ਲੇਖ ਰਚਨਾ : ਚੰਗੇ ਵਿਦਿਆਰਥੀ ਦੇ ਗੁਣ
ਅੱਜ ਦਾ ਵਿਦਿਆਰਥੀ ਕੱਲ੍ਹ ਦਾ ਸਮਾਜ ਸੁਧਾਰਕ, ਵਿਗਿਆਨੀ, ਰਾਜਨੀਤਕ ਨੇਤਾ, ਸਮਾਜ-ਸ਼ਾਸਤਰੀ ਆਦਿ ਹੈ। ਵਿਦਿਆਰਥੀ ਵਰਗ ਕਿਸੇ ਵੀ ਦੇਸ਼ ਜਾਂ ਕੌਮ ਦਾ ਭਵਿੱਖ ਹੈ। ਜੇ ਕਿਸੇ ਦੇਸ਼ ਦੇ ਭਵਿੱਖ ਦਾ ਅੰਦਾਜ਼ਾ ਲਗਾਉਣਾ ਹੋਵੇ ਤਾਂ ਅੱਜ ਦੇ ਵਿਦਿਆਰਥੀਆਂ ਨੂੰ ਵੇਖ ਕੇ ਲਗਾਇਆ ਜਾ ਸਕਦਾ ਹੈ। ਇਸ ਲਈ ਵਿਦਵਾਨ ਕਹਿੰਦੇ ਹਨ ਕਿ ਵਿਦਿਆਰਥੀਆਂ ਦੇ ਵਰਤਮਾਨ ਨੂੰ ਸੰਵਾਰੋ, ਦੇਸ਼ ਦਾ ਭਵਿੱਖ ਆਪਣੇ ਆਪ ਸੰਵਰ ਜਾਵੇਗਾ।
ਇਕ ਚੰਗੇ ਵਿਦਿਆਰਥੀ ਵਿੱਚ ਸਭ ਤੋਂ ਪਹਿਲਾ ਗੁਣ ਉਸ ਦਾ ਤੰਦਰੁਸਤ ਹੋਣਾ ਹੈ। ਤੰਦਰੁਸਤ ਸਰੀਰ ਵਿੱਚ ਹੀ ਤੰਦਰੁਸਤ ਦਿਮਾਗ ਹੋ ਸਕਦਾ ਹੈ। ਇਕ ਚੰਗਾ ਵਿਦਿਆਰਥੀ ਆਪਣੀ ਵਿਦਿਆ ਪ੍ਰਾਪਤੀ ਦੀ ਯਾਤਰਾ ਵਿੱਚ ਆਪਣੇ ਸਾਹਮਣੇ ਕੋਈ ਉਦੇਸ਼ ਮਿੱਥ ਲੈਂਦਾ ਹੈ। ਉਸ ਉਦੇਸ਼ ਨੂੰ ਪ੍ਰਾਪਤੀ ਲਈ ਉਹ ਪੜਾਅ-ਦਰ-ਪੜਾਅ ਪਾਰ ਕਰਦਾ ਅੱਗੇ ਵੱਧਦਾ ਜਾਂਦਾ ਹੈ। ਉਹ ਰਸਤੇ ਵਿੱਚ ਆਉਣ ਵਾਲੀ ਹਰ ਮੁਸ਼ਕਲ ਨੂੰ ਖਿੜੇ ਮੱਥੇ ਸਹਾਰਦਾ ਹੈ।
ਸੱਚ ਬੋਲਣ ਦਾ ਹੌਂਸਲਾ ਵੀ ਇੱਕ ਚੰਗੇ ਵਿਦਿਆਰਥੀ ਵਿੱਚ ਹੀ ਹੋ ਸਕਦਾ ਹੈ।ਉਹ ਚੰਗੀ ਤਰ੍ਹਾਂ ਸਮਝਦਾ ਹੈ ਕਿ ਝੂਠ ਬੋਲਣਾ ਉਸ ਦੀ ਸ਼ਖ਼ਸੀਅਤ ਉਸਾਰੀ ਵਿੱਚ ਸਭ ਤੋਂ ਵੱਡੀ ਰੁਕਾਵਟ ਹੋਵੇਗੀ। ਇਕ ਚੰਗੇ ਵਿਦਿਆਰਥੀ ਦਾ ਈਮਾਨਦਾਰ ਹੋਣਾ ਵੀ ਬਹੁਤ ਜ਼ਰੂਰੀ ਹੈ। ਈਮਾਨਦਾਰ ਆਦਮੀ ਹੀ ਆਪਣੇ ਪਰਿਵਾਰ ਤੇ ਸਮਾਜ ਲਈ ਚੰਗਾ ਸਿੱਧ ਹੋ ਸਕਦਾ ਹੈ। ਇਕ ਚੰਗੇ ਵਿਦਿਆਰਥੀ ਦੇ ਇਹ ਦੋਵੇਂ ਗੁਣ ਈਮਾਨਦਾਰੀ ਅਤੇ ਸੱਚਾਈ, ਉਸ ਅੰਦਰ ਦੇਸ਼ ਭਗਤੀ ਦੀ ਭਾਵਨਾ ਪੈਦਾ ਕਰਦੇ ਹਨ।
