ਲੇਖ ਰਚਨਾ : ਅਜੋਕੀ ਪਰੀਖਿਆ ਪ੍ਰਣਾਲੀ
‘ਪਰੀਖਿਆ’ ਸ਼ਬਦ ਆਪਣੇ ਆਪ ਦੇ ਵਿਸਤਾਰ ਦੀ ਮੰਗ ਕਰਦਾ ਹੈ। ਹਿੰਦੂ ਇਤਿਹਾਸ ਦੀ ਰਾਮਾਇਣ ਦੀ ਕਥਾ ਵਿੱਚ ਇਹ ਦੱਸਿਆ ਗਿਆ ਹੈ ਕਿ ਸੀਤਾ ਨੂੰ ਵੀ ਰਾਵਣ ਦੀ ਲੰਕਾ ਤੋਂ ਵਾਪਸ ਆ ਕੇ ਆਪਣੀ ਪਵਿੱਤਰਤਾ ਨੂੰ ਸਾਬਤ ਕਰਨ ਲਈ ਅਗਨੀ ਪਰੀਖਿਆ ਦੇਣੀ ਪਈ ਸੀ। ਕਹਿੰਦੇ ਹਨ ਕਿ ਹਜ਼ਰਤ ਮੂਸਾ ਨੇ ਵੀ ਇੱਕ ਵਾਰ ਕਿਹਾ ਸੀ, “ਰੱਬਾ! ਮੈਨੂੰ ਕਦੇ ਇਮਤਿਹਾਨ ਵਿੱਚ ਨਾ ਪਾਈਂ।”
ਗੁਰੂ ਆਪਣੇ ਚੇਲਿਆਂ ਦੀ ਯੋਗਤਾ ਨੂੰ ਪਰਖਣ ਲਈ ਤਰ੍ਹਾਂ-ਤਰ੍ਹਾਂ ਦੀਆਂ ਪਰੀਖਿਆਵਾਂ ਲੈਂਦੇ ਸਨ। ਰਾਜੇ-ਮਹਾਰਾਜੇ ਝੂਠੇ ਮੁਕਾਬਲਿਆਂ ਦਾ ਪਰਪੰਚ ਰਚਾ ਕੇ ਵਜ਼ੀਰਾਂ, ਸੈਨਾਪਤੀਆਂ ਦੀ ਤਾਕਤ ਨੂੰ ਪਰਖਦੇ ਸਨ।
ਜੇ ਅਸੀਂ ਆਪਣੇ ਜੀਵਨ ਦੇ ਆਲੇ-ਦੁਆਲੇ ਝਾਤੀ ਮਾਰੀਏ ਤਾਂ ਸਾਨੂੰ ਇੰਜ ਜਾਪੇਗਾ ਕਿ ਜੀਵਨ ਵੀ ਇੱਕ ਪਰੀਖਿਆ ਹੈ। ਜੀਵਨ ਵਿੱਚ ਸਾਨੂੰ ਕਦਮ-ਕਦਮ ਤੇ ਕਈ ਮੁਸੀਬਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਜਿਸ ਮੁਸੀਬਤ ਦਾ ਸਾਹਮਣਾ ਦਲੇਰੀ ਨਾਲ ਕਰ ਲਿਆ ਤਾਂ ਇਹ ਸਮਝ ਲਿਆ ਜਾਂਦਾ ਹੈ ਕਿ ਅਸੀਂ ਮੁਸ਼ਕਲ ਪਰੀਖਿਆ ਵਿੱਚੋਂ ਪਾਸ ਹੋ ਗਏ।
ਪਰੀਖਿਆ ਅਸਲ ਵਿੱਚ ਇੱਕ ਮਾਪਦੰਡ ਹੈ, ਜਿਸ ਨਾਲ ਕਿਸੇ ਮਨੁੱਖ ਦੀ ਯੋਗਤਾ ਨੂੰ ਪਰਖਿਆ ਜਾਂਦਾ ਹੈ। ਇਸੇ ਤਰ੍ਹਾਂ ਹੀ ਵਿਦਿਆਰਥੀਆਂ ਦੀ ਵੱਖ-ਵੱਖ ਵਿਸ਼ਿਆਂ ਬਾਰੇ ਜਾਣਕਾਰੀ ਨੂੰ ਪਰਖਣ ਲਈ ਉਨ੍ਹਾਂ ਦੀ ਪਰੀਖਿਆ ਲਈ ਜਾਂਦੀ ਹੈ।