ਲੇਖ : ਗੁਰੂ ਗੋਬਿੰਦ ਸਿੰਘ ਜੀ
“ਵਾਹਿ ਪ੍ਰਗਟਿਓ ਮਰਦ ਅਗੰਮੜਾ ਵਰਿਆਮ ਅਕੇਲਾ॥
ਵਾਹੁ ਵਾਹੁ ਗੋਬਿੰਦ ਸਿੰਘ ਆਪੇ ਗੁਰ ਚੇਲਾ॥”
ਗੁਰੂ ਗੋਬਿੰਦ ਸਿੰਘ ਸਿੱਖਾਂ ਦੇ ਦਸਵੇਂ ਗੁਰੂ ਸਨ। ਉਸ ਸਮੇਂ ਔਰੰਗਜ਼ੇਬ ਦੇ ਜ਼ੁਲਮ ਦੇ ਸਿਖਰ ਦਾ ਸਮਾਂ ਸੀ ਜਦੋਂ ਆਪ ਜੀ ਦਾ ਜਨਮ ਬਿਹਾਰ ਦੀ ਰਾਜਧਾਨੀ ਪਟਨਾ ਵਿੱਚ 26 ਦਸੰਬਰ 1666 ਈ. ਨੂੰ ਮਾਤਾ ਗੁਜਰੀ ਜੀ ਦੀ ਕੁੱਖੋਂ ਹੋਇਆ। ਉਸ ਸਮੇਂ ਆਪ ਦੇ ਪਿਤਾ ਗੁਰੂ ਤੇਗ ਬਹਾਦਰ ਜੀ ਅਸਾਮ ਗਏ ਹੋਏ ਸਨ ਅਤੇ ਪਰਿਵਾਰ ਪਟਨੇ ਵਿੱਚ ਸੀ। ਆਪ ਜੀ ਦਾ ਬਚਪਨ ਬਿਹਾਰ ਵਿੱਚ ਹੀ ਬੀਤਿਆ। ਆਪ ਆਪਣੇ ਬਚਪਨ ਦੇ ਸਾਥੀਆਂ ਨੂੰ ਦੋ ਹਿੱਸਿਆਂ ਵਿੱਚ ਵੰਡ ਕੇ ਝੂਠੀ-ਮੂਠੀ ਦੀ ਲੜਾਈ ਕਰਦੇ ਸਨ। ਛੇ ਸਾਲ ਬਿਹਾਰ ਵਿੱਚ ਰਹਿਣ ਤੋਂ ਬਾਅਦ 1672 ਈ. ਵਿੱਚ ਆਪ ਆਪਣੇ ਪਿਤਾ ਜੀ ਪਾਸ ਅਨੰਦਪੁਰ ਸਾਹਿਬ ਆ ਗਏ।
ਅਨੰਦਪੁਰ ਵਿਚ ਰਹਿੰਦਿਆਂ ਆਪ ਨੇ ਬਹੁਤ ਸਾਰੀ ਬਾਣੀ ਕੰਠ ਕਰ ਲਈ। ਆਪ ਨੇ ਸੰਸਕ੍ਰਿਤ, ਬ੍ਰਜੀ, ਅਰਬੀ, ਫ਼ਾਰਸੀ ਆਦਿ ਭਾਸ਼ਾਵਾਂ ਸਿਖੀਆਂ। ਗੁਰਮੁਖੀ ਲਿਪੀ ਦਾ ਗਿਆਨ ਆਪ ਪਟਨਾ ਸਾਹਿਬ ਵਿਖੇ ਹੀ ਹਾਸਲ ਕਰ ਚੁੱਕੇ ਸਨ। ਇਸ ਦੇ ਨਾਲ ਹੀ ਘੋੜ ਸਵਾਰੀ ਤੇ ਸ਼ਸਤਰ-ਵਿਦਿਆ ਵੀ ਸਿਖੀ।
ਆਪ ਜੀ ਦੀ ਉਮਰ ਕੇਵਲ ਨੌਂ ਸਾਲ ਦੀ ਸੀ ਜਦੋਂ ਆਪ ਨੇ ਪਿਤਾ ਜੀ ਨੂੰ ਸ਼ਰਨ ਆਏ ਕਸ਼ਮੀਰੀ ਪੰਡਤਾਂ ਦੀ ਰੱਖਿਆ ਲਈ ਕੁਰਬਾਨੀ ਦੇਣ ਲਈ ਕਿਹਾ।
ਪਿਤਾ ਦੀ ਸ਼ਹੀਦੀ ਤੋਂ ਬਾਅਦ ਬਾਬਾ ਰਾਮ ਕੰਵਰ ਜੀ ਨੇ ਮਰਯਾਦਾ ਅਨੁਸਾਰ ਆਪ ਜੀ ਨੂੰ ਗੁਰਗੱਦੀ ‘ਤੇ ਬਿਠਾ ਦਿੱਤਾ। ਆਪ ਦੇ ਦਰਬਾਰ ਵਿੱਚ 52 ਕਵੀ ਤੇ ਸਾਹਿਤਕਾਰ ਸਨ। ਮਹਾਨ ਗ੍ਰੰਥਾਂ ਦੇ ਅਨੁਵਾਦ, ਮੌਲਿਕ ਗ੍ਰੰਥ ਤੇ ਰਚਨਾਵਾਂ ਤਿਆਰ ਕੀਤੀਆਂ ਗਈਆਂ। ਆਪਣੇ ਸ਼ਰਧਾਲੂਆਂ ਨੂੰ ਜੰਗੀ ਸਿੱਖਿਆ ਦਿੱਤੀ। ਜੰਗੀ ਸਾਜੋ-ਸਾਮਾਨ ਵੀ ਮੰਗਵਾਇਆ।
ਆਪ ਜੀ ਦੇ ਜੀਵਨ ਦਾ ਉਦੇਸ਼ ਇੱਕ ਨਿਰੰਕਾਰ ਨੂੰ ਮੰਨਣਾ ਸੀ, ਪਰ ਸ਼ੁਭ ਕਰਮ ਕਰਨ ਤੋਂ ਨਾ ਟਲਣਾ, ਦੁਸ਼ਟਾਂ ਦਾ ਨਾਸ ਕਰਨਾ ਤੇ ਜ਼ੁਲਮ ਵਿਰੁੱਧ ਅਵਾਜ਼ ਬੁਲੰਦ ਕਰਨਾ ਵੀ ਇੱਕ ਮਕਸਦ ਸੀ। ਆਪ ਦੀ ਉਮਰ ਕੇਵਲ ਵੀਹ ਸਾਲ ਦੀ ਸੀ ਜਦੋਂ ਆਪ ਜੀ ਨੂੰ ਜੰਗ ਦੇ ਮੈਦਾਨ ਵਿੱਚ ਕੁੱਦਣਾ ਪਿਆ। ਆਪ ਦੇ ਜੀਵਨ ਵਿੱਚ ਭੰਗਾਣੀ ਦਾ ਜੁੱਧ, ਨਦੌਨ ਦਾ ਜੁੱਧ, ਹੁਸੈਨੀ ਦਾ ਜੁੱਧ, ਅਨੰਦਪੁਰ ਦੀਆਂ ਚਾਰ ਲੜਾਈਆਂ, ਨਿਰਮੋਹੀ, ਬਸਾਲੀ, ਸਰਸਾ, ਚਮਕੌਰ ਤੇ ਮੁਕਤਸਰ ਦੀ ਲੜਾਈ ਹੋਈ।
ਆਪਨੇ 13 ਅਪ੍ਰੈਲ, 1699 ਈ. ਨੂੰ ਵਿਸਾਖੀ ਵਾਲੇ ਦਿਨ ਇੱਕ ਅਦੁੱਤੀ-ਦਰਬਾਰ ਕੀਤਾ। ਇਸ ਵਿੱਚ ਪੰਜ ਸਿਰ ਮੰਗ ਕੇ ਪੰਜ ਪਿਆਰਿਆਂ ਦੀ ਸਾਜਨਾ ਕੀਤੀ। ਖੰਡੇ ਬਾਟੇ ਦਾ ਅੰਮ੍ਰਿਤ ਛਕਾ ਕੇ ਤੇ ਆਪ ਛਕ ਕੇ ‘ਆਪੇ ਗੁਰ ਚੇਲਾ’ ਦੀ ਰੀਤ ਚਲਾਈ। ਜਾਤ-ਪਾਤ, ਛੂਤ-ਛਾਤ ਦੀ ਦੀਵਾਰ ਢਾਹ ਕੇ ਮਨੁੱਖੀ ਬਰਾਬਰੀ ਦਾ ਅਸੂਲ ਸਾਹਮਣੇ ਲਿਆਂਦਾ। ਇਕ ਬਹਾਦਰ ਅਤੇ ਅਣਖੀ ਕੌਮ ਦੀ ਸਿਰਜਣਾ ਕੀਤੀ ਅਤੇ ਉਸ ਦੀ ਰਖਿਆ ਲਈ ਆਪਣਾ ਸਰਬੰਸ ਵਾਰ ਦਿੱਤਾ।
ਵਜੀਦ ਖਾਂ ਨੇ ਗੁਰੂ ਗੋਬਿੰਦ ਸਿੰਘ ਨੂੰ ਮਾਰਨ ਲਈ ਦੋ ਪਠਾਨ ਨੰਦੇੜ ਭੇਜੇ। ਆਪ ਨੇ ਇੱਕ ਨੂੰ ਤਾਂ ਮਾਰ ਦਿੱਤਾ
ਤੇ ਦੂਜਾ ਨੱਸਦਾ ਹੋਇਆ ਮਾਰਿਆ ਗਿਆ, ਪਰ ਆਪ ਜੀ ਨੂੰ ਉਨ੍ਹਾਂ ਦੀ ਕਟਾਰ ਦਾ ਡੂੰਘਾ ਜ਼ਖਮ ਲੱਗਾ। ਆਪ ਕੁਝ ਸਮੇਂ ਬਾਅਦ ਠੀਕ ਵੀ ਹੋ ਗਏ ਪਰ ਇੱਕ ਦਿਨ ਤੀਰ ਕਮਾਨ ‘ਤੇ ਚਾੜ੍ਹਨ ਲੱਗਿਆਂ ਜ਼ਖਮ ਦੇ ਟਾਂਕੇ ਟੁੱਟਣ ਨਾਲ ਮੁੜ ਉੱਠ ਨਾ ਸਕੇ। ਆਪਣਾ ਅੰਤ ਨੇੜੇ ਵੇਖ ਕੇ ਸਿੱਖਾਂ ਨੂੰ ਗੁਰੂ ਗ੍ਰੰਥ ਸਾਹਿਬ ਨੂੰ ਹੀ ਸ਼ਬਦ ਗੁਰੂ ਮੰਨਣ ਦਾ ਹੁਕਮ ਦਿੱਤਾ। ਆਪ 7 ਅਕਤੂਬਰ 1708 ਈ. ਨੂੰ ਜੋਤੀ-ਜੋਤ ਸਮਾ ਗਏ।
ਗੁਰੂ ਗੋਬਿੰਦ ਸਿੰਘ ਜੀ ਪੂਰਨ ਬ੍ਰਹਮਗਿਆਨੀ, ਆਦਰਸ਼ ਸੰਤ-ਸਿਪਾਹੀ ਤੇ ਸਾਹਿਤਕਾਰ ਸਨ। 42 ਸਾਲ ਦੀ ਉਮਰ ਵਿੱਚ ਉਹ ਬਹੁਤ ਕੁਝ ਕਰ ਗਏ। ਆਪ ਜੀ ਦੀਆਂ ਪ੍ਰਸਿੱਧ ਸਾਹਿਤਕ ਰਚਨਾਵਾਂ ਹਨ-ਚੰਡੀ ਦੀ ਵਾਰ, ਬਚਿੱਤਰ ਨਾਟਕ, ਜਾਪ ਸਾਹਿਬ, ਚੰਡੀ ਚਰਿੱਤਰ ਅਤੇ ਗਿਆਨ ਪ੍ਰਬੋਧ।