CBSEclass 11 PunjabiEducationPunjab School Education Board(PSEB)

ਬੁਝਾਰਤਾਂ ਕੀ ਹੁੰਦੀਆਂ ਹਨ?

ਜਾਣ – ਪਛਾਣ : ‘ਬੁਝਾਰਤਾਂ’ ਅਜਿਹੀ ਰਚਨਾ ਨੂੰ ਕਹਿੰਦੇ ਹਨ, ਜਿਸ ਤੋਂ ਕੁੱਝ ਬੁੱਝਣ ਲਈ ਕਿਹਾ ਜਾਵੇ। ਇਸ ਵਿਚ ਜੀਵਨ ਦੇ ਕਿਸੇ ਇੱਕ ਪੱਖ ਨੂੰ ਸੂਤ੍ਰਿਕ ਸ਼ੈਲੀ ਰਾਹੀਂ ਅੜਾਉਣੀ ਦੇ ਰੂਪ ਵਿਚ ਪੇਸ਼ ਕੀਤਾ ਜਾਂਦਾ ਹੈ। ਇਸ ਨਾਲ ਮਨੁੱਖ ਦੀ ਸੂਝ – ਬੂਝ ਅਤੇ ਦਿਮਾਗ਼ੀ ਚੁਸਤੀ – ਫ਼ੁਰਤੀ ਦੀ ਪਰਖ ਕੀਤੀ ਜਾਂਦੀ ਹੈ।

ਇਹ ਦੋ ਰੂਪਾਂ ਵਿਚ ਪ੍ਰਾਪਤ ਹੁੰਦੀ ਹੈ – ਕਾਵਿ ਪਦ ਅਤੇ ਗਦ ਦੇ ਰੂਪ ਵਿੱਚ। ਪਦ ਰੂਪ ਵਿੱਚ ਬੁਝਾਰਤ ਦੀਆਂ ਸਤਰਾਂ ਵਿੱਚ ਤੁਕਾਂਤ – ਮੇਲ ਹੁੰਦਾ ਹੈ, ਜਦ ਕਿ ਗਦ ਰੂਪ ਵਿੱਚ ਅਜਿਹਾ ਨਹੀਂ ਹੁੰਦਾ।

ਇਸ ਦੇ ਸ਼ਬਦਾਂ ਨੂੰ ਜੇਕਰ ਧਿਆਨ ਨਾਲ ਵੇਖਿਆ ਜਾਵੇ, ਇਸ ਦਾ ਉੱਤਰ ਇਨ੍ਹਾਂ ਵਿਚ ਹੀ ਛਿਪਿਆ ਮਿਲ ਜਾਂਦਾ ਹੈ। ਇਹ ਜਿੱਥੇ ਲੋਕ – ਸਾਹਿਤ ਦਾ ਵੱਡਾ ਖਜ਼ਾਨਾ ਹੈ, ਉੱਥੇ ਗਿਆਨ – ਬੋਧ ਦਾ ਵੀ ਵੱਡਾ ਸੋਮਾ ਹੈ। ਇਨ੍ਹਾਂ ਦਾ ਮਨੁੱਖ ਦੇ ਬਚਪਨ ਤੋਂ ਬੁਢਾਪੇ ਤਕ ਵਿਸ਼ੇਸ਼ ਮਹੱਤਵ ਰਹਿੰਦਾ ਹੈ।