ਪਰੀਖਿਆ ਤੋਂ ਇਲਾਵਾ ਸਾਡੇ ਕੋਲ ਹੋਰ ਕੋਈ ਅਜਿਹਾ ਤਰੀਕਾ ਨਹੀਂ ਹੈ ਜਿਸ ਦੁਆਰਾ ਵਿਦਿਆਰਥੀਆਂ ਦੇ ਗਿਆਨ ਦੀ ਵਿਸ਼ਾਲਤਾ ਨੂੰ ਜਾਣਿਆ ਜਾ ਸਕੇ। ਇਸ ਲਈ ਹੀ ਵਿਦਿਆ ਦੇ ਖੇਤਰ ਵਿੱਚ ਪਰੀਖਿਆ ਪ੍ਰਣਾਲੀ ਦਾ ਅਰੰਭ ਹੋਇਆ।
ਇਸ ਪ੍ਰਣਾਲੀ ਦੇ ਅਰੰਭ ਕਰਨ ਨਾਲ ਵਿਦਿਆ ਦੇ ਖੇਤਰ ਵਿੱਚ ਕਈ ਨਤੀਜੇ ਨਿਕਲੇ। ਵਿਦਿਆਰਥੀ ਆਪਣੀ ਪੜ੍ਹਾਈ ਪ੍ਰਤੀ ਚੇਤੰਨ ਹੋ ਗਏ, ਉਹ ਲਗਨ ਨਾਲ ਪੜ੍ਹਾਈ ਕਰਨ ਲੱਗ ਪਏ ਅਤੇ ਉਨ੍ਹਾਂ ਅੰਦਰ ਮਿਹਨਤ ਕਰਨ ਦੀ ਆਦਤ ਪੈ ਗਈ। ਇਸ ਲਗਨ ਤੇ ਮਿਹਨਤ ਨੇ ਉਨ੍ਹਾਂ ਦੀ ਬੁੱਧੀ ਨੂੰ ਤੀਖਣ ਕੀਤਾ। ਸਾਡੇ ਅਨੁਭਵੀ ਅਧਿਆਪਕਾਂ ਨੇ ਪਰੀਖਿਆ ਪ੍ਰਣਾਲੀ ਨੂੰ ਵਧੇਰੇ ਸਹੀ ਤੇ ਯੋਗ ਬਣਾਉਣ ਲਈ ਨਵੇਂ ਨਿਯਮ ਘੜੇ ਅਤੇ ਉਨ੍ਹਾਂ ਨੂੰ ਵਿਦਿਅਕ ਸੰਸਥਾਵਾਂ ਵਿੱਚ ਲਾਗੂ ਕੀਤਾ। ਇਸ ਤਰ੍ਹਾਂ ਪਰੀਖਿਆ ਪ੍ਰਣਾਲੀ ਵਿਦਿਅਕ ਪ੍ਰਣਾਲੀ ਨਾਲ ਜੁੜ ਗਈ ਤੇ ਹੁਣ ਦੋਹਾਂ ਨੂੰ ਵੱਖ ਕਰ ਕੇ ਵੇਖਣਾ ਅਸੰਭਵ ਹੈ।
ਪਰੀਖਿਆ ਵਿਦਿਆਰਥੀਆਂ ਨੂੰ ਮਿਹਨਤੀ ਤੇ ਗਿਆਨਵਾਨ ਬਣਾਉਣ ਦੇ ਨਾਲ-ਨਾਲ ਅੱਗੇ ਵੱਧਣ ਦੀ ਪ੍ਰੇਰਨਾ ਵੀ ਦਿੰਦੀ ਹੈ। ਵਿਦਿਆਰਥੀ ਵੱਧ ਤੋਂ ਵੱਧ ਨੰਬਰ ਹਾਸਲ ਕਰ ਕੇ ਇੱਕ ਦੂਜੇ ਨਾਲੋਂ ਅੱਗੇ ਵੱਧਣ ਦੀ ਇੱਛਾ ਰੱਖਦੇ ਹਨ। ਇਸ ਇੱਛਾ ਨੇ ਮੁਕਾਬਲੇ ਦੀ ਭਾਵਨਾ ਨੂੰ ਜਨਮ ਦਿੱਤਾ।
