ਵਾਤਾਵਰਨ ਦੀ ਸੰਭਾਲ – ਪੈਰਾ ਰਚਨਾ

ਸੂਰਜ ਨਾਲ਼ੋਂ ਟੁੱਟਣ ਮਗਰੋਂ ਧਰਤੀ ਨੂੰ ਠੰਢਾ ਹੋਣ ਅਤੇ ਫਿਰ ਉਸ ਉੱਤੇ ਅਜਿਹਾ ਵਾਤਾਵਰਨ ਬਣਨ ਨੂੰ ਕਰੋੜਾਂ ਸਾਲ ਲੱਗ ਗਏ, ਜਿਸ ਵਿਚ ਮਨੁੱਖਾਂ, ਜੀਵਾਂ ਅਤੇ ਬਨਸਪਤੀ ਦਾ ਹੋਣਾ ਤੇ ਵਧਣਾ – ਫੁਲਣਾ ਸੰਭਵ ਹੋ ਸਕਿਆ। ਧਰਤੀ ਉਤਲੇ ਇਸ ਵਾਤਾਵਰਨ ਵਿਚ ਹਵਾ, ਪਾਣੀ, ਮਿੱਟੀ, ਸੂਰਜ ਦੀ ਗਰਮੀ ਅਤੇ ਹੋਰ ਅਨੇਕਾਂ ਊਰਜਾਵਾਂ ਦਾ ਮਿਸ਼ਰਨ ਹੈ। ਮਨੁੱਖ ਸਮੇਤ ਸਾਰੇ ਜੀਵਾਂ ਤੇ ਬਨਸਪਤੀ ਦੀ ਹੋਂਦ ਤਦ ਹੀ ਸੰਭਵ ਹੈ, ਜੇਕਰ ਧਰਤੀ ਉਤਲੇ ਵਾਤਾਵਰਨ ਵਿਚ ਇਨ੍ਹਾਂ ਸਾਰੇ ਤੱਤਾਂ ਦਾ ਆਪਣਾ ਰੂਪ, ਮਿਕਦਾਰ ਅਤੇ ਆਪਸੀ ਤਾਲਮੇਲ ਉਸੇ ਸੰਤੁਲਿਤ ਮਾਤਰਾ ਵਿਚ ਕਾਇਮ ਰਹੇ, ਜਿਸ ਵਿਚ ਜੀਵ – ਸੰਸਾਰ ਅਤੇ ਬਨਸਪਤੀ ਦਾ ਪੈਦਾ ਹੋਣਾ ਤੇ ਵੱਧਣਾ – ਫੁੱਲਣਾ ਸੰਭਵ ਹੋਇਆ ਸੀ, ਪਰੰਤੂ ਮਨੁੱਖ ਨੇ ਕਰੋੜਾਂ ਸਾਲਾਂ ਵਿਚ ਉਪਜੇ ਇਸ ਸੰਤੁਲਿਤ ਵਾਤਾਵਰਨ ਨੂੰ ਪਿਛਲੇ 60 – 65 ਸਾਲਾਂ ਵਿਚ ਬੁਰੀ ਤਰ੍ਹਾਂ ਬਰਬਾਦ ਕਰਕੇ ਰੱਖ ਦਿੱਤਾ ਹੈ। ਇਸ ਬਰਬਾਦੀ ਪਿੱਛੇ ਜਿੱਥੇ ਧਰਤੀ ਉੱਤੇ ਮਨੁੱਖਾਂ ਦੀ ਵਧਦੀ ਆਬਾਦੀ ਜਿੰਮੇਵਾਰ ਹੈ, ਉੱਥੇ ਵਿਗਿਆਨਿਕ ਵਿਕਾਸ ਅਤੇ ਮਨੁੱਖ ਦੀ ਪੈਸਾ ਕਮਾਉਣ ਦੀ ਹਵਸ ਅਤੇ ਵਪਾਰਕ ਰੁਚੀਆਂ ਜਿੰਮੇਵਾਰ ਹਨ। ਵਿਗਿਆਨਿਕ ਵਿਕਾਸ ਨੇ ਕਾਰਖ਼ਾਨੇ ਲਾ ਕੇ ਤੇ ਊਰਜਾ ਪ੍ਰਾਪਤ ਕਰਨ ਦੇ ਸੋਮੇ ਵਿਕਸਿਤ ਕਰ ਕੇ ਹਵਾ ਨੂੰ ਗੰਦੀਆਂ ਜ਼ਹਿਰਾਂ ਤੇ ਧੂੰਏ ਨਾਲ ਪਲੀਤ ਕਰ ਦਿੱਤਾ ਹੈ। ਓਜ਼ੋਨ ਗੈਸ ਨੂੰ ਲੀਰੋ – ਲੀਰ ਕਰ ਦਿੱਤਾ ਹੈ। ਬੱਦਲਾਂ ਵਿਚ ਤੇਜ਼ਾਬ ਘੋਲ ਦਿੱਤਾ ਹੈ। ਦਰਿਆ, ਸਮੁੰਦਰ ਤੇ ਧਰਤੀ ਹੇਠਲੇ ਪਾਣੀ ਨੂੰ ਕਾਰਖਾਨਿਆਂ ਦੇ ਜ਼ਹਿਰੀਲੇ ਤਰਲ ਵਿਕਾਸ ਤੇ ਸੀਵਰੇਜ ਦੇ ਪਾਣੀ ਦੀ ਗੰਦਗੀ ਨਾਲ ਭਰ ਦਿੱਤਾ ਹੈ। ਵਿਕਾਸ ਦੇ ਨਾਂ ਉੱਤੇ ਹਵਾ ਨੂੰ ਸਾਫ਼ ਰੱਖਣ ਵਾਲੇ ਰੁੱਖ ਲਗਾਤਾਰ ਵੱਢੇ ਜਾ ਰਹੇ ਹਨ। ਕੀੜੇ – ਮਾਰ ਦਵਾਈਆਂ ਤੇ ਰਸਾਇਣਿਕ ਖਾਦਾਂ ਨਾਲ ਹਵਾ, ਪਾਣੀ ਤੇ ਧਰਤੀ ਦੀ ਮਿੱਟੀ ਤੇ ਸਾਡੀ ਖ਼ੁਰਾਕ ਸਭ ਭਿਆਨਕ ਜ਼ਹਿਰਾਂ ਨਾਲ ਭਰੇ ਜਾ ਰਹੇ ਹਨ। ਊਰਜਾ ਪ੍ਰਾਪਤ ਕਰਨ ਲਈ ਵਿਕਸਿਤ ਕੀਤੇ ਜਾ ਰਹੇ ਪ੍ਰਮਾਣੂ ਰਿਐਕਟਰ ਹੋਰ ਵੀ ਖ਼ਤਰਨਾਕ ਸਿੱਧ ਹੋ ਰਹੇ ਹਨ। ਜੀਵਾਂ ਦੀ ਖ਼ੁਰਾਕ ਲੜੀ ਦਾ ਸਿਲਸਿਲਾ ਟੁੱਟਦਾ ਜਾ ਰਿਹਾ ਹੈ। ਕੈਂਸਰ, ਦਮਾ, ਭਿੰਨ – ਭਿੰਨ ਪ੍ਰਕਾਰ ਦੀਆਂ ਐਲਰਜੀਆਂ ਤੇ ਲਾਇਲਾਜ ਬਿਮਾਰੀਆਂ ਵਿਚ ਵਾਧਾ ਹੋ ਰਿਹਾ ਹੈ। ਘਰਾਂ ਵਿਚ ਵਰਤੇ ਜਾਂਦੇ ਸੁਖ ਦੇ ਸਮਾਨ ਸੰਚਾਰ, ਆਵਾਜਾਈ ਤੇ ਊਰਜਾ ਲਈ ਵਰਤੇ ਜਾ ਰਹੇ ਸਾਰੇ ਸਾਧਨ ਮਨੁੱਖ ਲਈ ਕੋਈ ਨਾ ਕੋਈ ਭਿਆਨਕ ਬਿਮਾਰੀ ਜਾਂ ਮੁਸੀਬਤ ਦਾ ਸੁਨੇਹਾ ਲੈ ਕੇ ਆ ਰਹੇ ਹਨ। ਅਜਿਹੀ ਸਥਿਤੀ ਵਿਚ ਵਾਤਾਵਰਨ ਦੀ ਸੰਭਾਲ ਲਈ ਕਦਮ ਪੁੱਟਣੇ ਬਹੁਤ ਜ਼ਰੂਰੀ ਹਨ, ਨਹੀਂ ਤਾਂ ਧਰਤੀ ਉੱਤੋਂ ਮਨੁੱਖਾਂ ਸਮੇਤ ਜੀਵ – ਜਗਤ ਦਾ ਵਿਨਾਸ਼ ਹੋ ਜਾਵੇਗਾ। ਇਸ ਲਈ ਸਭ ਤੋਂ ਪਹਿਲਾਂ ਆਬਾਦੀ ਨੂੰ ਘਟਾਉਣ ਦੇ ਯਤਨ ਕਰਨੇ ਚਾਹੀਦੇ ਹਨ। ਰੁੱਖਾਂ ਦੀ ਕਟਾਈ ਬਿਲਕੁਲ ਬੰਦ ਕਰ ਦੇਣੀ ਚਾਹੀਦੀ ਹੈ। ਅਜਿਹੇ ਊਰਜਾ ਸਰੋਤਾਂ ਦੀ ਵਰਤੋਂ ਬਹੁਤ ਘੱਟ ਕਰ ਦੇਣੀ ਚਾਹੀਦੀ ਹੈ, ਜਿਹੜੇ ਹਵਾ ਜਾਂ ਪਾਣੀ ਨੂੰ ਗੰਧਲੇ ਕਰਦੇ ਹਨ। ਇਸ ਲਈ ਸੂਰਜੀ ਊਰਜਾ ਤੇ ਵਾਯੂ – ਊਰਜਾ ਸਭ ਤੋਂ ਸੁਰੱਖਿਅਤ ਸਾਧਨ ਹਨ। ਜਾਪਾਨ ਵਿਚ ਫੁਕੂਸ਼ੀਮਾ ਦੀ ਘਟਨਾ ਨੇ ਪ੍ਰਮਾਣੂ ਊਰਜਾ ਦੀ ਵਰਤੋਂ ਬਾਰੇ ਵੀ ਸੁਆਲ ਖੜੇ ਕਰ ਦਿੱਤੇ ਹਨ। ਰਸਾਇਣਿਕ ਖਾਦਾਂ ਤੇ ਕੀੜੇ ਮਾਰ ਦਵਾਈਆਂ ਦੀ ਥਾਂ ਆਰਗੈਨਿਕ ਖਾਦਾਂ ਤੇ ਕੀਟਨਾਸ਼ਕਾਂ ਦੀ ਵਰਤੋਂ ਕਰਨੀ ਚਾਹੀਦੀ ਹੈ। ਬਿਜਲੀ – ਚੁੰਬਕੀ ਪ੍ਰਦੂਸ਼ਣ ਪੈਦਾ ਕਰਨ ਵਾਲੇ ਸੰਚਾਰ ਸਾਧਨਾਂ ਦੀ ਵਰਤੋਂ ਵੀ ਸੀਮਿਤ ਕਰਨ ਦੀ ਲੋੜ ਹੈ। ਸਭ ਤੋਂ ਵੱਡੀ ਗੱਲ ਤਾਂ ਮਨੁੱਖ ਦੇ ਲਾਲਚ ਤੇ ਸ਼ੋਸ਼ਕ ਰੁਚੀ ਨ੍ਹ9 ਠੱਲ੍ਹ ਪਾਉਣ ਦੀ ਹੈ। ਜੇਕਰ ਨੇੜੇ ਦੇ ਭਵਿੱਖ ਵਿਚ ਅਜਿਹਾ ਨਾ ਕੀਤਾ ਗਿਆ ਤਾਂ ਧਰਤੀ ਉੱਤੇ ਮਨੁੱਖਤਾ ਦਾ ਰੱਬ ਹੀ ਰਾਖਾ ਹੈ।