ਸਾਹਿਤ – ਮਾਲਾ – ਪੁਸਤਕ (ਪੰਜਾਬੀ ਕਵਿਤਾ ਤੇ ਵਾਰਤਕ)
ਵਾਰਤਕ – ਭਾਗ (ਜਮਾਤ ਦਸਵੀਂ)
ਤੁਰਨ ਦਾ ਹੁਨਰ – ਡਾ. ਨਰਿੰਦਰ ਸਿੰਘ ਕਪੂਰ
ਤੁਰਨ ਦਾ ਹੁਨਰ : ਵੱਡੇ ਉੱਤਰਾਂ ਵਾਲੇ ਪ੍ਰਸ਼ਨ (50-60 ਸ਼ਬਦਾਂ ਵਿੱਚ ਉੱਤਰ ਵਾਲੇ ਪ੍ਰਸ਼ਨ)
ਪ੍ਰਸ਼ਨ 1. ਲੇਖਕ ਅਨੁਸਾਰ ਕਿਹੜਾ ਵਿਅਕਤੀ ਲੰਮੇ ਪੈਂਡੇ ਤੁਰਨ ਦਾ ਸਾਹਸ ਕਰ ਸਕਦਾ ਹੈ?
ਉੱਤਰ : ਲੰਮੇ ਪੈਂਡੇ ਤੁਰਨ ਅਥਵਾ ਲੰਮੇ ਫ਼ਾਸਲੇ ‘ਤੇ ਜਾਣ ਦਾ ਸਾਹਸ ਉਹੀ ਵਿਅਕਤੀ ਕਰ ਸਕਦਾ ਹੈ ਜਿਸ ਵਿੱਚ ਹੌਸਲਾ, ਸਹਿਣਸ਼ੀਲਤਾ, ਬਰਦਾਸ਼ਤ ਕਰਨ ਦੀ ਸ਼ਕਤੀ ਅਤੇ ਸਬਰ ਦਾ ਮਾਦਾ ਹੋਵੇ। ਲੰਮੇ ਪੈਂਡੇ ਤੁਰਨ ਲਈ ਕਈ ਤਰ੍ਹਾਂ ਦੀਆਂ ਮੁਸ਼ਕਲਾਂ ਦਾ ਸਾਮ੍ਹਣਾ ਵੀ ਕਰਨਾ ਪੈਂਦਾ ਹੈ। ਇਸ ਤਰ੍ਹਾਂ ਸਬਰ-ਸੰਤੋਖ ਵਾਲਾ ਵਿਅਕਤੀ ਹੀ ਲੰਮੇ ਪੈਂਡੇ ਤੁਰਨ ਦਾ ਸਾਹਸ ਦਿਖਾ ਸਕਦਾ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਦੀ ਸ਼ਖ਼ਸੀਅਤ ਵਿੱਚ ਇਹ ਸਾਰੇ ਗੁਣ ਸਨ। ਇਸੇ ਲਈ ਉਹਨਾਂ ਚਾਰ ਲੰਮੀਆਂ ਯਾਤਰਾਵਾਂ ਕੀਤੀਆਂ।
ਪ੍ਰਸ਼ਨ 2. ਮਨੁੱਖ ਦੀਆਂ ਸਰੀਰਿਕ ਸਮੱਸਿਆਵਾਂ ਕਿਉਂ ਵਧ ਗਈਆਂ ਹਨ ਅਤੇ ਇਹਨਾਂ ਨੂੰ ਕਿਵੇਂ ਦੂਰ ਕੀਤਾ ਜਾ ਸਕਦਾ ਹੈ?
ਉੱਤਰ : ਲੇਖਕ ਅਨੁਸਾਰ ਮਨੁੱਖ ਨੇ ਆਪਣੇ ਫ਼ਾਸਲੇ ਲੰਮੇ ਕਰ ਲਏ ਹਨ। ਇਸ ਲਈ ਕਾਰਾਂ, ਗੱਡੀਆਂ, ਬੱਸਾਂ ਆਦਿ ਰਾਹੀਂ ਸਫ਼ਰ ਕਰਨਾ ਉਸ ਦੀ ਮਜਬੂਰੀ ਬਣ ਗਿਆ ਹੈ। ਦੂਸਰੇ ਪਾਸੇ ਮਨੁੱਖ ਨੂੰ ਤੁਰਨ ਦੇ ਜਿਹੜੇ ਕੁਝ ਮੌਕੇ ਮਿਲਦੇ ਵੀ ਹਨ ਉਹ ਉਹਨਾਂ ਤੋਂ ਵੀ ਲਾਭ ਨਹੀਂ ਉਠਾਉਂਦਾ। ਇਸ ਕਾਰਨ ਮਨੁੱਖ ਦੀਆਂ ਸਰੀਰਿਕ ਸਮੱਸਿਆਵਾਂ ਅਥਵਾ ਬਿਮਾਰੀਆਂ ਵਧ ਗਈਆਂ ਹਨ। ਅਜੋਕਾ ਮਨੁੱਖ ਜਦੋਂ ਵੀ ਆਪਣੇ ਸਰੀਰ ਦੀ ਕੋਈ ਗੱਲ ਕਰਦਾ ਹੈ ਤਾਂ ਇਹ ਕੋਈ ਨਾ ਕੋਈ ਸਮੱਸਿਆ ਅਥਵਾ ਬਿਮਾਰੀ ਹੁੰਦੀ ਹੈ। ਲੇਖਕ ਅਨੁਸਾਰ ਇਹਨਾਂ ਸਾਰੀਆਂ ਸਰੀਰਿਕ ਸਮੱਸਿਆਵਾਂ ਨੂੰ ਦੂਰ ਕਰਨ ਦਾ ਇੱਕੋ-ਇੱਕ ਢੰਗ ਹੈ ਤੁਰਨਾ। ਇਸ ਲਈ ਸਾਨੂੰ ਜਦੋਂ ਵੀ ਮੌਕਾ ਮਿਲੇ ਤੁਰਨਾ ਜ਼ਰੂਰ ਚਾਹੀਦਾ ਹੈ। ਤੁਰਨ ਨਾਲ ਪੰਜਾਂ ਮਿੰਟਾਂ ਵਿੱਚ ਹੀ ਤੁਹਾਨੂੰ ਤਬਦੀਲੀ ਮਹਿਸੂਸ ਹੋਣ ਲੱਗ ਪਵੇਗੀ। ਪਰ ਸਮੱਸਿਆ ਇਹ ਹੈ ਕਿ ਅਸੀਂ ਡਾਕਟਰ ਕੋਲ ਜਾਣ ਜਾਂ ਉਪਰੇਸ਼ਨ ਕਰਵਾਉਣ ਲਈ ਤਾਂ ਤਿਆਰ ਹਾਂ ਪਰ ਤੁਰਨ ਲਈ ਤਿਆਰ ਨਹੀਂ।
ਪ੍ਰਸ਼ਨ 3. ‘ਅਮੀਰ ਘਰਾਂ ਵਿੱਚ ਜੇ ਕਿਸੇ ਦੀ ਸਿਹਤ ਠੀਕ ਹੁੰਦੀ ਹੈ ਤਾਂ ਨੌਕਰਾਂ ਦੀ ਹੀ ਹੁੰਦੀ ਹੈ।’ ਇਸ ਕਥਨ ਦੀ ਵਿਆਖਿਆ ਕਰੋ।
ਉੱਤਰ : ਅਮੀਰ ਲੋਕ ਅਰਾਮ ਪਸੰਦ ਹੁੰਦੇ ਹਨ। ਪੈਦਲ ਤੁਰਨ ਦੀ ਥਾਂ ਉਹ ਕਾਰਾਂ/ ਗੱਡੀਆਂ ਆਦਿ ਦੀ ਵਰਤੋਂ ਕਰਦੇ ਹਨ ਅਤੇ ਘਰ ਦੇ ਬਹੁਤੇ ਕੰਮਾਂ ਲਈ ਉਹਨਾਂ ਨੌਕਰ ਰੱਖ ਹੁੰਦੇ ਹਨ। ਇਸੇ ਲਈ ਉਹ ਸਰੀਰਿਕ ਸਮੱਸਿਆਵਾਂ ਅਥਵਾ ਬਿਮਾਰੀਆਂ ਦਾ ਸ਼ਿਕਾਰ ਹੋ ਜਾਂਦੇ ਹਨ। ਇਸੇ ਪ੍ਰਸੰਗ ਵਿੱਚ ਲੇਖਕ ਕਹਿੰਦਾ ਹੈ ਕਿ ਅਮੀਰ ਘਰਾਂ ਵਿੱਚ ਕੇਵਲ ਨੌਕਰਾਂ ਦੀ ਹੀ ਸਿਹਤ ਠੀਕ ਹੁੰਦੀ ਹੈ। ਇਸ ਦਾ ਕਾਰਨ ਇਹ ਹੈ ਕਿ ਘਰ ਦੇ ਸਾਰੇ ਕੰਮ ਉਹਨਾਂ ਨੂੰ ਹੀ ਕਰਨੇ ਪੈਂਦੇ ਹਨ ਅਤੇ ਉਹ ਹੀ ਤੁਰਦੇ ਹਨ। ਕੰਮ ਕਾਰ ਕਰਨ ਅਤੇ ਤੁਰਨ ਕਾਰਨ ਉਹਨਾਂ ਦੀ ਸਿਹਤ ਠੀਕ ਰਹਿੰਦੀ ਹੈ।
ਪ੍ਰਸ਼ਨ 4. ਪੈਦਲ ਤੁਰਨਾ ਮਨੁੱਖੀ ਸਰੀਰ ਲਈ ਕਿਵੇਂ ਲਾਭਦਾਇਕ ਹੈ?
ਉੱਤਰ : ਤੁਰਨ ਨੂੰ ਲੇਖਕ (ਡਾ. ਨਰਿੰਦਰ ਸਿੰਘ ਕਪੂਰ) ਹਲਕੇ-ਫੁੱਲ ਹੋਣ ਦਾ ਹੁਨਰ ਦੱਸਦਾ ਹੈ। ਤੁਰਨ ਵਾਲਾ ਵਿਅਕਤੀ ਵਧੇਰੇ ਪ੍ਰਸੰਨ ਹੋ ਕੇ ਆਪਣੇ ਘਰ ਮੁੜਦਾ ਹੈ। ਜਿਨ੍ਹਾਂ ਵਿਅਕਤੀਆਂ ਨੂੰ ਤੁਰਨ ਦੀ ਆਦਤ ਹੈ ਉਹ ਬਿਮਾਰ ਨਹੀਂ ਹੁੰਦੇ। ਤੁਰਨ ਨਾਲ ਸਾਡੇ ਅੰਦਰ ਸ੍ਵੈਵਿਸ਼ਵਾਸ ਪੈਦਾ ਹੁੰਦਾ ਹੈ। ਜਿਹੜੇ ਪਤੀ-ਪਤਨੀ ਇਕੱਠਿਆਂ ਸੈਰ ਕਰ ਸਕਦੇ ਹਨ ਉਹ ਦੁਨੀਆ ਦੀ ਹਰ ਮੁਸੀਬਤ ਦਾ ਖਿੜੇ ਮੱਥੇ ਸਾਮ੍ਹਣਾ ਕਰ ਸਕਦੇ ਹਨ। ਤੁਰਨ ਨਾਲ ਪ੍ਰਕਿਰਤੀ ਨਾਲ ਸਾਡਾ ਸੰਬੰਧ ਜੁੜਦਾ ਹੈ ਜੋ ਸਾਡੇ ਮਨ ਨੂੰ ਅਮੀਰ ਅਤੇ ਸਾਡੇ ਦਿਲ ਨੂੰ ਵਿਸ਼ਾਲ ਕਰਦਾ ਹੈ। ਤੁਰਨ ਵਾਲਾ ਵਿਅਕਤੀ ਬਹਾਦਰ, ਹੌਸਲੇ ਵਾਲਾ ਅਤੇ ਗੰਭੀਰ ਹੋ ਜਾਂਦਾ ਹੈ। ਤੁਰਨ ਨਾਲ ਹੀ ਮਨ ਦੀ ਸ਼ਾਂਤੀ ਮਿਲਦੀ ਹੈ। ਜੇਕਰ ਤੁਸੀਂ ਚਾਹੁੰਦੇ ਹੋ ਕਿ ਤੁਹਾਡੇ ਚਿਹਰੇ ‘ਤੇ ਝੁਰੜੀਆਂ ਨਾ ਪੈਣ ਤਾਂ ਏਨਾ ਤੁਰੋ ਕਿ ਤੁਹਾਡੇ ਬੂਟਾਂ ‘ਤੇ ਝੁਰੜੀਆਂ ਪੈ ਜਾਣ।
ਪ੍ਰਸ਼ਨ 5. ਤੁਰਨ ਨਾਲ ਸਾਨੂੰ ਕਿਹੜੇ-ਕਿਹੜੇ ਨੈਤਿਕ ਅਤੇ ਸਦਾਚਾਰਿਕ ਗੁਣਾਂ ਦੀ ਪ੍ਰਾਪਤੀ ਹੁੰਦੀ ਹੈ?
ਉੱਤਰ : ਤੁਰਨਾ ਜਿੱਥੇ ਸਰੀਰ ਲਈ ਲਾਭਦਾਇਕ ਹੈ ਉੱਥੇ ਇਸ ਤੋਂ ਸਾਨੂੰ ਨੈਤਿਕ ਅਤੇ ਸਦਾਚਾਰਿਕ ਗੁਣਾਂ ਦੀ ਪ੍ਰਾਪਤੀ ਵੀ ਹੁੰਦੀ ਹੈ। ਤੁਰਨ ਤੋਂ ਸਾਨੂੰ ਆਪਸੀ ਪਿਆਰ, ਸ੍ਵੈਵਿਸ਼ਵਾਸ, ਹੌਸਲੇ/ਬਹਾਦਰੀ, ਸਬਰ-ਸੰਤੋਖ, ਮਾਨਸਿਕ ਸ਼ਾਂਤੀ, ਸੰਜਮ ਅਤੇ ਸਲੀਕੇ ਵਰਗੇ ਨੈਤਿਕ ਗੁਣਾਂ ਦੀ ਪ੍ਰਾਪਤੀ ਹੁੰਦੀ ਹੈ। ਤੁਰਨ ਨਾਲ ਅਸੀਂ ਪ੍ਰਕਿਰਤੀ ਨਾਲ ਜੁੜ ਜਾਂਦੇ ਹਾਂ ਜਿਸ ਕਾਰਨ ਸਾਡਾ ਮਨ ਅਮੀਰ ਅਤੇ ਦਿਲ ਵਿਸ਼ਾਲ ਹੁੰਦਾ ਹੈ। ਤੁਰਨ ਤੋਂ ਸਾਨੂੰ ਸ਼ੁੱਭ ਆਚਾਰ/ਨੇਕ ਚਲਨੀ/ਸਹਿਣਸ਼ੀਲਤਾ/ਬਰਦਾਸ਼ਤ ਕਰਨ ਦੀ ਸ਼ਕਤੀ/ਸਬਰ ਦਾ ਮਾਦਾ ਵਰਗੇ ਸਦਾਚਾਰਿਕ ਗੁਣ ਵੀ ਪ੍ਰਾਪਤ ਹੁੰਦੇ ਹਨ।
ਪ੍ਰਸ਼ਨ 6. ਲੇਖਕ ਅਨੁਸਾਰ ਪੈਦਲ ਤੁਰਿਆਂ ਮਨੁੱਖ ਕੁਦਰਤ ਦੇ ਵਧੇਰੇ ਨੇੜੇ ਕਿਵੇਂ ਹੋ ਜਾਂਦਾ ਹੈ?
