ਦੁਸ਼ਮਣੀ (ਕਹਾਣੀ) – ਬਲਵਿੰਦਰ ਸਿੰਘ ਬਰਾਡ਼
ਸਾਹਿਤਕ ਰੰਗ – ੨
ਦਸਵੀਂ ਜਮਾਤ
ਪ੍ਰਸ਼ਨ 1. ਅਰਚਨਾ ਚੋਪੜਾ ਕਿਹੜੇ ਫਲੋਰ ਉੱਤੇ ਰਹਿੰਦੀ ਸੀ ?
ਉੱਤਰ – ਅਰਚਨਾ ਚੋਪੜਾ ਟੋਪ ਫਲੋਰ (ਤੀਜੇ ਫਲੋਰ) ਉੱਤੇ ਰਹਿੰਦੀ ਸੀ ।
ਪ੍ਰਸ਼ਨ 2 . ਅਰਚਨਾ ਨੇ ਛੱਤ ਉੱਪਰ ਵਾਧੂ ਟੈਂਕੀ ਕਿਉਂ ਰੱਖੀ ਹੋਈ ਸੀ ?
ਉੱਤਰ – ਅਰਚਨਾ ਨੇ ਛੱਤ ਉੱਪਰ ਵਾਧੂ ਟੈਂਕੀ ਇਸਲਈ ਰੱਖੀ ਹੋਈ ਸੀ ਕਿਉਂਕਿ ਉਸ ਨੂੰ ਫੁੱਲ – ਬੂਟੇ ਲਾਉਣ ਦਾ ਬਹੁਤ ਸ਼ੌਂਕ ਸੀ। ਇਸਲਈ ਉਸ ਨੇ ਪੌੜੀਆਂ ਤੇ ਛੱਤ ਉੱਤੇ ਗਮਲਿਆਂ ਵਿੱਚ ਕੁੱਝ ਬੂਟੇ ਲਾਏ ਹੋਏ ਸਨ। ਉਂਨ੍ਹਾਂ ਬੂਟਿਆਂ ਨੂੰ ਪਾਣੀ ਦੇਣ ਲਈ ਉਹ ਵਾਧੂ ਟੈਂਕੀ ਵਿੱਚ ਪਾਣੀ ਜਮ੍ਹਾ ਕਰਕੇ ਰੱਖ ਲੈਂਦੀ ਸੀ। ਜਦੋਂ ਪਾਣੀ ਆ ਰਿਹਾ ਹੁੰਦਾ ਤਾਂ ਉਹ ਪਾਈਪ ਲਾ ਕੇ ਉਸ ਟੈਂਕੀ ਨੂੰ ਭਰ ਲੈਂਦੀ ਤੇ ਫਿਰ ਉਸ ਵਿੱਚੋਂ ਗਮਲਿਆਂ ਨੂੰ ਪਾਣੀ ਦਿੰਦੀ।
ਪ੍ਰਸ਼ਨ 3. ਅਰਚਨਾ ਅਤੇ ਵੰਦਨਾ ਮਿਲਕੇ ਕਿਹੋ ਜਿਹੀਆਂ ਗੱਲਾਂ ਕਰਦੀਆਂ ਸਨ ?
ਉੱਤਰ – ਅਰਚਨਾ ਅਤੇ ਵੰਦਨਾ ਮਿਲਕੇ ਸਧਾਰਨ ਜਿਹੀਆਂ ਗੱਲਾਂ ਹੀ ਕਰਦੀਆਂ ਸਨ ਕਿਉਂਕਿ ਉਹ ਇੱਕੋ ਫਲੈਟ ‘ਤੇ ਰਹਿਣ ਵਾਲੀਆਂ ਦੋ ਗੁਆਂਢਣਾਂ ਸਨ, ਪਰ ਉਂਨ੍ਹਾਂ ਦੇ ਵਿੱਚ ਚੰਗੀ ਦੋਸਤੀ ਹੋ ਗਈ ਸੀ। ਕੁੱਝ ਉਂਨ੍ਹਾਂ ਦੇ ਵਿਚਾਰਾਂ ਵਿੱਚ ਸਾਂਝ ਵੀ ਸੀ। ਇਸ ਲਈ ਜਦੋਂ ਵੀ ਉਹ ਮਿਲਦੀਆਂ, ਕਦੇ ਬੱਚਿਆਂ ਦੀਆਂ, ਕਦੇ ਆਂਢ-ਗੁਆਂਢ ਦੀਆਂ ਤੇ ਕਦੇ ਟੈਰੇਸ ਤੇ ਲੱਗੇ ਫੁੱਲ – ਬੂਟਿਆਂ ਬਾਰੇ ਗੱਲਾਂ ਕਰਦੀਆਂ।
ਪ੍ਰਸ਼ਨ 4. ਦੋਹਾਂ ਗੁਆਂਢਣਾਂ ਵਿੱਚ ਅਣਬਣ ਦਾ ਕੀ ਕਾਰਣ ਸੀ ?
