‘ਖੁਸ਼ੀਆਂ ਆਪੇ ਨਹੀਂ ਆਉਂਦੀਆਂ’ – ਸਾਰ
ਪ੍ਰਸ਼ਨ . ‘ਖੁਸ਼ੀਆਂ ਆਪੇ ਨਹੀਂ ਆਉਂਦੀਆਂ’ ਵਾਰਤਕ ਲੇਖ ਦਾ ਸਾਰ ਆਪਣੇ ਸ਼ਬਦਾਂ ਵਿੱਚ ਲਿਖੋ ।
ਉੱਤਰ – ‘ਖੁਸ਼ੀਆਂ ਆਪੇ ਨਹੀਂ ਆਉਂਦੀਆਂ’ ਵਾਰਤਕ ਲੇਖ ਡਾ. ਟੀ. ਆਰ. ਸ਼ਰਮਾ ਦੁਆਰਾ ਲਿਖਿਆ ਹੋਇਆ ਹੈ। ਇਸ ਲੇਖ ਵਿੱਚ ਲੇਖਕ ਨੇ ਸਪੱਸ਼ਟ ਕੀਤਾ ਹੈ ਕਿ ਖੁਸ਼ੀਆਂ ਨੂੰ ਬੁਲਾਉਣਾ ਪੈਂਦਾ ਹੈ ਅਤੇ ਮੁਸਕੁਰਾ ਕੇ ਉਨ੍ਹਾਂ ਦੇ ਆਉਣ ਲਈ ਰਸਤਾ ਤਿਆਰ ਕੀਤਾ ਜਾਂਦਾ ਹੈ। ਇਸ ਲੇਖ ਦਾ ਸੰਖੇਪ ਸਾਰ ਹੇਠ ਲਿਖੇ ਅਨੁਸਾਰ ਹੈ –
ਲੇਖਕ ਦੇ ਅਨੁਸਾਰ ਖੁਸ਼ੀਆਂ ਨੂੰ ਹਾਕਾਂ ਮਾਰ ਕੇ ਬੁਲਾਉਣਾ ਪੈਂਦਾ ਹੈ। ਇਨ੍ਹਾਂ ਦੇ ਆਉਣ ਦੀ ਉਡੀਕ ਵਿੱਚ ਰਸਤਾ ਬਣਾ ਕੇ ਇਨ੍ਹਾਂ ਨੂੰ ਪ੍ਰਾਪਤ ਕਰਨ ਲਈ ਕੋਸ਼ਿਸ਼ ਕਰਨੀ ਪੈਂਦੀ ਹੈ।
ਹਰ ਤਰ੍ਹਾਂ ਦੀ ਖੁਸ਼ੀ ਨੂੰ ਪ੍ਰਾਪਤ ਕਰਨ ਲਈ ਉਸ ਦੇ ਅਨੁਸਾਰ ਹੀ ਯਤਨਸ਼ੀਲ ਹੋਣਾ ਪੈਂਦਾ ਹੈ। ਮਨੁੱਖ ਨੂੰ ਨਿੱਕੀਆਂ – ਨਿੱਕੀਆਂ ਗੱਲਾਂ, ਨਿੱਕੇ – ਨਿੱਕੇ ਰਿਸ਼ਤੇ ਹੀ ਵੱਡੀਆਂ – ਵੱਡੀਆਂ ਖੁਸ਼ੀਆਂ ਪ੍ਰਦਾਨ ਕਰ ਸਕਦੇ ਹਨ।
ਕਿਸੇ ਵੀ ਲੋੜਵੰਦ ਨੂੰ ਉਸ ਦੀ ਜ਼ਰੂਰਤ ਦੇ ਮੁਤਾਬਿਕ ਉਸ ਦੀ ਮਦਦ ਕਰਕੇ ਖੁਸ਼ੀ ਪ੍ਰਾਪਤ ਕੀਤੀ ਅਤੇ ਦਿੱਤੀ ਜਾ ਸਕਦੀ ਹੈ। ਕਈ ਵਾਰੀ ਬਹੁਤ ਨਿੱਕਾ ਜਿਹਾ ਕੰਮ ਕਰਕੇ ਵੀ ਬਹੁਤ ਵੱਡੀ ਖੁਸ਼ੀ ਹੀ ਪ੍ਰਾਪਤ ਹੁੰਦੀ ਹੈ। ਅਜਿਹੀ ਖੁਸ਼ੀ ਨੂੰ ਪ੍ਰਾਪਤ ਕਰਨਾ ਔਖਾ ਕੰਮ ਨਹੀਂ ਹੁੰਦਾ। ਅਜਿਹੇ ਮੌਕਿਆਂ ਨੂੰ ਵਾਰ – ਵਾਰ ਪ੍ਰਾਪਤ ਕਰਨਾ ਚਾਹੀਦਾ ਹੈ।
ਕਿਸੇ ਨਾਲ਼ ਮਿੱਠਾ ਬੋਲਣਾ, ਬੱਚਿਆਂ ਨੂੰ ਪਿਆਰ ਕਰਨਾ, ਵੱਡਿਆਂ ਦਾ ਆਦਰ ਸਤਿਕਾਰ ਕਰਨਾ, ਬੱਚਿਆਂ ਨਾਲ ਖੇਡਣਾ, ਉਨ੍ਹਾਂ ਨਾਲ਼ ਹੱਸ ਕੇ ਗੱਲਾਂ ਕਰਨੀਆਂ ਆਦਿ ਖੁਸ਼ੀ ਪ੍ਰਾਪਤ ਕਰਨ ਦੇ ਸਭ ਤੋਂ ਵਧੀਆ ਸਾਧਨ ਹਨ।
ਜਿਨ੍ਹਾਂ ਪਰਿਵਾਰਾਂ ਦੇ ਘਰੇਲੂ ਮਾਹੌਲ ਠੀਕ ਨਹੀਂ ਹੁੰਦੇ ਪਤੀ – ਪਤਨੀ ਦੇ ਆਪਸੀ ਝਗੜੇ ਹੁੰਦੇ ਰਹਿੰਦੇ ਹਨ, ਉੱਥੇ ਉਹ ਲੋਕ ਆਪ ਤਾਂ ਪਰੇਸ਼ਾਨ ਹੁੰਦੇ ਹੀ ਹਨ, ਉਸ ਦੇ ਨਾਲ਼ – ਨਾਲ਼ ਬੱਚਿਆਂ ਨੂੰ ਵੀ ਪਰੇਸ਼ਾਨ ਕਰਦੇ ਹਨ।
ਗੱਲ ਕੋਈ ਖ਼ਾਸ ਵੱਡੀ ਨਹੀਂ ਹੁੰਦੀ। ਅਜਿਹੇ ਮਸਲਿਆਂ ਨੂੰ ਪਤੀ – ਪਤਨੀ ਅਰਾਮ ਨਾਲ ਬੈਠ ਕੇ ਵੀ ਹੱਲ ਕਰ ਸਕਦੇ ਹਨ।
ਅਜਿਹੀ ਕਿਹੜੀ ਸੱਮਸਿਆ ਹੈ ਜਿਸ ਦਾ ਹੱਲ ਨਹੀਂ ਨਿਕਲ ਸਕਦਾ, ਲੋੜ ਹੁੰਦੀ ਹੈ ਸਮਝਦਾਰੀ ਨਾਲ਼ ਠੰਢੇ ਹੋ ਕੇ ਫ਼ੈਸਲਾ ਕਰਨ ਦੀ। ਇਸ ਤਰ੍ਹਾਂ ਕਰਨ ਦੇ ਨਾਲ਼ ਸਮੁੱਚੇ ਮਾਹੌਲ ਨੂੰ ਵਧੀਆ ਬਣਾਇਆ ਜਾ ਸਕਦਾ ਹੈ।
