ਲੇਖ ਰਚਨਾ : ਭਾਰਤ ਦੇਸ਼ ਅੱਗੇ ਨਵੀਆਂ ਚੁਣੌਤੀਆਂ


ਭਾਰਤ ਇੱਕ ਵਿਕਾਸਸ਼ੀਲ ਦੇਸ਼ ਹੈ। ਦੇਸ਼ ਦੀ ਵੰਡ ਤੋਂ ਬਾਅਦ ਉਸ ਅੱਗੇ ਕਈ ਚੁਣੌਤੀਆਂ ਸਨ ਜਿਨ੍ਹਾਂ ਦਾ ਮੁਕਾਬਲਾ ਕਰਨਾ ਅਤੇ ਉਨ੍ਹਾਂ ਦਾ ਹੱਲ ਲੱਭਣਾ ਜ਼ਰੂਰੀ ਸੀ। ਸਮੇਂ ਦੇ ਨਾਲ ਕੁਝ ਚੁਣੌਤੀਆਂ ਦਾ ਹੱਲ ਲੱਭ ਲਿਆ ਗਿਆ ਜਿਸ ਕਾਰਨ ਅਸੀਂ ਅੱਗੇ ਵਧੇ ਹਾਂ। ਪਰ, ਸਮੇਂ ਦੇ ਬੀਤਣ ਨਾਲ ਭਾਰਤ ਦੇਸ਼ ਅੱਗੇ ਨਵੀਆਂ ਸਮੱਸਿਆਵਾਂ ਪੈਦਾ ਹੋ ਗਈਆਂ ਹਨ।

ਸਭ ਤੋਂ ਪਹਿਲੀ ਚੁਣੌਤੀ ਹੈ – ਦੇਸ਼ ਦੀ ਤੇਜ਼ੀ ਨਾਲ ਵਧ ਰਹੀ ਅਬਾਦੀ। ਹਰ ਦੇਸ਼ ਨੂੰ ਆਪਣੇ ਦੇਸ਼ ਦੇ ਕੰਮ-ਕਾਰ ਨੂੰ ਚਲਾਉਣ ਅਤੇ ਤਰੱਕੀ ਕਰਨ ਲਈ ਦੇਸ਼ ਦੀ ਵੱਸੋਂ ਭਾਵ ਸ਼ਕਤੀ ਦੀ ਲੋੜ ਹੁੰਦੀ ਹੈ। ਪਰ, ਜੇਕਰ ਵੱਸੋਂ ਇੰਨੀ ਵਧ ਜਾਵੇ ਕਿ ਉਸ ਦੀਆਂ ਜ਼ਰੂਰਤਾਂ ਪੂਰੀਆਂ ਕਰਨ ਲਈ ਦੇਸ਼ ਵਿੱਚ ਚੀਜ਼ਾਂ ਅਤੇ ਸਾਧਨਾਂ ਦੀ ਘਾਟ ਹੋ ਜਾਵੇ ਤਾਂ ਉਸ ਦੇਸ਼ ਦੀ ਅਬਾਦੀ ਦਾ ਵਾਧਾ ਉਸ ਦੇਸ਼ ਲਈ ਇੱਕ ਸਮੱਸਿਆ ਬਣ ਜਾਂਦਾ ਹੈ। ਅੱਜ ਭਾਰਤ ਨੂੰ ਅਜਿਹੀ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜਦੋਂ ਸਮੱਸਿਆ ਨੂੰ ਚੁਣੌਤੀ ਵਜੋਂ ਲਿਆ ਜਾਂਦਾ ਹੈ ਤਦ ਇਹ ਆਸ ਰੱਖੀ ਜਾਂਦੀ ਹੈ ਕਿ ਇਹ ਹੱਲ ਹੋ ਜਾਵੇਗੀ।

ਦੂਜੀ ਚੁਣੌਤੀ ਹੈ—ਪ੍ਰਦੂਸ਼ਣ। ਪ੍ਰਦੂਸ਼ਣ ਦਾ ਅਰਥ ਹੈ ਦੂਸ਼ਿਤ ਹੋਣਾ ਜਾਂ ਇਸ ਤਰ੍ਹਾਂ ਕਹਿ ਸਕਦੇ ਹਾਂ ਕਿ ਸਾਡੇ ਵਾਤਾਵਰਨ ਵਿੱਚ ਜੋ ਅਣਚਾਹੀ ਤਬਦੀਲੀ ਆਉਂਦੀ ਹੈ ਉਸ ਨੂੰ ਪ੍ਰਦੂਸ਼ਣ ਆਖਦੇ ਹਨ। ਪ੍ਰਦੂਸ਼ਣ ਦੀ ਸਮੱਸਿਆ ਦਾ ਮੂਲ ਕਾਰਨ ਹੈ—ਵਪਾਗਾਂ ਦਾ ਮਸ਼ੀਨੀਕਰਨ। ਪ੍ਰਦੂਸ਼ਣ ਤੋਂ ਬਚਣ ਲਈ ਕਈ ਉਪਾਅ ਕਰਨੇ ਜ਼ਰੂਰੀ ਹਨ।

ਭ੍ਰਿਸ਼ਟਾਚਾਰ ਭਾਰਤ ਅੱਗੇ ਇੱਕ ਬਹੁਤ ਵੱਡੀ ਚੁਣੋਤੀ ਹੈ। ਜੇ ਭਾਰਤ ਨੇ ਤਰੱਕੀ ਦੀਆਂ ਸਿਖਰਾਂ ‘ਤੇ ਪੁੱਜਣਾ ਹੈ, ਜੇ ਵੇਲੇ ਦੀ ਸਰਕਾਰ ਅਤੇ ਲੋਕ ਦੇਸ਼ ਦੇ ਕਰੋੜਾਂ ਭੁੱਖੇ ਲੋਕਾਂ ਦਾ ਸਹੀ ਅਰਥਾਂ ਵਿੱਚ ਭਲਾ ਚਾਹੁੰਦੇ ਹਨ ਤਾਂ ਭ੍ਰਿਸ਼ਟਾਚਾਰ ਨੂੰ ਜੜ੍ਹੋਂ ਉਖਾੜਨਾ ਪਵੇਗਾ।

ਭਾਰਤ ਵਿੱਚ ਬੇਰੁਜ਼ਗਾਰੀ ਸੰਸਾਰ ਦੇ ਸਾਰੇ ਦੇਸ਼ਾਂ ਨਾਲੋਂ ਵਧੇਰੇ ਹੈ ਅਤੇ ਚਿੰਤਾ ਇਸ ਗੱਲ ਦੀ ਹੈ ਕਿ ਇਹ ਦਿਨੋ-ਦਿਨ ਵਧ ਰਹੀ ਹੈ। ਬੇਰੁਜ਼ਗਾਰ ਉਹ ਹੁੰਦਾ ਹੈ ਜੋ ਕਿਸੇ ਕੰਮ ਨੂੰ ਕਰਨ ਦੀ ਯੋਗਤਾ ਰੱਖਦਾ ਵੀ ਹੈ ਅਤੇ ਉਹ ਆਪਣੀ ਰੋਜ਼ੀ ਲਈ ਕੰਮ ਕਰਨਾ ਚਾਹੁੰਦਾ ਹੈ, ਪਰ ਉਸ ਨੂੰ ਉਹ ਕੰਮ ਮਿਲਦਾ ਨਹੀਂ। ਅੱਜ ਭਾਰਤ ਵਿੱਚ ਬੇਰੁਜ਼ਗਾਰੀ ਪੜ੍ਹੇ-ਲਿਖੇ ਲੋਕਾਂ ਦੀ ਵਧੇਰੇ ਹੈ। ਬੇਰੁਜ਼ਗਾਰੀ ਦੀ ਚੁਣੌਤੀ ਲਈ ਸਾਨੂੰ ਛੇਤੀ ਤੋਂ ਛੇਤੀ ਕੁਝ ਜ਼ਰੂਰੀ ਕਦਮ ਚੁੱਕਣੇ ਪੈਣਗੇ।