ਉੱਤਰ – ਦੋਹਾਂ ਗੁਆਂਢਣਾਂ ਵਿੱਚ ਅਣਬਣ ਦਾ ਕਾਰਣ ਪਾਣੀ ਦੀ ਟੈਂਕੀ ਸੀ। ਫਲੈਟਾਂ ਦੀਆਂ ਛੱਤਾਂ ‘ਤੇ ਰੱਖੀਆਂ ਪਾਣੀ ਦੀਆਂ ਟੈਂਕੀਆਂ ਪੰਜ – ਪੰਜ ਸੌ ਲੀਟਰ ਦੀਆਂ ਸਨ। ਗਰਮੀਆਂ ਵਿੱਚ ਬਿਜਲੀ ਦੇ ਕੱਟ ਲੱਗਣ ਕਾਰਨ ਪਾਣੀ ਦੀ ਕਿੱਲਤ ਆ ਜਾਂਦੀ ਸੀ। ਵੰਦਨਾ ਦਾ ਪਰਿਵਾਰ ਵੱਡਾ ਸੀ। ਕਈ ਵਾਰ ਮਹਿਮਾਨ ਆ ਜਾਂਦੇ। ਇਸਲਈ ਉਸਨੇ ਪੰਜ ਸੌ ਲੀਟਰ ਦੀ ਥਾਂ ਹਜ਼ਾਰ ਲੀਟਰ ਦੀ ਟੈਂਕੀ ਲਗਵਾਉਣੀ ਚਾਹੀ ਤਾਂ ਅਰਚਨਾ ਤੇ ਉਸ ਦੇ ਪਤੀ ਨੇ ਝਗੜਾ ਸ਼ੁਰੂ ਕਰ ਦਿੱਤਾ।
ਪ੍ਰਸ਼ਨ 5. “ਤੁਸੀਂ ਇਹ ਟੈਂਕੀ ਨਹੀਂ ਲਾ ਸਕਦੇ। ਮੈਂ ਤੁਹਾਨੂੰ ਇਹ ਟੈਂਕੀ ਨਹੀਂ ਲਾਉਣ ਦਿਆਂਗੀ।” ਇਹ ਸ਼ਬਦ ਕਿਸ ਨੇ ਕਿਸ ਨੂੰ ਕਹੇ ?
ਉੱਤਰ – ਇਹ ਸ਼ਬਦ ਅਰਚਨਾ ਨੇ ਵੰਦਨਾ ਅਤੇ ਉਸ ਦੇ ਪਤੀ ਨੂੰ ਉਸ ਸਮੇਂ ਕਹੇ ਜਦੋਂ ਉਹ ਛੱਤ ‘ਤੇ ਛੋਟੀ ਟੈਂਕੀ ਦੀ ਥਾਂ ਹਜ਼ਾਰ ਲੀਟਰ ਦੀ ਟੈਂਕੀ ਲਗਵਾ ਰਹੇ ਸਨ। ਸ਼ਾਇਦ ਅਰਚਨਾ ਟੋਪ ਫਲੋਰ ‘ਤੇ ਰਹਿਣ ਕਾਰਨ ਆਪਣੇ-ਆਪ ਨੂੰ ਛੱਤ ਦੀ ਮਾਲਕਣ ਸਮਝਣ ਲੱਗ ਪਈ ਸੀ। ਉਸ ਤੋਂ ਇਹ ਬਰਦਾਸ਼ਤ ਨਾ ਹੋਇਆ ਕਿ ਕੋਈ ਉਨ੍ਹਾਂ ਨੂੰ ਬਿਨਾਂ ਪੁੱਛੇ ਹੀ ਛੱਤ ਉੱਤੇ ਟੈਂਕੀ ਲਾ ਲਵੇ।
ਪ੍ਰਸ਼ਨ 6 . ਅਸਮਾਨ ਵਿੱਚ ਘਟਾ ਛਾਉਣ ਨਾਲ ਵੰਦਨਾ ਦੇ ਮਨ ਵਿੱਚ ਕਿਸ ਤਰ੍ਹਾਂ ਦੇ ਵਿਚਾਰ ਪੈਦਾ ਹੁੰਦੇ ਹਨ ?
ਉੱਤਰ – ਅਸਮਾਨ ਵਿੱਚ ਘਟਾ ਛਾਉਣ ਨਾਲ ਵੰਦਨਾ ਦੇ ਮਨ ਵਿੱਚ ਖ਼ਿਆਲ ਆਉਂਦਾ ਕਿ ਸ਼ਾਇਦ ਮੀਂਹ ਪੈ ਹੀ ਜਾਵੇ ਤੇ ਉਸਨੂੰ ਗਮਲਿਆਂ ਵਿਚ ਪਾਣੀ ਨਾ ਹੀ ਪਾਉਣਾ ਪਵੇ। ਵੰਦਨਾ ਦਿਲ ਦੀ ਬਹੁਤ ਚੰਗੀ ਸੀ। ਉਹ ਚਾਹੁੰਦੀ ਸੀ ਕਿ ਮੀਂਹ ਪੈ ਜਾਵੇ ਤੇ ਬੂਟੇ ਸੁੱਕਣੋਂ ਬੱਚ ਜਾਣ। ਉਹ ਆਪਣੀ ਨਰਾਜ਼ਗੀ ਵੀ ਕਾਇਮ ਰੱਖਣਾ ਚਾਹੁੰਦੀ ਸੀ ਤੇ ਬੂਟੇ ਵੀ ਬਚਾਉਣਾ ਚਾਹੁੰਦੀ ਸੀ।
ਪ੍ਰਸ਼ਨ 7. ਪੁਲਿਸ ਨੂੰ ਕੌਣ ਬੁਲਾਉਂਦਾ ਹੈ ਤੇ ਕਿਉਂ ?