ਉੱਤਰ : ਪੈਦਲ ਤੁਰਨ ਵਾਲਾ ਵਿਅਕਤੀ ਕੁਦਰਤੀ ਦ੍ਰਿਸ਼ਾਂ ਨੂੰ ਬਹੁਤ ਨੇੜਿਓਂ ਦੇਖਦਾ ਹੈ। ਲੇਖਕ ਦੇ ਕਹਿਣ ਅਨੁਸਾਰ ਤੁਰਨ ਵਾਲ਼ੇ ਵਿਅਕਤੀ ਨੂੰ ਸਾਰੀਆਂ ਥਾਂਵਾਂ ਨੇੜੇ ਪ੍ਰਤੀਤ ਹੁੰਦੀਆਂ ਹਨ। ਇਸ ਤਰ੍ਹਾਂ ਉਹ ਕੁਦਰਤੀ ਦ੍ਰਿਸ਼ਾਂ ਦੇ ਵੀ ਬਹੁਤ ਨੇੜੇ ਹੋ ਜਾਂਦਾ ਹੈ। ਉਹ ਆਪਣੇ ਆਪ ਨੂੰ ਇੱਕ ਤਰ੍ਹਾਂ ਨਾਲ ਕੁਦਰਤ ਦੇ ਹਵਾਲੇ ਕਰ ਦਿੰਦਾ ਹੈ ਅਤੇ ਕੁਦਰਤ ਉਸ ਦੀਆਂ ਸਾਰੀਆਂ ਸਮੱਸਿਆਵਾਂ ਹੱਲ ਕਰ ਦਿੰਦੀ ਹੈ। ਪੈਦਲ ਤੁਰਨ ਨਾਲ ਸਾਡਾ ਪ੍ਰਕਿਰਤੀ ਨਾਲ ਨਾਤਾ ਜੁੜ ਜਾਂਦਾ ਹੈ ਜੋ ਸਾਡੇ ਮਨ ਨੂੰ ਅਮੀਰ ਅਤੇ ਸਾਡੇ ਦਿਲ ਨੂੰ ਵਿਸ਼ਾਲ ਕਰਦਾ ਹੈ। ਤੁਰਨ ਨਾਲ ਨਿਗੂਣੀਆਂ ਅਥਵਾ ਤੁੱਛ ਚੀਜ਼ਾਂ ਵੀ ਸੁੰਦਰ ਲੱਗਣ ਲੱਗ ਪੈਂਦੀਆਂ ਹਨ। ਇਸ ਤਰ੍ਹਾਂ ਤੁਰਨ ਨਾਲ ਮਨੁੱਖ ਕੁਦਰਤ ਦੇ ਵਧੇਰੇ ਨੇੜੇ ਹੋ ਜਾਂਦਾ ਹੈ।
ਪ੍ਰਸ਼ਨ 7. ਪੈਦਲ ਤੁਰਨ ਸੰਬੰਧੀ ਯੂਨਾਨੀ ਫ਼ਿਲਾਸਫ਼ਰ ਦੇ ਕੀ ਵਿਚਾਰ ਹਨ?
ਉੱਤਰ : ਲੇਖਕ (ਡਾ. ਨਰਿੰਦਰ ਸਿੰਘ ਕਪੂਰ) ਆਪਣੇ ਲੇਖ/ਨਿਬੰਧ ‘ਤੁਰਨ ਦਾ ਹੁਨਰ’ ਵਿੱਚ ਇੱਕ ਯੂਨਾਨੀ ਫ਼ਿਲਾਸਫ਼ਰ ਦੇ ਵਿਚਾਰਾਂ ਦਾ ਹਵਾਲਾ ਦਿੰਦਾ ਲਿਖਦਾ ਹੈ ਕਿ ਜਦ ਉਹ ਭਾਰਤ ਲਈ ਤੁਰਿਆ ਤਾਂ ਉਸ ਨੇ ਆਪਣੀ ਯਾਤਰਾ ਦਾ ਉਦੇਸ਼ ਦੱਸਦਿਆਂ ਕਿਹਾ ਕਿ ਉਹ ਇਹ ਦੇਖਣ ਚੱਲਿਆ ਹੈ ਕਿ ਦੁਨੀਆ ਕੋਲ ਉਸ ਨੂੰ ਸਿਖਾਉਣ ਲਈ ਕੀ ਹੈ ਅਤੇ ਉਸ ਕੋਲ ਦੁਨੀਆ ਨੂੰ ਸਿਖਾਉਣ ਲਈ ਕੀ ਹੈ?
