ਸਿਰਜਣਾ – ਕੁਲਦੀਪ (ਪਾਤਰ)
ਜਾਣ – ਪਛਾਣ : ਕੁਲਦੀਪ, ਪਾਲੀ ਭੁਪਿੰਦਰ ਦੀ ਲਿਖੀ ਹੋਈ ਇਕਾਂਗੀ ਸਿਰਜਣਾ ਦਾ ਇੱਕ ਮਹੱਤਵਪੂਰਨ ਪਾਤਰ ਹੈ। ਉਹ ਬੀਜੀ ਦਾ ਲਾਡਲਾ ਪੁੱਤਰ ਹੈ ਅਤੇ ਸਿਰਜਨਾ ਦਾ ਪਤੀ ਹੈ। ਉਸ ਦੇ ਸੁਭਾਓ ਦੀਆਂ ਮੁੱਖ ਵਿਸ਼ੇਸ਼ਤਾਵਾਂ ਹੇਠ ਲਿਖੀਆਂ ਹਨ :-
ਮਾਂ ਉੱਤੇ ਲੋੜ ਤੋਂ ਵੱਧ ਭਰੋਸਾ ਕਰਨ ਵਾਲਾ – ਕੁਲਦੀਪ ਆਪਣੀ ਮਾਂ ਉੱਪਰ ਲੋੜ ਤੋਂ ਵੱਧ ਭਰੋਸਾ ਕਰਦਾ ਹੈ। ਜਦੋਂ ਸਿਰਜਨਾ ਟੈਲੀਫੋਨ ਰਾਹੀਂ ਕੁਲਦੀਪ ਨੂੰ ਦੱਸਦੀ ਹੈ ਕਿ ਬੀਜੀ ਉਸ ਨੂੰ ਸਕੈਨਿੰਗ ਟੈਸਟ ਕਰਵਾਉਣ ਲਈ ਕਲੀਨਿਕ ਲੈ ਕੇ ਆਏ ਹਨ ਤਾਂ ਉਹ ਉਸ ਨੂੰ ਕਹਿੰਦਾ ਹੈ ਕਿ ਜੋ ਕੁੱਝ ਵੀ ਉਸ ਦੀ ਮਾਂ ਕਰ ਰਹੀ ਹੈ, ਉਹ ਠੀਕ ਹੀ ਕਰੇਗੀ।
ਗੱਲ ਧਿਆਨ ਨਾਲ਼ ਨਾ ਸੁਣਨ ਵਾਲਾ – ਕੁਲਦੀਪ, ਸਿਰਜਨਾ ਦੁਆਰਾ ਕੀਤੀ ਜਾਣ ਵਾਲੀ ਗੱਲ ਨੂੰ ਧਿਆਨ ਨਾਲ਼ ਨਹੀਂ ਸੁਣਦਾ ਸਗੋਂ ਉਹ ਸਾਰੀ ਗੱਲ ਆਪਣੀ ਮਾਂ ਉੱਤੇ ਹੀ ਸੁੱਟ ਦਿੰਦਾ ਹੈ ਅਤੇ ਸਿਰਜਨਾ ਨੂੰ ਇਹ ਕਹਿ ਕੇ ਫ਼ੋਨ ਕੱਟ ਦਿੰਦਾ ਹੈ ਕਿ ਉਹ ਇੱਕ ਜ਼ਰੂਰੀ ਮੀਟਿੰਗ ਵਿੱਚ ਬਿਜ਼ੀ ਹੈ, ਉਹ ਉਸੇ ਤਰ੍ਹਾਂ ਕਰ ਲਵੇ ਜਿਵੇਂ ਬੀਜੀ ਕਹਿ ਰਹੇ ਹਨ।
ਰਿਜ਼ਲਟ ਬਾਰੇ ਉਤਸਕ – ਸਿਰਜਨਾ ਜਦੋਂ ਕੁਲਦੀਪ ਨੂੰ ਦੂਸਰੀ ਵਾਰ ਫ਼ੋਨ ਕਰਦੀ ਹੈ ਤਾਂ ਉਹ ਸੱਭ ਤੋਂ ਪਹਿਲਾਂ ਸਿਰਜਨਾ ਨੂੰ ਰਿਜ਼ਲਟ ਬਾਰੇ ਹੀ ਪੁੱਛਦਾ ਹੈ, ਭਾਵ ਕੁਡ਼ੀ ਹੈ ਜਾਂ ਮੁੰਡਾ। ਉਹ ਆਪਣੀ ਪਤਨੀ ਦੀਆਂ ਗੱਲਾਂ ਨਾਲੋਂ ਸਕੈਨਿੰਗ ਦੇ ਰਿਜ਼ਲਟ ਲਈ ਜ਼ਿਆਦਾ ਫ਼ਿਕਰਮੰਦ ਹੈ।
