ਲੇਖ : ਪੰਜਾਬ ਦੇ ਲੋਕ-ਨਾਚ
ਭੂਮਿਕਾ : ਨਾਚ ਸਭ ਤੋਂ ਪ੍ਰਾਚੀਨ ਕਲਾ ਹੈ। ਨਾਚ-ਕਲਾ ਦਾ ਇਤਿਹਾਸ ਮਨੁੱਖ-ਜਾਤੀ ਜਿੰਨਾ ਪ੍ਰਾਚੀਨ ਹੈ। ਜਦੋਂ ਮਨੁੱਖ ਨੇ ਅਜੇ ਬੋਲਣਾ ਨਹੀਂ ਸੀ ਸਿੱਖਿਆ ਉਦੋਂ ਵੀ ਉਹ ਨੱਚ-ਟੱਪ ਕੇ ਆਪਣਾ ਮਨੋਰੰਜਨ ਕਰਦਾ ਰਿਹਾ ਹੋਵੇਗਾ। ਨੱਚਣਾ ਅਸਲ ਵਿੱਚ ਮਨ ਦਾ ਚਾਅ ਅਤੇ ਵੀ ਭਾਵਾਂ ਦਾ ਉਛਾਲ ਹੈ।
ਪੰਜਾਬ ਦੇ ਲੋਕ-ਨਾਚ : ਪੰਜਾਬ ਦੇ ਲੋਕ-ਨਾਚ ਪੰਜਾਬੀ ਚਰਿੱਤਰ ਅਤੇ ਪੰਜਾਬੀ ਸੰਸਕ੍ਰਿਤੀ ਦਾ ਦਰਪਣ ਹਨ। ਪੰਜਾਬੀਆਂ ਦਾ ਸੁਭਾਅ ਰੰਗੀਲਾ ਹੈ। ਵੀਰਤਾ, ਸਾਹਸ ਅਤੇ ਅਲਬੇਲਾਪਣ ਉਹਨਾਂ ਦੇ ਸੁਭਾਅ ਦੇ ਲੱਛਣ ਉਹਨਾਂ ਦੇ ਸਿੱਧੇ-ਸਾਦੇ ਲੋਕ-ਨਾਚਾਂ ਵਿੱਚੋਂ ਇਕਦਮ ਨਜ਼ਰ ਆ ਜਾਂਦੇ ਹਨ। ਨਿੱਤ ਨਵੀਆਂ ਮੁਸੀਬਤਾਂ ਨਾਲ ਜੂਝਦਾ ਹੋਇਆ ਵੀ ਪੰਜਾਬੀ ਆਪਣਾ ਵਿਹਲਾ ਸਮਾਂ ਨੱਚਦਿਆਂ-ਟੱਪਦਿਆਂ, ਹੱਸਦਿਆਂ-ਖੇਡਦਿਆਂ ਤੇ ਗਾਉਂਦਿਆਂ-ਵਜਾਉਂਦਿਆਂ ਬਤੀਤ ਕਰਨ ਦਾ ਆਦੀ ਹੈ। ਉਸ ਲਈ ਹਰ ਪਲ ਇੱਕ ਪਰਵ ਹੈ ਤੇ ਹਰ ਦਿਨ ਇੱਕ ਮੇਲਾ ਹੈ। ਜਿੱਥੇ ਚਾਰ ਪੰਜਾਬੀ ਮਿਲ ਜਾਣ ਉਹ ਤੁਰਦਾ-ਫਿਰਦਾ ਇੱਕ ਮੇਲਾ ਬਣ ਜਾਂਦਾ ਹੈ।
