ਹ ਨਾਲ ਸ਼ੁਰੂ ਹੋਣ ਵਾਲੇ ਮੁਹਾਵਰੇ
ਮੁਹਾਵਰਿਆ ਦੀ ਵਾਕਾਂ ਵਿਚ ਵਰਤੋਂ
ਹੱਡਾਂ ਵਿੱਚ ਪਾਣੀ ਪੈਣਾ (ਕੰਮ ਕਰਨ ਨੂੰ ਜੀ ਨਾ ਕਰਨਾ) —ਮੈਂ ਉਸ ਨੂੰ ਕਿਹਾ, ”ਤੂੰ ਕੋਈ ਕੰਮ ਨਹੀਂ ਕਰਦਾ? ਕੀ ਤੇਰੇ ਹੱਡਾਂ ਵਿੱਚ ਪਾਣੀ ਪਿਆ ਹੋਇਆ ਹੈ?”
ਹਰਨ ਹੋ ਜਾਣਾ (ਦੌੜ ਜਾਣਾ) – ਸਕੂਲੋਂ ਛੁੱਟੀ ਹੁੰਦਿਆਂ ਹੀ ਬੱਚੇ ਘਰਾਂ ਨੂੰ ਹਰਨ ਹੋ ਗਏ।
ਹੱਥ ਅੱਡਣਾ (ਮੰਗਣਾ) – ਜੇਕਰ ਤੁਸੀਂ ਮਿਹਨਤ ਕਰਕੇ ਆਪ ਕਮਾਈ ਨਹੀਂ ਕਰੋਗੇ, ਤਾਂ ਤੁਹਾਨੂੰ ਆਪਣੇ ਘਰ ਦੇ ਖ਼ਰਚਿਆਂ ਲਈ ਦੂਜਿਆਂ ਅੱਗੇ ਹੱਥ ਅੱਡਣੇ ਪੈਣਗੇ।
ਹੱਥ ਹਿਲਾਉਣਾ (ਕੰਮ ਕਰਨਾ, ਉੱਦਮ ਕਰਨਾ) – ਵਿਹਲੇ ਬੈਠਣ ਨਾਲੋਂ ਥੋੜ੍ਹਾ ਬਹੁਤਾ ਹੱਥ ਹਿਲਾਉਂਦੇ ਰਹਿਣਾ ਚਾਹੀਦਾ ਹੈ, ਇਸ ਨਾਲ ਸਿਹਤ ਠੀਕ ਰਹਿੰਦੀ ਹੈ।
ਹੱਥ ਮਲਣਾ (ਪਛਤਾਵਾ ਕਰਨਾ) – ਪਹਿਲਾਂ ਤਾਂ ਤੁਸੀਂ ਮਿਹਨਤ ਨਹੀਂ ਕਰਦੇ। ਜਦੋਂ ਫੇਲ੍ਹ ਹੋ ਜਾਂਦੇ ਹੋ, ਤਾਂ ਫਿਰ ਹੱਥ ਮਲਦੇ ਹੋ, ਇਸ ਦਾ ਕੀ ਫ਼ਾਇਦਾ?
