ਲੇਖ : ਭਗਤ ਰਵਿਦਾਸ


ਪੰਜਾਬੀ ਸਾਹਿਤ ਦੇ ਇਤਿਹਾਸ ਵਿੱਚ ਮੱਧਕਾਲ ਨੂੰ ਸੁਨਿਹਰੀ ਸਮਾਂ ਕਿਹਾ ਜਾਂਦਾ ਹੈ। ਇਸ ਕਾਲ ਵਿੱਚ ਹੀ ਗੁਰੂ ਗ੍ਰੰਥ ਸਾਹਿਬ ਦੀ ਰਚਨਾ ਹੋਈ। ਭਗਤ ਕਵੀਆਂ ਨੇ ਵੀ ਧਾਰਮਕ ਖੇਤਰ ਵਿੱਚ ਵੱਡਾ ਯੋਗਦਾਨ ਪਾਇਆ, ਭਾਵੇਂ ਇਸ ਸਮੇਂ ਵਿੱਚ ਧਾਰਮਕ ਖੇਤਰ ਵਿੱਚ ਬ੍ਰਾਹਮਣਵਾਦ ਦਾ ਬੋਲ-ਬਾਲਾ ਸੀ। ਪਰ, ਇਸ ਸਮੇਂ ਦੇ ਧਾਰਮਕ ਆਗੂਆਂ, ਗੁਰੂਆਂ ਤੇ ਭਗਤ ਕਵੀਆਂ ਨੇ ਆਮ ਲੋਕਾਂ ਦਾ ਸਾਥ ਦਿੱਤਾ। ਭਗਤ ਰਵਿਦਾਸ ਵੀ ਇਸ ਸਮੇਂ ਦੇ ਹੀ ਭਗਤ ਕਵੀ ਹਨ।

ਭਗਤ ਰਵਿਦਾਸ ਦੇ ਜਨਮ ਅਤੇ ਮੌਤ ਬਾਰੇ ਕਈ ਭਰਮ-ਭੁਲੇਖੇ ਹਨ। ਆਪ ਦਾ ਜਨਮ ਇੱਕ ਨੀਵੀਂ ਜਾਤ ‘ਚਮਾਰ’ ਵਿੱਚ ਹੋਇਆ ਜਿਸ ਦੀ ਪੁਸ਼ਟੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਇਨ੍ਹਾਂ ਦੀ ਆਪਣੀ ਬਾਣੀ ਦੀ ਤੁੱਕ ਤੋਂ ਹੁੰਦੀ ਹੈ:

ਮੇਰੀ ਜਾਤਿ ਕਮੀਨੀ ਪਾਂਤਿ ਕਮੀਨੀ ਓਛਾ ਜਨਮੁ ਹਮਾਰਾ॥

ਤੁਮ ਸਰਨਾਗਤਿ ਰਾਜਾ ਰਾਮ ਚੰਦ ਕਹਿ ਰਵਿਦਾਸ ਚਮਾਰਾ॥

(ਗੁ. ਗ੍ਰ. 659)

ਸ਼ੁਰੂ ਤੋਂ ਹੀ ਆਪ ਦੀ ਰੁਚੀ ਭਗਤੀ ਵਲ ਸੀ। ਛੋਟੇ ਹੁੰਦਿਆਂ ਆਪ ਸਤਿ ਸੰਗਤ ਕਰਨ ਲੱਗ ਪਏ ਸਨ। ਆਪ ਨੂੰ ਆਪਣਾ ਪਰਿਵਾਰਕ ਕਿੱਤਾ ਹੀ ਅਪਣਾਉਣਾ ਪਿਆ, ਪਰ ਆਪ ਦਾ ਮਨ ਸਦਾ ਹਰਿ-ਨਾਮ ਸਿਮਰਨ ਵਿੱਚ ਲੀਨ ਰਹਿੰਦਾ। ਗਰੀਬ ਹੋਣ ਕਾਰਨ ਜੇ ਉਹ ਧਨ ਨਾਲ ਲੋੜਵੰਦਾਂ ਦੀ ਮਦਦ ਨਾ ਕਰ ਸਕਦੇ ਤਾਂ ਉਹ ਬਿਨਾਂ ਪੈਸਿਆਂ ਉਨ੍ਹਾਂ ਦੀਆਂ ਜੁੱਤੀਆਂ ਬਣਾ ਦਿੰਦੇ।

ਭਗਤ ਰਵਿਦਾਸ ਬੜੇ ਸਿੱਧੇ ਸੁਭਾਅ ਦੇ ਸਨ। ਧਰਮ ਪ੍ਰਚਾਰ ਵੇਲੇ ਆਪ ਕਿਸੇ ਹੋਰ ਧਰਮ ਬਾਰੇ ਕੋਈ ਵੀ ਮਾੜਾ ਬਚਨ ਨਹੀਂ ਬੋਲਦੇ ਸਨ। ਆਪ ਉੱਚ ਜਾਤੀ ਦੇ ਲੋਕਾਂ ਦੀ ਘ੍ਰਿਣਾ ਨੂੰ ਵੀ ਹੱਸ ਕੇ ਸਵੀਕਾਰਦੇ ਸਨ। ਉਨ੍ਹਾਂ ਦੀ ਕਰਨੀ ਤੇ ਕਥਨੀ ਵਿੱਚ ਕੋਈ ਫ਼ਰਕ ਨਹੀਂ ਸੀ।