ਸਾਡੇ ਦੇਸ਼ ਵਿੱਚ ਵੱਖ-ਵੱਖ ਫ਼ਿਰਕਿਆਂ ਅਤੇ ਜਾਤੀਆਂ ਵਿੱਚ ਤਣਾਉ ਵਧ ਰਿਹਾ ਹੈ।ਕੁਝ ਤੰਗ ਸੋਚ ਵਾਲੇ ਲੋਕ ਆਪਣੇ ਸੁਆਰਥ ਲਈ ਵੱਖ-ਵੱਖ ਧਰਮਾਂ ਦੇ ਲੋਕਾਂ ਨੂੰ ਭੜਕਾ ਕੇ ਉਨ੍ਹਾਂ ਵਿੱਚ ਫੁੱਟ ਪਾਉਣ ਦਾ ਜਤਨ ਕਰਦੇ ਰਹਿੰਦੇ ਹਨ। ਜਿਸ ਨਾਲ ਦੇਸ਼ ਵਿੱਚ ਅਸ਼ਾਂਤੀ ਫੈਲਾਈ ਜਾਂਦੀ ਹੈ। ਸਰਕਾਰ ਇਸ ਚੁਣੌਤੀ ਦਾ ਮੁਕਾਬਲਾ ਬੜੇ ਸਾਹਸ ਨਾਲ ਕਰ ਰਹੀ ਹੈ, ਪਰ ਹਾਲੇ ਵੀ ਕਈ ਰੁਕਾਵਟਾਂ ਹਨ।

ਆਏ ਦਿਨ ਆਤੰਕਵਾਦੀਆਂ ਵੱਲੋਂ ਦੇਸ਼ ਦੇ ਵੱਖ-ਵੱਖ ਹਿੱਸਿਆ ਵਿੱਚ ਦੁਰਘਟਨਾਵਾਂ ਕਰਵਾ ਕੇ ਆਤੰਕ ਫੈਲਾਉਣ ਦਾ ਜਤਨ ਕਰਨਾ, ਦੇਸ਼ ਲਈ ਇੱਕ ਹੋਰ ਚੁਣੌਤੀ ਹੈ। ਨੌਜਵਾਨਾਂ ਵਿੱਚ ਵਧ ਰਹੀ ਬੇਚੈਨੀ, ਔਰਤਾਂ ਉੱਪਰ ਹੋ ਰਹੇ ਅਤਿਆਚਾਰ, ਭਰੂਣ ਹਤਿਆਵਾਂ ਦਾ ਖ਼ਤਰਨਾਕ ਰੁਝਾਨ ਵੀ ਦੇਸ਼ ਅੱਗੇ ਚੁਣੌਤੀਆਂ ਹਨ। ਹੋਰ ਵੀ ਕਈ ਚੁਣੌਤੀਆਂ ਹਨ ਜਿੰਨਾ ਦੀ ਸੂਚੀ ਹੋਰ ਵੀ ਲੰਮੀ ਹੋ ਸਕਦੀ ਹੈ।