ਉੱਤਰ – ਪੁਲਿਸ ਨੂੰ ਅਰਚਨਾ ਦਾ ਪਤੀ ਰਾਹੁਲ ਬੁਲਾਉਂਦਾ ਹੈ ਕਿਉਂਕਿ ਜਦੋਂ ਵੰਦਨਾ ਤੇ ਉਸ ਦਾ ਪਤੀ ਛੱਤ ‘ਤੇ ਟੈਂਕੀ ਬਦਲਾਉਣ ਲੱਗਦੇ ਹਨ ਤਾਂ ਬਿਨਾਂ ਵਜਾਹ ਹੀ ਅਰਚਨਾ ਉਨ੍ਹਾਂ ‘ਤੇ ਰੋਹਬ ਪਾ ਕੇ ਉਨ੍ਹਾਂ ਨੂੰ ਟੈਂਕੀ ਰੱਖਣ ਤੋਂ ਰੋਕਦੀ ਹੈ ਪਰ ਵੰਦਨਾ ਤੇ ਉਸ ਦੇ ਪਤੀ ਨੇ ਬੜੀ ਨਿਮਰਤਾ ਨਾਲ ਦਲੀਲ ਦਿੱਤੀ, ਪਰ ਅਰਚਨਾ ਨੇ ਉਨ੍ਹਾਂ ਦੀ ਇੱਕ ਨਾ ਸੁਣੀ ਤੇ ਗੱਲ ਨੂੰ ਐਵੇਂ ਵਧਾ ਦਿੱਤਾ। ਫਿਰ ਉਸ ਨੇ ਫ਼ੋਨ ਕਰਕੇ ਆਪਣੇ ਪਤੀ ਨੂੰ ਬੁਲਾ ਲਿਆ। ਉਸ ਨੇ ਵੀ ਗੱਲ ਮੁਕਾਉਣ ਦੀ ਬਜਾਇ ਪੁਲਿਸ ਨੂੰ ਬੁਲਾ ਲਿਆ।
ਪ੍ਰਸ਼ਨ 8 . ਵੰਦਨਾ, ਪੌਦਿਆਂ ਨੂੰ ਪਾਣੀ ਦੇਣ ਲਈ ਕਿਉਂ ਰਾਜ਼ੀ ਹੋ ਗਈ ?
ਉੱਤਰ – ਵੰਦਨਾ, ਪੌਦਿਆਂ ਨੂੰ ਪਾਣੀ ਦੇਣ ਲਈ ਇਸ ਲਈ ਰਾਜ਼ੀ ਹੋ ਗਈ ਕਿਉਂਕਿ ਗਮਲਿਆਂ ਵਿੱਚ ਪਾਣੀ ਤੋਂ ਬਿਨਾਂ ਸੁੱਕ ਰਹੇ ਬੂਟਿਆਂ ਵੱਲ ਵੇਖਕੇ ਉਸਦਾ ਮਨ ਪਸੀਜ ਗਿਆ ਸੀ ਤੇ ਉਸ ਨੇ ਫੈਸਲਾ ਕਰ ਲਿਆ ਸੀ ਕਿ ਸਾਡੀ ਆਪਸ ਦੀ ਲੜਾਈ ਵਿੱਚ ਇਨ੍ਹਾਂ ਬੂਟਿਆਂ ਦਾ ਕੀ ਕਸੂਰ ਹੈ। ਉਹ ਕਹਿਣ ਲੱਗੀ ਕਿ ਉਹ ਤਾਂ ਹੈ ਈ ਇਹੋ ਜਿਹੇ, ਪਰ ਸਾਡੀ ਲੜਾਈ ਤਾਂ ਉਨ੍ਹਾਂ ਨਾਲ ਹੈ ਪਲਾਂਟਸ ਨਾਲ ਨਹੀਂ।
ਵਿਦਿਆਰਥੀਆਂ ਨੂੰ ਇਹ ਤਸਦੀਕ ਦਿੱਤੀ ਜਾਂਦੀ ਹੈ ਕਿ ਉਹ ਪੂਰਾ ਪਾਠ ਧਿਆਨ ਨਾਲ ਪੜ੍ਹ ਕੇ ਪ੍ਰੀਖਿਆ ਦੇਣ ਜਾਣ, ਕਿਉਂਕਿ ਕਈ ਵਾਰ ਪੇਪਰ ਪਾਠ ਦੇ ਵਿੱਚੋਂ ਆ ਜਾਂਦਾ ਹੈ।