ਪਾਤਰ ਚਿਤਰਨ : ਸੁਦਰਸ਼ਨ
ਇਕਾਂਗੀ : ਗਊ-ਮੁਖਾ, ਸ਼ੇਰ-ਮੁਖਾ
ਜਾਣ-ਪਛਾਣ : ਸੁਦਰਸ਼ਨ ‘ਗਊ-ਮੁਖਾ, ਸ਼ੇਰ-ਮੁਖਾ’ ਇਕਾਂਗੀ ਦਾ ਮਹੱਤਵਪੂਰਨ ਪਾਤਰ ਹੈ। ਉਹ ਕਿਸ਼ਨ ਦੇਈ ਦਾ ਪੁੱਤਰ ਹੈ। ਉਸ ਦੀ ਉਮਰ 17-18 ਸਾਲਾਂ ਦੀ ਹੈ। ਉਸ ਨੇ ਦਸਵੀਂ ਪਾਸ ਕਰ ਲਈ ਹੈ। ਉਨ੍ਹਾਂ ਦੇ ਘਰ ਦੇ ਕਮਰੇ ਦੀ ਸਜਾਵਟ ਤੋਂ ਹੀ ਪਤਾ ਲਗਦਾ ਹੈ ਕਿ ਉਹ ਦਰਮਿਆਨੇ ਘਰਾਣੇ ਦਾ ਮੁੰਡਾ ਹੈ। ਉਸ ਦੇ ਪਾਤਰ ਰਾਹੀਂ ਇਕਾਂਗੀਕਾਰ ਨੇ ਕਿਸ਼ਨ ਦੇਈ ਦੀਆਂ ਉਨ੍ਹਾਂ ਮਜਬੂਰੀਆਂ ਨੂੰ ਸਾਹਮਣੇ ਲਿਆਂਦਾ ਹੈ, ਜਿਨ੍ਹਾਂ ਦਾ ਫ਼ਾਇਦਾ ਉਠਾ ਕੇ ਸ਼ਰਨ ਸਿੰਘ ਉਸ ਨੂੰ ਮਕਾਨ ਵੇਚਣ ਲਈ ਤਿਆਰ ਕਰਦਾ ਹੈ। ਉਸ ਦੇ ਚਰਿੱਤਰ ਵਿਚ ਅਸੀ ਹੇਠ ਲਿਖੇ ਗੁਣ ਦੇਖਦੇ ਹਾਂ :-
ਪੜ੍ਹਨ ਵਿਚ ਹੁਸ਼ਿਆਰ : ਸੁਦਰਸ਼ਨ ਪੜ੍ਹਨ ਵਿਚ ਹੁਸ਼ਿਆਰ ਹੈ। ਉਸ ਨੇ ਦਸਵੀਂ ਫ਼ਸਟ ਡਿਵੀਜ਼ਨ ਵਿਚ ਪਾਸ ਕੀਤੀ ਹੈ।
ਮਾਂ ਦਾ ਆਗਿਆਕਾਰ : ਉਹ ਮਾਂ ਦਾ ਆਗਿਆਕਾਰ ਹੈ। ਜਦੋਂ ਮਾਂ ਉਸ ਨੂੰ ਪੁੱਛਦੀ ਹੈ ਕਿ ਉਹ ਆਪਣੇ ਕਿਸੇ ਕਾਰ-ਵਿਹਾਰ ਉੱਤੇ ਲੱਗਣ ਬਾਰੇ ਕੀ ਵਿਚਾਰ ਰੱਖਦਾ ਹੈ, ਤਾਂ ਉਹ ਕਹਿੰਦਾ ਹੈ, ”ਜਿਵੇਂ ਤੁਸੀਂ ਆਖੋ।”
ਮਾਂ ਨਾਲੋਂ ਘਰ ਦੀ ਸਫ਼ਾਈ ਵਲ ਘੱਟ ਧਿਆਨ ਦੇਣ ਵਾਲਾ : ਉਸ ਦੀ ਮਾਂ ਨੂੰ ਸ਼ਿਕਾਇਤ ਹੈ ਕਿ ਉਸ ਨੇ ਆਪਣਾ ਕਮਰਾ ਸਾਫ਼ ਨਹੀ ਕੀਤਾ ਤੇ ਉਸ ਦੀਆਂ ਕਿਤਾਬਾਂ ਘੱਟੇ ਨਾਲ ਭਰੀਆਂ ਹੋਈਆਂ ਹਨ। ਉਹ ਆਪਣੀ ਮਾਂ ਦੀ ਸਫ਼ਾਈ ਵਲ ਰੁਚੀ ਬਾਰੇ ਕਹਿੰਦਾ ਹੈ, ”ਪਰ ਝਾਈ ਤੂੰ ਵੀ ਤਾਂ ਐਵੇਂ ਸਾਰਾ ਦਿਨ ਲੱਗੀ ਰਹਿੰਦੀ ਹੈਂ।”
ਵਹਿਮਾਂ ਵਿਚ ਪੈ ਜਾਣ ਵਾਲਾ : ਉਹ ਸ਼ਰਨ ਸਿੰਘ ਦੇ ਮੂੰਹੋਂ ਆਪਣੇ ਘਰ ਨੇੜੇ ਪੂਰੇ ਜਾ ਚੁੱਕੇ ਖੂਹ ਉੱਤੇ ਭੂਤਾਂ-ਚੁੜੇਲਾਂ ਦੇ ਵਾਸੇ ਬਾਰੇ ਸੁਣ ਕੇ ਡਰ ਜਾਂਦਾ ਹੈ। ਇਸ ਪਿੱਛੋਂ ਉਹ ਸ਼ਰਨ ਸਿੰਘ ਦੇ ਮੂੰਹੋਂ ਆਪਣੇ ਮਕਾਨ ਦੇ ਸ਼ੇਰ-ਮੁੱਖੇ ਹੋਣ ਦਾ ਨੁਕਸਾਨ ਸੁਣ ਕੇ ਵੀ ਡਰ ਜਾਂਦਾ ਹੈ।
ਇਕ ਜ਼ਿੰਮੇਵਾਰ ਪੁੱਤਰ : ਉਸ ਦਾ ਪੜ੍ਹਾਈ ਵਿਚ ਹੁਸ਼ਿਆਰ ਹੋਣਾ ਤੇ ਮਾਂ ਦੁਆਰਾ ਉਸ ਦੇ ਭਵਿੱਖ ਬਾਰੇ ਪੁੱਛੇ ਜਾਣ ‘ਤੇ ਉਸ ਦਾ ਇਹ ਆਖਣਾ ਕਿ ‘ਜਿਵੇਂ ਤੁਸੀਂ ਆਖੋ’, ਉਸ ਦੇ ਇਕ ਜ਼ਿੰਮੇਵਾਰ ਪੁੱਤਰ ਹੋਣ ਦੇ ਸਬੂਤ ਹਨ।