ਪ੍ਰਸ਼ਨ 8. ਯਾਤਰੀ, ਜਿਗਿਆਸੂ, ਅਭਿਲਾਸ਼ੀ ਦੇ ਅਰਥਾਂ ਦੇ ਪ੍ਰਸੰਗ ਵਿੱਚ ਲੇਖਕ ਨੇ ਤੁਰਨ ਦੀਆਂ ਕਿਹੜੀਆਂ-ਕਿਹੜੀਆਂ ਉਦਾਹਰਨਾਂ ਦਿੱਤੀਆਂ ਹਨ? 50-60 ਸ਼ਬਦਾਂ ਵਿੱਚ ਉੱਤਰ ਦਿਓ।
ਉੱਤਰ : ਲੇਖਕ ਅਨੁਸਾਰ ਯਾਤਰੀ, ਜਿਗਿਆਸੂ, ਅਭਿਲਾਸ਼ੀ ਦੇ ਅਰਥ ਤੁਰਨ ਵਾਲ਼ੇ ਵਿਅਕਤੀ ਤੋਂ ਹੀ ਹੈ। ਯੂਨਾਨੀ ਪਾਤਰ ਯੂਲੀਸਿਸ ਅਤੇ ਸਾਡੇ ਪੰਜਾਬ ਦੇ ਸ੍ਰੀ ਗੁਰੂ ਨਾਨਕ ਦੇਵ ਜੀ ਹਮੇਸ਼ਾਂ ਤੁਰਦੇ ਰਹਿਣ ਦੇ ਪ੍ਰਤੀਕ ਹਨ। ਪੰਜਾਬ ਦਾ ਸੱਭਿਆਚਾਰ ਦਰਿਆਵਾਂ ਵਾਲਾ ਸੱਭਿਆਚਾਰ ਹੈ। ਇਹ ਸੱਭਿਆਚਾਰ ਲਗਾਤਾਰ ਵਹਿਣ ਵਹਾਅ) ਵਿੱਚ ਪਏ ਲੋਕਾਂ ਦਾ ਸੱਭਿਆਚਾਰ ਹੈ। ਪੰਜਾਬੀ ਕਿੱਸਿਆਂ ਵਿਚਲੇ ਪ੍ਰੇਮੀ (ਮਿਰਜ਼ਾ, ਰਾਂਝਾ, ਪੁਨੂੰ ਆਦਿ) ਆਪਣੇ ਦੇਸਾਂ/ਇਲਾਕਿਆਂ ਤੋਂ ਤੁਰ ਕੇ ਹੀ ਆਪਣੀਆਂ ਪ੍ਰੇਮਿਕਾਵਾਂ ਦੇ ਦੇਸ ਪਹੁੰਚੇ ਸਨ।
ਪ੍ਰਸ਼ਨ 9. ਕਈ ਲੋਕਾਂ ਵੱਲੋਂ ਵਿਦੇਸ਼ ਵਿੱਚ ਗੁਜ਼ਾਰੇ ਇੱਕ ਹਫ਼ਤੇ ਅਤੇ ਉਹਨਾਂ ਦੇ ਆਪਣੇ ਦੇਸ (ਜਿੱਥੇ ਉਹ ਪੀੜ੍ਹੀਆਂ ਤੋਂ ਰਹਿ ਰਹੇ ਹੁੰਦੇ ਹਨ) ਲਈ ਉਹਨਾਂ ਦੀ ਭਾਵਨਾ ਸੰਬੰਧੀ ਲੇਖਕ ਦੇ ਪ੍ਰਤਿਕਰਮ ਨੂੰ 50-60 ਸ਼ਬਦਾਂ ਵਿੱਚ ਬਿਆਨ ਕਰੋ।
ਉੱਤਰ : ‘ਤੁਰਨ ਦਾ ਹੁਨਰ’ ਲੇਖ/ਨਿਬੰਧ ਵਿੱਚ ਲੇਖਕ (ਡਾ. ਨਰਿੰਦਰ ਸਿੰਘ ਕਪੂਰ) ਨੇ ਦੱਸਿਆ ਹੈ ਕਿ ਕਈ ਲੋਕ ਵਿਦੇਸ਼ ਵਿੱਚ ਬਤੀਤ ਕੀਤੇ ਕੇਵਲ ਇੱਕ ਹਫ਼ਤੇ ਬਾਰੇ ਕਈ ਸਾਲਾਂ ਤੱਕ ਗੱਲਾਂ ਕਰਦੇ ਰਹਿੰਦੇ ਹਨ। ਪਰ ਜਿਸ ਦੇਸ ਵਿੱਚ ਉਹ ਪੀੜਿਆਂ ਤੋਂ ਰਹਿੰਦੇ ਹਨ ਉਹਨਾਂ ਥਾਂਵਾਂ ਬਾਰੇ ਉਹਨਾਂ ਕੋਲ ਦਸ ਵਾਕ ਵੀ ਨਹੀਂ ਹੁੰਦੇ। ਲੇਖਕ ਕਹਿੰਦਾ ਹੈ ਕਿ ਤੁਰਨ ਨਾਲ ਹੀ ਸਾਨੂੰ ਆਪਣੇ ਪ੍ਰਾਂਤ ਅਤੇ
ਦੇਸ ਦੀ ਵਿਸ਼ਾਲਤਾ ਦਾ ਗਿਆਨ ਹੁੰਦਾ ਹੈ।
ਪ੍ਰਸ਼ਨ 10. ਤੁਰਨ ਦੇ ਵਿਰੋਧੀਆਂ ਵੱਲੋਂ ਤੁਰਨ ਦੇ ਵਿਰੋਧ ਵਿੱਚ ਕਿਹੜੀਆਂ ਦਲੀਲਾਂ ਦਿੱਤੀਆਂ ਜਾਂਦੀਆਂ ਹਨ?
