ਨੀਤੀ – ਕਥਾਵਾਂ ਕੀ ਹੁੰਦੀਆਂ ਹਨ?
ਜਾਣ – ਪਛਾਣ : ‘ਨੀਤੀ ਕਥਾ’ ਉਹ ਹੁੰਦੀ ਹੈ, ਜਿਸ ਰਾਹੀਂ ਸਰੋਤਿਆਂ ਜਾਂ ਪਾਠਕਾਂ ਨੂੰ ਜੀਵਨ ਵਿੱਚ ਕੰਮ ਆਉਣ ਵਾਲੀਆਂ ਨੀਤੀਆਂ, ਜੁਗਤਾਂ ਤੇ ਚਾਲਾਂ ਸਮਝਾਉਣ ਦਾ ਯਤਨ ਕੀਤਾ ਜਾਂਦਾ ਹੈ।
ਨੀਤੀ – ਕਥਾਵਾਂ ਲੋਕ – ਕਹਾਣੀਆਂ ਦਾ ਅੰਗ ਹਨ। ਇਨ੍ਹਾਂ ਵਿਚ ਸਿੱਖਿਆ ਜਾਂ ਉਪਦੇਸ਼ ਸਿੱਧੇ ਨਹੀਂ, ਸਗੋਂ ਕਹਾਣੀ ਵਿਚ ਪਰੋ ਕੇ ਦਿੱਤੇ ਜਾਂਦੇ ਹਨ। ਇਹ ਕਹਾਣੀਆਂ ਮਨੋਰੰਜਨ ਤੇ ਰਸ ਭਰਪੂਰ ਹੁੰਦੀਆਂ ਹਨ। ਇਨ੍ਹਾਂ ਵਿਚ ਵਚਿੱਤਰਤਾ ਅਤੇ ਵਾਸਤਵਿਕਤਾ ਦਾ ਸੁੰਦਰ ਸੁਮੇਲ ਹੁੰਦਾ ਹੈ।
ਨੀਤੀ – ਕਥਾਵਾਂ ਦੇ ਪ੍ਰਾਚੀਨ ਗ੍ਰੰਥ ‘ਪੰਚਤੰਤਰ’ ਤੇ ਹਿਤੋਪਦੇਸ਼ ਹਨ, ਇਨ੍ਹਾਂ ਨੂੰ ਪੰਜਾਬ ਦੀਆਂ ਨੀਤੀ – ਕਥਾਵਾਂ ਮੰਨਿਆ ਜਾਂਦਾ ਹੈ। ‘ਕਥਾ ਸਾਹਿਤ ਸਾਗਰ’ ਨਾਂ ਦਾ ਗ੍ਰੰਥ ਵੀ ਅਜਿਹੀਆਂ ਕਥਾਵਾਂ ਦਾ ਭੰਡਾਰ ਹੈ। ਇੰਨ੍ਹਾਂ ਦੇ ਪਾਤਰ ਮਨੁੱਖ, ਪਸ਼ੂ, ਪੰਛੀ ਤੇ ਬੇਜਾਨ ਵਸਤਾਂ ਹੁੰਦੀਆਂ ਹਨ। ਇਹ ਮਨੁੱਖਾਂ ਵਾਂਗ ਬੋਲਦੇ, ਕੰਮ ਕਰਦੇ, ਰਿਸ਼ਤੇ ਬਣਾਉਂਦੇ, ਦੁਸ਼ਮਣੀਆਂ ਪਾਲਦੇ ਤੇ ਮਿੱਤਰਤਾਈਆਂ ਨਿਭਾਉਂਦੇ ਹਨ।
ਮੂਲ ਰੂਪ ਵਿੱਚ ਰਾਜ ਘਰਾਣਿਆਂ ਦੇ ਬੱਚਿਆਂ ਨੂੰ ਰਾਜਨੀਤੀ ਸਿਖਾਉਣ ਲਈ ਇਨ੍ਹਾਂ ਦੀ ਰਚਨਾ ਹੋਈ। ਇਨ੍ਹਾਂ ਵਿਚ ਪਸ਼ੂਆਂ – ਪੰਛੀਆਂ ਦੇ ਮਾਧਿਅਮ ਰਾਹੀਂ ਮਨੁੱਖੀ ਸੁਭਾਅ ਦੀਆਂ ਬਰੀਕੀਆਂ ਸਮਝਾਈਆਂ ਗਈਆਂ ਹਨ।
ਕਈ ਕਥਾਵਾਂ ਵਿਚ ਨੀਤੀ – ਸੂਤਰ ਉਸ ਦੇ ਅੰਤ ਵਿੱਚ ਸਪਸ਼ੱਟ ਕੀਤਾ ਹੁੰਦਾ ਹੈ। ਇਹ ਅਜੋਕੇ ਪ੍ਰਸੰਗ ਵਿਚ ਸਰਲ ਜਾਂ ਵਕਤ – ਵਿਹਾ ਚੁੱਕੀਆਂ ਜਾਪਦੀਆਂ ਹਨ। ਇਨ੍ਹਾਂ ਕਥਾਵਾਂ ਦਾ ਅਸਰ ਸਿੱਧੇ ਜਾਂ ਅਸਿੱਧੇ ਰੂਪ ਵਿਚ ਸਾਡੇ ਬਾਲ – ਸਾਹਿਤ ਉੱਤੇ ਵੀ ਪਿਆ ਹੈ। ਆਮ ਜ਼ਿੰਦਗੀ ਵਿਚ ਹਵਾਲਿਆਂ ਤੇ ਟੋਟਕਿਆਂ ਦੇ ਰੂਪ ਵਿਚ ਇਨ੍ਹਾਂ ਦੀ ਵਰਤੋਂ ਹੁੰਦੀ ਹੈ।