ਭ ਨਾਲ ਸ਼ੁਰੂ ਹੋਣ ਵਾਲੇ ਮੁਹਾਵਰੇ
ਮੁਹਾਵਰਿਆ ਦੀ ਵਾਕਾਂ ਵਿਚ ਵਰਤੋਂ
ਭੁੰਨੇ ਤਿੱਤਰ ਉਡਾਉਣਾ (ਅਣਹੋਣੀ ਗੱਲ ਕਰਨਾ) – ਜਦੋਂ ਕੁਲਜੀਤ ਨੇ ਆਪਣੇ ਪਿਤਾ ਅੱਗੇ ਆਪਣਾ ਦੂਜੀ ਜਾਤ ਦੇ ਮੁੰਡੇ ਨਾਲ ਵਿਆਹ ਕਰਨ ਦਾ ਫ਼ੈਸਲਾ ਰੱਖਿਆ, ਤਾਂ ਉਸ ਦੇ ਪਿਤਾ ਨੇ ਗੁੱਸੇ ਵਿੱਚ ਆ ਕੇ ਕਿਹਾ, ”ਤੂੰ ਤਾਂ ਭੁੰਨੇ ਤਿੱਤਰ ਉਡਾ ਰਹੀ ਹੈਂ । ਮੈਂ ਇਹ ਗੱਲ ਨਹੀਂ ਹੋਣ ਦਿਆਂਗਾ।”
ਭੁੱਖੇ ਸ਼ੇਰ ਵਾਂਗ ਪੈਣਾ (ਗੁੱਸੇ ਵਿੱਚ ਉੱਚੀ ਬੋਲਣਾ) — ਤੇਰੇ ਭਰਾ ਵਿੱਚ ਰਤਾ ਹਲੀਮੀ ਨਹੀਂ, ਰਤਾ ਗੱਲ ਕਰੋ, ਤਾਂ ਭੁੱਖੇ ਸ਼ੇਰ ਵਾਂਗ ਪੈਂਦਾ ਹੈ।
ਭੁੱਖ ਲਹਿ-ਲਹਿ ਜਾਣਾ (ਸੁੰਦਰ ਚੀਜ਼ ਨੂੰ ਵੇਖ ਕੇ ਖ਼ੁਸ਼ ਹੋਣਾ)—ਇਸ ਸੁੰਦਰ ਕੁਦਰਤੀ ਨਜ਼ਾਰੇ ਨੂੰ ਦੇਖਦਿਆਂ ਭੁੱਖ ਲਹਿ-ਲਹਿ ਜਾਂਦੀ ਹੈ।
ਭੁਗਤ ਸੁਆਰਨੀ (ਚੰਗੀ ਤਰ੍ਹਾਂ ਸਿੱਧਾ ਕਰਨਾ)— ਪੁਲਿਸ ਨੇ ਤੇਜੂ ਸ਼ਰਾਬੀ ਦੀ ਕੁੱਟ-ਕੁੱਟ ਕੇ ਚੰਗੀ ਤਰ੍ਹਾਂ ਭੁਗਤ ਸੁਆਰੀ।
ਭੱਠ ਝੋਕਣਾ (ਫ਼ਜ਼ੂਲ ਕੰਮ ਕਰਨਾ) – ਛਿੰਦੇ ਨੇ ਸਾਰੀ ਉਮਰ ਭੱਠ ਝੋਕਦਿਆਂ ਗੁਜ਼ਾਰ ਦਿੱਤੀ, ਇਸੇ ਕਰਕੇ ਤਾਂ ਉਸ ਦੇ ਪੱਲੇ ਪੈਸਾ ਨਹੀਂ।
ਭਾਂ-ਭਾਂ ਕਰਨਾ (ਬੇਰੌਣਕੀ ਹੋਣਾ) – ਬੱਚਿਆਂ ਦੇ ਘਰ ਵਿੱਚ ਨਾ ਹੋਣ ਕਰਕੇ ਅੰਦਰ-ਬਾਹਰ ਭਾਂ-ਭਾਂ ਕਰ ਰਿਹਾ ਹੈ।
ਭਾਨੀ ਮਾਰਨੀ (ਕੋਈ ਊਜ ਲਾ ਕੇ ਕਿਸੇ ਦਾ ਕੰਮ ਵਿਗਾੜਨਾ) – ਨੰਦੀ ਨੇ ਭਾਨੀ ਮਾਰ ਕੇ ਮੁੰਡੇ ਦਾ ਰਿਸ਼ਤਾ ਤੁੜਵਾ ਦਿੱਤਾ।
