ਲੇਖ ਰਚਨਾ : ਭ੍ਰਿਸ਼ਟਾਚਾਰ
ਭ੍ਰਿਸ਼ਟ ਦੇਸ਼ਾਂ ਦੀ ਸੂਚੀ ਵਿੱਚ ਭਾਰਤ ਦੇਸ਼ ਦਾ ਨਾਂ ਮੁੱਢਲੇ ਦੇਸ਼ਾਂ ਵਿੱਚੋਂ ਇੱਕ ਹੈ। ਅਸੀਂ ਸਾਰੇ ਹੀ ਜਾਣਦੇ ਹਾਂ ਕਿ ਭ੍ਰਿਸ਼ਟਾਚਾਰ ਦਾ ਕੈਂਸਰ ਸਾਡੇ ਦੇਸ਼ ਵਿੱਚ ਫੈਲ ਚੁੱਕਾ ਹੈ। ਇਸ ਦੀਆਂ ਜੜ੍ਹਾਂ ਇੰਨੀਆਂ ਮਜ਼ਬੂਤ ਹੋ ਚੁੱਕੀਆਂ ਹਨ ਕਿ ਇਨ੍ਹਾਂ ਨੂੰ ਖ਼ਤਮ ਕਰਨਾ ਅਸੰਭਵ ਹੈ। ਪਰ, ਫੇਰ ਵੀ ਸਰਕਾਰ ਇਸ ਦਾ ਇਲਾਜ ਕਰਨ ਲਈ ਕਈ ਤਰ੍ਹਾਂ ਦੀਆਂ ਯੋਜਨਾਵਾਂ ਬਣਾਉਂਦੀ ਤੇ ਅਮਲ ਕਰਦੀ ਹੈ।
ਅਜ਼ਾਦੀ ਤੋਂ ਬਾਅਦ ਪੰ. ਜਵਾਹਰ ਲਾਲ ਨਹਿਰੂ ਦੇ ਸਮੇਂ ਤੋਂ ਹੀ ਰਾਜਸੀ ਭ੍ਰਿਸ਼ਟਾਚਾਰ ਦੀਆਂ ਕਨਸੋਆਂ ਮਿਲਣੀਆਂ ਸ਼ੁਰੂ ਹੋ ਗਈਆਂ ਸਨ। ਅਮੀਰਾਂ ਲਈ ਹੋਰ ਅਮੀਰ ਬਣਨਾ ਤੇ ਆਮ ਲੋਕਾਂ ਲਈ ਵੱਧ ਤੋਂ ਵੱਧ ਪੈਸਾ ਇਕੱਠਾ ਕਰਨ ਦਾ ਜਤਨ ਕਰਨਾ, ਜ਼ਿੰਦਗੀ ਦਾ ਮੰਤਵ ਬਣ ਗਿਆ। ਇਨ੍ਹਾਂ ਹਾਲਾਤਾਂ ਨੇ ਦੇਸ਼ ਵਿੱਚ ਭ੍ਰਿਸ਼ਟਾਚਾਰ ਦਾ ਬੀਜ ਬੋਅ ਦਿੱਤਾ ਜੋ ਅੱਜ ਬੋਹੜ ਦਾ ਰੁੱਖ ਬਣ ਕੇ ਦੇਸ਼ ਵਿੱਚ ਫੈਲ ਚੁੱਕਾ ਹੈ।
ਇਸ ਭ੍ਰਿਸ਼ਟਾਚਾਰ ਨੂੰ ਫੈਲਾਉਣ ਵਿੱਚ ਰਾਜਨੀਤੀ ਦੀ ਵੀ ਬੜੀ ਭੂਮਿਕਾ ਹੈ। ਦੇਸ਼ ਦੇ ਵਿਕਾਸ ਲਈ ਬਣਾਈਆਂ ਜਾ ਰਹੀਆਂ ਯੋਜਨਾਵਾਂ ਵਿੱਚ ਕਈ ਰਾਜਸੀ ਨੇਤਾਵਾਂ ਨੇ ਵੀ ਕਈ ਘੁਟਾਲੇ ਕੀਤੇ। ਇਸ ਤਰ੍ਹਾਂ ਸਿਆਸਤ ਵਿੱਚ ਭ੍ਰਿਸ਼ਟਾਚਾਰ ਫੈਲ ਗਿਆ। ਇੱਥੋਂ ਹੀ ਅਪਰਾਧ ਜਗਤ ਬਣਨਾ ਸ਼ੁਰੂ ਹੋਇਆ।
