ਬੱਸ ਕੰਡਕਟਰ – ਪਾਠ ਨਾਲ਼ ਸੰਬੰਧਿਤ ਪ੍ਰਸ਼ਨ – ਉੱਤਰ
ਵੰਨਗੀ – ਪੰਜਾਬੀ ਕਹਾਣੀਆਂ ਤੇ ਇਕਾਂਗੀ
ਕਹਾਣੀ – ਭਾਗ (ਜਮਾਤ ਨੌਵੀਂ)
ਬੱਸ ਕੰਡਕਟਰ – ਡਾ. ਦਲੀਪ ਕੌਰ ਟਿਵਾਣਾ
ਪ੍ਰਸ਼ਨ 1 . ਬੱਸ ਵਿੱਚ ਇਕ ਸਵਾਰ ਸਰਦਾਰ ਪਾਲੀ ਬਾਰੇ ਕੀ ਆਖਦਾ ਹੈ ?
ਉੱਤਰ – ਬੱਸ ਵਿੱਚ ਇਕ ਸਵਾਰ ਸਰਦਾਰ ਪਾਲੀ ਵੱਲ੍ਹ ਤੱਕਦਿਆਂ ਕਿਹਾ ਕਿ ਜੀ ਭਾਵੇਂ ਕਿੰਨਾ ਹੀ ਕਮਾਉਣ, ਘਰਾਣਿਆਂ ਦੀਆਂ ਕਾਹਨੂੰ ਆਦਮੀਆਂ ਸਾਹਮਣੇ ਅੱਖਾਂ ਚੁੱਕਦੀਆਂ ਨੇ – ਤੇ ਆਹ ਕੁੜੀ ਡਾਕਟਰਨੀ, ਮੈਂ ਕਈ ਵਾਰੀ ਪਟਿਆਲੇ ਜਾਂਦਾ ਰਹਿਨਾ ਵਾਂ, ਦੇਖੀ ਐ, ਸਹੁਰੀ ਦੇ ਜਾਣੀ ਮੂੰਹ ਵਿੱਚ ਬੋਲ ਨੀ।’
ਇਨ੍ਹਾਂ ਸਤਰਾਂ ਤੋਂ ਭਾਵ ਇਹ ਹੈ ਕਿ ਉਸ ਨੇ ਡਾਕਟਰਨੀ ਨੂੰ ਕਦੀ ਬੋਲਦਿਆਂ ਨਹੀਂ ਦੇਖਿਆ।
ਪ੍ਰਸ਼ਨ 2 . ਬੱਸ ਕੰਡਕਟਰ ਨੇ ਟਿਕਟ ਦੇਣ ਲੱਗਿਆਂ ਪਾਲੀ ਅਤੇ ਬੁੱਢੀ ਮਾਈ ਨਾਲ਼ ਕਿਹੋ ਜਿਹਾ ਵਰਤਾਅ ਕੀਤਾ ?
ਉੱਤਰ – ਬੱਸ ਕੰਡਕਟਰ ਦੇ ਟਿਕਟ ਫੜ੍ਹਾਉਣ ‘ਤੇ ਜਦੋਂ ਪਾਲੀ ਨੇ ਉਸ ਨੂੰ ਦਸਾਂ ਦਾ ਨੋਟ ਦਿੱਤਾ ਤਾਂ ਉਸ ਨੇ ਕਿਹਾ ਕਿ ਉਸ ਕੋਲ਼ ਛੁੱਟੇ ਪੈਸੇ ਨਹੀਂ, ਇਸ ਲਈ ਉਹ ਅਗਲੇ ਦਿਨ ਪੈਸੇ ਦੇ ਦੇਵੇ।
ਪਰ ਜਦੋਂ ਇੱਕ ਬੁੱਢੀ ਮਾਈ ਨੇ ਦਸਾਂ ਦਾ ਨੋਟ ਉਸ ਨੂੰ ਫੜ੍ਹਾਇਆ ਤਾਂ ਉਹ ਉਸ ਨੂੰ ਟੁੱਟ ਕੇ ਪੈ ਗਿਆ ਕਿ ਸਾਡੇ ਦਸ ਆਨੇ ਭਾੜਾ ਅਤੇ ਦਸ ਦਾ ਨੋਟ ਕੱਢ ਕੇ ਫੜ੍ਹਾ ਦਿੱਤਾ।
ਪ੍ਰਸ਼ਨ 3 . ਬੱਸ ਕੰਡਕਟਰ ਬਾਰੇ ਪਾਲੀ ਦੇ ਮਨ ਵਿੱਚ ਕਿਹੋ ਜਿਹੇ ਵਿਚਾਰ ਆ ਰਹੇ ਸਨ ?
ਉੱਤਰ – ਪਾਲੀ ਬੱਸ ਕੰਡਕਟਰ ਬਾਰੇ ਚੰਗਾ ਹੀ ਸੋਚਦੀ ਸੀ ਕਿ ਉਹ ਕਿੰਨਾ ਸਾਊ ਅਤੇ ਚੰਗਾ ਕੰਡਕਟਰ ਹੈ।
ਪ੍ਰਸ਼ਨ 4 . ਬੱਸ ਵਿੱਚ ਟਿਕਟ ਚੈਕਰ ਦੇ ਚੜ੍ਹ ਜਾਣ ਨਾਲ਼ ਪਾਲੀ ਕਿਉਂ ਡਰ ਰਹੀ ਸੀ ?
