ਮੁਹਾਵਰਿਆ ਦੀ ਵਾਕਾਂ ਵਿਚ ਵਰਤੋਂ
ਲੱਕ ਟੁੱਟ ਜਾਣਾ (ਹੌਂਸਲਾ ਹਾਰ ਜਾਣਾ) : ਬੁੱਢੇ ਬਾਪ ਦਾ ਆਪਣੇ ਇਕਲੌਤੇ ਪੁੱਤਰ ਦੀ ਮੌਤ ਕਾਰਨ ਲੱਕ ਟੁੱਟ ਗਿਆ।
ਲਹੂ ਪੰਘਰਨਾ (ਪਿਆਰ ਜਾਗਣਾ) : ਆਪਣਾ ਲਹੂ ਕਦੀ ਨਾ ਕਦੀ ਜ਼ਰੂਰ ਪੰਘਰਦਾ ਹੈ।
ਲਹੂ ਸੁੱਕਣਾ (ਫ਼ਿਕਰ ਹੋਣਾ) : ਜਦੋਂ ਰਾਮ ਦਾ ਇਮਤਿਹਾਨ ਨੇੜੇ ਆਇਆ, ਤਾਂ ਉਸ ਦਾ ਲਹੂ ਸੁੱਕਣਾ ਸ਼ੁਰੂ ਹੋ ਗਿਆ।
ਲੰਮੀਆਂ ਤਾਣ ਕੇ ਸੌਣਾ (ਬੇਫ਼ਿਕਰ ਹੋਣਾ) : ਤੁਹਾਡਾ ਇਮਤਿਹਾਨ ਨੇੜੇ ਹੈ, ਤੁਹਾਨੂੰ ਹੁਣ ਲੰਮੀਆਂ ਤਾਣ ਕੇ ਨਹੀਂ ਸੌਣਾ ਚਾਹੀਦਾ।
ਲਿੱਦ ਕਰ ਦੇਣੀ (ਹਿੰਮਤ ਹਾਰ ਦੇਣੀ) : ਤੁਹਾਨੂੰ ਮੁਸੀਬਤ ਸਮੇਂ ਲਿੱਦ ਨਹੀਂ ਕਰਨੀ ਚਾਹੀਦੀ, ਸਗੋਂ ਹਿੰਮਤ ਕਰਨੀ
ਚਾਹੀਦੀ ਹੈ।
ਲੇਖ ਸੜਨੇ (ਬੁਰੇ ਦਿਨ ਆਉਣੇ) : ਮੈਂ ਜਦੋਂ ਦਾ ਇਸ ਕਮਬਖ਼ਤ ਨਾਲ ਵਿਆਹ ਕਰਾਇਆ ਹੈ, ਮੇਰੇ ਤਾਂ ਲੇਖ ਹੀ ਸੜ ਗਏ ਹਨ।
ਲੱਤ ਮਾਰਨੀ (ਠੁਕਰਾ ਦੇਣਾ) : ਅਸੀਂ ਆਪਣੇ ਦੁਸ਼ਮਣਾਂ ਵਲੋਂ ਸੁਲਾਹ ਲਈ ਪੇਸ਼ ਕੀਤੀਆਂ ਜ਼ਲੀਲ ਕਰਨ ਵਾਲੀਆਂ ਸ਼ਰਤਾਂ ਨੂੰ ਲੱਤ ਮਾਰ ਦਿੱਤੀ।
ਲੋਹਾ ਲਾਖਾ ਹੋਣਾ (ਗੁੱਸੇ ਵਿੱਚ ਆਉਣਾ) : ਤੁਸੀਂ ਇਸ ਗੱਲ ਨੂੰ ਸ਼ਾਂਤੀ ਨਾਲ ਸੁਣੋ, ਐਵੇਂ ਲੋਹੇ ਲਾਖੇ ਹੋਣ ਦਾ ਕੋਈ ਲਾਭ ਨਹੀਂ।
ਲੱਕ ਬੰਨ੍ਹਣਾ (ਤਿਆਰ ਹੋ ਪੈਣਾ) : ਹਿੰਮਤੀ ਲੋਕ ਜਦੋਂ ਕਿਸੇ ਕੰਮ ਨੂੰ ਕਰਨ ਲਈ ਲੱਕ ਬੰਨ੍ਹ ਲੈਂਦੇ ਹਨ, ਤਾਂ ਸਭ
ਮੁਸ਼ਕਲਾਂ ਦੂਰ ਹੋ ਜਾਂਦੀਆਂ ਹਨ।
ਲੱਤ ਅੜਾਉਣੀ (ਵਾਧੂ ਦਖ਼ਲ ਦੇਣਾ) : ਝਗੜਾ ਤਾਂ ਸਾਡੇ ਘਰ ਦਾ ਸੀ, ਪਰ ਗੁਆਂਢੀ ਨੂੰ ਵਿੱਚ ਲੱਤ ਅੜਾਉਣ ਦੀ ਕੀ ਲੋੜ ਸੀ?
