ਧ ਤੇ ਨ ਨਾਲ ਸ਼ੁਰੂ ਹੋਣ ਵਾਲੇ ਮੁਹਾਵਰੇ


ਮੁਹਾਵਰਿਆ ਦੀ ਵਾਕਾਂ ਵਿਚ ਵਰਤੋਂ


ਧੁੜਕੂ ਲੱਗਣਾ (ਚਿੰਤਾ ਲੱਗਣੀ)—ਇਮਤਿਹਾਨ ਦੇਣ ਪਿੱਛੋਂ ਵਿਦਿਆਰਥੀ ਨੂੰ ਨਤੀਜੇ ਦਾ ਧੁੜਕੂ ਲੱਗਾ ਰਹਿੰਦਾ ਹੈ।

ਧੂੰ ਕੱਢਣਾ (ਭੇਤ ਦੇਣਾ)—ਹਰਦੀਪ ਹੋਰਾਂ ਦੇ ਘਰ ਜੋ ਕੁੱਝ ਮਰਜ਼ੀ ਹੁੰਦਾ ਰਹੇ ਪਰ ਉਹ ਬਾਹਰ ਨੂੰ ਵੀ ਨਹੀਂ ਕੱਢਦੇ।

ਧੌਲਿਆਂ ਵਿੱਚ ਘੱਟਾ ਪਾਉਣਾ (ਬੁੱਢੇ ਵਾਰੇ ਬਦਨਾਮੀ ਦਾ ਕੰਮ ਕਰਨਾ)—ਰਣਦੀਪ ਨੇ ਭੈੜੇ ਕੰਮ ਕਰ ਕੇ ਆਪਣੇ ਧੌਲਿਆਂ ਵਿੱਚ ਘੱਟਾ ਪਾ ਲਿਆ।

ਧੌਲਿਆਂ ਦੀ ਲਾਜ ਰੱਖਣੀ (ਬਿਰਧ ਜਾਣ ਕੇ ਲਿਹਾਜ਼ ਕਰਨਾ)— ਮਾਪਿਆਂ ਨੇ ਦੁਖੀ ਹੋ ਕੇ ਪੁੱਤਰ ਨੂੰ ਕਿਹਾ ਕਿ ਉਹ ਭੈੜੇ ਕੰਮ ਛੱਡ ਦੇਵੇ ਤੇ ਉਨ੍ਹਾਂ ਦੇ ਧੌਲਿਆਂ ਦੀ ਲਾਜ ਰੱਖੇ।

ਧੱਜੀਆਂ ਉਡਾਉਣੀਆਂ (ਬੁਰਾ ਹਾਲ ਕਰ ਦੇਣਾ, ਵੱਡੀ ਜਿੱਤ ਪ੍ਰਾਪਤ ਕਰਨਾ)—ਭਾਰਤੀ ਫ਼ੌਜ ਨੇ 1971 ਦੀ ਲੜਾਈ ਵਿੱਚ ਪਾਕਿਸਤਾਨੀ ਫ਼ੌਜੀ ਸਿਪਾਹੀਆਂ ਦੀਆਂ ਧੱਜੀਆਂ ਉਡਾ ਦਿੱਤੀਆਂ ।

ਨੱਕੋਂ ਨੂੰਹੇਂ ਡੇਗਣਾ (ਬਹੁਤ ਆਕੜ ਵਿੱਚ ਰਹਿਣਾ) – ਰਾਮ ਸਿੰਘ ਕੋਲ ਜਦ ਦਾ ਧਨ ਆਇਆ ਹੈ, ਉਹ ਨੱਕੋਂ ਨੂੰਹੇਂ ਡੇਗਦਾ ਹੈ।

ਨੱਕ ਵੱਢਣਾ (ਬਦਨਾਮੀ ਖੱਟਣੀ)— ਉਸ ਦੀ ਧੀ ਨੇ ਗੁਆਂਢੀ ਨਾਲ ਉੱਧਲ ਕੇ ਸਾਰੇ ਖ਼ਾਨਦਾਨ ਦਾ ਨੱਕ ਵੱਢ ਦਿੱਤਾ।

