ਵਿਸਾਖੀ – ਲੇਖ

ਜਾਣ – ਪਛਾਣ : ਭਾਰਤ ਤਿਉਹਾਰਾਂ ਤੇ ਮੇਲਿਆਂ ਦਾ ਦੇਸ਼ ਹੈ। ਇੱਥੇ ਕਈ ਤਰ੍ਹਾਂ ਦੇ ਤਿਉਹਾਰ ਮਨਾਏ ਜਾਂਦੇ ਹਨ। ਕਈਆਂ ਦਾ ਸੰਬੰਧ ਰੁੱਤਾਂ ਨਾਲ ਤੇ ਕਈਆਂ ਦਾ ਇਤਿਹਾਸ ਨਾਲ ਹੁੰਦਾ ਹੈ। ਪੰਜਾਬ ਤਾਂ ਮੇਲਿਆਂ ਦਾ ਦੇਸ਼ ਹੈ। ਉਂਜ ਤਾਂ ਪੰਜਾਬ ਵਿੱਚ ਬਹੁਤ ਸਾਰੇ ਤਿਉਹਾਰ, ਮੇਲੇ ਮਨਾਏ ਜਾਂਦੇ ਹਨ ਪਰ ਵਿਸਾਖੀ ਦਾ ਤਿਉਹਾਰ ਉਨ੍ਹਾਂ ਵਿੱਚੋਂ ਇੱਕ ਹੈ। ਇਹ 13 ਅਪ੍ਰੈਲ ਨੂੰ ਵਿਸਾਖ ਦੀ ਸੰਗਰਾਂਦ ਵਾਲੇ ਦਿਨ ਮਨਾਇਆ ਜਾਂਦਾ ਹੈ।

ਵਿਸਾਖੀ ਦਾ ਪਿਛੋਕੜ : ਵਿਸਾਖੀ ਦਾ ਸੰਬੰਧ ਇਤਿਹਾਸਕ ਘਟਨਾ ਨਾਲ ਵੀ ਹੈ ਤੇ ਧਾਰਮਕ ਘਟਨਾ ਨਾਲ ਵੀ। ਇਹ ਭਾਰਤ ਦਾ ਕੌਮੀ ਤਿਉਹਾਰ ਹੈ। ਇਹ ਕੇਵਲ ਪੰਜਾਬ ਵਿੱਚ ਹੀ ਨਹੀਂ ਸਗੋਂ ਭਾਰਤ ਵਿੱਚ ਵੱਖ – ਵੱਖ ਰੂਪਾਂ ਵਿੱਚ ਮਨਾਇਆ ਜਾਂਦਾ ਹੈ। ਇਸ ਨੂੰ ਮਨਾਉਣ ਦੇ ਕਈ ਕਾਰਨ ਹਨ; ਜਿਵੇਂ :

ਸੱਭਿਆਚਾਰਕ ਮਹੱਤਵ : ਇਸ ਮੇਲੇ ਨੂੰ ਮਨਾਉਣ ਦੇ ਮੁੱਖ ਕਾਰਨ ਤਾਂ ਸਾਡੇ ਕਿਸਾਨਾਂ ਨੇ ਉਨ੍ਹਾਂ ਜਜ਼ਬਾਤਾਂ ਨਾਲ, ਜੋ ਉਹ ਫ਼ਸਲਾਂ ਪੱਕ ਜਾਣ ‘ਤੇ ਪੇਸ਼ ਕਰਦਾ ਹੈ। ਇਹ ਤਿਉਹਾਰ ਹਾੜ੍ਹੀ ਦੀ ਫ਼ਸਲ (ਭਾਵ ਕਣਕ) ਪੱਕਣ ਦੀ ਖੁਸ਼ੀ ਵਿੱਚ ਮਨਾਇਆ ਜਾਂਦਾ ਹੈ। ਇਸ ਨੂੰ ਕਿਸਾਨਾਂ ਦਾ ਮੇਲਾ ਵੀ ਕਿਹਾ ਜਾਂਦਾ ਹੈ। ਇਸ ਦਿਨ ਕਿਸਾਨ ਖੁਸ਼ੀਆਂ ਮਨਾਉਂਦੇ, ਭੰਗੜੇ ਪਾਉਂਦੇ ਤੇ ਮੇਲੇ ਮਨਾਉਂਦੇ ਹਨ। ਕਿਸਾਨਾਂ ਦੇ ਇਨ੍ਹਾਂ ਹਾਵਾਂ – ਭਾਵਾਂ ਦੀ ਤਰਜਮਾਨੀ ਕਰਦਾ ਹੋਇਆ ਧਨੀ ਰਾਮ ਚਾਤ੍ਰਿਕ ਦਾ ਇਹ ਗੀਤ ਬਹੁਤ ਪ੍ਰਸਿੱਧ ਹੈ :

