ਮਹਿੰਦੀ-ਮਹਿੰਦੀ ਹਰ ਕੋਈ ਕਹਿੰਦਾ : ਪ੍ਰਸੰਗ ਸਹਿਤ ਵਿਆਖਿਆ
ਮਹਿੰਦੀ ਮਹਿੰਦੀ ਹਰ ਕੋਈ ਕਹਿੰਦਾ,
ਮੈਂ ਵੀ ਆਖਾਂ ਮਹਿੰਦੀ।
ਬਾਗਾਂ ਦੇ ਵਿੱਚ ਸਸਤੀ ਮਿਲਦੀ,
ਹੱਟੀਆਂ ‘ਤੇ ਮਿਲਦੀ ਮਹਿੰਗੀ।
ਹੇਠਾਂ ਕੂੰਡਾ ਉੱਤੇ ਸੋਟਾ,
ਚੋਟ ਦੋਹਾਂ ਦੀ ਸਹਿੰਦੀ।
ਘੋਟ-ਘੋਟ ਮੈਂ ਹੱਥਾਂ ‘ਤੇ ਲਾਈ,
ਬੱਤੀਆਂ ਬਣ-ਬਣ ਲਹਿੰਦੀ।
ਮਹਿੰਦੀ ਸ਼ਗਨਾਂ ਦੀ,
ਬਿਨ ਧੋਤਿਆਂ ਨੀ ਲਹਿੰਦੀ……….।
ਜਾਂ
ਬੋਲ ਸ਼ਰੀਕਾਂ ਦੇ,
ਮੈਂ ਨਾ ਬਾਬਲਾ ਸਹਿੰਦੀ………।
ਪ੍ਰਸੰਗ : ਇਹ ਕਾਵਿ-ਸਤਰਾਂ ‘ਲਾਜ਼ਮੀ ਪੰਜਾਬੀ-11’ ਨਾਂ ਦੀ ਪਾਠ-ਪੁਸਤਕ ਵਿੱਚ ‘ਮਹਿੰਦੀ-ਮਹਿੰਦੀ ਹਰ ਕੋਈ ਕਹਿੰਦਾ’ ਸਿਰਲੇਖ ਹੇਠ ਦਰਜ ਹਨ। ਇਸ ਬੋਲੀ ਵਿੱਚ ਇਸ ਬੋਲੀ ਦੀ ਵਕਤਾ ਮੁਟਿਆਰ ਦੇ ਮਹਿੰਦੀ ਸੰਬੰਧੀ ਭਾਵਾਂ ਦਾ ਪ੍ਰਗਟਾਵਾ ਹੈ।
ਵਿਆਖਿਆ : ਮੁਟਿਆਰ ਆਖਦੀ ਹੈ ਕਿ ਸਾਰੇ ਮਹਿੰਦੀ-ਮਹਿੰਦੀ ਆਖਦੇ ਹਨ ਅਤੇ ਮੈਂ ਵੀ ਮਹਿੰਦੀ ਆਖਦੀ ਹਾਂ। ਇਹ ਮਹਿੰਦੀ ਬਾਗਾਂ ਵਿੱਚ ਸਸਤੀ ਮਿਲਦੀ ਹੈ ਪਰ ਹੱਟੀਆਂ ‘ਤੇ ਮਹਿੰਗੀ ਮਿਲਦੀ ਹੈ। ਮਹਿੰਦੀ ਨੂੰ ਜਦ ਕੁੱਟਿਆ ਜਾਂਦਾ ਹੈ ਤਾਂ ਇਸ ਦੇ ਹੇਠਾਂ ਕੂੰਡਾ ਅਤੇ ਉੱਤੇ ਸੋਟਾ ਹੁੰਦਾ ਹੈ। ਇਹ ਦੋਹਾਂ ਦੀ ਚੋਟ ਸਹਾਰਦੀ ਹੈ। ਮੈਂ ਮਹਿੰਦੀ ਨੂੰ ਘੋਟ-ਘੋਟ ਹੱਥਾਂ ‘ਤੇ ਲਾਉਂਦੀ ਹਾਂ। ਸੁੱਕਣ ‘ਤੇ ਇਹ ਬੱਤੀਆਂ ਬਣ-ਬਣ ਕੇ ਲਹਿਣ ਲੱਗਦੀ ਹੈ। ਸ਼ਗਨਾਂ ਦੀ ਮਹਿੰਦੀ ਬਿਨਾਂ ਧੋਤਿਆਂ ਤੋਂ ਨਹੀਂ ਲਹਿੰਦੀ। ਮੁਟਿਆਰ ਬਾਬਲ ਨੂੰ ਕਹਿੰਦੀ ਹੈ ਕਿ ਉਹ ਸ਼ਰੀਕਾਂ ਦੇ ਬੋਲ ਨਹੀਂ ਸਹਿੰਦੀ।
ਔਖੇ ਸ਼ਬਦਾਂ ਦੇ ਅਰਥ
ਸੋਟਾ : ਘੋਟਣਾ।
ਸ਼ਰੀਕ : ਭਾਈਵਾਲ, ਹਿੱਸੇਦਾਰ।