ਨੱਕ ਚਾੜ੍ਹਨਾ (ਕਿਸੇ ਚੀਜ਼ ਨੂੰ ਪਸੰਦ ਨਾ ਕਰਨਾ) – ਬਲਵਿੰਦਰ ਨੇ ਨੱਕ ਚੜ੍ਹਾਉਂਦਿਆਂ ਕਿਹਾ, ਇਸ ਖੀਰ ਵਿੱਚ ਮਿੱਠਾ ਬਹੁਤ ਘੱਟ ਹੈ।”

ਨੱਕ ਵਿੱਚ ਦਮ ਕਰਨਾ (ਤੰਗ ਕਰਨਾ) — ਜਿਦੀ ਬੱਚੇ ਆਮ ਤੌਰ ‘ਤੇ ਮਾਤਾ-ਪਿਤਾ ਦੇ ਨੱਕ ਵਿੱਚ ਦਮ ਕਰ ਛੱਡਦੇ ਹਨ।

ਨਾਨੀ ਚੇਤੇ ਆਉਣੀ (ਬਹੁਤ ਔਖੇ ਕਰਨਾ) — ਭਾਰਤੀ ਸਿਪਾਹੀਆਂ ਨੇ ਬੰਗਲਾ ਦੇਸ਼ ਵਿਚ ਪਾਕਿਸਤਾਨੀ ਫ਼ੌਜਾਂ ਉੱਤੇ ਅਜਿਹਾ ਜ਼ੋਰਦਾਰ ਹਮਲਾ ਕੀਤਾ ਕਿ ਉਨ੍ਹਾਂ ਨੂੰ ਨਾਨੀ ਚੇਤੇ ਆ ਗਈ ।

ਨੱਸ ਭੱਜ ਕਰਨਾ (ਯਤਨ ਕਰਨਾ) – ਮੋਹਨ ਕਈ ਚਿਰ ਤੋਂ ਨੌਕਰੀ ਲਈ ਨੱਸ ਭੱਜ ਕਰ ਰਿਹਾ ਹੈ, ਪਰ ਅਜੇ ਤਕ ਕਿਤੇ ਗੱਲ ਨਹੀਂ ਬਣੀ।

ਨਹੁੰ ਅੜ ਜਾਣਾ (ਕੁੱਝ ਸਹਾਰਾ ਮਿਲ ਜਾਣਾ) – ਜਦੋਂ ਮੇਰਾ ਕਿਤੇ ਨਹੁੰ ਅੜ ਗਿਆ, ਤਾਂ ਮੈਂ ਸਭ ਤੋਂ ਪਹਿਲਾਂ ਤੈਨੂੰ ਨੌਕਰੀ ‘ਤੇ ਲੁਆਵਾਂਗਾ ।

ਨੱਕ ਉੱਤੇ ਮੱਖੀ ਨਾ ਬਹਿਣ ਦੇਣਾ (ਅਭਿਮਾਨ ਵਿੱਚ ਕਿਸੇ ਦੀ ਪਰਵਾਹ ਨਾ ਕਰਨਾ) – ਅਮਰਜੀਤ ਨੱਕ ਉੱਤੇ ਮੱਖੀ ਨਹੀਂ ਬਹਿਣ ਦਿੰਦਾ।

ਨੱਕ ਹੇਠ ਨਾ ਲਿਆਉਣਾ (ਜ਼ਰਾ ਵੀ ਪਸੰਦ ਨਾ ਕਰਨਾ) – ਸ਼ੀਲਾ ਕਿਸੇ ਦੀ ਬਣਾਈ ਹੋਈ ਚੀਜ਼ ਨੱਕ ਹੇਠ ਨਹੀਂ ਲਿਆਉਂਦੀ।