ਕੋਈ ਵੀ ਇਨਸਾਨ ਮੁਸਕੁਰਾਉਂਦਾ ਜਾਂ ਹੱਸਦਾ ਹੋਇਆ ਪੈਦਾ ਨਹੀਂ ਹੁੰਦਾ। ਇਸ ਜਹਾਨ ਵਿੱਚ ਹੱਸਣ ਜਾਂ ਮੁਸਕੁਰਾਉਣ ਦੀ ਆਦਤ ਪਾਣੀ ਪੈਂਦੀ ਹੈ। ਸਾਨੂੰ ਅਕਸਰ ਹਰ ਥਾਂ ‘ਤੇ ਹੱਸਣ ਵਾਲੇ ਜਾਂ ਮੁਸਕੁਰਾਉਂਦੇ ਚਿਹਰੇ ਦੇਖਣ ਨੂੰ ਮਿਲ ਜਾਂਦੇ ਹਨ।
ਇਹ ਲੋਕ ਹਮੇਸ਼ਾ ਹੀ ਖਿੜੇ ਹੋਏ ਗੁਲਾਬ ਦੇ ਵਾਂਗ ਆਪਣੇ ਹਾਸੇ ਦੀਆਂ ਮਹਿਕਾਂ ਖਿਲਾਰਦੇ ਰਹਿੰਦੇ ਹਨ। ਗੰਭੀਰ ਅਤੇ ਮੁਸੀਬਤ ਭਰੇ ਮਾਹੌਲ ਵਿੱਚ ਵੀ ਉਨ੍ਹਾਂ ਦੇ ਚਿਹਰੇ ਉੱਤੇ ਗ਼ਮ ਦੀਆਂ ਲਕੀਰਾਂ ਨਹੀਂ ਹੁੰਦੀਆਂ।
ਇਸ ਗੱਲ ਦੀ ਵੀ ਹੈਰਾਨੀ ਹੁੰਦੀ ਹੈ ਕਿ ਉਹ ਹੱਸਦੇ – ਖੇਡਦੇ ਹੀ ਇਨ੍ਹਾਂ ਮੁਸ਼ਕਿਲਾਂ ਦਾ ਠੋਸ ਹੱਲ ਵੀ ਲੱਭ ਲੈਂਦੇ ਹਨ। ਉਨ੍ਹਾਂ ਨੇ ਮੁਸੀਬਤਾਂ ਵੇਲੇ ਵੀ ਮੁਸੀਬਤਾਂ ਅਤੇ ਔਕੜਾਂ ਨਾਲ਼ ਖਿੜੇ ਮੱਥੇ ਘੁਲਣ ਦੀ ਆਦਤ ਪਾਈ ਹੁੰਦੀ ਹੈ।
ਉਨ੍ਹਾਂ ਦੇ ਕੋਲ ਬੇਸ਼ੁਮਾਰ ਹਾਸੇ ਦੀਆਂ ਫੁਲ – ਝੜੀਆਂ ਹੁੰਦੀਆਂ ਹਨ ਜੋ ਉਨ੍ਹਾਂ ਦੇ ਆਲੇ – ਦੁਆਲੇ ਰਹਿਣ ਵਾਲਿਆਂ ਨੂੰ ਖੁਸ਼ ਰੱਖਦੀਆਂ ਹਨ। ਉਨ੍ਹਾਂ ਨੂੰ ਦੇਖ ਕੇ ਕਈ ਵਾਰੀ ਲੋਕੀ ਇਹ ਭੁਲੇਖਾ ਖਾ ਜਾਂਦੇ ਹਨ ਕਿ ਸ਼ਾਇਦ ਉਨ੍ਹਾਂ ਲੋਕਾਂ ਨੇ ਕਦੀ ਗ਼ਮ ਜਾਂ ਔਕੜ ਦਾ ਮੁਕਾਬਲਾ ਹੀ ਨਹੀਂ ਕੀਤਾ ਹੋਵੇਗਾ। ਪਰ ਅਜਿਹਾ ਨਹੀਂ ਹੁੰਦਾ, ਇਨ੍ਹਾਂ ਲੋਕਾਂ ਉੱਪਰ ਵੀ ਮੁਸੀਬਤਾਂ ਅਤੇ ਗਮਾਂ ਦੇ ਪਹਾੜ ਟੁੱਟਦੇ ਹਨ, ਪਰ ਇਹ ਮੁਸੀਬਤ ਵੇਲੇ ਵੀ ਘਬਰਾਉਂਦੇ ਨਹੀਂ ਸਗੋਂ ਧੀਰਜ ਨਾਲ਼ ਹੱਸਦੇ – ਖੇਡਦੇ ਮੁਸੀਬਤ ਦੀਆਂ ਗੰਢਾਂ ਖੋਲ ਲੈਂਦੇ ਹਨ। ਹਰ ਕੋਈ ਅਜਿਹਾ ਕਰ ਸਕਦਾ ਹੈ, ਇਸ ਲਈ ਸਿਰਫ਼ ਉਸਾਰੂ ਸੋਚ ਅਤੇ ਯੋਜਨਾਬੰਦੀ ਤੋਂ ਕੰਮ ਲੈਣ ਦੀ ਲੋੜ ਹੁੰਦੀ ਹੈ।
ਸਾਡੇ ਵੱਡੇ ਵਡੇਰਿਆਂ ਨੇ ਘਰਾਂ, ਪਰਿਵਾਰਾਂ ਅਤੇ ਸਮਾਜ ਵਿੱਚ ਖੁਸ਼ੀਆਂ ਨੂੰ ਸੱਦਾ ਦੇਣ ਦੇ ਕਈ ਢੰਗ ਕੱਢੇ ਹੋਏ ਹਨ, ਜਿਹੜੇ ਕੁੱਝ ਰਸਮਾਂ, ਰੀਤਾਂ, ਮੇਲਿਆਂ, ਸਮਾਗਮਾਂ ਅਤੇ ਧਾਰਮਿਕ ਤਿਉਹਾਰਾਂ ਦੇ ਰੂਪ ਵਿੱਚ ਸਾਡੇ ਸਾਹਮਣੇ ਵਿਚਰਦੇ ਹਨ। ਬਹੁਤ ਸਾਰੇ ਤਿਉਹਾਰ ਅਤੇ ਸਮਾਗਮ ਖੁਸ਼ੀ ਪ੍ਰਾਪਤੀ ਦੇ ਹੀ ਉਪਰਾਲੇ ਹਨ। ਇਨ੍ਹਾਂ ਸਾਰਿਆਂ ਨੂੰ ਇਸੇ ਹੀ ਤਰ੍ਹਾਂ ਰਲ੍ਹ – ਮਿਲ ਕੇ ਮਨਾਉਣਾ ਚਾਹੀਦਾ ਹੈ।
ਆਧੁਨਿਕ ਸਮੇਂ ਨੇ ਅਜਿਹੇ ਮੌਕਿਆਂ ਵਿੱਚ ਆਜ਼ਾਦੀ ਅਤੇ ਗਣਤੰਤਰਤਾ – ਦਿਵਸ, ਬਾਲ – ਦਿਵਸ, ਅਧਿਆਪਕ – ਦਿਵਸ, ਮਾਂ – ਦਿਵਸ, ਪਿਤਾ – ਦਿਵਸ, ਧਰਤੀ ਦਿਵਸ ਆਦਿ ਵੀ ਜੋੜ ਦਿੱਤੇ ਹਨ।
ਪਤੀ ਦਾ ਪਤਨੀ ਦੇ ਕੰਮ ਵਿੱਚ ਮਦਦ ਕਰਨਾ, ਗੁਆਂਢੀਆਂ ਦੇ ਕਿਸੇ ਸਮਾਗਮ ਜਾਂ ਕੰਮ ਵਿੱਚ ਵੱਧ – ਚੜ੍ਹ ਕੇ ਸਾਥ ਦੇਣਾ ਖੁਸ਼ੀਆਂ ਵਿੱਚ ਵਾਧਾ ਕਰਦੇ ਹਨ।
ਜਿਹੜੇ ਖੁਸ਼ੀਆਂ ਨੂੰ ਸੱਦਾ ਦੇਣਾ ਜਾਣਦੇ ਹਨ ਉਹ ਕੇਵਲ ਆਪਣੇ ਨਜ਼ਦੀਕੀਆਂ ਦੇ ਸਮਾਗਮਾਂ ਵਿੱਚ ਸ਼ਾਮਿਲ ਹੀ ਨਹੀਂ ਹੁੰਦੇ ਸਗੋਂ ਰੌਣਕਾਂ ਨੂੰ ਵਧਾਉਂਦੇ ਵੀ ਹਨ। ਕਈ ਵਾਰੀ ਕਿਸੇ ਬੁਰੀ ਆਦਤ ਨੂੰ ਛੱਡ ਦੇਣਾ ਵੀ ਖੁਸ਼ੀ ਪੈਦਾ ਕਰਦਾ ਹੈ।