ਨਾਚਾਂ ਦਾ ਰੰਗ-ਢੰਗ : ਪੰਜਾਬ ਦੇ ਲੋਕ-ਨਾਚਾਂ ਵਿੱਚ ਜੁੱਸੇ, ਹਿਲੋਰੇ ਤੇ ਪੈਰਾਂ ਦੀ ਥਾਪ ਮਨੋਭਾਵਾਂ ਨਾਲ ਕਦਮ ਮੇਚ ਕੇ ਤੁਰਦੀ ਹੈ। ਇਹ ਨਾਚ ਏਨੇ ਸੁਭਾਵਿਕ ਹਨ ਕਿ ਇਹਨਾਂ ਨੂੰ ਨੱਚਣ ਲਈ ਕਿਸੇ ਖ਼ਾਸ ਪੁਸ਼ਾਕ, ਵੇਸ ਜਾਂ ਸ਼ਿੰਗਾਰ ਦੀ ਲੋੜ ਨਹੀਂ। ਖ਼ੁਸ਼ੀ ਦੇ ਹਰ ਮੌਕੇ ‘ਤੇ ਪੰਜਾਬੀ ਲਾੜੇ ਵਾਂਗ ਸਜਿਆ ਹੁੰਦਾ ਹੈ। ਐਸੇ ਮੌਕੇ ‘ਤੇ ਪੰਜਾਬੀ ਗੱਭਰੂ ਤੇ ਮੁਟਿਆਰਾਂ ਦੇ ਜਦੋਂ ਮਨ ‘ਚ ਹੁਲਾਸ ਆ ਜਾਵੇ, ਜਜ਼ਬੇ ਮਚਲ ਪੈਣ ਤਾਂ ਉਹ ਖੜ੍ਹੇ-ਖਲੋਤੇ ਨੱਚਣ ਲੱਗ ਪੈਂਦੇ ਹਨ। ਪੱਕੀ ਫ਼ਸਲ ਵੇਖ ਉਹਨਾਂ ਦੇ ਜਜ਼ਬੇ ਆਪ-ਮੁਹਾਰੇ ਨਾਚ ਬਣ ਜਾਂਦੇ ਹਨ।
ਨਾਚਾਂ ਦੇ ਰੂਪ : ਪੰਜਾਬ ਦੇ ਲੋਕ-ਨਾਚ ਜਾਂ ਕੁੜੀਆਂ ਦੇ ਹਨ ਜਾਂ ਮੁੰਡਿਆਂ ਦੇ। ਪੰਜਾਬ ਦਾ ਮੁੱਖ ਨਾਚ ਭੰਗੜਾ ਮੁੰਡਿਆਂ ਦਾ ਲੋਕ-ਨਾਚ ਹੈ ਜਦ ਕਿ ਕੁੜੀਆਂ ਦਾ ਪ੍ਰਮੁੱਖ ਨਾਚ ਗਿੱਧਾ ਹੈ। ਇਹਨਾਂ ਤੋਂ ਬਿਨਾਂ ਕੁਝ ਹੋਰ ਪ੍ਰਮੁੱਖ ਨਾਚ ਝੂਮਰ, ਸੰਮੀ ਅਤੇ ਕਿੱਕਲੀ ਹਨ। ਅਜੋਕੇ ਪੰਜਾਬ ਵਿੱਚ ਝੂਮਰ ਅਤੇ ਸੰਮੀ ਨੂੰ ਵਿਸ਼ੇਸ਼ ਮਹੱਤਵ ਨਹੀਂ ਦਿੱਤਾ ਜਾਂਦਾ। ਹਾਂ ਕੁਝ ਨਵੇਂ ਨਾਚ ਜਿਵੇਂ ਮਰਦਾਂ ਦਾ ਗਿੱਧਾ ਜਾਂ ਕੁੜੀਆਂ ਤੇ ਮਰਦਾਂ ਦੇ ਸਾਂਝੇ ਨਾਚ ਆ ਗਏ ਹਨ।
(i) ਭੰਗੜਾ : ਪੰਜਾਬ ਦੇ ਲੋਕ-ਨਾਚਾਂ ਵਿੱਚ ਭੰਗੜਾ ਇੱਕ ਪ੍ਰਮੁੱਖ ਅਤੇ ਹਰਮਨ-ਪਿਆਰਾ ਨਾਚ ਹੈ। ਇਹ ਪੰਜਾਬ ਦੀ ਕਿਰਸਾਣੀ ਸੰਸਕ੍ਰਿਤੀ ਜਿੰਨਾ ਪੁਰਾਣਾ ਨਾਚ ਹੈ। ਇਹ ਪੰਜਾਬੀਆਂ ਦਾ ਕੌਮੀ ਨਾਚ ਮੰਨਿਆ ਜਾਂਦਾ ਹੈ। ਪੰਜਾਬੀ ਚਰਿੱਤਰ ਦੇ ਵਿਸ਼ੇਸ਼ ਗੁਣ ਜੋਸ਼, ਸਾਹਸ, ਵੀਰਤਾ, ਅਲਬੇਲਾਪਣ ਸਭ ਇਸ ਨਾਚ ਵਿੱਚ ਸ਼ਾਮਲ ਹਨ। ਇਸ ਇੱਕੋ ਪੰਜਾਬੀ ਨਾਚ ਵਿੱਚ ਝੂੰਮਰ, ਲੁੱਡੀ, ਗਿੱਧਾ ਆਦਿ ਦੇ ਸਾਰੇ ਗੁਣ ਮਿਲੇ ਹੋਏ ਹਨ। ਭੰਗੜਾ ਕਰੜਾ ਤੇ ਜੋਸ਼ੀਲਾ ਨਾਚ ਹੈ ਜਿਸ ਨੂੰ ਤਗੜੇ ਬੰਦੇ ਹੀ ਨੱਚ ਸਕਦੇ ਹਨ। ਇਸ ਕਾਰਨ ਇਸ ਨਾਚ ਵਿੱਚ ਬੀਰ-ਰਸੀ ਰੰਗ ਹੈ।
ਭਾਰਤ ਦਾ ਕੋਈ ਵੀ ਨਾਚ ਇਸ ਦਾ ਮੁਕਾਬਲਾ ਨਹੀਂ ਕਰ ਸਕਦਾ। ਮੁੱਢ ਵਿੱਚ ਇਹ ਨਾਚ ਫ਼ਸਲਾਂ ਦੀ ਉਪਜਾਊ ਸ਼ਕਤੀ ਵਧਾਉਣ ਲਈ ਕੀਤੀਆਂ ਰਸਮਾਂ ਸਮੇਂ ਖੁੱਲ੍ਹੇ ਖੇਤਾਂ ਵਿੱਚ ਨੱਚਿਆ ਜਾਂਦਾ ਸੀ। ਸਮੇਂ ਨਾਲ ਇਹ ਅਜੋਕਾ ਰੂਪ ਧਾਰਨ ਕਰ ਗਿਆ ਹੈ। ਫ਼ਸਲਾਂ ਦੀ ਵਾਢੀ ਮਗਰੋਂ ਗੱਭਰੂ ਵਿਸਾਖੀ ‘ਤੇ ਵੀ ਭੰਗੜਾ ਪਾਉਂਦੇ ਹਨ।
(ii) ਗਿੱਧਾ : ਗਿੱਧੇ ਦਾ ਸ਼ਾਬਦਿਕ ਅਰਥ ‘ਤਾੜੀ’ ਹੈ। ਦੋ ਹੱਥਾਂ ਦੇ ਆਪਸੀ ਟਕਰਾਅ ਤੋਂ ਪੈਦਾ ਹੋਈ ਅਵਾਜ਼ ਨੂੰ ਤਾੜੀ ਕਿਹਾ ਜਾਂਦਾ ਹੈ। ਪੰਜਾਬ ਦੇ ਇਸਤਰੀ ਲੋਕ-ਨਾਚਾਂ ਵਿੱਚੋਂ ਪਹਿਲਾ ਦਰਜਾ ਗਿੱਧੇ ਨੂੰ ਹਾਸਲ ਹੈ। ਗਿੱਧਾ ਤਾੜੀ ਦੀ ਅਵਾਜ਼ ‘ਤੇ ਨੱਚਿਆ ਜਾਂਦਾ ਹੈ। ਪੰਜਾਬਣਾਂ ਨੇ ਆਪਣੇ ਜੀਵਨ ਦੀ ਸਾਰੀ ਮਿਠਾਸ ਇਸ ਨਾਚ ਵਿੱਚ ਸਮੋ ਦਿੱਤੀ ਹੈ। ਚਾਨਣੀਆਂ ਰਾਤਾਂ ਨੂੰ ਕੰਮਾਂ-ਕਾਰਾਂ ਤੋਂ ਵਿਹਲੀਆਂ ਹੋ ਕੇ ਮੁਟਿਆਰਾਂ ਗਿੱਧਾ ਪਾ ਕੇ ਮਨ ਦੀ ਖ਼ੁਸ਼ੀ ਕੁਦਰਤ ਨਾਲ ਇਕਸੁਰ ਕਰ ਲੈਂਦੀਆਂ ਸਨ। ਅਸਲ ਵਿੱਚ ਗਿੱਧੇ ਵਿੱਚ ਪੰਜਾਬਣ ਦੀ ਆਤਮਾ ਸਾਹ ਲੈਂਦੀ ਹੈ। ਸਮੁੱਚੇ ਸਰੀਰ ਨੂੰ ਨਾਚ-ਰੂਪ ਵਿੱਚ ਢਾਲਣ ਦੀ ਖੁੱਲ੍ਹ ਬਾਕੀ ਲੋਕ-ਨਾਚਾਂ ਨਾਲ਼ੋਂ ਗਿੱਧੇ ਵਿੱਚ ਵਧੇਰੇ ਹੈ। ਵਿਆਹ ਅਤੇ ਹੋਰ ਮੰਗਲ ਕਾਰਜਾਂ ਸਮੇਂ ਮੁਟਿਆਰਾਂ ਗਿੱਧੇ ਲਈ ਸਮਾਂ ਰਾਖਵਾਂ ਕਰ ਲੈਂਦੀਆਂ ਹਨ। ਮਾਲਵੇ ਵਿੱਚ ਮਰਦਾਂ ਦਾ ਗਿੱਧਾ ਵੀ ਪ੍ਰਚਲਿਤ ਹੈ। ਛਪਾਰ ਕੇ ਮੇਲੇ ਤੇ ਮਰਦ ਗਿੱਧਾ ਪਾਉਂਦੇ ਵੇਖੇ ਜਾ ਸਕਦੇ ਹਨ। ਇਹ ਮਲਵਈ ਗਿੱਧਾ ਕੁਝ ਕਾਰਨਾਂ ਕਰਕੇ ਔਰਤਾਂ ਦੇ ਗਿੱਧੇ ਤੋਂ ਭਿੰਨ ਹੈ।
(iii) ਕਿੱਕਲੀ : ਕਿੱਕਲੀ ਛੋਟੀਆਂ ਕੁੜੀਆਂ ਦਾ ਨਾਚ ਹੈ। ਕੁਝ ਲੋਕ ਇਸ ਨੂੰ ਲੋਕ-ਖੇਡ ਮੰਨਦੇ ਹਨ। ਅਸਲ ਵਿੱਚ ਕਿੱਕਲੀ ਵਿੱਚ ਖੇਡ ਅਤੇ ਨਾਚ ਦੋਹਾਂ ਦੇ ਲੱਛਣ ਸ਼ਾਮਲ ਹਨ। ਕਿੱਕਲੀ ਅਸਲ ਵਿੱਚ ਇੱਕ ਨਿਸ਼ਚਿਤ ਗੀਤ-ਰੂਪ ਹੈ ਜੋ ਕਿੱਕਲੀ ਨਾਚ ਨੱਚਣ ਵੇਲੇ ਗਾਇਆ ਜਾਂਦਾ ਹੈ। ਇਹ ਨਾਚ ਕੁੜੀਆਂ ਦੋ-ਦੋ ਦੇ ਜੋਟਿਆਂ ਵਿੱਚ ਨੱਚਦੀਆਂ ਹਨ। ਦੋ ਕੁੜੀਆਂ ਆਹਮੋ-ਸਾਮ੍ਹਣੇ ਖਲੋ ਕੇ ਹੱਥਾਂ ‘ਚ ਹੱਥ ਫੜ ਕੇ ਜਾਂ ਕੰਘੀ ਪਾ ਕੇ ਪੈਰਾਂ ਨਾਲ ਪੈਰ ਮੇਲ ਕੇ ਨੱਚਦੀਆਂ ਹਨ।
(iv) ਸੰਮੀ : ਸੰਮੀ ਸਾਂਦਲ ਬਾਰ (ਪੱਛਮੀ ਪੰਜਾਬ) ਦੇ ਇਲਾਕੇ ਦਾ ਬੜਾ ਪਿਆਰਾ ਅਤੇ ਪ੍ਰਾਚੀਨ ਨਾਚ ਹੈ। ਵੰਡ ਪਿੱਛੋਂ ਹਿੰਦੂ-ਸਿੱਖ ਜੋ ਸਾਂਦਲ ਬਾਰ ਤੋਂ ਇਧਰਲੇ ਪੰਜਾਬ ਆਏ ਉਹਨਾਂ ਨਾਲ ਇਹ ਨਾਚ ਵੀ ਪੰਜਾਬ ਆ ਗਿਆ। ਇਹ ਨਾਚ ਚਾਨਣੀਆਂ ਰਾਤਾਂ ਵਿੱਚ ਦੁਖਾਂਤਕ ਲੈਅ ਵਿੱਚ ਨੱਚਿਆ ਜਾਣ ਵਾਲ਼ਾ ਤੀਵੀਂਆਂ ਦਾ ਨਾਚ ਹੈ। ਇਸ ਨਾਚ ਵਿੱਚ ਕਿਸੇ ਸਾਜ ਦੀ ਲੋੜ ਨਹੀਂ ਹੁੰਦੀ। ਇਹ ਬਹੁਤ ਹੀ ਸਿੱਧਾ-ਸਾਦਾ ਨਾਚ ਹੈ। ਇਸ ਨਾਚ ਦਾ ਸੰਬੰਧ ਪ੍ਰਸਿੱਧ ਲੋਕ-ਗਾਥਾ ‘ਢੋਲ ਸੰਮੀ’ ਦੀ ਦੁਖਾਂਤਿਕ ਪ੍ਰੇਮ-ਗਾਥਾ ਨਾਲ ਜੋੜਿਆ ਜਾਂਦਾ ਹੈ। ਇਹ ਮੁਹੱਬਤ ਦਾ ਨਾਚ ਹੈ ਜੋ ਸੰਮੀ ਆਪਣੇ ਪ੍ਰੀਤਮ ਢੋਲੇ ਦੇ ਪ੍ਰੇਮ ਵਿੱਚ ਲੀਨ ਹੋ ਕੇ ਨੱਚਿਆ ਕਰਦੀ ਸੀ। ਇਸ ਨਾਚ ਦੀ ਹਰ ਅਦਾ ਵਿੱਚ ਪ੍ਰੇਮ ਲਈ ਇੱਕ ਸੁਨੇਹਾ ਹੁੰਦਾ ਹੈ।
(v) ਝੂੰਮਰ : ਪੰਜਾਬ ਦੇ ਮਰਦਾਂ ਦਾ ਲੋਕ-ਨਾਚ ‘ਝੂਮਰ’ ਮੂਲ ਰੂਪ ਵਿੱਚ ਪੱਛਮੀ ਪੰਜਾਬ ਦਾ ਲੋਕ-ਨਾਚ ਹੈ। ਇਹ ਨਾਚ ਸਾਂਦਲ ਬਾਰ (ਸ਼ੇਖੂਪੁਰ, ਲਾਇਲਪੁਰ, ਮਿੰਟਗੁਮਰੀ ਅਤੇ ਝੰਗ ਜ਼ਿਲ੍ਹਿਆਂ) ਵਿੱਚ ਨੱਚਿਆ ਜਾਂਦਾ ਸੀ। ਰਾਜਸਥਾਨ ਦਾ ਲੋਕ-ਨਾਚ ‘ਘੁੰਮਰ’ ਜਾਂ ‘ਝੁਮਰ’ ਵੀ ਇਸੇ ਪ੍ਰਕਿਰਤੀ ਦਾ ਨਾਚ ਹੈ। ਝੂਮਰ ਗਿੱਧੇ ਅਤੇ ਭੰਗੜੇ ਵਾਂਗ ਘੇਰਾ ਪ੍ਰਬੰਧ ਵਿੱਚ ਨੱਚਿਆ ਜਾਂਦਾ ਹੈ । ਝੂਮਰ ਦਾ ਅਰਥ ਹੀ ਝੁਰਮਟ ਪਾਉਣਾ, ਇਕੱਠੇ ਹੋਣਾ ਜਾਂ ਘੇਰਾ ਘੱਤਣਾ ਅਰਥਾਤ ਘੁੰਮਣਾ ਹੈ। ਜਦੋਂ ਮਨ ਖ਼ੁਸ਼ੀ ਨਾਲ ਉਛਲਦਾ ਹੈ ਤਾਂ ਢੋਲੀ ਨੂੰ ਸੱਦ ਕੇ ਖ਼ੁਸ਼ੀ ਦਾ ਪ੍ਰਗਟਾਵਾ ਝੂਮਰ ਦੇ ਰੂਪ ਵਿੱਚ ਕੀਤਾ ਜਾਂਦਾ ਹੈ। ਪੱਛਮੀ ਪੰਜਾਬ ਵਿੱਚ ਜਨਮ, ਮੰਗਣੀ ਅਤੇ ਵਿਆਹ ਵਰਗੇ ਮੰਗਲ ਕਾਰਜਾਂ ਵਿੱਚ ਝੂੰਮਰ ਜ਼ਰੂਰ ਨੱਚਿਆ ਜਾਂਦਾ है।
(vi) ਲੁੱਡੀ : ਲੁੱਡੀ ਜਿੱਤ ਪ੍ਰਾਪਤੀ ਦੀ ਖ਼ੁਸ਼ੀ ਵਿੱਚ ਨੱਚਿਆ ਜਾਣ ਵਾਲ਼ਾ ਨਾਚ ਹੈ। ਜਿੱਤ ਕੰਮ ਦੀ ਹੋਵੇ, ਮਕੱਦਮੇ ਦੀ ਜਾਂ ਖੇਡ-ਮੁਕਾਬਲੇ ਦੀ, ਲੋਕ ਖ਼ੁਸ਼ੀ ਵਿੱਚ ਲੁੱਡੀ ਪਾਉਂਦੇ ਹਨ। ਢੋਲ ਦੀ ਤਾਲ ‘ਤੇ ਨਾਚ ਸ਼ੁਰੂ ਹੁੰਦਾ ਹੈ। ਲੋਕ ਢੋਲੀ ਦੁਆਲੇ ਨੱਚਣ ਲੱਗ ਪੈਂਦੇ ਹਨ। ਇਸ ਨਾਚ ਵਿੱਚ ਗੀਤ ਨਹੀਂ ਬੋਲੇ ਜਾਂਦੇ ਕੇਵਲ ਨੱਚਦਿਆਂ ‘ਹੀ……ਹੀ…….. ਹੀ……, ਹੋ…… ਹੋ…… ਹੋ…., ਓ……. ਓ…….. ਓ……… ਐਲੀ, ਐਲੀ, ਐਲੀ’ ਆਦਿ ਖ਼ੁਸ਼ੀ ਵਿੱਚ ਉੱਚੀ-ਉੱਚੀ ਬੋਲਿਆ ਜਾਂਦਾ ਹੈ। ਇਹ ਮੁੱਖ ਰੂਪ ਵਿੱਚ ਮਰਦਾਂ ਦਾ ਨਾਚ ਹੈ।
ਸਾਰਾਂਸ਼ : ਸੰਖੇਪ ਵਿੱਚ ਪੰਜਾਬ ਦੇ ਲੋਕ-ਨਾਚਾਂ ਵਿੱਚ ਘੜਾ, ਘੜੋਲੀ, ਗਾਗਰ ਜਾਂ ਢੋਲ/ਢੋਲਕੀ ਹੀ ਸ਼ਾਮਲ ਰਹੇ ਹਨ। ਪੰਜਾਬ ਦੇ ਲੋਕ-ਨਾਚ ਪੰਜਾਬੀਆਂ ਦੇ ਸਮੂਹਿਕ ਨਾਚ ਹਨ। ਸਮੇਂ ਨਾਲ ਇਹਨਾਂ ਵਿਚਲੀ ਸਾਦਗੀ ਤੇ ਸੁਭਾਵਿਕਤਾ ਖ਼ਤਮ ਹੋ ਰਹੀ ਹੈ। ਲੋੜ ਇਨ੍ਹਾਂ ਦੇ ਮੌਲਿਕ ਮੁਹਾਂਦਰੇ ਨੂੰ ਸਾਂਭੀ ਰੱਖਣ ਦੀ ਹੈ।