ਭਰਿਆ ਪੀਤਾ ਹੋਣਾ (ਵਿੱਚੋਂ ਵਿੱਚ ਗੁੱਸੇ ਨਾਲ ਭਰਿਆ ਹੋਣਾ) – ਸਵਰਨੇ ਹੋਰਾਂ ਨੇ ਕੁਲਬੀਰ ਨੂੰ ਗਾਲਾਂ ਕੱਢੀਆਂ। ਉਹ ਅੱਗੋਂ ਕਰਨ ਜੋਗਾ ਤਾਂ ਕੁੱਝ ਨਹੀਂ ਸੀ, ਵਿਚਾਰਾ ਭਰਿਆ ਪੀਤਾ ਆਪਣੇ ਘਰ ਨੂੰ ਚਲਾ ਗਿਆ।
ਭਿੱਜੀ ਬਿੱਲੀ ਬਣ ਕੇ ਬਹਿ ਜਾਣਾ (ਚੁੱਪ ਕਰ ਕੇ ਬਹਿ ਜਾਣਾ) – ਜਦੋਂ ਮੈਂ ਪੰਚਾਇਤ ਵਿੱਚ ਬਹੁਤ ਬੋਲਣ ਵਾਲੇ ਕਰਮੇ ਦੀਆਂ ਕਰਤੂਤਾਂ ਨੂੰ ਨੰਗਿਆਂ ਕੀਤਾ, ਤਾਂ ਉਹ ਭਿੱਜੀ ਬਿੱਲੀ ਬਣ ਕੇ ਬਹਿ ਗਿਆ।
ਭੂੰਡਾਂ ਦੇ ਖੱਖਰ ਨੂੰ ਛੇੜਨਾ (ਭੈੜੇ ਬੰਦੇ ਨਾਲ ਮੱਥਾ ਲਾ ਬੈਠਣਾ) – ਪਰਮਿੰਦਰ ਦੀ ਕੁਲਵਿੰਦਰ ਨਾਲ ਲੜਾਈ ਹੁੰਦੀ ਦੇਖ ਕੇ ਮੈਂ ਕਿਹਾ, ”ਇਸ ਨੇ ਕਿੱਥੇ ਭੂੰਡਾਂ ਦੇ ਖੱਖਰ ਨੂੰ ਛੇੜ ਲਿਆ ਹੈ। ਕੁਲਵਿੰਦਰ ਤਾਂ ਲੜਨ ਲਈ ਝੱਟ ਤਿਆਰ ਹੋ ਜਾਂਦੀ ਹੈ।”
ਭੂਤ ਸਵਾਰ ਹੋਣਾ (ਕਿਸੇ ਗੱਲ ਦੇ ਪਿੱਛੇ ਪੈ ਜਾਣਾ)— ਉਸ ਦੇ ਮਨ ਉੱਤੇ ਅੱਜ-ਕਲ੍ਹ ਸਾਧੂ ਬਣਨ ਦਾ ਭੂਤ ਸਵਾਰ ਹੋ ਗਿਆ ਹੈ।
ਭੰਗ ਭੁੱਜਣਾ (ਘਰੋਂ ਗ਼ਰੀਬ ਹੋਣਾ)— ਚਰਨੇ ਦਾ ਕੋਈ ਪੁੱਤਰ ਵੀ ਕਮਾਉ ਨਹੀਂ ਨਿਕਲਿਆ, ਇਸੇ ਕਾਰਨ ਵਿਚਾਰੇ ਦੇ ਘਰ ਭੰਗ ਭੁੱਜਦੀ ਹੈ।
ਭੁਚਾਲ ਲੈ ਆਉਣਾ (ਹੇਠਲੀ ਉੱਤੇ ਕਰ ਦੇਣੀ) – ਜਦ ਬੱਚੇ ਘਰ ਆ ਜਾਣ, ਤਾਂ ਰੌਲਾ ਪਾ-ਪਾ ਕੇ ਘਰ ਵਿੱਚ ਭੁਚਾਲ ਲੈ ਆਉਂਦੇ ਹਨ।