ਲੀਕ ਲੱਗਣੀ (ਬਦਨਾਮੀ ਹੋਣੀ) : ਭੈੜੀ ਔਲਾਦ ਦੀਆਂ ਕਰਤੂਤਾਂ ਨੇ ਪਤਵੰਤੇ ਘਰਾਣੇ ਦੇ ਨਾਂ ਨੂੰ ਲੀਕ ਲਾ ਦਿੱਤੀ।
ਲਹੂ ਖੋਲਣਾ (ਜੋਸ਼ ਆਉਣਾ) : ਦੇਸ਼ ਉੱਪਰ ਵਿਦੇਸ਼ੀ ਹਮਲੇ ਦੀ ਖ਼ਬਰ ਸੁਣ ਕੇ ਸਾਰੇ ਭਾਰਤੀਆਂ ਦਾ ਲਹੂ ਖੋਲ ਉੱਠਿਆ।
ਲਹੂ ਚੂਸਣਾ (ਬੇਰਹਿਮੀ ਨਾਲ ਕਿਸੇ ਦੀ ਕਮਾਈ ਖੋਹਣੀ) : ਸ਼ਾਹੂਕਾਰ ਕਿਸਾਨਾਂ ਦਾ ਖੂਬ ਲਹੂ ਚੂਸਦੇ ਹਨ।
ਲਹੂ ਦੇ ਘੁੱਟ ਭਰਨਾ (ਵੱਡੇ ਦੁੱਖ ਨੂੰ ਅੰਦਰੋਂ ਅੰਦਰ ਸਹਿ ਲੈਣਾ) : ਜਦੋਂ ਮਹਾਰਾਜਾ ਸ਼ੇਰ ਸਿੰਘ ਨੇ ਮਹਾਰਾਣੀ ਚੰਦ ਕੌਰ ਨੂੰ ਕੈਦ ਕਰ ਲਿਆ, ਤਾਂ ਉਹ ਵਿਚਾਰੀ ਲਹੂ ਦੇ ਘੁੱਟ ਭਰ ਕੇ ਰਹਿ ਗਈ।
ਲਹੂ ਦੇ ਅੱਥਰੂ ਕੇਰਨਾ (ਵਿਰਲਾਪ ਕਰਨਾ) : ਨਵ-ਵਿਆਹੀ ਕੁੜੀ ਆਪਣੇ ਪਤੀ ਦੀ ਅਚਾਨਕ ਮੌਤ ਉੱਤੇ ਲਹੂ ਦੇ ਅੱਥਰੂ ਕੇਰ ਰਹੀ ਸੀ।
ਲਹੂ ਵਿੱਚ ਨ੍ਹਾਉਣਾ (ਜ਼ੁਲਮ ਕਰਨਾ) : ਔਰੰਗਜ਼ੇਬ ਨੂੰ ਹਿੰਦੂਆਂ ਦੇ ਲਹੂ ਵਿੱਚ ਨ੍ਹਾਉਂਦਾ ਦੇਖ ਕੇ ਗੁਰੂ ਗੋਬਿੰਦ ਸਿੰਘ ਜੀ ਨੇ ਤਲਵਾਰ ਚੁੱਕ ਲਈ।
ਲਹੂ ਦੇ ਤਿਹਾਏ ਹੋਣਾ (ਪੱਕੇ ਦੁਸ਼ਮਣ ਹੋਣਾ) : ਗੁਰਜੀਤ ਤੇ ਮਨਦੀਪ ਪਹਿਲਾ ਤਾਂ ਬੜੇ ਚੰਗੇ ਮਿੱਤਰ ਸਨ। ਫਿਰ ਪਤਾ ਨਹੀਂ ਕੀ ਹੋਇਆ ਕਿ ਉਹ ਅੱਜ-ਕਲ੍ਹ ਇਕ-ਦੂਜੇ ਦੇ ਲਹੂ ਦੇ ਤਿਹਾਏ ਹੋਏ ਪਏ ਹਨ।
