ਅਣਡਿੱਠਾ ਪੈਰਾ – ਮਿੱਠਾ ਬੋਲਣਾ
ਮਿੱਠਾ ਬੋਲਣਾ ਸਭ ਚੰਗਿਆਈਆਂ ਦਾ ਮੂਲ ਹੈ। ਮਿੱਠਾ ਬੋਲਣ ਵਾਲਾ ਕਿਤੇ ਧੋਖਾ ਨਹੀਂ ਖਾਂਦਾ। ਮਿਠਾਸ ਵਿਚ ਇੰਨੀ ਸ਼ਕਤੀ ਹੈ ਕਿ ਗੁੱਸੇ ਨੂੰ ਵੀ ਸ਼ਾਂਤ ਕਰ ਦਿੰਦੀ ਹੈ। ਭਾਈ ਗੁਰਦਾਸ ਅੱਗ ਤੇ ਪਾਣੀ ਦੀਆਂ ਉਦਾਹਰਨਾਂ ਦਿੰਦੇ ਹੋਏ ਆਖਦੇ ਹਨ ਕਿ ਅੱਗ ਦੀਆਂ ਲਪਟਾਂ ਉੱਪਰ ਨੂੰ ਜਾਂਦੀਆਂ ਹਨ। ਪਰੰਤੂ ਉਨ੍ਹਾਂ ਦਾ ਕੋਈ ਲਾਭ ਨਹੀਂ ਕਿਉਂਕਿ ਪਾਣੀ ਤਾਂ ਹਮੇਸ਼ਾ ਨੀਵੇਂ ਵੱਲ ਨੂੰ ਵਗਦਾ ਹੈ। ਪਾਣੀ ਅੱਗ ਵਾਂਗ ਗਰਮ ਨਹੀਂ ਬਲਕਿ ਠੰਢਾ ਹੁੰਦਾ ਹੈ।
ਕੋਈ ਕਿੰਨਾ ਵੀ ਮਹਾਨ ਹੈ ਪਰ ਜੇ ਉਸ ਵਿਚ ਮਿਠਾਸ ਨਹੀਂ ਤਾਂ ਕੁਝ ਵੀ ਨਹੀਂ, ਸਭ ਵਿਅਰਥ ਹੈ। ਇਹ ਇੱਕ ਸਚਾਈ ਹੈ ਕਿ ਗੁਰਬਾਣੀ ਵਿੱਚ ਇਸ ਦੀਆਂ ਉਦਾਹਰਨਾਂ ਦੇ ਕੇ ਗੁਰੂ ਸਾਹਿਬਾਨ ਜੀ ਦੱਸਦੇ ਹਨ ਕਿ ਤੱਕੜੀ ਦੇ ਜਿਹੜੇ ਪੱਲੜੇ ਵਿੱਚ ਅਸੀਂ ਭਾਰ ਪਾ ਕੇ ਤੋਲਦੇ ਹਾਂ ਉਹੀ ਨੀਵਾਂ ਹੋ ਜਾਂਦਾ ਹੈ ਭਾਵ ਜਿਹੜਾ ਵਿਅਕਤੀ ਗੁਣਾਂ ਨਾਲ ਭਰਪੂਰ ਹੋਵੇਗਾ, ਉਹ ਹੀ ਨੀਵਾਂ ਹੋਵੇਗਾ। ਮਿੱਠਾ ਹੋਣਾ ਤੇ ਨੀਵਾਂ ਹੋਣਾ ਦੋਵੇਂ ਹੀ ਚੰਗੇ ਗੁਣ ਮੰਨੇ ਗਏ ਹਨ।
ਸ੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣੀਆਂ ਤੁਕਾਂ ਵਿੱਚ ਇਨ੍ਹਾਂ ਦੋਹਾਂ ਵਿਸ਼ਿਆਂ ਨੂੰ ਬੜੇ ਹੀ ਸਾਦਗੀ ਢੰਗ ਨਾਲ ਪੇਸ਼ ਕੀਤਾ ਹੈ, ਜਿਵੇਂ – ‘ਮਿਠਤੁ ਨੀਵੀਂ ਨਾਨਕਾ ਗੁਣ ਚੰਗਿਆਈਆਂ ਤਤੁ।’ ਇਹ ਤੁਕਾਂ ਜ਼ਿੰਦਗੀ ਦੀਆਂ ਗੂੜ੍ਹ ਤੇ ਅਟਲ ਸਚਾਈਆਂ ਨੂੰ ਪੇਸ਼ ਕਰਦੀਆਂ ਹਨ। ਸੋ ਸਾਨੂੰ ਵੀ ਇਨ੍ਹਾਂ ਵਿਚਾਰਾਂ ‘ਤੇ ਪੂਰੇ ਖਰੇ ਉਤਰਨਾ ਚਾਹੀਦਾ ਹੈ ਤਾਂ ਜੋ ਇਸ ਨਾਲ ਅਸੀਂ ਆਪਣਾ ਤੇ ਆਪਣੇ ਪਰਿਵਾਰ ਦੇ ਨਾਲ – ਨਾਲ ਪੂਰੀ ਮਨੁੱਖਤਾ ਨੂੰ ਗੁਰੂਆਂ – ਪੀਰਾਂ ਦੇ ਉੱਚ ਵਿਚਾਰਾਂ ਦੇ ਪੂਰਨਿਆਂ ‘ਤੇ ਤੁਰਨ ਲਈ ਪ੍ਰੇਰਿਤ ਕਰੀਏ।
ਪ੍ਰਸ਼ਨ 1 . ਸਭ ਚੰਗਿਆਈਆਂ ਦਾ ਮੂਲ ਕਿਸ ਨੂੰ ਮੰਨਿਆ ਗਿਆ ਹੈ?
ਪ੍ਰਸ਼ਨ 2 . ਭਾਈ ਗੁਰਦਾਸ ਜੀ ਨੇ ਅੱਗ ਤੇ ਪਾਣੀ ਦੀ ਉਦਾਹਰਨ ਦੇ ਕੇ ਕੀ ਸਮਝਾਇਆ ਹੈ?
ਪ੍ਰਸ਼ਨ 3 . ਗੁਰਬਾਣੀ ਵਿੱਚ ਨਿਮਰਤਾ ਨੂੰ ਕਿਵੇਂ ਵਡਿਆਇਆ ਗਿਆ ਹੈ?
ਪ੍ਰਸ਼ਨ 4 . ‘ਮੂਲ’ ਸ਼ਬਦ ਦਾ ਅਰਥ ਦੱਸੋ।
ਪ੍ਰਸ਼ਨ 5 . ਉਪਰੋਕਤ ਪੈਰੇ ਦਾ ਢੁਕਵਾਂ ਸਿਰਲੇਖ ਲਿਖੋ।