ਸ਼ਹਿਰੀਆਂ ਲਈ ਸਵੇਰ ਦੀ ਸੈਰ – ਪੈਰਾ ਰਚਨਾ

ਉਂਞ ਤਾਂ ਸੈਰ ਹਰ ਥਾਂ ਰਹਿਣ ਵਾਲੇ ਮਨੁੱਖ ਲਈ ਅਤਿਅੰਤ ਲਾਭਕਾਰੀ ਹੈ, ਪਰੰਤੂ ਇਸ ਦੀ ਜਿੰਨੀ ਲੋੜ ਸ਼ਹਿਰੀਆਂ ਨੂੰ ਹੈ, ਓਨੀ ਪੇਂਡੂਆਂ ਨੂੰ ਨਹੀਂ। ਸ਼ਹਿਰੀ ਲੋਕਾਂ ਦੀ ਜ਼ਿੰਦਗੀ ਵਿਚ ਸੁਖ ਅਰਾਮ ਵਧੇਰੇ ਹੁੰਦਾ ਹੈ ਤੇ ਉਨ੍ਹਾਂ ਨੂੰ ਖਾਣ – ਪੀਣ ਲਈ ਵੀ ਭਾਂਤ – ਭਾਂਤ ਦੀਆਂ ਚੀਜ਼ਾਂ ਪ੍ਰਾਪਤ ਹੋ ਜਾਂਦੀਆਂ ਹਨ। ਪਰ ਉਨ੍ਹਾਂ ਦੇ ਸਰੀਰ ਹਰਕਤ ਦੀ ਕਮੀ ਹੋਣ ਕਰਕੇ ਬਿਮਾਰ ਤੇ ਰੋਗੀ ਹੋ ਜਾਂਦੇ ਹਨ।

ਉਨ੍ਹਾਂ ਨੇ ਬਹੁਤੇ ਕੰਮ ਬੈਠ ਕੇ ਜਾਂ ਇਕ ਥਾਂ ਖੜ੍ਹੇ ਹੋ ਕੇ ਕਰਨ ਵਾਲੇ ਹੁੰਦੇ ਹਨ, ਜਿਸ ਕਰਕੇ ਉਨ੍ਹਾਂ ਦੀ ਖ਼ੁਰਾਕ ਨੂੰ ਮਿਹਦੇ ਅਤੇ ਆਂਤੜੀਆਂ ਵਿਚ ਹਜ਼ਮ ਕਰਨ ਵਾਲੇ ਤੱਤ ਪੂਰੀ ਤਰ੍ਹਾਂ ਕਿਰਿਆਸ਼ੀਲ ਨਹੀਂ ਹੁੰਦੇ, ਫ਼ਲਸਰੂਪ ਉਹ ਪੇਟ ਦੀਆਂ ਬਿਮਾਰੀਆਂ ਦੇ ਸ਼ਿਕਾਰ ਹੋ ਜਾਂਦੇ ਹਨ, ਜਿਸ ਦੇ ਸਿੱਟੇ ਵਜੋਂ ਉਹ ਕਬਜ਼, ਸਿਰ ਦਰਦ, ਖ਼ੂਨ ਦਾ ਦਬਾਓ ਤੇ ਸ਼ੂਗਰ ਆਦਿ ਰੋਗਾਂ ਦੇ ਸ਼ਿਕਾਰ ਹੋ ਜਾਂਦੇ ਹਨ।

ਸ਼ਹਿਰੀਆਂ ਨੂੰ ਆਵਜ਼ਾਈ ਲਈ ਬਹੁਤਾ ਪੈਦਲ ਤੁਰਨ ਦੀ ਜ਼ਰੂਰਤ ਨਹੀਂ ਪੈਂਦੀ ਤੇ ਨਾ ਹੀ ਘਰਾਂ ਦੇ ਕੰਮਾਂ ਵਿੱਚ ਸਰੀਰਕ ਤਾਕਤ ਦੀ ਵਰਤੋਂ ਕਰਨੀ ਪੈਂਦੀ ਹੈ, ਜਦ ਕਿ ਪਿੰਡਾਂ ਦੇ ਲੋਕ ਆਮ ਕਰਕੇ ਖੇਤੀ ਨਾਲ ਸੰਬੰਧਿਤ ਹੋਣ ਕਰਕੇ ਉਨ੍ਹਾਂ ਦੇ ਸਰੀਰਾਂ ਦੀ ਹਰਕਤ ਜਾਰੀ ਰਹਿੰਦੀ ਹੈ। ਉਨ੍ਹਾਂ ਨੂੰ ਕੰਮ ਕਰਨ ਲਈ ਕਦੇ ਦੌੜਨਾ ਵੀ ਪੈਂਦਾ ਹੈ ਤੇ ਕਦੇ ਸਰੀਰਕ ਤਾਕਤ ਦੀ ਵਰਤੋਂ ਵੀ ਕਰਨੀ ਪੈਂਦੀ ਹੈ, ਇਸ ਕਰਕੇ ਉਨ੍ਹਾਂ ਨੂੰ ਕਸਰਤ ਜਾਂ ਸੈਰ ਦੀ ਜ਼ਰੂਰਤ ਨਹੀਂ ਪੈਂਦੀ, ਪਰੰਤੂ ਸ਼ਹਿਰੀਆਂ ਲਈ ਸੈਰ ਬਹੁਤ ਜ਼ਰੂਰੀ ਹੈ।

ਉਹ ਬਾਗ਼ਾਂ, ਪਾਰਕਾਂ ਜਾਂ ਖੁੱਲ੍ਹੀਆਂ ਸੜਕਾਂ ਉੱਤੇ ਸੈਰ ਕਰਕੇ ਇਕ ਤਾਂ ਆਪਣੇ ਸਰੀਰ ਨੂੰ ਅਰੋਗ ਰੱਖ ਸਕਦੇ ਹਨ, ਦੂਸਰੇ ਆਪਣੇ ਕੰਮ ਕਰਨ ਦੀ ਸ਼ਕਤੀ ਨੂੰ ਵਧਾ ਸਕਦੇ ਹਨ। ਸੈਰ ਤੋਂ ਬਿਨਾਂ ਅਰੋਗ ਤੇ ਸਹਿਜ ਸ਼ਹਿਰੀ ਜੀਵਨ ਦੀ ਹੋਂਦ ਸੰਭਵ ਨਹੀਂ।