ਹੱਥ ਵੱਢ ਕੇ ਦੇਣੇ (ਕਿਸੇ ਨੂੰ ਕੋਈ ਲਿਖਤ ਦੇ ਦੇਣੀ) —ਉਸ ਨੇ ਮੈਥੋਂ 100 ਰੁਪਏ ਉਧਾਰ ਲਏ ਤੇ ਇਕ ਕਾਗ਼ਜ਼ ਉੱਤੇ ਲਿਖ ਦਿੱਤਾ। ਜਦੋਂ ਮੈਂ ਉਸ ਤੋਂ ਪੈਸੇ ਮੰਗੇ, ਤਾਂ ਉਹ ਮੁੱਕਰ ਗਿਆ। ਮੈਂ ਉਸ ਨੂੰ ਕਿਹਾ ਕਿ ਤੂੰ ਮੁੱਕਰ ਕਿਵੇਂ ਸਕਦਾ ਹੈ? ਤੂੰ ਤਾਂ ਮੈਨੂੰ ਹੱਥ ਵੱਢ ਕੇ ਦਿੱਤੇ ਹੋਏ ਹਨ।
ਹੱਥ ਵਟਾਉਣਾ (ਮੱਦਦ ਕਰਨੀ)— ਉਸ ਨੇ ਮੇਰੇ ਨਾਲ ਕੰਮ ਵਿੱਚ ਹੱਥ ਵਟਾਇਆ, ਤਦ ਜਾ ਕੇ ਕੰਮ ਮੁੱਕਾ।
ਹੱਥਾਂ ਪੈਰਾਂ ਦੀ ਪੈ ਜਾਣੀ (ਮੁਸੀਬਤ ਕਰ ਕੇ ਘਬਰਾ ਜਾਣਾ) – ਜਦੋਂ ਜੀਤੇ ਨੇ ਸ਼ੇਰ ਨੂੰ ਦੇਖਿਆ, ਤਾਂ ਉਸ ਨੂੰ ਹੱਥਾਂ ਪੈਰਾਂ ਦੀ ਪੈ ਗਈ।
ਹੱਥ ਤੰਗ ਹੋਣਾ (ਗ਼ਰੀਬੀ ਆ ਜਾਣੀ) – ਮਹਿੰਗਾਈ ਦੇ ਜ਼ਮਾਨੇ ਵਿੱਚ ਹਰ ਨੌਕਰੀ-ਪੇਸ਼ਾ ਦਾ ਦਾ ਹੱਥ ਤੰਗ ਹੋ ਗਿਆ ਹੈ ਤੇ ਗੁਜ਼ਾਰਾ ਮੁਸ਼ਕਿਲ ਨਾਲ ਚੱਲਦਾ ਹੈ।
ਹੱਥ ਰੰਗਣਾ (ਵੱਢੀ ਨਾਲ ਰੁਪਇਆ ਕਮਾਉਣਾ)— ਇਸ ਥਾਣੇਦਾਰ ਨੇ ਸਮਗਲਰਾਂ ਤੋਂ ਪੈਸੇ ਲੈ ਕੇ ਕਾਫ਼ੀ ਹੱਥ ਰੰਗੇ ਹਨ।
ਹਿੱਕ ਉੱਤੇ ਸੱਪ ਲੇਟਣਾ (ਈਰਖਾ ਨਾਲ ਸੜਨਾ)— ਰਾਮ ਨੇ ਜਦੋਂ ਐੱਮ. ਏ. ਪਾਸ ਕੀਤੀ, ਤਾਂ ਗੀਤਾ ਦੀ ਹਿੱਕ ਉੱਤੇ
ਸੱਪ ਲੇਟਣ ਲੱਗ ਪਏ ਕਿਉਂਕਿ ਉਸ ਦਾ ਪੁੱਤਰ ਬੀ. ਏ. ਵਿਚੋਂ ਫੇਲ੍ਹ ਹੋ ਗਿਆ ਸੀ।
ਹੱਥਾਂ ਦੇ ਤੋਤੇ ਉੱਡਣੇ (ਘਬਰਾ ਜਾਣਾ) – ਫੇਲ੍ਹ ਹੋਣ ਦੀ ਖ਼ਬਰ ਸੁਣ ਕੇ ਉਸ ਦੇ ਹੱਥਾਂ ਦੇ ਤੋਤੇ ਉੱਡ ਗਏ।
