾਰ ਹੋ ਰਿਹਾ ਹੈ। ਕਾਰਬਨ ਮੋਨੋਆਕਸਾਈਡ ਗੈਸ ਤਾਂ ਮਨੁੱਖ ਦੇ ਸਰੀਰ ਵਿੱਚ ਲਾਲ ਸੈੱਲਾਂ ਵਿਚਲੀ ਖਿੱਚਣ ਵਾਲੀ ਆਕਸੀਜਨ ਗੈਸ ਨੂੰ ਘੱਟ ਕਰਕੇ ਮਨੁੱਖ ਨੂੰ ਬਿਲਕੁਲ ਹੀ ਮੌਤ ਦੇ ਕਗਾਰ ‘ਤੇ ਖੜ੍ਹਾ ਕਰ ਰਹੀ ਹੈ। ਜੰਗਲ ਜੋ ਵਾਤਾਵਰਨ ਨੂੰ ਸਾਫ਼ – ਸੁਥਰਾ ਰੱਖਣ ਵਿੱਚ ਬੜੇ ਸਹਾਈ ਹਨ ਅਤੇ ਕਾਰਬਨ ਡਾਈਆਕਸਾਈਡ ਵਰਗੀਆਂ ਮਾਰੂ ਗੈਸਾਂ ਦਾ ਨਿਵਾਰਨ ਕਰਦੇ ਹਨ। ਬੇਤਹਾਸ਼ਾ ਰੁੱਖ ਕੱਟੇ ਜਾਣਾ ਵੀ ਇਸ ਦਾ ਮੁੱਖ ਕਾਰਨ ਹੈ।
ਉਪਰੋਕਤ ਵਾਰਤਕ ਪੈਰੇ ਦੇ ਅਧਾਰ ‘ਤੇ ਹੇਠਾਂ ਦਿੱਤੇ ਪ੍ਰਸ਼ਨਾਂ ਦੇ ਉੱਤਰ ਦਿਉ :
ਪ੍ਰਸ਼ਨ 1 . ਪ੍ਰਦੂਸ਼ਣ ਤੋਂ ਕੀ ਭਾਵ ਹੈ? ਇਸ ਦਾ ਜਿੰਮੇਵਾਰ ਕੌਣ ਹੈ ?
ਪ੍ਰਸ਼ਨ 2 . ਪ੍ਰਦੂਸ਼ਣ ਕਿਵੇਂ ਫੈਲਦਾ ਹੈ? ਇਸ ਤੋਂ ਕਿਹੜੀਆਂ ਤੇ ਕਿਹੋ ਜਿਹੀਆਂ ਗੈਸਾਂ ਨਿਕਲਦੀਆਂ ਹਨ?
ਪ੍ਰਸ਼ਨ 3 . ਜੰਗਲਾਂ ਦਾ ਕੀ ਮਹੱਤਵ ਹੈ? ਪੈਰੇ ਦੇ ਵਿਚਾਰਾਂ ਅਨੁਸਾਰ ਦੱਸੋ।
ਪ੍ਰਸ਼ਨ 4 . ਹੇਠ ਲਿਖੇ ਸ਼ਬਦਾਂ ਦੇ ਅਰਥ ਦੱਸੋ।
ਚੌਗਿਰਦਾ, ਗੰਧਲਾ, ਘਾਤਕ, ਜਾਨ – ਲੇਵਾ।
ਪ੍ਰਸ਼ਨ 5 . ਪੈਰੇ ਦਾ ਢੁਕਵਾਂ ਸਿਰਲੇਖ ਲਿਖੋ।
ਔਖੇ ਸ਼ਬਦਾਂ ਦੇ ਅਰਥ
ਚੌਗਿਰਦਾ = ਆਲਾ – ਦੁਆਲਾ
ਗੰਧਲਾ = ਗੰਦਾ
ਘਾਤਕ = ਖ਼ਤਰਨਾਕ
ਜਾਨ – ਲੇਵਾ = ਜਾਨ ਲੈਣ ਵਾਲਾ/ਮਾਰੂ