ਪਰੀਖਿਆ ਨਾਲ ਵਿਦਿਆਰਥੀਆਂ ਵਿੱਚ ਸਵੈ-ਵਿਸ਼ਵਾਸ ਵੀ ਵੱਧਦਾ ਹੈ। ਉਹ ਆਪਣੇ-ਆਪ ਨੂੰ ਕੁਝ ਕਰ ਸਕਣ ਦੇ ਸਮਰੱਥ ਸਮਝਣ ਲੱਗ ਪੈਂਦਾ ਹੈ। ਸ਼ੁਰੂ-ਸ਼ੁਰੂ ਵਿੱਚ ਪਰੀਖਿਆ ਪ੍ਰਣਾਲੀ ਦੇ ਕਈ ਲਾਭ ਹੋਏ। ਇਸ ਦੇ ਕਈ ਚੰਗੇ ਸਿੱਟੇ ਵੀ ਨਿਕਲੇ, ਪਰ ਸਮੇਂ ਦੇ ਨਾਲ-ਨਾਲ ਇਸ ਵਿੱਚ ਕਈ ਵਿਗਾੜ ਪੈਦਾ ਹੋਣੇ ਸ਼ੁਰੂ ਹੋ ਗਏ।ਅਸਲ ਵਿੱਚ ਮਨੁੱਖ ਦੇ ਦਿਮਾਗ ਨੇ ਜਿਸ ਤੇਜੀ ਨਾਲ ਵਿਕਾਸ ਕੀਤਾ, ਪਰੀਖਿਆ ਪ੍ਰਣਾਲੀ ਵਿੱਚ ਉਸ ਤੇਜ਼ੀ ਨਾਲ ਤਬਦੀਲੀਆਂ ਨਹੀਂ ਕੀਤੀਆਂ ਗਈਆਂ। ਨਤੀਜਾ ਇਹ ਹੋਇਆ, ਇਸ ਦੇ ਲਾਭ ਘੱਟ ਤੇ ਘਾਟੇ ਵਧੇਰੇ ਮਹਿਸੂਸ ਹੋਣ ਲੱਗੇ। ਅੱਜ ਹਾਲਾਤ ਇਹ ਹਨ ਕਿ ਪਰੀਖਿਆ ਪ੍ਰਣਾਲੀ ਵਿੱਚ ਕਈ ਤਬਦੀਲੀਆਂ ਦੀ ਲੋੜ ਹੈ। ਅੱਜ ਦੀ ਪਰੀਖਿਆ ਪ੍ਰਣਾਲੀ ਅਵਿਗਿਆਨਿਕ ਹੋ ਕੇ ਰਹਿ ਗਈ ਹੈ।ਇਸ ਦੁਆਰਾ ਹੁਣ ਵਿਦਿਆਰਥੀ ਦੀ ਲਿਆਕਤ ਦਾ ਸਹੀ ਅਨੁਮਾਨ ਲਗਾਉਣਾ ਵੀ ਮੁਸ਼ਕਲ ਹੋ ਗਿਆ ਹੈ।
ਸਭ ਤੋਂ ਵੱਡੀ ਘਾਟ ਤਾਂ ਇਹ ਹੈ ਕਿ ਅਜੋਕੀ ਪਰੀਖਿਆ ਪ੍ਰਣਾਲੀ ਦੇ ਅੰਤਰਗਤ ਪੂਰੇ ਸਾਲ ਦੀ ਪਰਖ ਤਿੰਨ ਘੰਟਿਆਂ ਵਿੱਚ ਕੀਤੀ ਜਾਂਦੀ ਹੈ। ਜੇ ਕਿਸੇ ਕਾਰਨ ਕੋਈ ਵਿਦਿਆਰਥੀ ਸਾਲ ਦੇ ਅੰਤ ਵਿੱਚ ਹੋਣ ਵਾਲੀ ਪਰੀਖਿਆ ਵਿੱਚ ਹਾਜ਼ਿਰ ਨਹੀਂ ਹੋ ਸਕਦਾ ਜਾਂ ਪਰੀਖਿਆ ਠੀਕ ਨਹੀਂ ਦੇ ਸਕਦਾ ਤਾਂ ਉਹ ਫ਼ੇਲ ਹੋ ਜਾਂਦਾ ਹੈ। ਇਸ ਤੋਂ ਇਲਾਵਾ ਪੂਰੀ ਕਿਤਾਬ ਵਿੱਚੋਂ ਕੁਝ ਹੀ ਪ੍ਰਸ਼ਨਾਂ ਦੇ ਉੱਤਰ ਪੁੱਛੇ ਜਾਂਦੇ ਹਨ। ਇਸ ਤੋਂ ਵੀ ਵੱਧ ਹੈਰਾਨੀ ਦੀ ਗੱਲ ਇਹ ਹੈ ਕਿ ਕਈ ਵਾਰੀ ਕਿਸੇ ਵਿਦਿਆਰਥੀ ਦੀ ਸਫਲਤਾ ਜਾਂ ਅਸਫਲਤਾ ਪ੍ਰੀਖਿਅਕ ਦੇ ਮੂਡ ‘ਤੇ ਨਿਰਭਰ ਕਰਦੀ ਹੈ। ਚੰਗਾ ਮੂਡ ਚੰਗੇ ਨੰਬਰ, ਖ਼ਰਾਬ ਮੂਡ ਘੱਟ ਨੰਬਰ। ਇਸ ਦੀ ਪੁਸ਼ਟੀ ਤਜਰਬਾ ਕਰਨ ‘ਤੇ ਵੀ ਹੋ ਚੁੱਕੀ ਹੈ।
ਪਰੀਖਿਆ ਦੇ ਇਸ ਸਿਸਟਮ ਨੇ ਵਿਦਿਆਰਥੀਆਂ ਨੂੰ ਘੋਟਾ ਲਾਊ ਬਣਾ ਕੇ ਰੱਖ ਦਿੱਤਾ ਹੈ। ਇਸ ਸਿਸਟਮ ਨੇ ਪਰੀਖਿਆ ਨੂੰ ਇੱਕ ਹਊਆ ਵੀ ਬਣਾ ਦਿੱਤਾ ਹੈ। ਕਈ ਵਿਦਿਆਰਥੀਆਂ ਉੱਪਰ ਪਰੀਖਿਆ ਦਾ ਡਰ ਇੰਨਾ ਵੱਧ ਜਾਂਦਾ ਹੈ ਕਿ ਉਹ ਖਾਣਾ-ਪੀਣਾ ਛੱਡ ਦਿੰਦੇ ਹਨ, ਮਨੋਰੰਜਨ ਕਰਨਾ ਭੁੱਲ ਜਾਂਦੇ ਹਨ। ਇਹ ਪਰੀਖਿਆ ਪ੍ਰਣਾਲੀ ਉਨ੍ਹਾਂ ਲਈ ਵਧੀਆ ਹੈ, ਜਿਨ੍ਹਾਂ ਨੂੰ ਯਾਦ ਕੀਤੇ ਪ੍ਰਸ਼ਨ ਪਰੀਖਿਆ ਵਿੱਚ ਆ ਗਏ ਜਾਂ ਜਿਨ੍ਹਾਂ ਨੂੰ ਨਕਲ ਮਾਰਨ ਦਾ ਮੌਕਾ ਮਿਲ ਜਾਂਦਾ ਹੈ। ਨਕਲ ਮਾਰ ਕੇ ਪ੍ਰਸ਼ਨ ਪੱਤਰ ਹੱਲ ਕਰਨ ਦੇ ਜਤਨਾਂ ਕਾਰਨ ਇਸ ਪਰੀਖਿਆ ਪ੍ਰਣਾਲੀ ਵਿੱਚ ਭ੍ਰਿਸ਼ਟਾਚਾਰ ਵੱਧ ਗਿਆ ਹੈ।
ਇਹ ਸੱਚ ਹੈ ਕਿ ਹੁਣ ਅਨੁਭਵੀ ਬੁੱਧੀਜੀਵੀਆਂ ਵਲੋਂ ਪਰੀਖਿਆ ਪ੍ਰਣਾਲੀ ਵਿੱਚ ਤਬਦੀਲੀਆਂ ਕੀਤੀਆਂ ਗਈਆਂ ਹਨ। ਹਫ਼ਤਾਵਾਰੀ ਟੈਸਟ, ਛਮਾਹੀ ਪਰੀਖਿਆ ਦਾ ਅਰੰਭ ਕੀਤਾ ਗਿਆ ਹੈ। ਪ੍ਰੋਜੈਕਟ ਸਿਸਟਮ ਤੇ ਜੋਰ ਦਿੱਤਾ ਗਿਆ ਹੈ। ਪ੍ਰਸ਼ਨ-ਪੱਤਰ ਦੇ ਢਾਂਚੇ ਵਿੱਚ ਵੀ ਤਬਦੀਲੀ ਕੀਤੀ ਗਈ ਹੈ ਪਰ, ਪਰੀਖਿਆ ਦਾ ਸਮਾਂ ਤਿੰਨ ਘੰਟੇ ਹੀ ਹੈ। ਕੁਝ ਹੱਦ ਤੱਕ ਇਹ ਸਿਸਟਮ ਸਫਲ ਵੀ ਹੋਇਆ ਹੈ। ਪਰ, ਛੋਟੀਆਂ ਜਮਾਤਾਂ ਵਿੱਚ ਇਹ ਸਿਸਟਮ ਬੱਚਿਆਂ ਲਈ ਬੋਝ ਬਣ ਗਿਆ ਹੈ। ਇਸ ਉੱਪਰ ਵਿਚਾਰ ਕਰਨ ਦੀ ਲੋੜ ਹੈ।