ਹੱਥੀਂ ਛਾਂਵਾਂ ਕਰਨੀਆਂ (ਆਓ-ਭਗਤ ਕਰਨੀ) – ਪੰਜਾਬੀ ਲੋਕ ਘਰ ਆਏ ਪ੍ਰਾਹੁਣੇ ਨੂੰ ਹੱਥੀਂ ਛਾਂਵਾਂ ਕਰਦੇ ਹਨ।
ਹੱਥ ਦਾ ਸੁੱਚਾ ਹੋਣਾ (ਈਮਾਨਦਾਰ ਹੋਣਾ) – ਪ੍ਰੀਤਮ ਸਿੰਘ ਹੱਥ ਦਾ ਸੁੱਚਾ ਆਦਮੀ ਹੈ। ਕਿਸੇ ਨਾਲ ਹੇਰਾ-ਫੇਰੀ ਨਹੀਂ ਕਰਦਾ।
ਹੱਥ ਪੈਰ ਮਾਰਨਾ (ਕੋਸ਼ਿਸ਼ ਕਰਨੀ) — ਉਸ ਨੇ ਨੌਕਰੀ ਲਈ ਬਹੁਤ ਹੱਥ ਪੈਰ ਮਾਰੇ ਹਨ, ਪਰ ਵਿਅਰਥ।
ਹਵਾਈ ਕਿਲ੍ਹੇ ਉਸਾਰਨਾ (ਫ਼ਰਜ਼ੀ ਆਸਾਂ ਬਣਾ ਲੈਣੀਆਂ) — ਵਿਹਲੇ ਬੰਦਿਆਂ ਨੂੰ ਹਵਾਈ ਕਿਲ੍ਹੇ ਉਸਾਰਨ ਦੀ ਆਦਤ ਹੁੰਦੀ ਹੈ।
ਹੱਥ ਲਮਕਾਉਂਦੇ ਆਉਣਾ (ਖ਼ਾਲੀ ਹੱਥ ਆਉਣਾ) – ਕਮਾਈ ਕਰਨ ਦੀ ਆਸ ਨਾਲ ਉਹ 4 ਸਾਲ ਵਿਦੇਸ਼ਾਂ ਵਿੱਚ ਠੇਡੇ ਖਾਂਦਾ ਰਿਹਾ ਤੇ ਅੰਤ ਹੱਥ ਲਮਕਾਉਂਦਾ ਘਰ ਆ ਪੁੱਜਾ।
ਹੱਥ ਨੂੰ ਹੱਥ ਨਾ ਦਿਸਣਾ (ਬਹੁਤ ਹਨੇਰਾ ਹੋਣਾ)—ਬਿਜਲੀ ਬੰਦ ਹੋਣ ਕਾਰਨ ਸਿਨੇਮਾ ਹਾਲ ਵਿੱਚ ਹੱਥ ਨੂੰ ਹੱਥ ਨਹੀਂ ਸੀ ਦਿਸਦਾ, ਜਿਸ ਕਰਕੇ ਉਹ ਇਕ ਕੁਰਸੀ ਦੀ ਲੱਤ ਨਾਲ ਠੇਡਾ ਖਾ ਕੇ ਡਿਗ ਪਿਆ।
ਹੱਥਾਂ ‘ਤੇ ਸਰ੍ਹੋਂ ਜਮਾਉਣੀ (ਕੰਮ ਨੂੰ ਇੰਨੀ ਛੇਤੀ ਕਰਨਾ ਕਿ ਅਗਲਾ ਹੈਰਾਨ ਰਹਿ ਜਾਵੇ) – ਸੁਸ਼ੀਲ ਨੇ ਸੱਤ-ਸੱਤ ਦਿਸਿਆਂ ਵਾਲੀਆਂ ਰਕਮਾਂ ਦੇ ਗੁਣਾ ਦਾ ਝਟ-ਪਟ ਉੱਤਰ ਦੇ ਕੇ ਹੱਥਾਂ ‘ਤੇ ਸਰ੍ਹੋਂ ਜਮਾ ਕੇ ਦਿਖਾ ਦਿੱਤੀ।
ਹੱਥੀਂ ਪੈਣਾ (ਲੜਨ ਪੈਣਾ) – ਜੇਕਰ ਤੁਹਾਡਾ ਕੋਈ ਝਗੜਾ ਹੈ, ਤਾਂ ਮੂੰਹ ਨਾਲ ਗੱਲ ਕਰੋ, ਇਸ ਤਰ੍ਹਾਂ ਹੱਥੀਂ ਪੈਣਾ ਠੀਕ ਨਹੀਂ।
ਹੱਥ ਕਰਨਾ (ਹੇਰਾ-ਫੇਰੀ ਕਰਨੀ) – ਅੱਜ ਰੇਲਵੇ ਸਟੇਸ਼ਨ ਉੱਪਰ ਟਿਕਟਾਂ ਦੇਣ ਵਾਲਾ ਬਕਾਇਆ ਦੇਣ ਸਮੇਂ ਮੇਰੇ ਨਾਲ ਦੋ ਰੁਪਏ ਦਾ ਹੱਥ ਕਰ ਗਿਆ।
ਹੱਥ ਉੱਤੇ ਹੱਥ ਧਰ ਕੇ ਬੈਠਣਾ (ਵਿਹਲੇ ਬੈਠਣਾ) – ਜੇਕਰ ਤੁਸੀਂ ਕੋਈ ਕੰਮ ਨਹੀਂ ਕਰੋਗੇ ਤੇ ਹੱਥ ਉੱਤੇ ਹੱਥ ਧਰ ਕੇ ਬੈਠੋਗੇ, ਤਾਂ ਤੁਸੀਂ ਭੁੱਖੇ ਮਰੋਗੇ।
ਹੱਥ ਵਿਖਾਉਣਾ (ਬਲ ਦਾ ਪ੍ਰਗਟਾਵਾ ਕਰਨਾ) – ਭਾਰਤੀ ਫ਼ੌਜ ਨੇ ਲੜਾਈ ਦੇ ਮੈਦਾਨ ਵਿੱਚ ਦੁਸ਼ਮਣਾਂ ਨੂੰ ਖ਼ੂਬ ਹੱਥ ਵਿਖਾਏ।
ਹੱਡਾਂ ਪੈਰਾਂ ਦਾ ਖੁੱਲ੍ਹੇ ਹੋਣਾ (ਸੋਹਣਾ ਉੱਚਾ-ਲੰਮਾ ਜੁਆਨ ਹੋਣਾ) — ਬਲਕਾਰ ਤਾਂ ਹੱਡਾਂ ਪੈਰਾਂ ਦਾ ਖੁੱਲ੍ਹਾ ਹੈ, ਪਰ ਉਸ ਦਾ ਭਰਾ ਸੁਕੜੂ ਜਿਹਾ ਹੀ ਹੈ।
ਹਨੇਰ ਆਉਣਾ (ਬਿਪਤਾ ਆ ਪੈਣੀ) – ਜੇਕਰ ਮੁੰਡੇ ਨੇ ਆਪਣੀ ਪਸੰਦ ਦੀ ਕੁੜੀ ਨਾਲ ਵਿਆਹ ਕਰ ਲਿਆ ਹੈ, ਤਾਂ ਕੀ ਹਨੇਰ ਆ ਗਿਆ ਹੈ?
ਹਨੇਰ ਪੈ ਜਾਣਾ (ਅਨਹੋਣੀ ਗੱਲ ਹੋ ਜਾਣੀ) – ਪਰਿਵਾਰ ਦੇ ਇੱਕੋ-ਇਕ ਕਮਾਊ ਬੰਦੇ ਦੀ ਮੌਤ ਨਾਲ ਘਰ ਵਿੱਚ ਹਨੇਰ ਪੈ ਗਿਆ।
ਹਾਲਤ ਪਤਲੀ ਹੋਣੀ (ਗ਼ਰੀਬ ਹੋਣਾ) – ਵਪਾਰ ਵਿੱਚ ਘਾਟਾ ਪੈ ਜਾਣ ਕਰਕੇ ਅੱਜ-ਕਲ੍ਹ ਉਸ ਦੀ ਹਾਲਤ ਕਾਫ਼ੀ ਪਤਲੀ ਹੋ ਗਈ ਹੈ।
ਹਿੱਕ ਉੱਤੇ ਮੂੰਗ ਦਲਣਾ (ਕਿਸੇ ਦੇ ਸਾਹਮਣੇ ਉਸ ਨੂੰ ਸਤਾਉਣ ਵਾਲੇ ਕੰਮ ਕਰਨਾ) — ਲੜਾਕੀ ਸੱਸ ਆਪਣੀ ਨੂੰਹ ਨੂੰ ਤੰਗ ਕਰਨ ਲਈ ਉਸ ਦੀ ਹਿੱਕ ਉੱਤੇ ਮੂੰਗ ਦਲਦੀ ਹੈ।
