ਲੇਖ ਰਚਨਾ : ਨੈਤਿਕਤਾ ਦਾ ਪਤਨ-ਦੇਸ਼ ਦਾ ਪਤਨ
ਕਿਸੇ ਨੇ ਸੱਚ ਹੀ ਕਿਹਾ ਹੈ ਕਿ ਮਨੁੱਖ ਦਾ ਚਰਿੱਤਰ ਗਿਆ ਤਾਂ ਸਮਝੋ ਸਭ ਕੁਝ ਗਿਆ। ਮਨੁੱਖ ਦਾ ਜੱਸ, ਉਸ ਦੀ ਅਮੀਰੀ, ਮਾਨ-ਮਰਿਆਦਾ ਉਸ ਦੇ ਚਰਿੱਤਰ ਉੱਤੇ ਹੀ ਨਿਰਭਰ ਕਰਦੀ ਹੈ। ਨੈਤਿਕਤਾ ਮਨੁੱਖ ਦੀ ਉੱਚਤਾ ਦੀ ਕਸੌਟੀ ਹੈ। ਸੱਚਾਈ, ਵਫ਼ਾਦਾਰੀ, ਦਇਆ, ਭੋਲਾਪਨ, ਸਦਾਚਾਰ, ਸੰਤੋਖ, ਆਪਸੀ ਸਹਿਯੋਗ-ਇਹ ਸਾਰੇ ਨੈਤਿਕਤਾ ਦੇ ਅਧਾਰ ਹਨ। ਚੰਗਾ ਵਰਤਾਉ, ਮਿਹਨਤ, ਫ਼ਰਜਾਂ ਦੀ ਪਾਲਣਾ, ਸਮੇਂ ਦੀ ਪਾਬੰਦੀ ਆਦਿ ਗੁਣ ਜਿਸ ਮਨੁੱਖ ਵਿੱਚ ਹੋਣਗੇ ਤਾਂ ਇਹ ਪੂਰੇ ਵਿਸ਼ਵਾਸ ਨਾਲ ਕਿਹਾ ਜਾ ਸਕਦਾ ਹੈ, ਉਹ ਨੈਤਿਕਤਾ ਦੀ ਕਸੌਟੀ ‘ਤੇ ਖਰਾ ਉਤਰੇਗਾ।
ਕਿਸੇ ਵੀ ਦੇਸ਼ ਜਾਂ ਸਮਾਜ ਦੀ ਤਰੱਕੀ ਉੱਥੋਂ ਦੇ ਲੋਕਾਂ ਦੇ ਸੱਚੇ ਹੋਣ, ਮਿਹਨਤੀ ਅਤੇ ਨੈਤਿਕ ਕਦਰਾਂ-ਕੀਮਤਾਂ ਦਾ ਮੁੱਲ ਪਾਉਣ ਉੱਤੇ ਨਿਰਭਰ ਕਰਦੀ ਹੈ। ਛੋਟੇ ਜਿਹੇ ਦੇਸ਼ ਜਪਾਨ ਦਾ ਹੀ ਉਦਾਹਰਨ ਲਿਆ ਜਾ ਸਕਦਾ ਹੈ। ਦੂਜੇ ਵਿਸ਼ਵ ਜੁੱਧ ਵਿੱਚ ਸਭ ਕੁਝ ਤਬਾਹ ਹੋਣ ਦੇ ਬਾਵਜੂਦ ਇਸ ਦੇਸ਼ ਨੇ ਜੋ ਤਰੱਕੀ ਕੀਤੀ, ਉਸ ਦਾ ਸਾਰਾ ਸਿਹਰਾ ਉੱਥੋਂ ਦੇ ਨਿਵਾਸੀਆਂ ਦੇ ਨੈਤਿਕ ਕੀਮਤਾਂ ਨੂੰ ਹੀ ਜਾਂਦਾ ਹੈ। ਜਪਾਨੀਆਂ ਦੀ ਸਮੇਂ ਦੀ ਪਾਬੰਦੀ, ਮਿਹਨਤ, ਦੇਸ਼ ਭਗਤੀ ਅਤੇ ਈਮਾਨਦਾਰੀ ਦਾ ਕੋਈ ਮੁਕਾਬਲਾ ਨਹੀਂ। ਇਸ ਦੇ ਉਲਟ ਜੇ ਅੱਜ ਅਸੀਂ ਆਪਣੇ ਦੇਸ਼ ਦੇ ਰਾਜਨੀਤਕ ਅਤੇ ਸਮਾਜਿਕ ਹਲਾਤਾਂ ਨੂੰ ਵੇਖੀਏ ਤਾਂ ਇਹ ਸਾਫ਼ ਹੋ ਜਾਵੇ ਗਾ ਕਿ ਸੋਨੇ ਦੀ ਚਿੜੀ ਅਖਵਾਉਣ ਵਾਲੇ ਇਸ ਦੇਸ਼ ਵਿੱਚ ਨੈਤਿਕ ਕਦਰਾਂ-ਕੀਮਤਾਂ ਵਿੱਚ ਕਿਵੇਂ ਗਿਰਾਵਟ ਆ ਚੁੱਕੀ ਹੈ। ਹਰ ਪਾਸੇ ਮਾਰਧਾੜ, ਭ੍ਰਿਸ਼ਟਾਚਾਰ, ਰਿਸ਼ਵਤਖੋਰੀ, ਸੰਪਰਦਾਇਕਤਾ ਅਤੇ ਆਲਸ ਆਦਿ ਦਾ ਬੋਲ-ਬਾਲਾ ਹੈ। ਇਸ ਕਾਰਨ ਸੰਸਾਰ
ਵਿੱਚ ਸਾਡੀ ਤਸਵੀਰ ਵੀ ਧੁੰਧਲੀ ਹੋਈ ਹੈ।
ਨੈਤਿਕ ਕੀਮਤਾਂ ਦੀ ਚਰਚਾ ਕੇਵਲ ਪੁਸਤਕਾਂ, ਭਾਸ਼ਣਾਂ, ਗੋਸ਼ਟੀਆਂ ਜਾਂ ਵਾਦ-ਵਿਵਾਦ ਤੱਕ ਸੀਮਿਤ ਹੋ ਕੇ ਰਹਿ ਗਈ ਹੈ। ਆਪਣੇ ਵੱਡਿਆਂ ਵੱਲੋਂ ਦਿੱਤੇ ਆਦਰਸ਼ਾਂ ਨੂੰ ਭੁਲਾਉਣ ਕਾਰਨ ਅਸੀਂ ਆਪਣੀ ਤਾਕਤ, ਬੁੱਧੀ, ਮਾਣ ਨੂੰ ਆਪਣੇ ਹੱਥੋਂ ਗੁਆ ਚੁੱਕੇ ਹਾਂ ਅਤੇ ਇਹੋ ਹੀ ਕਾਰਨ ਹੈ ਕਿ ਸਾਡਾ ਸਮਾਜ ਗਿਰਾਵਟ ਵੱਲ ਜਾ ਰਿਹਾ ਹੈ।
ਇਹ ਸਾਡੇ ਦੇਸ਼ਵਾਸੀਆਂ ਦੇ ਨੈਤਿਕ ਕੀਮਤਾਂ ਵਿੱਚ ਆ ਰਹੀ ਗਿਰਾਵਟ ਹੀ ਸੀ ਜਿਸ ਕਾਰਨ ਭਾਰਤ ਦੇਸ਼ ਗੁਲਾਮੀ ਦੀਆਂ ਜੰਜੀਰਾਂ ਵਿੱਚ ਜਕੜਿਆ ਗਿਆ। ਗੁਲਾਮੀ ਦੇ ਇਸ ਲੰਬੇ ਸਮੇਂ ਵਿੱਚ ਅਸੀਂ ਜੀਵਨ ਦੀਆਂ ਕਦਰਾਂ-ਕੀਮਤਾਂ ਨੂੰ ਹੀ ਭੁੱਲ ਗਏ। ਉਹ ਦੇਸ਼ ਜੋ ਕਦੀ ਦੁਨੀਆ ਦਾ ਮਾਰਗ ਦਰਸ਼ਨ ਕਰਦਾ ਸੀ, ਉਹ ਆਪ ਹੀ ਹਨ੍ਹੇਰੇ ਵਿੱਚ ਡੁੱਬਦਾ ਚਲਾ ਗਿਆ। ਅੱਜ ਅਸੀਂ ਆਪਣੇ ਦੇਸ਼ ਵਿੱਚ ਫੈਲੇ ਭ੍ਰਿਸ਼ਟਾਚਾਰ ਅਤੇ ਹੋਰ ਕਈ ਸਮੱਸਿਆਵਾਂ ਲਈ ਕਦੀ ਨੇਤਾਵਾਂ ਅਤੇ ਕਦੀ ਪੁਲਿਸ ਵਿਭਾਗ ਨੂੰ ਜ਼ਿਮੇਵਾਰ ਠਹਿਰਾਉਂਦੇ ਹਾਂ, ਪਰ ਕੀ ਅਸੀਂ ਕਦੀ ਇਹ ਸੋਚਿਆ ਹੈ ਕਿ ਪੁਲਿਸ ਵਿਭਾਗ ਦੇ ਅਧਿਕਾਰੀ ਅਤੇ ਨੇ ਤਾ ਕਿੱਥੋਂ ਆਉਂਦੇ ਹਨ? ਕੀ ਇਹ ਸਾਡੇ ਸਮਾਜ ਦਾ ਹੀ ਹਿੱਸਾ ਨਹੀਂ ਹਨ? ਕੀ ਇਹ ਸਮਾਜ ਦਾ ਹੀ ਪ੍ਰਤੀਬਿੰਬ ਪੇਸ਼ ਨਹੀਂ ਕਰਦੇ? ਅਸਲ ਵਿੱਚ ਸਾਡੇ ਦੇਸ਼ ਦੀ ਗਿਰਾਵਟ ਦਾ ਮੁੱਖ ਤੇ ਇੱਕੋ-ਇਕ ਕਾਰਨ ਹੈ, ਸਾਡੇ ਨੈਤਿਕ ਮੁੱਲਾਂ ਵਿੱਚ ਆ ਰਹੀ ਹੀਣਤਾ। ਅੱਜ ਅਸੀਂ ਸਾਰੇ ਆਪੋ-ਆਪਣੇ ਸੁਆਰਥ ਵਿੱਚ ਇੰਨੇ ਰੁੱਝ ਗਏ ਹਾਂ ਕਿ ਸਾਨੂੰ ਦੂਜਿਆਂ ਦੇ ਦੁੱਖਾਂ ਦਾ ਗਿਆਨ ਹੀ ਨਹੀਂ। ਅਸੀਂ ਮਨੁੱਖਤਾ ਦੀ ਸੇਵਾ ਨੂੰ ਭੁੱਲ ਗਏ ਹਾਂ। ਹਰ ਪਾਸੇ ਲਾਲਚ, ਈਰਖਾ, ਹੰਕਾਰ, ਨਿਜੀ ਸੁਆਰਥ ਫੈਲ ਗਿਆ ਹੈ। ਬੇਈਮਾਨੀ ਦਾ ਬੋਲ-ਬਾਲਾ ਹੈ।
ਜੇ ਅਸੀਂ ਚਾਹੁੰਦੇ ਹਾਂ ਕਿ ਸਾਡਾ ਦੇਸ਼ ਤਰੱਕੀ ਦੇ ਸਿਖਰਾਂ ਨੂੰ ਦੁਬਾਰਾ ਛੋਹੇ, ਅਸੀਂ ਦੁਬਾਰਾ ਸਿਰਮੌਰ ਬਣੀਏ ਤਾਂ ਇਹ ਜ਼ਰੂਰੀ ਹੈ ਕਿ ਅਸੀਂ ਆਪਣੀਆਂ ਬਹੁ-ਮੁੱਲੀਆਂ ਨੈਤਿਕ ਕਦਰਾਂ-ਕੀਮਤਾਂ ਦੀ ਪਛਾਣ ਕਰੀਏ ਅਤੇ ਉਨ੍ਹਾਂ ਨੂੰ ਆਪਣੇ ਜੀਵਨ ਵਿੱਚ ਉਤਾਰਨ ਦਾ ਪੱਕਾ ਇਰਾਦਾ ਕਰੀਏ।