ਪ੍ਰਾਪਰਟੀ ਕਲਚਰ ਬਾਰੇ ਫ਼ਿਕਰਮੰਦ – ਕੁਲਦੀਪ, ਸਿਰਜਨਾ ਨੂੰ ਕਹਿੰਦਾ ਹੈ ਕਿ ਬੀਜੀ ਦੀ ਟੈਂਸ਼ਨ ਬਿਲਕੁਲ ਜਾਇਜ਼ ਹੈ ਕਿਉਂਕਿ ਉਨ੍ਹਾਂ ਦੇ ਪਹਿਲਾਂ ਵੀ ਇੱਕ ਲੜਕੀ ਹੈ।
ਉਹ ਕਹਿੰਦਾ ਹੈ ਕਿ ਉਸ ਨੂੰ ਪਤਾ ਹੈ ਕਿ ਇਹ ਠੀਕ ਨਹੀਂ ਪਰ ਇਹ ਪ੍ਰਾਪਰਟੀ ਕਲਚਰ ਹੈ। ਇੰਨੀ ਜਾਇਦਾਦ ਨੂੰ ਬਾਅਦ ਵਿੱਚ ਕੌਣ ਸਾਂਭੇਗਾ? ਇਸ ਵਿੱਚ ਇੰਝ ਹੀ ਹੁੰਦਾ ਹੈ।
ਦੇਰੀ ਨਾਲ਼ ਸਮਝਣ ਵਾਲਾ – ਜਦੋਂ ਸਿਰਜਨਾ ਆਪਣਾ ਫ਼ੈਸਲਾ ਲੈ ਕੇ ਕਿ ਉਹ ਸਕੈਨਿੰਗ ਨਹੀਂ ਕਰਵਾਏਗੀ, ਕਲੀਨਿਕ ਵਿੱਚੋਂ ਬਾਹਰ ਨਿਕਲਣ ਲੱਗਦੀ ਹੈ ਤਾਂ ਕੁਲਦੀਪ ਉਸ ਦੇ ਸਾਹਮਣੇ ਖੜਾ ਮੁਸਕੁਰਾਉਂਦਾ ਹੈ।
ਉਹ ਸਿਰਜਨਾ ਕੋਲੋ ਇਸ ਗੱਲ ਦੀ ਮੁਆਫ਼ੀ ਮੰਗਦਾ ਹੈ ਕਿ ਜੋ ਫ਼ੈਸਲਾ ਉਸ ਨੂੰ ਕਰਨਾ ਚਾਹੀਦਾ ਸੀ, ਉਹੀ ਫ਼ੈਸਲਾ ਸਿਰਜਨਾ ਨੇ ਕੀਤਾ ਹੈ। ਉਹ ਇਸ ਗੱਲ ਉੱਤੇ ਖੁਸ਼ੀ ਦਾ ਇਜ਼ਹਾਰ ਕਰਦਾ ਹੈ ਕਿ ਉਸ ਦੀ ਜੀਵਨ ਸਾਥਣ ਕੋਈ ਆਮ ਔਰਤ ਨਹੀਂ।
ਸਮੁੱਚੇ ਤੌਰ ‘ਤੇ ਕਿਹਾ ਜਾ ਸਕਦਾ ਹੈ ਕਿ ਦੇਰ ਨਾਲ਼ ਹੀ ਸਹੀ, ਕੁਲਦੀਪ ਇਕਾਂਗੀ ਦੇ ਅੰਤ ਵਿੱਚ ਹੀ ਸਿਰਜਨਾ ਦੀਆਂ ਭਾਵਨਾਵਾਂ ਨੂੰ ਸਮਝਦਾ ਹੈ ਅਤੇ ਉਸ ਦੇ ਮਗਰ ਕਲੀਨਿਕ ‘ਤੇ ਆ ਪਹੁੰਚਦਾ ਹੈ।
ਸਮੁੱਚੀ ਇਕਾਂਗੀ ਵਿੱਚ ਭਾਵੇਂ ਉਹ ਇੱਕ ਜਿੰਮੇਦਾਰ ਪਤੀ ਵਾਲਾ ਫਰਜ਼ ਅਦਾ ਕਰਦਾ ਮਹਿਸੂਸ ਨਹੀਂ ਹੁੰਦਾ, ਪਰ ਅੰਤ ਵਿੱਚ ਉਹ ਸਿਰਜਨਾ ਦਾ ਸਾਥ ਦੇ ਕੇ ਆਪਣੇ ਸਾਰੇ ਧੋਣੇ ਧੋ ਦਿੰਦਾ ਹੈ।