ਮਨੁੱਖ ਆਪਣੇ ਜੀਵਨ ਵਿਚ ਆਉਣ ਵਾਲੀਆਂ ਗੁੰਝਲਾਂ ਨੂੰ ਤਦ ਹੀ ਖੋਲ੍ਹਣ ਦੇ ਸਮਰੱਥ ਹੋ ਸਕਦਾ ਹੈ, ਜੇਕਰ ਉਸ ਨੇ ਪਹਿਲਾਂ ਬੁਝਾਰਤਾਂ ਨੂੰ ਸਮਝਣ ਅਤੇ ਬੁੱਝਣ ਵਿਚ ਸਮਰੱਥਾ ਪ੍ਰਾਪਤ ਕੀਤੀ ਹੋਵੇ। ਬੁਝਾਰਤਾਂ ਕਿਸੇ ਸਭਿਆਚਾਰ ਦੇ ਪੱਖਾਂ ਨੂੰ ਬੜੇ ਸੁਆਦਲ ਤਰੀਕੇ ਨਾਲ ਪੇਸ਼ ਕਰਦੀਆਂ ਹੋਈਆਂ ਦ੍ਰਿਸ਼ – ਚਿਤਰਾਂ ਤੇ ਅਲੋਕਾਰ ਬਿੰਬਾਂ ਨਾਲ ਪੇਸ਼ ਕਰਦੀਆਂ ਹਨ।

ਇਨ੍ਹਾਂ ਨੂੰ ਮਨੁੱਖੀ ਗਿਆਨ – ਜਿਗਿਆਸਾ ਦੀ ਅਰੰਭਿਕ ਜੁਗਤ ਆਖਿਆ ਜਾ ਸਕਦਾ ਹੈ। ਮਨੁੱਖ ਆਪਣੀ ਹੋਰ ਜਾਣਨ ਦੀ ਪ੍ਰਬਲ ਰੁਚੀ ਅਨੁਸਾਰ ਜਦੋਂ ਨਿੱਜ ਤੋਂ ਪਰੇ ਦੀਆਂ ਚੀਜ਼ਾਂ ਬਾਰੇ ਜਾਣਕਾਰੀ ਪ੍ਰਾਪਤ ਕਰਨੀ ਚਾਹੁੰਦਾ ਹੈ, ਤਾਂ ਬੁਝਾਰਤਾਂ ਦਾ ਜਨਮ ਹੁੰਦਾ ਹੈ।

ਬੁਝਾਰਤਾਂ ਇਕ ਵਿਅਕਤੀ ਤੋਂ ਦੂਜੇ ਨੂੰ ਸੰਬੋਧਨ ਸ਼ੈਲੀ ਵਿਚ ਪੁੱਛੀਆਂ ਜਾਂਦੀਆਂ ਹਨ। ਦੂਜੀ ਧਿਰ ਆਪਣੀ ਦਿਮਾਗੀ ਸੂਝ ਦੇ ਬਲਬੂਤੇ ਪਹਿਲੀ ਧਿਰ ਨੂੰ ਜਵਾਬ ਦਿੰਦੀ ਹੈ। ਕਾਵਿਮਈ ਮੁਹਾਵਰੇ, ਸੁੰਦਰ, ਸੰਖੇਪ ਤੇ ਭਾਵ – ਪੂਰਨ ਸ਼ਬਦ – ਜੜਤ ਬੁਝਾਰਤ ਦੀ ਵਿਸ਼ੇਸ਼ਤਾ ਹੁੰਦੀ ਹੈ।

ਇਸ ਵਿੱਚ ਕਿਸੇ ਵੀ ਉਮਰ ਦਾ ਵਿਅਕਤੀ ਹਿੱਸਾ ਲੈ ਸਕਦਾ ਹੈ। ਪੰਜਾਬ ਵਿੱਚ ਇਨ੍ਹਾਂ ਦਾ ਸਿਲਸਿਲਾ ਮਿਥਿਹਾਸਕ ਕਾਲ ਨਾਲ ਜਾ ਜੁੜਦਾ ਹੈ।

ਪ੍ਰਕਿਰਤੀ ਪੱਖੋਂ ਬੁਝਾਰਤਾਂ ਤਿੰਨ ਕਿਸਮਾਂ ਦੀਆਂ ਹੁੰਦੀਆਂ ਹਨ –

  • ਛੋਟੀਆਂ
  • ਮੱਧ ਅਕਾਰ ਦੀਆਂ
  • ਵੱਡੇ ਅਕਾਰ ਦੀਆਂ