ਤੂੜੀ ਤੰਦ ਸਾਂਭ ਹਾੜ੍ਹੀ ਵੇਚ ਵੱਟ ਕੇ,
ਲੰਬੜਾਂ ਤੇ ਸ਼ਾਹਾਂ ਦਾ ਹਿਸਾਬ ਕੱਟ ਕੇ,
ਪੱਗ ਝੱਗਾ ਚਾਦਰਾਂ ਨਵਾਂ ਨਿਵਾਇ ਕੇ,
ਸੰਮਾਂ ਵਾਲੀ ਡਾਂਗ ਉੱਤੇ ਤੇਲ ਲਾਇ ਕੇ,
ਕੱਛੇ ਮਾਰ ਵੰਝਲੀ ਅਨੰਦ ਛਾ ਗਿਆ,
ਮਾਰਦਾ ਦਮਾਮੇ ਜੱਟ ਮੇਲੇ ਆ ਗਿਆ।

ਧਾਰਮਕ ਮਹੱਤਵ : ਇਹ ਮੇਲਾ ਧਾਰਮਕ ਤੌਰ ‘ਤੇ ਵੀ ਮਹੱਤਵਪੂਰਨ ਹੈ। 13 ਅਪ੍ਰੈਲ, 1699 ਈ: ਨੂੰ ਸਿੱਖਾਂ ਦੇ ਦਸਵੇਂ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਅਨੰਦਪੁਰ ਸਾਹਿਬ ਦੇ ਕੇਸਗੜ੍ਹ ਸਥਾਨ ‘ਤੇ ਇੱਕ ਭਾਰੀ ਦੀਵਾਨ ਬੁਲਾ ਕੇ ਖਾਲਸਾ ਪੰਥ ਦੀ ਸਥਾਪਨਾ ਕੀਤੀ ਸੀ। ਇੱਥੇ ਗੁਰੂ ਗੋਬਿੰਦ ਸਿੰਘ ਜੀ ਨੇ ਪੰਜ ਪਿਆਰਿਆਂ ਨੂੰ ਅੰਮ੍ਰਿਤ ਛਕਾ ਕੇ ਉਨ੍ਹਾਂ ਨੂੰ ਸਿੰਘਾਂ ਦੀ ਉਪਾਧੀ ਦਿੱਤੀ ਤੇ ਫਿਰ ਆਪ ਵੀ ਉਨ੍ਹਾਂ ਤੋਂ ਅੰਮ੍ਰਿਤ ਛਕਿਆ। ਇਸ ਲਈ ਇਹ ਦਿਨ ਖਾਲਸਾ ਪੰਥ ਦੀ ਸਥਾਪਨਾ ਦਿਵਸ ਵਜੋਂ ਬੜੀ ਧੂਮ – ਧਾਮ ਨਾਲ ਸ੍ਰੀ ਅਨੰਦਪੁਰ ਸਾਹਿਬ ਵਿਖੇ ਮਨਾਇਆ ਜਾਂਦਾ ਹੈ।

ਇਤਿਹਾਸਕ ਮਹੱਤਵ : ਵਿਸਾਖੀ ਦੇ ਮੇਲੇ ਦੀ ਇਤਿਹਾਸਕ ਮਹਾਨਤਾ ਇਹ ਵੀ ਹੈ ਕਿ 13 ਅਪ੍ਰੈਲ, 1699 ਈ: ਨੂੰ ਜਲ੍ਹਿਆਂ ਵਾਲੇ ਬਾਗ ਅੰਮ੍ਰਿਤਸਰ ਵਿਖੇ ਇਕੱਠੇ ਹੋਏ ਨਿਹੱਥੇ ਭਾਰਤੀਆਂ ਨੂੰ ਜਨਰਲ ਡਾਇਰ ਨੇ ਗੋਲੀਆਂ ਨਾਲ ਭੁੰਨ ਦਿੱਤਾ ਸੀ। ਉਹਨਾਂ ਸ਼ਹੀਦਾਂ ਨੂੰ ਸ਼ਰਧਾਂਜਲੀ ਦੇਣ ਲਈ ਵੀ ਇਸ ਦਿਨ ਉਨ੍ਹਾਂ ਦੀ ਯਾਦ ਤਾਜ਼ਾ ਕੀਤੀ ਜਾਂਦੀ ਹੈ। ਇਸ ਵਿੱਚ ਲੱਗਭੱਗ 20,000 ਲੋਕ ਮਾਰੇ ਗਏ ਸਨ। ਕਈ ਲੋਕਾਂ ਨੇ ਖੂਹ ਵਿੱਚ ਛਾਲ ਮਾਰ ਦਿੱਤੀ ਸੀ। ਇਸੇ ਲਈ ਜਲ੍ਹਿਆਂ ਵਾਲੇ ਬਾਗ ਵਿੱਚ ਬਣੇ ਖੂਹ ਨੂੰ ‘ਖੂਨੀ ਖੂਹ’ ਵੀ ਕਿਹਾ ਜਾਂਦਾ ਹੈ। ਅੱਜ ਵੀ ਜਲ੍ਹਿਆਂ ਵਾਲੇ ਬਾਗ਼ ਵਿੱਚ ਗੋਲੀਆਂ ਦੇ ਨਿਸ਼ਾਨ ਵੇਖੇ ਜਾ ਸਕਦੇ ਹਨ।