ਜਦੋਂ ਨਸ਼ੇ ਕਰਨ ਵਾਲਾ, ਝੂਠ ਬੋਲਣ ਵਾਲਾ, ਰਿਸ਼ਵਤ ਲੈਣ ਵਾਲਾ, ਚੁਗਲਖੋਰ ਆਦਿ ਆਪਣੀਆਂ ਆਦਤਾਂ ਵਿੱਚ ਸੁਧਾਰ ਕਰਕੇ ਖੁਸ਼ੀ ਮਨਾਉਂਦਾ ਹੈ ਤਾਂ ਉਸ ਦੀ ਇਹ ਖੁਸ਼ੀ ਅਸਹਿ ਹੁੰਦੀ ਹੈ, ਕਿਉਂਕਿ ਉਸ ਨੇ ਆਪਣੀ ਇਸ ਬੁਰੀ ਆਦਤ ਦਾ ਤਿਆਗ ਕਰ ਦਿੱਤਾ ਹੁੰਦਾ ਹੈ।
ਇਨਸਾਨ ਨੂੰ ਖੁਸ਼ੀ ਨਾਲ਼ ਮੁਆਫ਼ ਕਰ ਦੇਣਾ, ਖਿਮਾਂ ਮੰਗਣ ਨਾਲ਼ ਜਾਂ ਆਪਣਾ ਦੋਸ਼ ਕਬੂਲ ਕਰ ਲੈਣ ਨਾਲ਼ ਵੀ ਖੁਸ਼ੀ ਪ੍ਰਾਪਤ ਹੁੰਦੀ ਹੈ। ਤੁਹਾਡੇ ਦੁਆਰਾ ਪਾਪ, ਗੁਨਾਹ ਕਰਨ ‘ਤੇ ਜਦੋਂ ਕਿਸੇ ਦਾ ਕੋਈ ਨੁਕਸਾਨ ਹੁੰਦਾ ਹੈ ਤਾਂ ਤੁਹਾਡੇ ਮਨ ਉੱਤੇ ਬੋਝ ਹੀ ਰਹੇਗਾ। ਤੁਸੀਂ ਕਦੇ ਵੀ ਮੁਕੰਮਲ ਤੌਰ ‘ਤੇ ਖੁਸ਼ੀਆਂ ਨਹੀਂ ਮਾਣ ਸਕੋਗੇ।
ਕਿਸੇ ਇਨਸਾਨ ਦੇ ਦੋਸ਼ ਨੂੰ ਖਿਮਾਂ ਕਰਨ ਨਾਲ਼ ਵੀ ਅਜੀਬ ਖੁਸ਼ੀ ਮਿਲਦੀ ਹੈ। ਦੋਸ਼ੀ ਨੂੰ ਖਿਮਾਂ ਕਰਨਾ ਬੜੇ ਹੀ ਪੁੰਨ ਵਾਲਾ ਕੰਮ ਸਮਝਿਆ ਜਾਂਦਾ ਹੈ। ਦੋਸ਼ੀ ਦੇ ਮਨ ਦਾ ਭਾਰ ਹਲਕਾ ਹੋ ਜਾਂਦਾ ਹੈ ਅਤੇ ਖਿਮਾਂ ਕਰਨ ਵਾਲੇ ਨੂੰ ਚੋਖੀ ਖੁਸ਼ੀ ਪ੍ਰਾਪਤ ਹੁੰਦੀ ਹੈ।