ਉੱਤਰ : ਅਜੋਕੇ ਯੁੱਗ ਵਿੱਚ ਤੁਰਨ ਨੂੰ ਸਮੇਂ ਦੀ ਬਰਬਾਦੀ ਕਹਿਣ ਵਾਲੇ ਲੋਕਾਂ ਦੀ ਗਿਣਤੀ ਵਧ ਰਹੀ ਹੈ। ਪਰ ਸਾਡਾ ਸਰੀਰ ਤੁਰਨ ਵਿੱਚ ਲੱਗਣ ਵਾਲਾ ਸਾਰਾ ਸਮਾਂ ਕਿਸੇ ਨਾ ਕਿਸੇ ਤਰੀਕੇ ਸਾਨੂੰ ਮੋੜ ਦਿੰਦਾ ਹੈ। ਤੁਰਨ ਦੇ ਵਿਰੋਧੀ ਇਹ ਦਲੀਲ ਵੀ ਦੇਣਗੇ ਕਿ ਇੱਕ ਪਹਾੜ, ਇੱਕ ਦਰਿਆ ਜਾਂ ਇੱਕ ਜੰਗਲ ਦੇਖਣ ਤੋਂ ਬਾਅਦ ਹੋਰ ਪਹਾੜ, ਹੋਰ ਦਰਿਆ ਜਾਂ ਹੋਰ ਜੰਗਲ ਦੇਖਣ ਦੀ ਲੋੜ ਨਹੀਂ। ਅਜਿਹੇ ਲੋਕ ਕਹਿਣਗੇ ਕਿ ਤੁਰਨ ਵਾਲ਼ੇ ਤੁਰਨ ਦੇ ਲਾਭਾਂ ਸੰਬੰਧੀ ਝੂਠ ਬੋਲਦੇ ਹਨ। ਉਹ ਕਹਿਣਗੇ ਕਿ ਜੇਕਰ ਖੋਤਾ ਸੌ ਮੀਲ ਤੁਰ ਜਾਵੇ ਤਾਂ ਵੀ ਉਹ ਘੋੜਾ ਨਹੀਂ ਬਣੇਗਾ।
ਪ੍ਰਸ਼ਨ 11. ਨਿਗੂਣੀਆਂ ਚੀਜ਼ਾਂ ਵੀ ਕਿਵੇਂ ਸੁੰਦਰ ਪ੍ਰਤੀਤ ਹੋਣ ਲੱਗ ਪੈਂਦੀਆਂ ਹਨ?
ਉੱਤਰ : ਤੁਰਨ ਨਾਲ ਤੁੱਛ ਚੀਜ਼ਾਂ ਵੀ ਖੂਬਸੂਰਤ ਲੱਗਣ ਲੱਗ ਪੈਂਦੀਆਂ ਹਨ। ਦਰਖ਼ਤ ਕਵਿਤਾਵਾਂ ਲੱਗਣ ਲੱਗ ਪੈਂਦੇ ਹਨ ਅਤੇ ਗਊਆਂ-ਮੱਝਾਂ ਸਬਰ-ਸੰਤੋਖ ਦੀਆਂ ਮੂਰਤੀਆਂ ਪ੍ਰਤੀਤ ਹੋਣ ਲੱਗ ਪੈਂਦੀਆਂ ਹਨ। ਇਸ ਦੇ ਨਾਲ ਹੀ ਤੁਰਨ ਵਾਲ਼ਾ ਵਿਅਕਤੀ ਬਹਾਦਰ, ਹੌਸਲੇ ਵਾਲਾ ਅਤੇ ਗੰਭੀਰ ਹੋ ਜਾਂਦਾ ਹੈ। ਦਰਖ਼ਤਾਂ ਵਿੱਚੋਂ ਆਉਂਦੀ ਸੁਗੰਧ ਅੱਗੇ ਵਧੀਆ ਸੈਂਟ ਵੀ ਬਦਬੋਦਾਰ ਪ੍ਰਤੀਤ ਹੋਣ ਲੱਗ ਪੈਣਗੇ। ਇਸ ਤਰ੍ਹਾਂ ਲੇਖਕ ਸਾਨੂੰ ਤੁਰਨ ਦੀ ਸਿੱਖਿਆ ਦਿੰਦਾ ਹੈ।
ਪ੍ਰਸ਼ਨ 12. ‘ਤੁਰਨ ਦਾ ਹੁਨਰ’ ਲੇਖ/ਨਿਬੰਧ ਵਿੱਚ ਡਾ. ਨਰਿੰਦਰ ਸਿੰਘ ਕਪੂਰ ਨੇ ਕੀ ਕਹਿਣਾ ਚਾਹਿਆ ਹੈ?