ਮੇਲੇ ਦੀਆਂ ਰੌਣਕਾਂ : ਇਸ ਦਿਨ ਥਾਂ – ਥਾਂ ‘ਤੇ ਮੇਲੇ ਲੱਗਦੇ ਹਨ। ਮੇਲਿਆਂ ਵਿੱਚ ਬਹੁਤ ਭੀੜ ਹੁੰਦੀ ਹੈ। ਕਈ ਤਰ੍ਹਾਂ ਦੀਆਂ ਦੁਕਾਨਾਂ ਸੱਜਦੀਆਂ ਹਨ। ਖਾਸ ਤੌਰ ‘ਤੇ ਸ੍ਰੀ ਅਨੰਦਪੁਰ ਸਾਹਿਬ ਵਿੱਚ ਵਿਸਾਖੀ ਦੇ ਮੇਲੇ ਦੀਆਂ ਰੌਣਕਾਂ ਬਹੁਤ ਜ਼ਿਆਦਾ ਹੁੰਦੀਆਂ ਹਨ।

ਦੀਵਾਨ ਲੱਗਣੇ : ਇਸ ਦਿਨ ਗੁਰਦੁਆਰਿਆਂ ਵਿੱਚ ਭਾਰੀ ਦੀਵਾਨ ਲੱਗਦੇ ਹਨ। ਢਾਡੀ ਸਿੰਘ ਯੋਧਿਆਂ ਦੀਆਂ ਵਾਰਾਂ ਗਾਉਂਦੇ ਹਨ। ਰਾਜਨੀਤਕ ਨੇਤਾ ਵੀ ਆਪਣੀਆਂ ਕਾਨਫਰੰਸਾਂ ਕਰਦੇ ਹਨ, ਭਾਸ਼ਣ ਦਿੰਦੇ ਹਨ। ਅੱਜ ਕੱਲ ਦੇ ਮੇਲੇ ਤਿਉਹਾਰ ਤਾਂ ਸਿਆਸਤ ਦੀ ਭੇਂਟ ਚੜ੍ਹੇ ਹੋਏ ਹਨ।

ਬਿਕਰਮੀ ਸੰਮਤ ਦੀ ਸ਼ੁਰੂਆਤ : ਇਸ ਦਿਨ ਦੀ ਖ਼ਾਸ ਤੇ ਮਹੱਤਵਪੂਰਨ ਵਿਸ਼ੇਸ਼ਤਾ ਇਹ ਵੀ ਹੈ ਕਿ ਇਸ ਦਿਨ ਬਿਕਰਮੀ ਸੰਮਤ ਸ਼ੁਰੂ ਹੁੰਦਾ ਹੈ। ਨਾਨਕਸ਼ਾਹੀ ਕੈਲੰਡਰ ਵਿੱਚ ਇਸ ਨੂੰ ਸਾਲ ਦਾ ਪਹਿਲਾ ਮਹੀਨਾ ਗਿਣਿਆ ਗਿਆ ਹੈ। ਇਸ ਦੇ ਨਾਲ ਗਰਮੀ ਦੀ ਰੁੱਤ ਆਰੰਭ ਹੋ ਜਾਂਦੀ ਹੈ।

ਸਾਰੰਸ਼ : ਅੰਤ ਵਿੱਚ ਇਹ ਕਿਹਾ ਜਾ ਸਕਦਾ ਹੈ ਕਿ ਵਿਸਾਖੀ ਦਾ ਮੇਲਾ ਹਰ ਪੱਖ ਤੋਂ ਮਹੱਤਵਪੂਰਨ ਹੈ। ਇਸ ਦੀ ਮਹਾਨਤਾ ਨੂੰ ਕਾਇਮ ਰੱਖਣ ਲਈ ਸਾਨੂੰ ਸ਼ਰਧਾ – ਪੂਰਵਕ ਇਸ ਦਿਨ ਨੂੰ ਮਨਾਉਣਾ ਚਾਹੀਦਾ ਹੈ। ਰਾਜਨੀਤਕ ਆਗੂਆਂ ਨੂੰ ਵੀ ਇਸ ਦਿਨ ਵਿਰੋਧੀ ਪਾਰਟੀਆਂ ‘ਤੇ ਦੋਸ਼ ਲਾਉਣ ਦੀ ਥਾਂ ਇਸ ਦਿਨ ਦੀ ਧਾਰਮਕ ਤੇ ਇਤਿਹਾਸਕ ਮਹੱਤਤਾ ਬਾਰੇ ਲੋਕਾਂ ਨੂੰ ਦੱਸਣਾ ਚਾਹੀਦਾ ਹੈ।