ਹਿੰਙ ਫਟਕੜੀ ਨਾ ਲੱਗਣਾ (ਕੁੱਝ ਖ਼ਰਚ ਨਾ ਕਰਨਾ) – ਮਿੱਠਾ ਬੋਲਣ ਉੱਤੇ ਕੋਈ ਹਿੰਙ ਫਟਕੜੀ ਨਹੀਂ ਲਗਦੀ, ਪਰ ਇਸ ਨਾਲ ਤੁਸੀਂ ਪ੍ਰਾਪਤ ਸਭ ਕੁੱਝ ਕਰ ਸਕਦੇ ਹੋ।
ਹੇਠਲੀ ਉੱਤੇ ਕਰ ਦੇਣੀ (ਗ਼ਦਰ ਮਚਾ ਦੇਣਾ) – ਨਾਦਰ ਸ਼ਾਹ ਦੇ ਹਮਲੇ ਨੇ ਭਾਰਤ ਵਿੱਚ ਹੇਠਲੀ ਉੱਤੇ ਕਰ ਦਿੱਤੀ।
ਹੌਲਾ ਫੁੱਲ ਹੋ ਜਾਣਾ (ਬੇਫ਼ਿਕਰ ਹੋਣਾ) – ਪ੍ਰੀਖਿਆ ਦਾ ਬੋਝ ਸਿਰ ਤੋਂ ਲੱਥਣ ਨਾਲ ਮੈਂ ਹੌਲਾ ਫੁੱਲ ਹੋ ਗਿਆ ਹਾਂ।
ਹੌਲਾ ਪੈਣਾ (ਹੌਂਸਲਾ ਢਹਿ ਜਾਣਾ) – ਜਦੋਂ ਦੀ ਪੁਲਿਸ ਨੇ ਡਾਕੂਆਂ ਦੇ ਵਿਰੁੱਧ ਸਖ਼ਤ ਕਾਰਵਾਈ ਕੀਤੀ ਹੈ, ਉਦੋਂ ਤੋਂ
ਉਹ ਕਾਫ਼ੀ ਹੌਲੇ ਪੈ ਗਏ ਹਨ।
ਹੱਡ ਗੋਡੇ ਰਗੜਨਾ (ਦੁੱਖਾਂ ਭਰਿਆ ਜੀਵਨ ਗੁਜ਼ਾਰਨਾ) – ਬੁੱਢੇ ਬਾਪ ਦੀ ਘਰ ਵਿੱਚ ਕੋਈ ਬਾਤ ਨਹੀਂ ਪੁੱਛਦਾ। ਵਿਚਾਰਾ ਹੱਡ ਗੋਡੇ ਰਗੜ ਕੇ ਹੀ ਦਿਨ ਕੱਟ ਰਿਹਾ ਹੈ।
ਹੱਡ ਭੰਨ ਕੇ ਕੰਮ ਕਰਨਾ (ਸਖ਼ਤ ਮਿਹਨਤ ਕਰਨੀ) – ਬੰਦੇ ਨੂੰ ਜ਼ਿੰਦਗੀ ਵਿੱਚ ਸਫਲ ਹੋਣ ਲਈ ਹੱਡ ਭੰਨ ਕੇ ਕੰਮ ਕਰਨਾ ਚਾਹੀਦਾ ਹੈ।
ਹੱਡਾਂ ਨੂੰ ਰੋਗ ਲਾਉਣਾ (ਸਦਾ ਦਾ ਦੁੱਖ ਸਹੇੜਨਾ) – ਧੰਨੇ ਨੇ ਨਸ਼ੇ ਖਾ-ਖਾ ਕੇ ਆਪਣੇ ਹੱਡਾਂ ਨੂੰ ਰੋਗ ਲਾ ਲਏ ਹਨ।
ਹੱਡਾਂ ਵਿੱਚ ਪਾਣੀ ਪੈਣਾ (ਕੰਮ ਕਰਨ ਨੂੰ ਜੀ ਨਾ ਕਰਨਾ)— ਕੀ ਤੇਰੇ ਹੱਡਾਂ ਵਿੱਚ ਪਾਣੀ ਪਿਆ ਹੋਇਆ ਹੈ ਕਿ ਤੂੰ ਸਾਰਾ ਦਿਨ ਕੱਖ ਭੰਨ ਕੇ ਦੋਹਰਾ ਨਹੀਂ ਕਰਦਾ।
