ਮਾਹੀਆ – ਪਰਿਭਾਸ਼ਾ
ਜਾਣ – ਪਛਾਣ : ਇਸ ਕਾਵਿ – ਰੂਪ ਨੂੰ ਬਾਲੋ – ਮਾਹੀਆ ਵੀ ਕਹਿੰਦੇ ਹਨ। ਆਮ ਕਰਕੇ ਮਾਹੀਏ ਨੂੰ ਇਸਤਰੀਆਂ ਤੇ ਬਾਲੋ ਨੂੰ ਮਰਦ ਗਾਉਂਦੇ ਹਨ। ਬਹੁਤੀ ਵਾਰੀ ਇਨ੍ਹਾਂ ਵਿਚ ਸਵਾਲ – ਜਵਾਬ ਹੁੰਦੇ ਹਨ। ਇਹ ਕਾਵਿ – ਰੂਪ ਬਹੁਤਾ ਪੱਛਮੀ ਪੰਜਾਬ (ਪਾਕਿਸਤਾਨ) ਵਿਚ ਪ੍ਰਚਲਿਤ ਰਿਹਾ ਹੈ।
ਇਸ ਦਾ ਨਾਂ ‘ਮਾਹੀ’ ਅਰਥਾਤ ਮੱਝਾਂ ਚਾਰਨ ਵਾਲੇ ਤੋਂ ਪਿਆ ਹੈ। ਇਹ ਤਿੰਨ ਸਤਰਾਂ ਦਾ ਕਾਵਿ – ਰੂਪ ਹੈ। ਉਂਞ ਇਸ ਦੀਆਂ ਦੋ ਤੁਕਾਂ ਹੀ ਹੁੰਦੀਆਂ ਹਨ। ਪਹਿਲੀ ਤੁਕ ਅੱਧੀ ਹੁੰਦੀ ਹੈ ਤੇ ਦੂਜੀ ਲੰਮੀ। ਦੂਜੀ ਨੂੰ ਕਈ ਵਾਰੀ ਦੋ ਸਤਰਾਂ ਵਿਚ ਲਿਖ ਕੇ ਇਸ ਦੀਆਂ ਤਿੰਨ ਸਤਰਾਂ ਬਣਾ ਲਈਆਂ ਜਾਂਦੀਆਂ ਹਨ।
ਪਹਿਲੀ ਤੁਕ ਆਮ ਕਰਕੇ ਤੁਕਾਂਤ ਮੇਲਣ ਲਈ ਹੀ ਹੁੰਦੀ ਹੈ, ਪਰ ਕਈ ਵਾਰੀ ਇਸ ਦੀ ਦੂਜੀ ਤੁਕ ਵਿਚ ਪ੍ਰਗਟ ਹੋਏ ਭਾਵ ਨਾਲ ਸਾਂਝ ਵੀ ਹੁੰਦੀ ਹੈ।
ਇਸ ਪਹਿਲੀ ਤੁਕ ਵਿਚ ਕਿਸੇ ਦੇ ਮਨ ਦੀ ਇੱਛਾ, ਮਨੋਬਿਰਤੀ, ਮਨੋਭਾਵ, ਉਛਾਲ, ਵੇਦਨਾ ਜਾਂ ਹੁਲਾਸ ਸੰਜਮ ਨਾਲ ਪ੍ਰਗਟ ਕੀਤਾ ਹੁੰਦਾ ਹੈ। ਮਾਹੀਏ ਵਿਚ ਆਮ ਕਰਕੇ ਪ੍ਰੇਮ ਦੇ ਭਾਵਾਂ ਨੂੰ ਨਿੱਕੀਆਂ – ਨਿੱਕੀਆਂ ਛੋਹਾਂ ਨਾਲ ਪ੍ਰਗਟ ਕੀਤਾ ਗਿਆ ਹੁੰਦਾ ਹੈ।
ਟੱਪਾ ਤੇ ਮਾਹੀਆ ਮਿਲਦੇ – ਜੁਲਦੇ ਕਾਵਿ – ਰੂਪ ਹਨ। ਉਂਞ ਇਨ੍ਹਾਂ ਵਿਚ ਫ਼ਰਕ ਇਹ ਹੁੰਦਾ ਹੈ ਕਿ ਟੱਪੇ ਦੀਆਂ ਦੋ ਸਤਰਾਂ ਹੁੰਦੀਆਂ ਹਨ ਤੇ ਦੋਹਾਂ ਦਾ ਤੁਕਾਂਤ ਮੇਲ ਹੁੰਦਾ ਹੈ ਤੇ ਦੋਹਾਂ ਦਾ ਭਾਵ ਇਕ ਹੁੰਦਾ ਹੈ।
ਮਾਹੀਆ ਤਿੰਨ ਤੁਕਾਂ ਦਾ ਹੁੰਦਾ ਹੈ। ਪਹਿਲੀ ਤੁਕ ਸੁਤੰਤਰ ਵੀ ਹੋ ਸਕਦੀ ਹੈ। ਟੱਪਿਆਂ ਦੇ ਵਿਸ਼ੇ ਬਹੁ – ਭਾਂਤੀ ਹੁੰਦੇ ਹਨ, ਪਰ ਮਾਹੀਏ ਵਿਚ ਬਹੁਤਾ ਕਰਕੇ ਪ੍ਰੇਮ ਦੇ ਭਾਵ ਹੀ ਹੁੰਦੇ ਹਨ।