ਨੱਕ ਨਕੇਲ ਪਾਉਣੀ (ਕਾਬੂ ਕਰਨਾ) – ਸਤਿੰਦਰ ਦੀ ਪਤਨੀ ਨੇ ਉਸ ਦੇ ਨੱਕ ਨਕੇਲ ਪਾਈ ਹੋਈ ਹੈ।

ਨੱਕ ਨਾਲ ਲਕੀਰਾਂ ਕੱਢਣਾ (ਤੋਬਾ ਕਰਨੀ) – ਜਦੋਂ ਰਾਮੂ ਪਿੰਡ ਵਿੱਚ ਚੋਰੀ ਕਰਦਾ ਫੜਿਆ ਗਿਆ, ਤਾਂ ਉਹ ਪੰਚਾਇਤ ਅੱਗੇ ਨੱਕ ਨਾਲ ਲਕੀਰਾਂ ਕੱਢ ਕੇ ਛੁੱਟਾ।

ਨੱਕ ਬੁਲ੍ਹ ਮਾਰਨਾ (ਨੁਕਸ ਕੱਢਣਾ)— ਕਮਲ ਨੂੰ ਕਿਸੇ ਦਾ ਕੀਤਾ ਕੰਮ ਪਸੰਦ ਨਹੀਂ ਆਉਂਦਾ, ਐਵੇਂ ਨੱਕ ਬੁਲ੍ਹ ਮਾਰਦਾ ਰਹਿੰਦਾ ਹੈ।

ਨੱਕ ਰੱਖਣਾ (ਇੱਜ਼ਤ ਰੱਖਣੀ) – ਲੋਕਾਂ ਨੂੰ ਭਾਈਚਾਰੇ ਵਿੱਚ ਨੱਕ ਰੱਖਣ ਲਈ ਕਈ ਫ਼ਜ਼ੂਲ-ਖ਼ਰਚ ਕਰਨੇ ਪੈਂਦੇ ਹਨ।

ਨੱਕ ਰਗੜਨਾ (ਤਰਲੇ ਕਰਨੇ) – ਜਦੋਂ ਕੁਲਵੰਤ ਨਕਲ ਮਾਰਦਾ ਫੜਿਆ ਗਿਆ, ਤਾਂ ਉਸ ਨੇ ਸੁਪਰਿੰਟੈਂਡੈਂਟ ਅੱਗੇ ਨੱਕ ਰਗੜ ਕੇ ਮਾਫ਼ੀ ਮੰਗੀ।

ਨਗਾਰੇ ਦੀ ਚੋਟ ਨਾਲ ਆਖਣਾ (ਸ਼ਰੇਆਮ ਕਹਿਣਾ)—ਦੁਕਾਨਦਾਰ ਨੇ ਕਿਹਾ ਕਿ ਉਹ ਨਗਾਰੇ ਦੀ ਚੋਟ ਨਾਲ ਆਖਦਾ ਹੈ ਕਿ ਉਸ ਦੀਆਂ ਚੀਜ਼ਾਂ ਵਿੱਚ ਕੋਈ ਮਿਲਾਵਟ ਸਾਬਤ ਨਹੀਂ ਕਰ ਸਕਦਾ ।

ਨਜ਼ਰ ਚੁਰਾਉਣਾ (ਬਚ ਕੇ ਲੰਘ ਜਾਣਾ) – ਬਲਵੰਤ ਨੇ ਮੇਰੇ ਦੋ ਹਜ਼ਾਰ ਰੁਪਏ ਦੇਣੇ ਹਨ, ਹੁਣ ਉਹ ਕਦੇ ਮੇਰੇ ਸਾਹਮਣੇ ਨਹੀਂ ਹੁੰਦਾ, ਸਗੋਂ ਨਜ਼ਰ ਚੁਰਾ ਕੇ ਲੰਘ ਜਾਂਦਾ ਹੈ ।

ਨਬਜ਼ ਪਛਾਣਨਾ (ਸਥਿਤੀ ਨੂੰ ਪਛਾਣਨਾ)—ਸਾਨੂੰ ਸਮੇਂ ਦੀ ਨਬਜ਼ ਪਛਾਣ ਕੇ ਕੰਮ ਕਰਨਾ ਚਾਹੀਦਾ ਹੈ।

ਨਹੁੰਆਂ ‘ਤੇ ਲਿਖਿਆ ਹੋਣਾ (ਚੰਗੀ ਤਰ੍ਹਾਂ ਪਤਾ ਹੋਣਾ) – ਜਿੰਨੇ ਪ੍ਰਸ਼ਨ ਪੇਪਰ ਵਿੱਚ ਆਏ ਉਹ ਮੇਰੇ ਨਹੁੰਆਂ ‘ਤੇ ਲਿਖੇ ਹੋਏ ਸਨ।