ਅੱਜ ਹਲਾਤ ਇਹ ਹਨ ਕਿ ਰਿਸ਼ਵਤ ਲੈਣ ਵਾਲਾ ਖੁੱਲ੍ਹੇ ਆਮ ਰਿਸ਼ਵਤ ਲੈ ਰਿਹਾ ਹੈ ਅਤੇ ਦੇਣ ਵਾਲਾ ਆਪਣੀ ਮਰਜ਼ੀ ਨਾਲ ਰਿਸ਼ਵਤ ਦੇ ਕੇ ਆਪਣੇ ਕੰਮ ਕਰਵਾ ਰਿਹਾ ਹੈ। ਅੱਜ ਪੈਸਾ ਪ੍ਰਧਾਨ ਹੈ। ਪੈਸੇ ਪ੍ਰਤੀ ਪਿਆਰ ਨੇ ਸੁਆਰਥਪੁਣੇ ਦੀਆਂ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ ਹਨ। ਮਾਇਆ ਦੀ ਲਾਲਸਾ ਇੰਨੀ ਵੱਧ ਗਈ ਹੈ ਕਿ ਸ਼ਰਮ-ਹਯਾ ਦਾ ਕੋਈ ਪਰਦਾ ਨਹੀਂ ਹੈ। ਸਰਕਾਰੀ ਸੰਸਥਾਵਾਂ ਵਿੱਚ ਕੰਮ ਕਰਨ ਵਾਲੇ ਬਹੁਤੇ ਕਰਮਚਾਰੀ ਆਪਣੀਆਂ ਤਨਖਾਹਾਂ ਨੂੰ ਬੋਨਸ ਸਮਝ ਕੇ ਜਮ੍ਹਾਂ ਕਰ ਰਹੇ ਹਨ ਅਤੇ ਉੱਪਰਲੀ ਕਮਾਈ ਨਾਲ ਚੰਗਾ ਜੀਵਨ ਗੁਜ਼ਾਰ ਰਹੇ ਹਨ। ਉਨ੍ਹਾਂ ਦੀਆਂ ਖੁਸ਼ੀਆਂ ਤੇ ਦੁੱਖ ਉੱਪਰਲੀ ਕਮਾਈ ਨਾਲ ਜੁੜੇ ਹੋਏ ਹਨ। ਈਮਾਨਦਾਰ ਸਰਕਾਰੀ ਕਰਮਚਾਰੀਆਂ ਦਾ ਮਖੌਲ ਉਡਾਇਆ ਜਾਂਦਾ ਹੈ।
ਇਹ ਭ੍ਰਿਸ਼ਟਾਚਾਰ ਸਰਕਾਰੀ ਸੰਸਥਾਵਾਂ ਤੱਕ ਹੀ ਸੀਮਤ ਨਹੀਂ, ਹਸਪਤਾਲਾਂ ਦੀਆਂ ਦਵਾਈਆਂ ਬਾਹਰ ਦੁਕਾਨਾਂ ਉੱਪਰ ਵਿਕ ਰਹੀਆਂ ਹਨ।ਪੁਲਿਸ ਵਿਭਾਗ ਰਿਸ਼ਵਤ ਲੈ ਕੇ ਕਈ ਸ਼ਿਕਾਇਤਾਂ ਨੂੰ ਰਫ਼ਾ-ਦਫ਼ਾ ਕਰ ਦਿੰਦਾ ਹੈ। ਅਧਿਆਪਕ ਜਮਾਤਾਂ ਵਿੱਚ ਨਾ ਪੜ੍ਹਾ ਕੇ ਟਿਊਸ਼ਨਾਂ ਪੜ੍ਹਾਉਣ ‘ਤੇ ਜ਼ੋਰ ਦਿੰਦੇ ਹਨ। ਲੋਕ ਉਸਾਰੀ ਵਿਭਾਗ ਵਿੱਚ ਸੀਮਿੰਟ, ਰੇਤ, ਬਜਰੀ, ਇੱਟਾਂ ਆਦਿ ਵਿੱਚ ਘਪਲੇਬਾਜ਼ੀ ਹੋ ਰਹੀ ਹੈ। ਡਰਾਈਵਿੰਗ ਲਾਇਸੈਂਸ ਲੈਣ ਤੋਂ ਲੈ ਕੇ ਪਾਸਪੋਰਟ ਲੈਣ ਤੱਕ ਕਮਿਸ਼ਨ ਦੇਣੀ ਪੈਂਦੀ ਹੈ। ਘੱਟ ਕੀਮਤਾਂ ‘ਤੇ ਸਮਾਨ ਖ਼ਰੀਦ ਕੇ ਦੁਗਣੀ, ਤਿਗਣੀ ਕੀਮਤ ‘ਤੇ ਵੇਚ ਕੇ ਖੂਬ ਮੁਨਾਫ਼ਾ ਖਾਧਾ ਜਾਂਦਾ ਹੈ। ਕਹਿਣ ਤੋਂ ਭਾਵ ਇਹ ਹੈ ਕਿ ਚਾਰੋਂ ਪਾਸੇ ਭ੍ਰਿਸ਼ਟਾਚਾਰ ਦਾ ਬੋਲ-ਬਾਲਾ ਹੈ।
ਇਕ ਸਮਾਂ ਸੀ ਜਦੋਂ ਧਾਰਮਕ ਸਥਾਨ ਭ੍ਰਿਸ਼ਟਾਚਾਰ ਤੋਂ ਮੁਕਤ ਸਨ। ਪਰ, ਇਹ ਹੁਣ ਭ੍ਰਿਸ਼ਟਾਚਾਰ ਦੇ ਅੱਡੇ ਬਣ ਗਏ ਹਨ। ਆਏ ਦਿਨ ਇਨ੍ਹਾਂ ਸਥਾਨਾਂ ਦੇ ਪ੍ਰਬੰਧਕਾਂ ਤੇ ਸੇਵਾਦਾਰਾਂ ਖ਼ਿਲਾਫ਼ ਹੇਰਾ-ਫੇਰੀ ਕਰਨ ਦੀਆਂ ਸ਼ਿਕਾਇਤਾਂ ਸੁਣਨ ਨੂੰ ਮਿਲਦੀਆਂ ਹਨ। ਕਈ ਨੇਤਾ ਇਨ੍ਹਾਂ ਧਾਰਮਕ ਸਥਾਨਾਂ ਨੂੰ ਆਪਣੇ ਰਾਜਸੀ ਮਨੋਰਥਾਂ ਲਈ ਵੀ ਵਰਤਦੇ ਹਨ।
ਸਭ ਜਾਣਦੇ ਹਨ ਕਿ ਭ੍ਰਿਸ਼ਟਾਚਾਰ ਦਾ ਇਹ ਰੋਗ ਕਿਸੇ ਦਿਨ ਸਾਰਿਆਂ ਨੂੰ ਖਾ ਜਾਵੇਗਾ, ਪਰ ਇਹ ਹੱਡਾਂ ਵਿੱਚ ਇੰਜ ਰੱਚ ਚੁੱਕਿਆ ਹੈ ਕਿ ਇਸ ਤੋਂ ਛੁਟਕਾਰਾ ਪਾਉਣਾ ਮੁਸ਼ਕਲ ਜਾਪਦਾ ਹੈ।
ਜੇ ਅਸੀਂ ਚਾਹੁੰਦੇ ਹਾਂ ਕਿ ਭ੍ਰਿਸ਼ਟਾਚਾਰ ਨੂੰ ਜੜ੍ਹੋਂ ਖ਼ਤਮ ਕੀਤਾ ਜਾਵੇ ਤਾਂ ਸਾਨੂੰ ਲੋਕ ਲਹਿਰ ਅਰੰਭ ਕਰਨੀ ਪਵੇਗੀ। ਸਾਡੇ ਦੇਸ਼ ਵਿੱਚ ਈਮਾਨਦਾਰ ਤੇ ਆਦਰਸ਼ਕ ਲੋਕਾਂ ਦੀ ਘਾਟ ਨਹੀਂ ਹੈ, ਜ਼ਰੂਰਤ ਹੈ ਉਨ੍ਹਾਂ ਲੋਕਾਂ ਨੂੰ ਅੱਗੇ ਲਿਆਉਣ ਦੀ। ਉਨ੍ਹਾਂ ਦੀ ਸੁਰੱਖਿਆ ਦਾ ਵੀ ਇੰਤਜ਼ਾਮ ਕਰਨਾ ਪਵੇਗਾ।