ਲੇਖ ਰਚਨਾ : ਗ਼ਦਰੀ ਸ਼ਹੀਦ ਕਰਤਾਰ ਸਿੰਘ ਸਰਾਭਾ
ਭਾਰਤ ਦਾ ਕੁਰਬਾਨੀਆਂ ਭਰਿਆ ਇਤਿਹਾਸ : ਭਾਰਤ ਦਾ ਇਤਿਹਾਸ ਦੇਸ਼-ਭਗਤਾਂ ਦੀਆਂ ਕੁਰਬਾਨੀਆਂ ਨਾਲ ਭਰਪੂਰ ਹੈ। ਅੰਗਰੇਜ਼ੀ ਰਾਜ ਦੇ ਕਾਇਮ ਹੋਣ ਤੋਂ ਪਹਿਲਾਂ ਗੁਰੂ ਗੋਬਿੰਦ ਸਿੰਘ ਜੀ, ਸ਼ਿਵਾਜੀ ਅਤੇ ਰਾਣਾ ਪ੍ਰਤਾਪ ਦੇ ਦੇਸ਼-ਭਗਤੀ ਭਰੇ ਕਾਰਨਾਮਿਆਂ ਨੂੰ ਕੌਣ ਭੁਲਾ ਸਕਦਾ ਹੈ? ਜਦੋਂ ਦੇਸ਼ ਅੰਗਰੇਜ਼ਾਂ ਦੇ ਅਧੀਨ ਸੀ, ਤਾਂ ਕੁਰਬਾਨੀ ਦੇ ਪੁਤਲੇ ਦੇਸ਼-ਭਗਤਾਂ ਨੇ ਅਜ਼ਾਦੀ ਲਈ ਇਕ ਲੰਮਾ ਘੋਲ ਕੀਤਾ। ਕਰਤਾਰ ਸਿੰਘ ਸਰਾਭਾ ਦਾ ਨਾਂ ਇਨ੍ਹਾਂ ਦੇਸ਼-ਭਗਤ ਸ਼ਹੀਦਾਂ ਵਿਚ ਸਭ ਤੋਂ ਉੱਚਾ ਸਥਾਨ ਰੱਖਦਾ ਹੈ। ਉਸ ਨੇ ਗ਼ਦਰ ਪਾਰਟੀ ਵਿਚ ਸ਼ਾਮਲ ਹੋ ਕੇ ਬੀਤੀ ਸਦੀ ਦੇ ਆਰੰਭ ਵਿਚ ਦੇਸ਼ ਦੀ ਅਜ਼ਾਦੀ ਲਈ ਅੰਗਰੇਜ਼ ਸਾਮਰਾਜ ਨਾਲ ਉਦੋਂ ਮੱਥਾ ਲਾਇਆ ਜਦੋਂ ਸਾਰੀ ਦੁਨੀਆ ਵਿਚ ਉਸ ਦੀ ਸ਼ਕਤੀ ਦੀ ਧਾਂਕ ਪਈ ਹੋਈ ਸੀ।
ਜਨਮ ਤੇ ਬਚਪਨ : ਕਰਤਾਰ ਸਿੰਘ ਸਰਾਭਾ ਦਾ ਜਨਮ 24 ਮਈ, 1896 ਈ: ਨੂੰ ਸ: ਮੰਗਲ ਸਿੰਘ ਦੇ ਘਰ ਮਾਤਾ ਸਾਹਿਬ ਕੌਰ ਦੀ ਕੁੱਖੋਂ ਪਿੰਡ ਸਰਾਭਾ, ਜ਼ਿਲ੍ਹਾ ਲੁਧਿਆਣਾ ਵਿਚ ਹੋਇਆ। ਪਿਤਾ ਦਾ ਸਾਇਆ ਬਚਪਨ ਤੋਂ ਹੀ ਸਿਰ ਤੋਂ ਉੱਠ ਗਿਆ। ਉਸ ਦੀ ਪਾਲਣਾ ਉਸਦੇ ਬਾਬੇ ਸ: ਬਦਨ ਸਿੰਘ ਨੇ ਕੀਤੀ। ਬਚਪਨ ਵਿਚ ਸਕੂਲ ਵਿਖੇ ਪੜ੍ਹਦਿਆਂ ਹੀ ਉਸ ਦੀ ਫੁਰਤੀ ਤੇ ਉਸ ਦੀਆਂ ਅਨੋਖੀਆਂ ਰੁਚੀਆਂ ਕਰਕੇ ਮੁੰਡਿਆਂ ਨੇ ਉਸ ਦਾ ਨਾਂ ‘ਅਫ਼ਲਾਤੂਨ’ ਪਾਇਆ ਹੋਇਆ ਸੀ।
ਅਮਰੀਕਾ ਜਾਣਾ : ਉੜੀਸਾ ਵਿਚ ਦਸਵੀਂ ਪਾਸ ਕਰਨ ਮਗਰੋਂ ਉਹ 1911 ਵਿਚ ਉੱਚੀ ਪੜ੍ਹਾਈ ਲਈ ਅਮਰੀਕਾ ਚਲਾ ਗਿਆ। 1912 ਵਿਚ ਉਹ ਬਰਕਲੇ ਯੂਨੀਵਰਸਿਟੀ ਵਿਚ ਰਸਾਇਣ ਵਿਗਿਆਨ ਦੀ ਪੜ੍ਹਾਈ ਕਰਨ ਲੱਗਾ। ਆਪਣੀ ਪੜ੍ਹਾਈ ਦੇ ਖ਼ਰਚ ਲਈ ਮਜ਼ਦੂਰੀ ਕਰਦਿਆਂ ਉਸ ਨੇ ਹਿੰਦੀ ਮਜ਼ਦੂਰਾਂ ਨਾਲ ਹੁੰਦੇ ਨਸਲੀ ਵਿਤਕਰੇ ਨੂੰ ਦੇਖਿਆ ਤੇ ਉਹ ਅੰਗਰੇਜ਼ਾਂ ਵਿਰੁੱਧ ਨਫ਼ਰਤ ਨਾਲ ਭਰ ਗਿਆ। ਜੂਨ 1912 ਵਿਚ ਉਸ ਨੇ ਹਿੰਦੀ ਨੌਜਵਾਨਾਂ ਦਾ ਇਕੱਠ ਕਰ ਕੇ ਪਹਿਲੀ ਤਕਰੀਰ ਕਰਦਿਆਂ ਉਨ੍ਹਾਂ ਨੂੰ ਭਾਰਤ ਨੂੰ ਅਜ਼ਾਦ ਕਰਾਉਣ ਦਾ ਉਪਰਾਲਾ ਕਰਨ ਦੀ ਪ੍ਰੇਰਨਾ ਦਿੱਤੀ।
ਗ਼ਦਰ ਪਾਰਟੀ ਦਾ ਸਰਗਰਮ ਮੈਂਬਰ ਬਣਨਾ : ਪ੍ਰਸਿੱਧ ਦੇਸ਼-ਭਗਤ ਲਾਲਾ ਹਰਦਿਆਲ ਦਾ ਜੋਸ਼ੀਲਾ ਭਾਸ਼ਨ ਸੁਣ ਕੇ ਉਹ ਦੇਸ਼ ਉੱਤੋਂ ਜਾਨ ਵਾਰਨ ਲਈ ਤਿਆਰ ਹੋ ਗਿਆ। 21 ਅਪਰੈਲ, 1913 ਨੂੰ ਅਮਰੀਕਾ ਵਿਚ ਹਿੰਦੀ ਮਜ਼ਦੂਰਾਂ ਨੇ ਗ਼ਦਰ ਪਾਰਟੀ ਦੀ ਨੀਂਹ ਰੱਖੀ ਤੇ ‘ਗ਼ਦਰ’ ਨਾਂ ਦਾ ਹਫ਼ਤਾਵਾਰ ਅਖ਼ਬਾਰ ਕੱਢਣ ਦਾ ਫ਼ੈਸਲਾ ਕੀਤਾ। ਅਖ਼ਬਾਰ ਦੀ ਜ਼ਿੰਮੇਵਾਰੀ ਸੰਭਾਲਣ ਦੇ ਨਾਲ ਹੀ ਸਰਾਭੇ ਨੇ ਜੰਗੀ ਸਿਖਲਾਈ ਪ੍ਰਾਪਤ ਕਰਨੀ ਸ਼ੁਰੂ ਕਰ ਦਿੱਤੀ। ਇਸ ਅਖ਼ਬਾਰ ਨੇ ਸਾਰੇ ਪੰਜਾਬੀਆਂ ਵਿੱਚ ਆਜ਼ਾਦੀ ਦਾ ਚਾਅ ਪੈਦਾ ਕਰਕੇ ਕੁਰਬਾਨੀਆਂ ਦੀ ਜਾਗ ਲਾ ਦਿੱਤੀ। ਇਸ ਵਿਚ ਜੋਸ਼ੀਲੀਆਂ ਤੇ ਦੇਸ਼-ਭਗਤੀ ਦੇ ਭਾਵਾਂ ਨਾਲ ਭਰਪੂਰ ਕਵਿਤਾਵਾਂ ਛਪਦੀਆਂ ਸਨ।
ਭਾਰਤ ਵਲ ਚੱਲਣਾ : 25 ਜੁਲਾਈ, 1914 ਈ: ਨੂੰ ਅੰਗਰੇਜ਼ਾਂ ਤੇ ਜਰਮਨਾਂ ਵਿਚ ਲੜਾਈ ਸ਼ੁਰੂ ਹੋਣ ਸਮੇਂ ਗ਼ਦਰ ਪਾਰਟੀ ਦੀ ਅਪੀਲ ਤੇ ਹਜ਼ਾਰਾਂ ਗ਼ਦਰੀ ਹਿੰਦੁਸਤਾਨ ਨੂੰ ਚਲ ਪਏ। ਬਹੁਤ ਸਾਰੇ ਗ਼ਦਰੀ ਕਲਕੱਤੇ (ਕੋਲਕਾਤਾ) ਅਤੇ ਮਦਰਾਸ (ਚੇਨੱਈ) ਦੇ ਘਾਟਾਂ ਉੱਤੇ ਹੀ ਫੜੇ ਗਏ।
ਇਨਕਲਾਬੀ ਕੰਮ : ਕਰਤਾਰ ਸਿੰਘ ਸਰਾਭਾ ਲੰਕਾ ਦੇ ਰਸਤੇ ਭਾਰਤ ਪੁੱਜਾ ਤੇ ਲੁਕ-ਛਿਪ ਕੇ ਦੇਸ਼ ਦੀ ਅਜ਼ਾਦੀ ਲਈ ਕੰਮ ਕਰਨ ਲੱਗ ਪਿਆ। ਉਸ ਨੇ ਗ਼ਦਰ ਪਾਰਟੀ ਦਾ ਪ੍ਰਚਾਰ ਕੀਤਾ, ਹਥਿਆਰ ਇਕੱਠੇ ਕੀਤੇ, ਬੰਬ ਬਣਾਏ ਤੇ ਫ਼ੌਜ ਵਿਚ ਅਜ਼ਾਦੀ ਦਾ ਪ੍ਰਚਾਰ ਕੀਤਾ। ਉਹ ‘ਗ਼ਦਰ ਗੂੰਜਾਂ’ ਦੀਆਂ ਇਹ ਸਤਰਾਂ ਆਮ ਗਾਇਆ ਕਰਦਾ ਸੀ-
ਸੇਵਾ ਦੇਸ਼ ਦੀ ਜਿੰਦੜੀਏ ਬੜੀ ਔਖੀ,
ਗੱਲਾਂ ਕਰਨੀਆਂ ਬਹੁਤ ਸੁਖੱਲੀਆਂ ਨੇ।