ਸਮੇਂ ਦਾ ਪਾਬੰਦ ਹੋਣ ਦਾ ਗੁਣ ਵਿਦਿਆਰਥੀ ਨੂੰ ਸੱਜਰਾ, ਜਗਿਆਸੂ ਅਤੇ ਕੁਝ ਕਰ ਗੁਜ਼ਰਨ ਦੀ ਜਾਚ ਸਿਖਾਉਂਦਾ ਹੈ। ਉਹ ਆਪਣੇ ਵਿਹਲੇ ਸਮੇਂ ਦੀ ਸਹੀ ਵਰਤੋਂ ਕਰਦਾ, ਆਪਣੀ ਪੜ੍ਹਾਈ ਦੇ ਨਾਲ-ਨਾਲ ਆਮ ਜਾਣਕਾਰੀ ਦੀਆਂ ਕਿਤਾਬਾਂ, ਪਤ੍ਰਿਕਾ, ਅਖ਼ਬਾਰਾਂ ਪੜ੍ਹ ਕੇ ਵਧੇਰੇ ਗਿਆਨ ਹਾਸਲ ਕਰਦਾ ਹੈ। ਉਸ ਮੁਤਾਬਕ ਗਿਆਨ ਦਾ ਕੋਈ ਅੰਤ ਨਹੀਂ ਹੈ। ਸਮੇਂ ਦਾ ਕਦਰਦਾਨ ਹੋਣ ਕਰਕੇ ਉਹ ਆਪਣੇ ਸਾਰੇ ਕੰਮ ਨੇਮ ਨਾਲ ਕਰਦਾ ਹੈ, ਇਸ ਕਰਕੇ ਸਮਾਂ ਉਸ ਦੀ ਕਦਰ ਕਰਦਾ ਹੈ।
ਅਨੁਸ਼ਾਸਨ ਵਿੱਚ ਰਹਿਣਾ ਇੱਕ ਚੰਗੇ ਵਿਦਿਆਰਥੀ ਦੀ ਜ਼ਿੰਦਗੀ ਦਾ ਨੇਮ ਹੁੰਦਾ ਹੈ। ਸਮੇਂ ਦੀ ਪਾਬੰਦੀ, ਸਮੇਂ ਦੀ ਸਹੀ ਵਰਤੋਂ ਕਰਨ ਵਾਲੇ ਵਿਦਿਆਰਥੀ ਵਿੱਚ ਅਨੁਸ਼ਾਸਨ ਦਾ ਹੋਣਾ ਸਹਿਜ ਹੀ ਹੈ। ਉਸ ਦੇ ਇਹ ਗੁਣ ਉਸ ਨੂੰ ਹਰਮਨ ਪਿਆਰਾ ਬਣਾ ਦਿੰਦੇ ਹਨ।
ਇਕ ਚੰਗੇ ਵਿਦਿਆਰਥੀ ਦੀ ਰਹਿਣੀ ਵਿੱਚ ਸਾਦਾਪਨ ਤੇ ਵਿਚਾਰਾਂ ਵਿੱਚ ਉੱਚਤਾ ਹੁੰਦੀ ਹੈ।ਅਜੋਕੀ ਫੈਸ਼ਨ ਪ੍ਰਸਤੀ ਉਸ ਤੇ ਅਸਰ ਨਹੀਂ ਕਰਦੀ। ਆਚਰਨ ਦਾ ਪੱਕਾ ਵਿਦਿਆਰਥੀ ਅਨੁਸ਼ਾਸਨ ਵਿੱਚ ਰਹਿੰਦਿਆਂ ਵੱਖ-ਵੱਖ ਖੇਤਰਾਂ ਵਿੱਚ ਸਫਲਤਾ ਹਾਸਲ ਕਰਦਾ ਹੈ। ਨਿਵ ਕੇ ਚਲਣਾ ਭਾਵ ਨਿਮਰਤਾ ਵਿੱਚ ਰਹਿਣਾ ਉਸ ਦੀ ਸ਼ਖ਼ਸੀਅਤ ਦਾ ਵਿਸ਼ੇਸ਼ ਗੁਣ ਹੁੰਦਾ ਹੈ।ਇਹੋ ਜਿਹੇ ਵਿਦਿਆਰਥੀ ਹੀ ਦੇਸ਼ ਦੀ ਤਰੱਕੀ ਵਿੱਚ ਹਿੱਸਾ ਪਾਓਂਦੇ ਹਨ।
ਇਕ ਚੰਗਾ ਵਿਦਿਆਰਥੀ ਹੀ ਧਰਮ, ਜਾਤ, ਨਸਲ ਤੇ ਫ਼ਿਰਕਿਆਂ ਦੇ ਵਿਤਕਰਿਆਂ ਤੋਂ ਉੱਪਰ ਉੱਠ ਕੇ ਜੀਵਨ ਗੁਜ਼ਾਰਦਾ ਹੈ।
ਅੰਤ ਵਿੱਚ ਅਸੀਂ ਇਹ ਕਹਿ ਸਕਦੇ ਹਾਂ ਕਿ ਇੱਕ ਚੰਗੇ ਵਿਦਿਆਰਥੀ ਵਿੱਚ ਕਿਸੇ ਵੀ ਪੱਧਰ ‘ਤੇ ਕਿਸੇ ਵੀ ਕਿਸਮ ਦੀ ਹੀਣਤਾ ਦੀ ਭਾਵਨਾ ਨਹੀਂ ਹੁੰਦੀ। ਉਸ ਕੋਲ ਹੌਂਸਲੇ ਤੇ ਧੀਰਜ ਦੇ ਦੋ ਅਜਿਹੇ ਹਥਿਆਰ ਹੁੰਦੇ ਹਨ, ਜਿਨ੍ਹਾਂ ਨਾਲ ਉਹ ਹਰ ਮੁਸ਼ਕਲ ਦਾ ਸਾਹਮਣਾ ਕਰਦਾ ਅੱਗੇ ਵੱਧਦਾ ਜਾਂਦਾ ਹੈ।