ਆਪ ਜੀ ਦੀਆਂ ਸਿੱਖਿਆਵਾਂ ਨਾਲ ਊਚ-ਨੀਚ ਅਤੇ ਜਾਤ-ਪਾਤ ਦਾ ਭੇਦ ਕਾਫੀ ਹੱਦ ਤੱਕ ਘੱਟਣ ਲੱਗ ਪਿਆ ਸੀ। ਆਪ ਦੇ ਚੇਲਿਆਂ ਵਿੱਚ ਰਾਜੇ-ਮਹਾਂਰਾਜੇ ਤੇ ਉੱਚੀਆਂ ਜਾਤੀਆਂ ਦੇ ਲੋਕ ਵੀ ਸਨ। ਆਪ ਜੀ ਵਿੱਚ ਸਵੈ-ਮਾਨ ਅਤੇ ਸਵੈ-ਭਰੋਸਾ ਇੰਨਾ ਸੀ ਕਿ ਕਦੀ ਵੀ ਆਪ ਵਿੱਚ ਹੀਣ ਭਾਵਨਾ ਨਹੀਂ ਆਈ।

ਉਨ੍ਹਾਂ ਅਨੁਸਾਰ ਪਰਮਾਤਮਾ ਅਪਰ ਅਪਾਰ ਅਤੇ ਸਾਰੀ ਦੁਨੀਆਂ ਦਾ ਕਰਤਾ ਹੈ। ਉਹ ਸਰਬ ਸਮਰਥ ਹੈ, ਨੀਵਿਆਂ ਨੂੰ ਉੱਚਾ ਉੱਠਾ ਸਕਦਾ ਹੈ ਅਤੇ ਅਜਿਹਾ ਕਰਨ ਵੇਲੇ ਉਸ ਨੂੰ ਕਿਸੇ ਦਾ ਭੈਅ ਨਹੀਂ। ਉਹ ਇਸ ਸੰਸਾਰ ਨੂੰ ਮਨੁੱਖ ਦੀ ਕਰਮ-ਭੂਮੀ ਮੰਨਦੇ ਹਨ। ਇਸ ਲਈ ਉਹ ਹੱਥੀ ਕੰਮ ਕਰਨ, ਕਿਰਤ ਕਰਨ ਵਿੱਚ ਵਿਸ਼ਵਾਸ ਰਖਦੇ ਸਨ। ਸੰਸਾਰ ਵਿੱਚ ਰਹਿੰਦੇ ਮੋਹ-ਮਾਇਆ ਤੋਂ ਨਿਰਲੇਪ ਰਹਿੰਦੇ ਸਨ। ਉਨ੍ਹਾਂ ਨੇ ਸੱਚੀ ਸਾਧਨਾ ਰਾਹੀਂ ਆਪਣੇ ਜੀਵਨ ਕਾਲ ਵਿੱਚ ਹੀ ਬ੍ਰਹਮ-ਗਿਆਨੀ ਦੀ ਅਵਸਥਾ ਪ੍ਰਾਪਤ ਕਰ ਲਈ ਸੀ। ਆਪ ਜੀ ਦੀ ਭਗਤੀ ਦਾ ਸਰੂਪ ਪ੍ਰੇਮ-ਭਗਤੀ ਵਾਲਾ ਸੀ। ਆਪ ਨੇ ਪਰਮਾਤਮਾ ਤੇ ਗੁਰੂ ਦੀ ਕ੍ਰਿਪਾ ਦੀ ਲੋੜ ਉੱਤੇ ਜ਼ੋਰ ਦਿੱਤਾ।

ਇਸ ਤਰ੍ਹਾਂ ਅਸੀਂ ਕਹਿ ਸਕਦੇ ਹਾਂ ਕਿ ਭਗਤ ਰਵਿਦਾਸ ਮੁਕਤੀ-ਪ੍ਰਾਪਤੀ ਲਈ ਪ੍ਰਭੂ-ਭਗਤੀ ਉੱਪਰ ਵਧੇਰੇ ਜ਼ੋਰ ਦਿੰਦੇ ਹਨ। ਉਨ੍ਹਾਂ ਅਨੁਸਾਰ ਮਨੁੱਖ ਦਾ ਕਲਿਆਣ ਤਾਂ ਹੀ ਹੋ ਸਕਦਾ ਹੈ ਜੇ ਉਹ ਮੋਹ ਮਾਇਆ ਦਾ ਤਿਆਗ ਕਰ ਕੇ, ਸਾਧ ਸੰਗਤਿ ਵਿੱਚ ਜਾ ਕੇ ਨਾਮ-ਸਿਮਰਨ ਕਰਦਾ ਹੈ।