ਜਾਂ
ਪ੍ਰਸ਼ਨ. ‘ਤੁਰਨ ਦਾ ਹੁਨਰ’ ਲੇਖ/ਨਿਬੰਧ ਦੇ ਵਿਸ਼ੇ ਬਾਰੇ ਜਾਣਕਾਰੀ ਦਿਓ।
ਉੱਤਰ : ‘ਤੁਰਨ ਦਾ ਹੁਨਰ’ ਲੇਖ/ਨਿਬੰਧ ਦਾ ਵਿਸ਼ਾ ਤੁਰਨ ਤੋਂ ਪ੍ਰਾਪਤ ਹੋਣ ਵਾਲ਼ੇ ਗੁਣਾਂ ਨਾਲ ਸੰਬੰਧਿਤ ਹੈ। ਲੇਖਕ ਅਨੁਸਾਰ ਕੇਵਲ ਸਬਰ-ਸੰਤੋਖ ਵਾਲਾ ਵਿਅਕਤੀ ਹੀ ਲੰਮੇ ਪੈਂਡੇ ਤੁਰਨ ਦਾ ਹੌਸਲਾ ਦਿਖਾ ਸਕਦਾ ਹੈ। ਮਨੁੱਖ ਨੂੰ ਤੁਰਨ ਦੇ ਜਿਹੜੇ ਮੌਕੇ ਮਿਲਦੇ ਹਨ ਉਹ ਉਸ ਤੋਂ ਲਾਭ ਨਹੀਂ ਉਠਾਉਂਦਾ ਜਿਸ ਕਾਰਨ ਉਸ ਦੀਆਂ ਸਰੀਰਿਕ ਸਮੱਸਿਆਵਾਂ ਵਧ ਰਹੀਆਂ ਹਨ। ਇਹਨਾਂ ਦਾ ਹੱਲ ਤੁਰਨ ਵਿੱਚ ਹੀ ਹੈ। ਤੁਰਨ ਨਾਲ ਸਾਡੇ ਅੰਦਰ ਸ੍ਵੈਵਿਸ਼ਵਾਸ ਪੈਦਾ ਹੁੰਦਾ ਹੈ ਅਤੇ ਅਸੀਂ ਪ੍ਰਕਿਰਤੀ ਨਾਲ ਜੁੜਦੇ ਹਾਂ। ਸਭ ਤੋਂ ਚੰਗੀ ਸੈਰ ਪਾਣੀ ਦੇ ਕਿਨਾਰੇ ਦੀ ਹੈ। ਪਰ ਸੈਰ ਕੋਈ ਵੀ ਮਾੜੀ ਨਹੀਂ ਹੁੰਦੀ। ਤੁਰਨਾ ਕਿਸੇ ਵੀ ਉਮਰ ਵਿੱਚ ਚੰਗਾ ਹੈ। ਤੁਰਨ ਨਾਲ ਤੁੱਛ ਚੀਜ਼ਾਂ ਵੀ ਸੁੰਦਰ ਲੱਗਣ ਲੱਗਦੀਆਂ ਹਨ ਅਤੇ ਸਾਡੇ ਮਨ ਨੂੰ ਸ਼ਾਂਤੀ ਮਿਲਦੀ ਹੈ। ਤੁਰਨ ਨਾਲ ਜ਼ਿੰਦਗੀ ਦਾ ਤਜਰਬਾ ਪ੍ਰਾਪਤ ਹੁੰਦਾ ਹੈ। ਜੇਕਰ ਅਸੀਂ ਚਾਹੁੰਦੇ ਹਾਂ ਕਿ ਸਾਡੇ ਚਿਹਰੇ ‘ਤੇ ਝੁਰੜੀਆਂ ਨਾ ਪੈਣ ਤਾਂ ਸਾਨੂੰ ਏਨਾ ਤੁਰਨਾ ਚਾਹੀਦਾ ਹੈ ਕਿ ਸਾਡੇ ਬੂਟਾਂ ‘ਤੇ ਝੁਰੜੀਆਂ ਪੈ ਜਾਣ।
ਪ੍ਰਸ਼ਨ 13. ‘ਤੁਰਨ ਦਾ ਹੁਨਰ’ ਲੇਖ/ਨਿਬੰਧ ਤੋਂ ਸਾਨੂੰ ਕੀ ਸਿੱਖਿਆ ਮਿਲਦੀ ਹੈ?
ਉੱਤਰ : ਡਾ. ਨਰਿੰਦਰ ਸਿੰਘ ਕਪੂਰ ਦਾ ਲੇਖ ‘ਤੁਰਨ ਦਾ ਹੁਨਰ ਸਿੱਖਿਆਦਾਇਕ ਹੈ। ਇਸ ਲੇਖ ਵਿੱਚ ਲੇਖਕ ਨੇ ਇਹ ਸਿੱਖਿਆ ਦਿੱਤੀ ਹੈ ਕਿ ਭਾਵੇਂ ਗੱਡੀਆਂ/ਬੱਸਾਂ ਵਿੱਚ ਸਫ਼ਰ ਕਰਨਾ ਸਾਡੀ ਮਜਬੂਰੀ ਹੈ ਪਰ ਸਾਨੂੰ ਤੁਰਨ ਦੇ ਜਿਹੜੇ ਕੁਝ ਮੌਕੇ ਮਿਲਦੇ ਹਨ ਉਹਨਾਂ ਤੋਂ ਜ਼ਰੂਰ ਲਾਭ ਉਠਾਉਣਾ ਚਾਹੀਦਾ ਹੈ। ਜੇਕਰ ਅਸੀਂ ਸਰੀਰਿਕ ਸਮੱਸਿਆਵਾਂ ਅਥਵਾ ਬਿਮਾਰੀਆਂ ਤੋਂ ਬਚਣਾ ਚਾਹੁੰਦੇ ਹਾਂ। ਤਾਂ ਸਾਨੂੰ ਤੁਰਨ ਦੀ ਆਦਤ ਨੂੰ ਅਪਣਾਉਣਾ ਚਾਹੀਦਾ ਹੈ।