ਉੱਤਰ – ਬੱਸ ਵਿੱਚ ਬੈਠਣ ਤੋਂ ਬਾਅਦ ਪਾਲੀ ਨੇ ਟਿਕਟ ਲਈ ਪੈਸੇ ਕੱਢੇ। ਉਸ ਦੇ ਬਾਰ – ਬਾਰ ਕਹਿਣ ਦੇ ਬਾਵਜੂਦ ਵੀ ਜੀਤ ਨੇ ਪੈਸੇ ਲੈਣ ਤੋਂ ਨਾਂਹ ਕਰ ਦਿੱਤੀ।
ਟਿਕਟ ਚੈਕਰ ਦੇ ਬੱਸ ਵਿੱਚ ਚੜ੍ਹ ਜਾਣ ਨਾਲ਼ ਪਾਲੀ ਇਸ ਕਰਕੇ ਡਰ ਗਈ ਸੀ ਕਿਉਂਕਿ ਉਸ ਦੇ ਕੋਲ਼ ਟਿਕਟ ਨਹੀਂ ਸੀ। ਉਸ ਲਈ ਇਹ ਕਿੰਨੇ ਸ਼ਰਮ ਦੀ ਗੱਲ ਸੀ।
ਪ੍ਰਸ਼ਨ 5 . ਹਸਪਤਾਲ ਵਿੱਚ ਪਾਲੀ ਨੂੰ ਕਿਹੜੀ ਗੱਲ ਬੇਚੈਨ ਕਰ ਰਹੀ ਸੀ ?
ਉੱਤਰ – ਹਸਪਤਾਲ ਵਿੱਚ ਪਾਲੀ ਨੂੰ ਇਸ ਗੱਲ ਦੀ ਬੇਚੈਨੀ ਸੀ ਕਿ ਉਸ ਦੀ ਖ਼ਾਤਿਰ ਬੱਸ ਕੰਡਕਟਰ ਉਸ ਦੀ ਟਿਕਟ ਦੇ ਪੈਸੇ ਕਿਵੇਂ ਪੂਰੇ ਕਰਦਾ ਹੋਵੇਗਾ।
ਸੱਠਾਂ ਰੁਪਈਆਂ ਵਿੱਚ ਗੁਜ਼ਾਰਾ ਕਰਨ ਵਾਲਾ ਕੀ ਪਤਾ ਕਿਸੇ ਦਿਨ ਰੋਟੀ ਤੋਂ ਬਗੈਰ ਭੁੱਖਾ ਵੀ ਰਹਿੰਦਾ ਹੋਵੇਗਾ।
ਪ੍ਰਸ਼ਨ 6 . ਬੱਸ ਕੰਡਕਟਰ ਨੇ ਪਾਲੀ ਨਾਲ਼ ਆਪਣਾ ਕਿਹੜਾ ਰਾਜ਼ ਸਾਂਝਾ ਕੀਤਾ ?
ਉੱਤਰ – ਬੱਸ ਕੰਡਕਟਰ ਜੀਤ ਨੇ ਪਾਲੀ ਨੂੰ ਦੱਸਿਆ ਕਿ ਉਸ ਦੀ ਵੱਡੀ ਭੈਣ ਅਮਰਜੀਤ ਲਾਹੌਰ ਵਿੱਚ ਡਾਕਟਰੀ ਪੜ੍ਹਦੀ ਸੀ। 1947 ਵਿੱਚ ਦੰਗਿਆਂ ਵੇਲੇ ਉਸ ਦੀ ਭੈਣ ਸਮੇਤ ਘਰ ਦੇ ਬਾਕੀ ਜੀਅ ਵੀ ਮਰ ਗਏ। ਉਹ ਰੁਲ਼ਦਾ – ਖ਼ੁਲਦਾ ਇਧਰ ਆ ਗਿਆ।
ਪੜ੍ਹਾਈ ਨਸੀਬ ਨਹੀਂ ਹੋਈ ਅਤੇ ਕਈ ਵਾਰੀ ਰੋਟੀ ਵੀ ਨਹੀਂ ਮਿਲ਼ੀ। ਫ਼ਿਰ ਉਹ ਕੰਡਕਟਰ ਬਣ ਗਿਆ। ਪਾਲੀ ਕੋਲ਼ ਡਾਕਟਰੀ ਬੈਗ ਦੇਖ ਕੇ ਉਸ ਨੂੰ ਆਪਣੀ ਭੈਣ ਅਮਰਜੀਤ ਯਾਦ ਆ ਜਾਂਦੀ ਸੀ।
ਪ੍ਰਸ਼ਨ 7 . ਬੱਸ ਕੰਡਕਟਰ ਦਾ ਸੁਭਾਅ ਕਿਹੋ ਜਿਹਾ ਸੀ?
ਉੱਤਰ – ਬੱਸ ਕੰਡਕਟਰ ਜੀਤ ਇੱਕ ਜਜ਼ਬਾਤੀ, ਹਮਦਰਦ ਅਤੇ ਰਿਸ਼ਤਿਆਂ ਦੀ ਕੁਦਰ ਕਰਨ ਵਾਲਾ ਵਿਅਕਤੀ ਸੀ। ਉਹ ਟਕੋਰਾਂ ਲਾਉਣ ਵਾਲਿਆਂ ਦੇ ਸਖ਼ਤ ਖ਼ਿਲਾਫ਼ ਅਤੇ ਮੌਕਾ ਦੇਖ ਕੇ ਗੱਲ ਕਰਨ ਅਤੇ ਸੰਭਾਲਣ ਵਾਲਾ ਵਿਅਕਤੀ ਸੀ। ਉਹ ਆਪਣੀ ਭੈਣ ਅਮਰਜੀਤ ਨੂੰ ਤਹਿ – ਦਿਲੋਂ ਪਿਆਰ ਕਰਦਾ ਸੀ।