ਲਹੂ ਨਾਲ ਲਹੂ ਧੋਣਾ (ਮਾੜੇ ਕੰਮ ਦਾ ਬਦਲਾ ਮਾੜੇ ਕੰਮ ਨਾਲ ਲੈਣਾ) : ਕਾਤਲ ਨੂੰ ਫਾਂਸੀ ਦੀ ਸਜ਼ਾ ਦੇਣੀ ਠੀਕ ਨਹੀਂ, ਆਖਰ ਲਹੂ ਨਾਲ ਲਹੂ ਨਹੀਂ ਧੋਤਾ ਜਾਂਦਾ।
ਲਹੂ-ਪਸੀਨਾ ਇਕ ਕਰਨਾ (ਕਰੜੀ ਮਿਹਨਤ ਕਰਨੀ) : ਪੰਜਾਬੀ ਵਿਦੇਸ਼ਾਂ ਵਿੱਚ ਜਾ ਕੇ ਲਹੂ-ਪਸੀਨਾ ਇਕ ਕਰ ਕੇ ਕਮਾਈ ਕਰਦੇ ਹਨ।
ਲੱਕ ਸਿੱਧਾ ਕਰਨਾ (ਥੋੜ੍ਹੀ ਦੇਰ ਆਰਾਮ ਕਰਨਾ) : ਚਾਰ ਘੰਟੇ ਕਹੀ ਚਲਾਉਣ ਮਗਰੋਂ ਮੈਂ ਜ਼ਰਾ ਲੱਕ ਸਿੱਧਾ ਕਰਨ ਲਈ ਲੰਮਾ ਪੈ ਗਿਆ।
ਲਗਾਮ ਢਿੱਲੀ ਛੱਡ ਦੇਣੀ (ਖੁੱਲ੍ਹ ਦੇਣਾ) : ਤੁਹਾਨੂੰ ਆਪਣੇ ਪੁੱਤਰ ਦੀ ਲਗਾਮ ਇੰਨੀ ਢਿੱਲੀ ਨਹੀਂ ਛੱਡਣੀ ਚਾਹੀਦੀ । ਇਸ ਨੂੰ ਜ਼ਰਾ ਕੱਸ ਕੇ ਰੱਖੋ। ਫਿਰ ਨਾ ਕਹਿਣਾ ਕਿ ਉਹ ਤੁਹਾਡੇ ਕਾਬੂ ਵਿੱਚ ਨਹੀਂ ਰਿਹਾ।
ਲੱਤਾਂ ਵਿੱਚ ਸਿੱਕਾ ਭਰ ਜਾਣਾ (ਥੱਕ ਜਾਣਾ) : ਸਾਰਾ ਦਿਨ ਤੁਰ-ਤੁਰ ਕੇ ਇਕ ਥਾਂ ਬਹਿੰਦਿਆਂ ਹੋਇਆ ਮੈਂ ਕਿਹਾ, “ਹੁਣ ਤਾ ਮੇਰੀਆਂ ਲੱਤਾਂ ਵਿੱਚ ਸਿੱਕਾ ਭਰ ਗਿਆ ਹੈ। ਹੁਣ ਨਹੀਂ ਤੁਰ ਹੁੰਦਾ।”
ਲਾਹ-ਪਾਹ ਕਰਨੀ (ਬੇਇੱਜ਼ਤੀ ਕਰਨੀ) : ਅੱਜ ਮੈਂ ਉਸ ਦੀ ਚੰਗੀ ਲਾਹ-ਪਾਹ ਕੀਤੀ ਹੈ। ਜੇਕਰ ਸ਼ਰਮ ਹੋਵੇਗੀ, ਤਾਂ ਮੁੜ ਕੇ ਸ਼ਰਾਬ ਨਹੀਂ ਪੀਵੇਗਾ।
