ਲੇਖ ਰਚਨਾ : ਸ਼ਹੀਦ ਭਗਤ ਸਿੰਘ
“ਜਦ ਡੁਲ੍ਹਦਾ ਖੂਨ ਸ਼ਹੀਦਾਂ ਦਾ
ਤਕਦੀਰ ਬਦਲਦੀ ਕੌਮਾਂ ਦੀ। “
ਅੱਜ ਅਜ਼ਾਦ ਭਾਰਤ ਵਿੱਚ ਰਹਿਣ ਦਾ ਜੋ ਮਾਣ ਸਾਨੂੰ ਹਾਸਲ ਹੈ, ਉਹ ਦੇਸ਼ ਭਗਤਾਂ ਦੀਆਂ ਕੁਰਬਾਨੀਆਂ ਦੇ ਕਾਰਨ ਹੈ। ਭਾਰਤ ਦੀ ਅਜ਼ਾਦੀ ਦੀ ਲੜਾਈ ਵਿੱਚ ਦੇਸ਼ ਭਗਤਾਂ ਤੇ ਸ਼ਹੀਦਾਂ ਦੀ ਦੇਣ ਨੂੰ ਭੁਲਾਇਆ ਨਹੀਂ ਜਾ ਸਕਦਾ। ਇਨ੍ਹਾਂ ਵਿੱਚੋਂ ਇੱਕ ਸਨ-ਸ਼ਹੀਦ ਭਗਤ ਸਿੰਘ।
ਸ਼ਹੀਦ ਭਗਤ ਸਿੰਘ ਦਾ ਜਨਮ 1907 ਈ. ਵਿੱਚ ਲਾਇਲਪੁਰ ਦੇ ਪਿੰਡ ਬੰਗਾ ਵਿੱਚ ਸਰਦਾਰ ਕਿਸ਼ਨ ਸਿੰਘ ਦੇ ਘਰ ਹੋਇਆ। ਉਸ ਦਾ ਪਰਿਵਾਰ ਕੌਮੀ ਪਰਵਾਨਿਆਂ ਦਾ ਸੀ। ਪਿਤਾ ਕਿਸ਼ਨ ਸਿੰਘ ਆਰੀਆ ਸਮਾਜ ਲਹਿਰ ਦੇ ਉੱਘੇ ਨੇਤਾ ਸਨ। ਚਾਚਾ ਅਜੀਤ ਸਿੰਘ ਇੱਕ ਪ੍ਰਸਿੱਧ ਇਨਕਲਾਬੀ ਸਨ। ਚਾਚਾ ਸਵਰਨ ਸਿੰਘ ਵੀ ਲਾਹੌਰ ਜੇਲ੍ਹ ਵਿੱਚ ਹੀ ਸੀ।
ਇਨ੍ਹਾਂ ਆਪਣੀ ਮੁੱਢਲੀ ਵਿਦਿਆ ਆਪਣੇ ਪਿੰਡ ਬੰਗਾ ਵਿੱਚ ਹੀ ਪ੍ਰਾਪਤ ਕੀਤੀ। ਉਚੇਰੀ ਵਿਦਿਆ ਲਈ ਲਾਹੌਰ ਦੇ ਡੀ.ਏ.ਵੀ. ਹਾਈ ਸਕੂਲ ਵਿੱਚ ਦਾਖ਼ਲ ਹੋਏ। ਦਸਵੀਂ ਪਾਸ ਕਰਨ ਤੋਂ ਬਾਅਦ ਲਾਹੌਰ ਵਿੱਚ ਨਵੇਂ ਖੋਲ੍ਹੇ ਗਏ ‘ਨੈਸ਼ਨਲ ਕਾਲਜ’ ਵਿੱਚ ਦਾਖ਼ਲਾ ਲੈ ਲਿਆ। ਇੱਥੇ ਹੀ ਆਪ ਦਾ ਮੇਲ ਭਗਵਤੀ ਚਰਨ, ਧੰਨਵੰਤਰੀ, ਸੁਖਦੇਵ, ਰਾਮ ਕ੍ਰਿਸ਼ਨ ਅਤੇ ਤੀਰਥ ਰਾਮ ਆਦਿ ਨਾਲ ਹੋਇਆ। ਇਨ੍ਹਾਂ ਸਭ ਨੇ ਮਿਲ ਕੇ ‘ਨੌਜਵਾਨ ਭਾਰਤ ਸਭਾ’ ਬਣਾਈ। ਇੱਥੋਂ ਹੀ ਭਗਤ ਸਿੰਘ ਨੇ ਦੇਸ਼ ਭਗਤੀ ਤੇ ਦੇਸ਼-ਅਜ਼ਾਦੀ ਲਈ ਕੁਝ ਕਰ ਗੁਜ਼ਰਨ ਦਾ ਪਹਿਲਾ ਪਾਠ ਪੜ੍ਹਿਆ।