ਗ਼ਦਰ ਦੀ ਨਾਕਾਮਯਾਬੀ ਤੇ ਗ੍ਰਿਫ਼ਤਾਰੀ : ਗ਼ਦਰ ਪਾਰਟੀ ਨੇ ਦੇਸ਼ ਵਿਚ ਅੰਗਰੇਜ਼ਾਂ ਵਿਰੁੱਧ ਗ਼ਦਰ ਕਰਨ ਲਈ 21 ਫ਼ਰਵਰੀ, 1915 ਦੀ ਤਰੀਕ ਮਿੱਥੀ, ਪਰ ਮੁਖ਼ਬਰ ਕਿਰਪਾਲ ਸਿੰਘ ਰਾਹੀਂ ਸਰਕਾਰ ਨੂੰ ਇਸ ਦੀ ਸੂਹ ਲੱਗ ਗਈ, ਤਾਂ ਇਹ ਤਰੀਕ ਬਦਲ ਕੇ 19 ਫ਼ਰਵਰੀ ਕਰ ਦਿੱਤੀ, ਪਰ ਸਰਕਾਰ ਨੂੰ ਉਸ ਮੁਖ਼ਬਰ ਰਾਹੀਂ ਇਸ ਤਰੀਕ ਦਾ ਵੀ ਪਤਾ ਲੱਗ ਗਿਆ। ਸਰਕਾਰ ਨੇ ਫ਼ੌਜੀਆਂ ਨੂੰ ਬੇਹਥਿਆਰ ਕਰ ਕੇ ਗ਼ਦਰੀਆਂ ਦੀਆਂ ਗ੍ਰਿਫ਼ਤਾਰੀਆਂ ਸ਼ੁਰੂ ਕਰ ਦਿੱਤੀਆਂ। ਕਰਤਾਰ ਸਿੰਘ ਸਰਾਭਾ, ਹਰਨਾਮ ਸਿੰਘ ਟੁੰਡੀਲਾਟ ਤੇ ਜਗਤ ਸਿੰਘ ਨੇ ਪਹਿਲਾਂ ਅਫ਼ਗਾਨਿਸਤਾਨ ਭੱਜਣਾ ਚਾਹਿਆ, ਪਰ ਗ਼ਦਰ ਗੂੰਜਾਂ ਦੀ ਇਹ ਸਤਰ- ‘ਬਣੀ ਸਿਰ ਸ਼ੇਰਾਂ ਦੇ ਕੀ ਜਾਣਾ ਭੱਜ ਕੇ’ – ਦੇ ਯਾਦ ਆਉਂਦਿਆਂ ਹੀ ਉਨ੍ਹਾਂ ਦੀ ਅਣਖ ਨੇ ਉਨ੍ਹਾਂ ਨੂੰ ਅਜਿਹਾ ਕਰਨੋਂ ਰੋਕਿਆ। ਉਹ ਚੱਕ ਨੰਬਰ ਪੰਜ ਵਿਚ ਆਪਣੇ ਇਕ ਹਮਦਰਦ ਰਸਾਲਦਾਰ ਗੰਡਾ ਸਿੰਘ ਕੋਲ ਗਏ, ਜਿਸ ਨੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰਾ ਦਿੱਤਾ।
ਮੁਕੱਦਮਾ ਤੇ ਸਜ਼ਾ : ਕਰਤਾਰ ਸਿੰਘ ਸਰਾਭਾ ਤੇ ਉਸ ਦੇ ਸਾਥੀਆਂ ਵਿਰੁੱਧ ਰਾਜ-ਧ੍ਰੋਹ, ਫ਼ੌਜਾਂ ਨੂੰ ਵਿਗਾੜਨ, ਡਾਕਿਆਂ ਤੇ ਕਤਲਾਂ ਦਾ ਮੁਕੱਦਮਾ ਚਲਾਇਆ ਗਿਆ। ਅਦਾਲਤ ਨੇ ਸਰਾਭਾ ਸਮੇਤ 24 ਗ਼ਦਰੀਆਂ ਨੂੰ ਫਾਂਸੀ, 17 ਨੂੰ ਉਮਰ ਕੈਦ ਕਾਲੇ-ਪਾਣੀ ਤੇ ਹੋਰਨਾਂ ਨੂੰ ਕੁੱਝ ਘੱਟ ਸਜ਼ਾਵਾਂ ਸੁਣਾਈਆਂ।