ਚੁਣੌਤੀ ਕੋਈ ਵੀ ਹੋਵੇ ਉਸ ਦੀ ਗੰਭੀਰਤਾ ਬਾਰੇ ਸਭ ਨੂੰ ਪਤਾ ਹੋਣਾ ਚਾਹੀਦਾ ਹੈ। ਉਸ ਦੇ ਕਾਰਨਾਂ ਨੂੰ ਸਮਝਣਾ ਜ਼ਰੂਰੀ ਹੈ, ਇਸ ਦੀ ਰੋਕਥਾਮ ਕਿਵੇਂ ਹੋਵੇ, ਦੇਸ਼ਵਾਸੀਆਂ ਨੂੰ ਜਾਣਕਾਰੀ ਦਿੱਤੀ ਜਾਣੀ ਚਾਹੀਦੀ ਹੈ। ਸਮਾਜਿਕ ਚੇਤਨਾ ਵੀ ਜ਼ਰੂਰੀ ਹੈ। ਧਾਰਮਕ ਸਹਿਣਸ਼ੀਲਤਾ ਦੀ ਘਾਟ ਕਰਕੇ ਜੋ ਤਣਾਓ ਸਮਾਜ ਵਿੱਚ ਹੈ ਜਿਹੜਾ ਵਾਰ-ਵਾਰ ਹਿੰਸਾ ਦਾ ਕਾਰਨ ਬਣਦਾ ਹੈ, ਉਸ ਬਾਰੇ ਲੋਕਾਂ ਨੂੰ ਚੇਤਨ ਕਰਨ ਦੀ ਲੋੜ ਹੈ। ਅਖ਼ਬਾਰਾਂ, ਰੇਡੀਓ, ਟੀ.ਵੀ., ਵਿਦਿਅਕ ਸੰਸਥਾਵਾਂ ਦੀ ਮਦਦ ਨਾਲ ਲੋਕਾਂ ਦੇ ਮਨਾਂ ਵਿੱਚੋਂ ਗ਼ਲਤ ਧਾਰਨਾਵਾਂ ਕੱਢੀਆਂ ਜਾ ਸਕਦੀਆਂ ਹਨ। ਵਿਦਿਆ ਨਾਲ ਲੋਕਾਂ ਦੀ ਸੋਚ ਨੂੰ ਵਿਗਿਆਨਿਕ ਬਣਾਇਆ ਜਾ ਸਕਦਾ ਹੈ।

ਅਸਲ ਵਿੱਚ ਇਨ੍ਹਾਂ ਸਾਰੀਆਂ ਬੁਰਾਈਆਂ ਦਾ ਮੁਕਾਬਲਾ ਸਾਂਝੇ ਜਤਨਾਂ ਨਾਲ ਕੀਤਾ ਜਾ ਸਕਦਾ ਹੈ। ਸਰਕਾਰ ਆਪਣੀਆਂ ਯੋਜਨਾਵਾਂ ਨੂੰ ਸਹੀ ਬਣਾਵੇ ਅਤੇ ਅਮਲ ਕਰੇ। ਧਾਰਮਿਕ ਤੇ ਸਮਾਜਿਕ ਆਗੂ ਆਪਣੇ ਫਰਜ਼ਾਂ ਨੂੰ ਸਮਝਦੇ ਹੋਏ ਫਿਰਕੂ ਫਸਾਦਾਂ ਨੂੰ ਠੱਲ ਪਾਉਣ ਤੇ ਸਮਾਜਿਕ ਬੁਰਾਈਆਂ ਨੂੰ ਦੂਰ ਕਰਨ। ਫ਼ਿਲਮਕਾਰ ਫ਼ਿਲਮਾਂ ਵਿੱਚ ਗੰਦੇ ਤੇ ਹਿੰਸਾ ਪੂਰਨ ਦ੍ਰਿਸ਼ ਨਾ ਵਿਖਾਉਣ। ਇਸ ਤਰ੍ਹਾਂ ਦੇਸ਼ ਦੇ ਸਧਾਰਨ ਨਾਗਰਿਕ ਤੋਂ ਲੈ ਕੇ ਵੱਡੇ ਆਗੂ ਤੱਕ ਸਭ ਦੇ ਮਿਲਵੇਂ ਜਤਨਾਂ ਨਾਲ ਸਾਰੀਆਂ ਸਮੱਸਿਆਵਾਂ ਨੂੰ ਚੁਣੌਤੀਆਂ ਵਜੋਂ ਲੈ ਕੇ ਹੱਲ ਕੀਤਾ ਜਾ ਸਕਦਾ ਹੈ।