ਹੱਥ ਪੀਲੇ ਕਰਨੇ (ਵਿਆਹ ਕਰਨਾ) – 22 ਨਵੰਬਰ, 2013 ਨੂੰ ਹਰਜੀਤ ਦੇ ਪਿਤਾ ਜੀ ਨੇ ਉਸ ਦੇ ਹੱਥ ਪੀਲੇ ਕਰ ਦਿੱਤੇ।
ਹੱਥ ਅੱਡਣਾ (ਭੀਖ ਮੰਗਣਾ) – ਪੰਜਾਬੀ ਦੁਨੀਆ ਦੇ ਕਿਸੇ ਹਿੱਸੇ ਵਿੱਚ ਵੀ ਚਲਾ ਜਾਵੇ, ਆਪਣੀ ਮਿਹਨਤ ਦੀ ਕਮਾਈ ਖਾਂਦਾ ਹੈ, ਕਿਸੇ ਦੇ ਅੱਗੇ ਹੱਥ ਨਹੀਂ ਅੱਡਦਾ।
ਹੱਥ ਖੁੱਲ੍ਹਾ ਰੱਖਣਾ (ਖੁੱਲ੍ਹਾ ਖ਼ਰਚ ਕਰਨਾ) – ਅੱਜ-ਕਲ੍ਹ ਦੇ ਮਹਿੰਗਾਈ ਦੇ ਜ਼ਮਾਨੇ ਵਿੱਚ ਆਮ ਆਦਮੀ ਲਈ ਹੱਥ ਖੁੱਲ੍ਹਾ ਰੱਖਣਾ ਔਖਾ ਹੈ।
ਹੱਥ ਗਰਮ ਹੋਣਾ (ਵੱਢੀ ਲੈਣੀ) – ਸਰਕਾਰੀ ਦਫ਼ਤਰਾਂ ਦੇ ਵੱਢੀਖ਼ੋਰ ਕਲਰਕ ਓਨਾ ਚਿਰ ਤੁਹਾਡਾ ਕੰਮ ਨਹੀਂ ਕਰਦੇ, ਜਿੰਨਾ ਚਿਰ ਉਹਨਾਂ ਦਾ ਹੱਥ ਗਰਮ ਨਾ ਹੋਵੇ।
ਹੱਥ ਧੋ ਕੇ ਪਿੱਛੇ ਪੈਣਾ (ਕਿਸੇ ਨੂੰ ਖ਼ਤਮ ਕਰਨ ਦੀ ਲਗਨ ਲੱਗ ਜਾਣੀ) – ਪਤਾ ਨਹੀਂ, ਮੈਂ ਚੰਨੀ ਦਾ ਕੀ ਵਿਗਾੜਿਆ ਹੈ ਕਿ ਉਹ ਹੱਥ ਧੋ ਕੇ ਮੇਰੇ ਪਿੱਛੇ ਪਈ ਹੋਈ ਹੈ।
ਹਵਾ ਦਾ ਰੁੱਖ ਦੇਖਣਾ (ਸਥਿਤੀ ਪਛਾਣਨਾ)— ਤੁਹਾਨੂੰ ਸਰਕਾਰ ਵਿਰੋਧੀ ਗੱਲ ਜਰਾ ‘ਹਵਾ ਦਾ ਰੁੱਖ ਦੇਖ ਕੇ ਕਰਨੀ ਚਾਹੀਦੀ ਹੈ।
ਹਵਾ ਵਲ ਨਾ ਦੇਖਣਾ (ਨੁਕਸਾਨ ਪੁਚਾਉਣ ਦੀ ਹਿੰਮਤ ਨਾ ਕਰਨੀ) — ਮੈਂ ਆਪਣੇ ਦੂਜੇ ਫ਼ਿਰਕੇ ਦੇ ਗੁਆਂਢੀਆਂ ਨੂੰ ਕਿਹਾ ਕਿ ਸਾਡੇ ਹੁੰਦਿਆਂ ਕੋਈ ਤੁਹਾਡੀ ਹਵਾ ਵਲ ਵੀ ਨਹੀਂ ਦੇਖ ਸਕਦਾ।