ਲਾਂਘਾ ਲੰਘਣਾ (ਗੁਜਾਰਾ ਹੋਣਾ) : ਥੋੜ੍ਹੀ ਤਨਖ਼ਾਹ ਨਾਲ ਸਾਂਝੇ ਟੱਬਰ ਦਾ ਲਾਂਘਾ ਲੰਘਣਾ ਔਖਾ ਹੈ।
ਲਾਲ ਪੀਲਾ ਹੋਣਾ (ਗੁੱਸੇ ਹੋਣਾ) : ਤੂੰ ਉਸ ਨਾਲ ਜਰੂਰ ਕੋਈ ਉੱਚੀ-ਨੀਵੀਂ ਕੀਤੀ ਹੋਵੇਗੀ, ਐਵੇਂ ਤਾਂ ਨਹੀਂ ਉਹ ਲਾਲ ਪੀਲਾ ਹੁੰਦਾ ਗਿਆ।
ਲੀਕ ਪੈਣਾ (ਰਿਵਾਜ ਤੁਰ ਪੈਣਾ) : ਅੱਜ-ਕਲ੍ਹ ਬਹੁਤਾ ਦਾਜ ਦੇਣ ਦੀ ਤਾਂ ਲੀਕ ਹੀ ਪੈ ਗਈ ਹੈ।
ਲੀਰਾਂ ਲਮਕਣਾ (ਮੰਦੇ ਹਾਲ ਹੋਣਾ) : ਜੱਟੀ ਨੇ ਜੱਟ ਨੂੰ ਕਿਹਾ, ਮੈਨੂੰ ਤਾਂ ਤੇਰੀ ਕਮਾਈ ਵਿੱਚੋਂ ਚੱਜ ਦਾ ਕੱਪੜਾ ਵੀ ਨਹੀਂ ਜੁੜਿਆ। ਸਾਰਾ ਸਾਲ ਮੈਂ ਲੀਰਾਂ ਲਮਕਾ ਕੇ ਕੱਟਿਆ ਹੈ।
ਲੈਣੇ ਦੇ ਦੇਣੇ ਪੈ ਜਾਣੇ (ਲਾਭ ਦੀ ਥਾਂ ਨੁਕਸਾਨ ਹੋਣਾ) : ਇਸ ਬਦਮਾਸ਼ ਦੀ ਗੁਆਹੀ ਦਿੰਦਿਆਂ ਜ਼ਰਾ ਸੋਚ-ਸਮਝ ਤੋਂ ਕੰਮ ਲੈਣਾ। ਇਹ ਨਾ ਹੋਵੇ ਲੈਣੇ ਦੇ ਦੇਣੇ ਪੈ ਜਾਣ।
ਲੋਈ ਲਾਹੁਣੀ (ਸ਼ਰਮ ਲਾਹੁਣੀ) : ਬਸੰਤ ਕੌਰ ਨੇ ਤਾਂ ਲੋਈ ਲਾਹੀ ਹੋਈ ਹੈ। ਜਿਸ ਘਰ ਜਾਂਦੀ ਹੈ, ਮੰਗਤਿਆਂ ਵਾਂਗ ਖਾਣ ਬਹਿ ਜਾਂਦੀ ਹੈ।
ਲੋਹਾ ਮੰਨਣਾ (ਪ੍ਰਭਾਵ ਮੰਨਣਾ) : ਪਠਾਣ ਮਹਾਰਾਜਾ ਰਣਜੀਤ ਸਿੰਘ ਦਾ ਲੋਹਾ ਮੰਨਦੇ ਸਨ।