ਨਾਂ ਨੂੰ ਵੱਟਾ ਲਾਉਣਾ (ਬਦਨਾਮੀ ਖੱਟਣਾ) — ਭੈੜੀਆਂ ਕਰਤੂਤਾਂ ਕਰ ਕੇ ਉਸ ਨੇ ਆਪਣੇ ਖ਼ਾਨਦਾਨ ਦੇ ਨਾਂ ਨੂੰ ਵੱਟਾ ਲਾ ਦਿੱਤਾ ।

ਨਾਂ ਪੈਦਾ ਕਰਨਾ (ਇੱਜ਼ਤ ਬਣਾਉਣੀ) – ਮਨਜੀਤ ਨੇ ਚੰਗੇ ਕੰਮ ਕਰ ਕੇ ਆਪਣੇ ਖ਼ਾਨਦਾਨ ਦਾ ਨਾਂ ਪੈਦਾ ਕਰ ਦਿੱਤਾ।

ਨੀਂਦ ਹਰਾਮ ਹੋਣਾ (ਪ੍ਰੇਸ਼ਾਨੀ ਹੋਣੀ) – ਘਰ ਦੇ ਫ਼ਿਕਰਾਂ ਨੇ ਤਾਂ ਮੇਰੀ ਨੀਂਦ ਹੀ ਹਰਾਮ ਕਰ ਦਿੱਤੀ ਹੈ।

ਨੰਗੇ ਧੜ ਲੜਨਾ (ਇਕੱਲਿਆਂ ਸਿਰੜ ਪਾਲਣਾ)— ਮੇਰਾ ਕਦੇ ਕਿਸੇ ਸਾਕ-ਸੰਬੰਧੀ ਨੇ ਮੁਸ਼ਕਲ ਵਿੱਚ ਸਾਥ ਨਹੀਂ ਦਿੱਤਾ, ਮੈਂ ਤਾਂ ਮੁਸੀਬਤ ਵਿੱਚ ਹਮੇਸ਼ਾ ਨੰਗੇ ਧੜ ਲੜਦਾ ਰਿਹਾ ਹਾਂ ।

ਨਹਿਲੇ ਤੇ ਦਹਿਲਾ ਮਾਰਨਾ (ਵਧ-ਚੜ੍ਹ ਕੇ ਤੁਰੰਤ ਜਵਾਬ ਦੇਣਾ) — ਤੁਹਾਨੂੰ ਦੁਸ਼ਮਣ ਨੂੰ ਪਛਾੜਨ ਲਈ ਨਹਿਲੇ ਤੇ ਦਹਿਲਾ ਮਾਰਨ ਲਈ ਤਿਆਰ ਰਹਿਣਾ ਚਾਹੀਦਾ ਹੈ ।

ਨਹੁੰ ਮਾਸ ਦਾ ਰਿਸ਼ਤਾ ਹੋਣਾ (ਨਾ ਟੁੱਟਣ ਵਾਲਾ ਸਾਕ) – ਭਾਰਤ ਵਿੱਚ ਹਿੰਦੂਆਂ ਤੇ ਸਿੱਖਾਂ ਦਾ ਨਹੁੰ ਮਾਸ ਦਾ ਰਿਸ਼ਤਾ ਹੈ।

ਨੱਕ ਚਾੜ੍ਹਨਾ (ਕਿਸੇ ਚੀਜ਼ ਨੂੰ ਪਸੰਦ ਨਾ ਕਰਨਾ) —ਗੁਰਦੀਪ ਨੂੰ ਜਦੋਂ ਖੀਰ ਦਿੱਤੀ, ਤਾਂ ਉਸ ਨੇ ਨੱਕ ਚੜ੍ਹਾਉਂਦਿਆਂ ਕਿਹਾ ਕਿ ਇਹ ਬਹੁਤੀ ਸੁਆਦ ਨਹੀਂ।