‘ਨੌਜਵਾਨ ਭਾਰਤ ਸਭਾ’ ਦੇ ਸਰਗਰਮ ਮੈਂਬਰ ਹੋਣ ਕਾਰਨ ਹੋਰ ਮੁੱਖ ਮੈਂਬਰਾਂ ਨਾਲ ਮਿਲ ਕੇ ਨੌਜਵਾਨਾਂ ਨੂੰ ਇਕੱਠਾ ਕਰਨਾ ਸ਼ੁਰੂ ਕੀਤਾ। ਇਨ੍ਹਾਂ ਹੀ ਦਿਨਾਂ ਵਿੱਚ ਆਪ ਦਾ ਮੇਲ ਮਹਾਤਮਾ ਗਾਂਧੀ ਨਾਲ ਵੀ ਹੋਇਆ। ਉਨ੍ਹਾਂ ਨੇ ਸ਼ਾਂਤਮਈ ਰਹਿਣ ਦੀ ਪ੍ਰੇਰਨਾ ਦਿੱਤੀ, ਪਰ ਉਸ ਨੇ ਸ਼ਾਂਤੀ ਦਾ ਰਸਤਾ ਅਪਨਾਉਣ ਤੋਂ ਨਾਂਹ ਕਰ ਦਿੱਤੀ।
ਅੰਗਰੇਜ਼ ਸਰਕਾਰ ਨੇ ਇੱਕ ਸਾਈਮਨ ਕਮਿਸ਼ਨ ਬਣਾ ਕੇ ਭਾਰਤ ਵਿੱਚ ਭੇਜਿਆ। ਭਾਰਤੀਆਂ ਵੱਲੋਂ ਇਸ ਦਾ ਜ਼ੋਰਦਾਰ ਵਿਰੋਧ ਕੀਤਾ ਗਿਆ। ਅੰਗਰੇਜ਼ਾਂ ਨੇ ਲਾਠੀਚਾਰਜ ਕੀਤਾ। ਲਾਲਾ ਲਾਜਪਤ ਰਾਏ ਇਹ ਮਾਰ ਨਾ ਸਹਾਰਦੇ ਹੋਏ ਸ਼ਹੀਦ ਹੋ ਗਏ। ਭਗਤ ਸਿੰਘ ਤੇ ਉਸ ਦੇ ਸਾਥੀਆਂ ਰਾਜਗੁਰੂ ਤੇ ਚੰਦਰ ਸ਼ੇਖਰ ਨੇ ਸਾਂਡਰਸ ਨੂੰ ਕਤਲ ਕਰਨ ਦਾ ਫੈਸਲਾ ਕਰ ਲਿਆ। ਇਕ ਸਕੀਮ ਅਧੀਨ ਇਨ੍ਹਾਂ ਨੇ ਸਾਂਡਰਸ ਨੂੰ ਮਾਰਿਆ ਅਤੇ ਗੋਲੀਆਂ ਚਲਾਉਂਦੇ ਹੋਏ ਬਚ ਨਿਕਲੇ।
ਭਗਤ ਸਿੰਘ ਤੇ ਉਸ ਦੇ ਸਾਥੀਆਂ ਨੇ ਦੇਸ਼ ਨੂੰ ਅਜ਼ਾਦ ਕਰਵਾਉਣ ਲਈ ਕਈ ਜੱਥੇਬੰਦੀਆਂ ਬਣਾਈਆਂ। ਇਕ ਜੱਥੇਬੰਦੀ ਵੱਲੋਂ ਅਜਿਹੇ ਬੰਬ ਤਿਆਰ ਕੀਤੇ ਗਏ ਜਿਨ੍ਹਾਂ ਨਾਲ ਖੜਾਕ ਵਧੇਰੇ ਹੋਏ, ਪਰ ਜਾਨੀ ਨੁਕਸਾਨ ਨਾ ਹੋਏ। ਭਗਤ ਸਿੰਘ ਨੇ ਇੱਕ ਸਾਥੀ ਬਟੁਕੇਸ਼ਵਰ ਦੱਤ ਨਾਲ ਮਿਲ ਕੇ ਸਰਕਾਰ ਦੇ ਕੰਨ ਖੋਲ੍ਹਣ ਲਈ ਅਸੈਂਬਲੀ ਹਾਲ ਵਿੱਚ ਬੰਬ ਸੁੱਟਿਆ। ਬੰਬ ਸੁੱਟਣ ਤੋਂ ਬਾਅਦ ਆਪ ਉੱਥੇ ਹੀ ਅਡੋਲ ਖੜ੍ਹੇ ਰਹੇ ਅਤੇ ਉੱਥੇ ਖਲੋ ਕੇ ‘ਇਨਕਲਾਬ ਜ਼ਿੰਦਾਬਾਦ’ ਦੇ ਨਾਅਰੇ ਲਗਾਉਂਦੇ ਰਹੇ। ਇਨ੍ਹਾਂ ਨੂੰ ਤੇ ਹੋਰ ਕਈ ਸਾਥੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਜੇਲ੍ਹ ਵਿੱਚ ਰਹਿੰਦਿਆਂ ਆਪ ਉੱਪਰ ਬਹੁਤ ਜ਼ੁਲਮ ਕੀਤੇ ਗਏ, ਪਰ ਆਪ ਨੇ ਸਾਰੇ ਜ਼ੁਲਮਾਂ ਨੂੰ ਖਿੜੇ ਮੱਥੇ ਸਹਾਰ ਲਿਆ। ਮੁਕੱਦਮੇ ਸਮੇਂ ਜਦੋਂ ਆਪ ਆਪਣੀ ਪੇਸ਼ੀ ‘ਤੇ ਜਾਂਦੇ ਤਾਂ ਇਹ ਸ਼ੇਅਰ ਗਾਉਂਦੇ ਹੁੰਦੇ ਸਨ:
“ਸਰਫ਼ਰੋਸ਼ੀ ਕੀ ਤਮੰਨਾ ਅਬ ਹਮਾਰੇ ਦਿਲ ਮੇਂ ਹੈ,
ਦੇਖਨਾ ਹੈ ਜ਼ੋਰ ਕਿਤਨਾ ਬਾਜੂ ਏ ਕਾਤਿਲ ਮੇਂ ਹੈ।”
ਅਖ਼ੀਰ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਨੂੰ 23 ਮਾਰਚ, 1931 ਨੂੰ ਫਾਂਸੀ ਦਿੱਤੀ ਗਈ। ਹੂਸੈਨੀਵਾਲਾ ਵਿਖੇ ਤਿੰਨਾਂ ਇੱਕੋ ਚਿਤਾ ਬਣਾ ਕੇ ਮਿੱਟੀ ਦਾ ਤੇਲ ਪਾ ਕੇ ਅੱਗ ਲਗਾ ਦਿੱਤੀ ਗਈ।
ਦੀ ਇਨ੍ਹਾਂ ਦੀ ਸ਼ਹੀਦੀ ਨੇ ਲੋਕਾਂ ਵਿੱਚ ਅੰਗਰੇਜ਼ਾਂ ਖ਼ਿਲਾਫ਼ ਨਫ਼ਰਤ ਪੈਦਾ ਕਰ ਦਿੱਤੀ। ਅੰਤ ਵਿੱਚ 15 ਅਗਸਤ, 1947 ਨੂੰ ਮਜ਼ਬੂਰ ਹੋ ਕੇ ਅੰਗਰੇਜ਼ਾਂ ਨੂੰ ਭਾਰਤ ਛੱਡਣਾ ਪਿਆ।
ਭਗਤ ਸਿੰਘ ਵਰਗੇ ਮਹਾਨ ਦੇਸ਼ ਭਗਤ ਤੇ ਸ਼ਹੀਦ ਬੜੀਆਂ ਮੁੱਦਤਾਂ ਬਾਅਦ ਪੈਦਾ ਹੁੰਦੇ ਹਨ। ਉਹ ਨਿਰਭੈਤਾ, ਦਲੇਰੀ ਤੇ ਦ੍ਰਿੜਤਾ ਦਾ ਇੱਕ ਪ੍ਰਤੀਕ ਸੀ। ਉਸ ਦੀ ਸ਼ਹੀਦੀ ਸਾਡੇ ਨੌਜਵਾਨਾਂ ਅੰਦਰ ਹਮੇਸ਼ਾ ਦੇਸ਼ ਭਗਤੀ ਪੈਦਾ ਕਰਦੀ ਰਹੇਗੀ।