ਦੁਸ਼ਮਣ ਦੀ ਦੁਸ਼ਮਣੀ ਨੂੰ ਭੁਲਾ ਕੇ ਉਸ ਨੂੰ ਮੁਆਫ਼ ਕਰਨ ਨਾਲ਼ ਤੁਸੀਂ ਉਸਦੇ ਸਤਿਕਾਰ ਦੇ ਪਾਤਰ ਬਣ ਜਾਓਗੇ। ਜੇਕਰ ਉਹ ਮੁਆਫੀ ਵੀ ਮੰਗੇ ਤਾਂ ਉਸ ਨੂੰ ਜ਼ਰੂਰ ਮੁਆਫ਼ ਕਰ ਦੇਣਾ ਚਾਹੀਦਾ ਹੈ। ਆਪਣੀਆਂ ਨਿੱਕੀਆਂ – ਨਿੱਕੀਆਂ ਜਿਦਾਂ ਨੂੰ ਅਸੂਲਾਂ ਦਾ ਨਾਂ ਦੇ ਕੇ ਆਪਣੇ ਰਸਤੇ ਵਿੱਚ ਰੁਕਾਵਟਾਂ ਪੈਦਾ ਨਹੀਂ ਕਰਨੀਆਂ ਚਾਹੀਦੀਆਂ।
ਆਪਣੇ ਨਾਲ਼ ਸੰਬੰਧਿਤ ਹਰ ਚੀਜ਼ ਰੁਕਾਵਟ ਦਾ ਪ੍ਰਤੀਕ ਹੈ। ਅਜਿਹੀ ‘ਮੈਂ’ ਰੂਪੀ ਰੁਕਾਵਟ ਖੁਸ਼ੀਆਂ ਦੇ ਵਿੱਚ ਬਹੁਤ ਵੱਡਾ ਵਿਰੋਧ ਖੜ੍ਹਾ ਕਰਦੀ ਹੈ। ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਹਊਮੈ ਨੂੰ ਤਿਆਗ ਕੇ ਰੂਹਾਨੀ ਖੁਸ਼ੀਆਂ ਦਾ ਖਜ਼ਾਨਾ ਪ੍ਰਾਪਤ ਕੀਤਾ ਜਾਵੇ।
ਸਹਿਯੋਗ ਅਤੇ ਤਿਆਗ, ਮੁਕਾਬਲਾ ਕਰਨ ਨਾਲੋਂ ਹਜ਼ਾਰਾਂ ਦਰਜੇ ਉੱਚਾ ਸੰਕਲਪ ਹੈ। ਛੋਟੇ – ਛੋਟੇ ਤਿਆਗ, ਨਿੱਕੀਆਂ – ਨਿੱਕੀਆਂ ਮੁਆਫੀਆਂ, ਨਜ਼ਰ ਅੰਦਾਜ਼ਗੀਆਂ ਇਨਸਾਨ ਨੂੰ ਬਹੁਤ ਵੱਡੀ ਖੁਸ਼ੀ ਪ੍ਰਦਾਨ ਕਰ ਸਕਦੀਆਂ ਹਨ। ਦੇਖ ਕੇ ਅਣਡਿੱਠ ਕਰਨ ਦੀ ਆਦਤ, ਨਿਮਰਤਾ ਧਾਰਨ ਕਰਨਾ ਖੁਸ਼ੀਆਂ ਨੂੰ ਸੱਦਾ ਪੱਤਰ ਦੇਣ ਦੇ ਢੰਗ ਹਨ।
ਖੁਸ਼ੀ, ਮਨ ਦੀ ਇੱਕ ਅਵਸਥਾ ਦਾ ਨਾਂ ਹੈ, ਕਿਸੇ ਚੀਜ਼ ਦਾ ਨਾਂ ਖੁਸ਼ੀ ਨਹੀਂ ਹੈ। ਅਜਿਹੀ ਅਵਸਥਾ ਵਿਕਸਤ ਅਤੇ ਪੈਦਾ ਕੀਤੀ ਜਾਂਦੀ ਹੈ। ਇਹ ਮਨੁੱਖ ਨੂੰ ਜਨਮ ਤੋਂ ਹੀ ਪ੍ਰਾਪਤ ਨਹੀਂ ਹੁੰਦੀ।