ਪ੍ਰਸ਼ਨ 14. ‘ਤੁਰਨ ਦਾ ਹੁਨਰ’ ਲੇਖ/ਨਿਬੰਧ ਦੇ ਲੇਖਕ ਸੰਬੰਧੀ ਸੰਖੇਪ ਜਾਣਕਾਰੀ 50-60 ਸਬਦਾਂ ਵਿੱਚ ਦਿਓ।
ਉੱਤਰ : ‘ਤੁਰਨ ਦਾ ਹੁਨਰ’ ਨਿਬੰਧ ਦੇ ਲੇਖਕ ਡਾ. ਨਰਿੰਦਰ ਸਿੰਘ ਕਪੂਰ ਆਧੁਨਿਕ ਪੰਜਾਬੀ ਵਾਰਤਕ ਦੇ ਪ੍ਰਮੁੱਖ ਵਾਰਤਕਕਾਰਾਂ/ ਨਿਬੰਧਕਾਰਾਂ ਵਿੱਚੋਂ ਹਨ। ਆਪ ਦਾ ਜਨਮ 1944 ਈ. ਵਿੱਚ ਪਿੰਡ ਆਧੀ, ਜ਼ਿਲ੍ਹਾ ਰਾਵਲਪਿੰਡੀ (ਪਾਕਿਸਤਾਨ) ਵਿਖੇ ਸ. ਹਰਦਿੱਤ ਸਿੰਘ ਦੇ ਘਰ ਹੋਇਆ। ਆਪ ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਪੰਜਾਬੀ ਵਿਭਾਗ ਅਤੇ ਪੰਜਾਬੀ ਪੱਤਰਕਾਰੀ ਵਿਭਾਗ ਦੇ ਪ੍ਰੋਫ਼ੈਸਰ ਅਤੇ ਮੁਖੀ ਰਹੇ। ਡਾ. ਕਪੂਰ ਦੀਆਂ ਰਚਨਾਵਾਂ ਵਿੱਚੋਂ ਉਸ ਦਾ ਡੂੰਘਾ ਗਿਆਨ ਅਤੇ ਜੀਵਨ-ਅਨੁਭਵ ਪ੍ਰਗਟ ਹੁੰਦਾ ਹੈ। ਤਰਕਵੇਦ, ਘਾਟ-ਘਾਟ ਦਾ ਪਾਣੀ, ਬੂਹੇ ਬਾਰੀਆਂ, ਸੁਖ਼ਨ ਸੁਨੇਹੇ, ਅੰਦਰ ਝਾਤ, ਮਾਲਾ ਮਣਕੇ ਆਦਿ ਆਪ ਦੇ ਪ੍ਰਮੁੱਖ ਨਿਬੰਧ-ਸੰਗ੍ਰਹਿ ਹਨ। ‘ਸੱਚੋ ਸੱਚ’ ਅਮਰੀਕਾ ਦੀ ਯਾਤਰਾ ਨਾਲ ਸੰਬੰਧਿਤ ਆਪ ਦਾ ਸਫ਼ਰਨਾਮਾ ਹੈ। ਆਪ ਦੀ ਸ਼ੈਲੀ ਰੋਚਕ ਅਤੇ ਪ੍ਰਭਾਵਸ਼ਾਲੀ ਹੈ।
ਪ੍ਰਸ਼ਨ 15. ‘ਤੁਰਨ ਦਾ ਹੁਨਰ’ ਲੇਖ ਦੇ ਅਧਾਰ ‘ਤੇ ਡਾ. ਨਰਿੰਦਰ ਸਿੰਘ ਕਪੂਰ ਦੀ ਵਾਰਤਕ ਦੀਆਂ ਵਿਸ਼ੇਸ਼ਤਾਵਾਂ ਬਾਰੇ ਜਾਣਕਾਰੀ ਦਿਓ।
ਉੱਤਰ : ‘ਤੁਰਨ ਦਾ ਹੁਨਰ’ ਡਾ. ਨਰਿੰਦਰ ਸਿੰਘ ਕਪੂਰ ਦਾ ਇੱਕ ਮਹੱਤਵਪੂਰਨ ਲੇਖ/ਨਿਬੰਧ ਹੈ। ਇਸ ਲੇਖ ਵਿੱਚ ਲੇਖਕ ਨੇ ਤੁਰਨ ਦੇ ਹੁਨਰ ਬਾਰੇ ਬੜੇ ਸਰਲ, ਸਪਸ਼ਟ ਤੇ ਪ੍ਰਭਾਵਸ਼ਾਲੀ ਢੰਗ ਨਾਲ ਬੜੀ ਮਹੱਤਵਪੂਰਨ ਜਾਣਕਾਰੀ ਦਿੱਤੀ ਹੈ। ਲੇਖਕ ਨੇ ਆਪਣੇ ਵਿਚਾਰਾਂ ਦੀ ਪੁਸ਼ਟੀ ਲਈ ਯੋਗ ਉਦਾਹਰਨਾਂ ਵੀ ਦਿੱਤੀਆਂ ਹਨ। ਰੋਚਕਤਾ ਇਸ ਲੇਖ ਦੀ ਸ਼ੈਲੀ ਦਾ ਇੱਕ ਹੋਰ ਗੁਣ ਹੈ। ਡਾ. ਕਪੂਰ ਦੀ ਵਾਰਤਕ ਵਿੱਚ ਲੋਕ-ਮੁਹਾਵਰਾ ਬਣਨ ਦੀ ਸ਼ਕਤੀ ਹੈ। ਸਧਾਰਨ ਵਿਸ਼ੇ ‘ਤੇ ਲਿਖਿਆ ਇਹ ਲੇਖ ਪਾਠਕ ਦੀ ਸੋਚ ਨੂੰ ਪ੍ਰਭਾਵਿਤ ਕਰਦਾ ਹੈ।