ਸ਼ਹੀਦੀ : ਇਨ੍ਹਾਂ ਸਜ਼ਾਵਾ ਵਿਰੁੱਧ ਸਾਰੇ ਦੇਸ਼ ਵਿਚ ਹਲਚਲ ਮਚ ਗਈ। ਅੰਤ ਸਰਕਾਰ ਨੇ 17 ਗ਼ਦਰੀਆਂ ਦੀ ਫਾਂਸੀ ਨੂੰ ਉਮਰ ਕੈਦ ਵਿਚ ਬਦਲ ਦਿੱਤਾ । 16 ਨਵੰਬਰ, 1915 ਨੂੰ ਕਰਤਾਰ ਸਿੰਘ ਸਰਾਭਾ ਤੇ ਉਸ ਦੇ 6 ਸਾਥੀਆਂ ਨੂੰ ਫਾਂਸੀ ਉੱਤੇ ਟੰਗ ਦਿੱਤਾ ਗਿਆ। ਇਸ ਸਮੇਂ ਸਰਾਭੇ ਦੀ ਉਮਰ ਕੇਵਲ 19 ਸਾਲਾਂ ਦੀ ਸੀ। ਇਨ੍ਹਾਂ ਸਾਰੇ ਗ਼ਦਰੀਆਂ ਨੇ ਗ਼ਦਰ ਦੀਆਂ ਕਵਿਤਾਵਾਂ ਗਾਉਂਦੇ ਹੋਏ ਫਾਂਸੀ ਦੇ ਰੱਸੇ ਗਲਾਂ ਵਿਚ ਪਾਏ। ਗ਼ਦਰ ਪਾਰਟੀ ਦੇ ਪ੍ਰਧਾਨ ਬਾਬਾ ਸੋਹਣ ਸਿੰਘ ਭਕਨਾ ਅਨੁਸਾਰ ਕਰਤਾਰ ਸਿੰਘ ਸਰਾਭਾ ਹਰ ਕੰਮ ਵਿਚ ਉਨ੍ਹਾਂ ਤੋਂ ਮੋਹਰੇ ਰਿਹਾ ਤੇ ਕੁਰਬਾਨੀ ਵਿਚ ਵੀ ਉਨ੍ਹਾਂ ਨੂੰ ਪਿੱਛੇ ਛੱਡ ਗਿਆ। ਇਸ ਪ੍ਰਕਾਰ ਕਰਤਾਰ ਸਿੰਘ ਸਰਾਭਾ ਛੋਟੀ ਉਮਰ ਵਿਚ ਦੇਸ਼ ਦੀ ਅਜ਼ਾਦੀ ਲਈ ਜਾਨ ਵਾਰ ਕੇ ਸਮੁੱਚੇ ਦੇਸ਼-ਵਾਸੀਆਂ ਦੇ ਮਨ ਵਿਚ ਅਜ਼ਾਦੀ ਦੀ ਮਘਦੀ ਚੰਗਿਆੜੀ ਬੀਜ ਗਿਆ, ਜਿਸ ਦੇ ਸਿੱਟੇ ਵਜੋਂ ਪੈਦਾ ਹੋਈਆਂ ਲਹਿਰਾਂ ਨੇ ਇਕ ਦਿਨ ਅੰਗਰੇਜ਼ੀ ਸਾਮਰਾਜ ਨੂੰ ਭਾਰਤ ਵਿਚੋਂ ਆਪਣਾ ਬੋਰੀਆਂ-ਬਿਸਤਰਾ ਗੋਲ ਕਰਨ ਲਈ ਮਜਬੂਰ ਕਰ ਦਿੱਤਾ।