ਅਖਾਉਤਾਂ ਦੀ ਵਾਕਾਂ ਵਿਚ ਵਰਤੋਂ
1. ਉੱਖਲੀ ਵਿਚ ਸਿਰ ਦਿੱਤਾ, ਮੋਹਲਿਆਂ ਦਾ ਕੀ ਡਰ (ਇਹ ਅਖਾਣ ਇਹ ਦਰਸਾਉਣ ਲਈ ਵਰਤੀ ਜਾਂਦੀ ਹੈ ਕਿ ਔਖਾ ਰਾਹ ਚੁਣਨ ਵਾਲਾ ਬੰਦਾ ਤਕਲੀਫ਼ਾਂ ਤੋਂ ਨਹੀਂ ਡਰਦਾ।) – ਜਦੋਂ ਜੇਲ੍ਹ ਗਏ ਦੇਸ਼-ਭਗਤ ਨੂੰ ਇਕ ਮਿੱਤਰ ਨੇ ਸਜ਼ਾ ਅਤੇ ਜੇਲ੍ਹ ਜੀਵਨ ਦੀਆਂ ਤਕਲੀਫ਼ਾਂ ਤੋਂ ਬਚਣ ਲਈ ਸਰਕਾਰ ਤੋਂ ਮਾਫ਼ੀ ਮੰਗਣ ਲਈ ਕਿਹਾ, ਤਾਂ ਉਸ ਨੇ ਇਸ ਤਜਵੀਜ਼ ਨੂੰ ਠੁਕਰਾਉਂਦਿਆਂ ਕਿਹਾ, ‘ਉੱਖਲੀ ਵਿਚ ਸਿਰ ਦਿੱਤਾ, ਮੋਹਲਿਆਂ ਦਾ ਕੀ ਡਰ’।
2. ਅੰਨ੍ਹਾ ਵੰਡੇ ਰਿਉੜੀਆਂ, ਮੁੜ-ਮੁੜ ਆਪਣਿਆਂ ਨੂੰ (ਮਹੱਤਵਪੂਰਨ ਅਹੁਦਿਆਂ ‘ਤੇ ਬੈਠ ਕੇ ਆਪਣੀ ਤਾਕਤ ਦਾ ਲਾਭ ਕੇਵਲ ਆਪਣੇ ਮਿੱਤਰ-ਸੰਬੰਧੀਆਂ ਨੂੰ ਪੁਚਾਉਣਾ।) – ਸਾਡੇ ਦੇਸ਼ ਦੇ ਵਰਤਮਾਨ ਭ੍ਰਿਸ਼ਟ ਰਾਜ-ਪ੍ਰਬੰਧ ਵਿੱਚ ਯੋਗਤਾ-ਪ੍ਰਾਪਤ ਤੇ ਨਿਪੁੰਨ ਵਿਅਕਤੀਆਂ ਨੂੰ ਤਾਂ ਕੋਈ ਪੁੱਛਦਾ ਨਹੀਂ, ਸਗੋਂ ਉੱਚੇ ਰਾਜਨੀਤਿਕ ਅਹੁਦਿਆਂ ਉੱਤੇ ਬੈਠੇ ਲੋਕ ਆਪਣਿਆਂ ਚਾਚਿਆਂ-ਭਤੀਜਿਆਂ ਨੂੰ ਹੀ ਨੌਕਰੀਆਂ ‘ਤੇ ਲਾਉਂਦੇ ਅਤੇ ਬੋਰਡਾਂ ਤੇ ਕਮੇਟੀਆਂ ਦੇ ਚੇਅਰਮੈਨ ਬਣਾਉਂਦੇ ਹਨ । ਇੱਥੇ ਤਾਂ ਉਹ ਗੱਲ ਹੈ, ਅਖੇ, ‘ਅੰਨ੍ਹਾ ਵੰਡੇ ਰਿਉੜੀਆਂ ਮੁੜ-ਮੁੜ ਆਪਣਿਆਂ ਨੂੰ।’
3. ਆਪਣਾ ਮਾਰੇਗਾ ਤੇ ਛਾਵੇਂ ਹੀ ਸੁੱਟੇਗਾ (ਇਸ ਅਖਾਣ ਦੀ ਵਰਤੋਂ ਆਪਣੇ ਤੇ ਪਰਾਏ ਦੇ ਵਰਤਾਉ ਨੂੰ ਦਰਸਾਉਣ ਲਈ ਕੀਤੀ ਜਾਂਦੀ ਹੈ।) – ਭਾਈ, ਆਪਣੇ ਆਪਣੇ ਹੀ ਹੁੰਦੇ ਹਨ ਤੇ ਪਰਾਏ ਪਰਾਏ। ਆਪਣੇ ਲੜਦੇ ਵੀ ਰਹਿਣ ਤਾਂ ਵੀ ਇਕ ਦੂਜੇ ਦਾ ਦਰਦ ਰੱਖਦੇ ਹਨ, ਪਰੰਤੂ ਪਰਾਏ ਨੂੰ ਕਿਸੇ ਨਾਲ ਕੋਈ ਹਮਦਰਦੀ ਨਹੀਂ ਹੁੰਦੀ । ਸਿਆਣੇ ਕਹਿੰਦੇ ਹਨ, ‘ਆਪਣਾ ਮਾਰੇਗਾ ਤੇ ਛਾਵੇਂ ਹੀ ਸੁੱਟੇਗਾ’।
4. ਇਕ ਅਨਾਰ ਤੇ ਸੌ ਬਿਮਾਰ (ਜਦੋਂ ਚੀਜ਼ ਥੋੜ੍ਹੀ ਹੋਵੇ, ਪਰ ਲੋੜਵੰਦ ਬਹੁਤੇ ਹੋਣ, ਤਾਂ ਇਸ ਅਖਾਣ ਦੀ ਵਰਤੋਂ ਕੀਤੀ ਜਾਂਦੀ ਹੈ।) – ਨਗਰ ਨਿਗਮ ਵੀ ਕਿਸ-ਕਿਸ ਨੂੰ ਨੌਕਰੀ ਦੇ ਦੇਵੇ। ਪਿਛਲੇ ਹਫ਼ਤੇ 15 ਕਲਰਕ ਭਰਤੀ ਕਰਨ ਲਈ ਇਕ ਇਸ਼ਤਿਹਾਰ ਦਿੱਤਾ ਗਿਆ, ਪਰ ਇਸ ਲਈ 10,000 ਅਰਜ਼ੀਆਂ ਆ ਗਈਆਂ ਤੇ ਸਿਫ਼ਾਰਸ਼ਾਂ ਸਾਰੇ ਲਈ ਫਿਰਦੇ ਹਨ। ਇੱਥੇ ਤਾਂ ‘ਇਕ ਅਨਾਰ ਤੇ ਸੌ ਬਿਮਾਰ’ ਵਾਲੀ ਗੱਲ ਹੈ।
5. ਇਕ ਦਰ ਬੰਦ ਸੌ ਦਰ ਖੁੱਲ੍ਹਾ (ਇਹ ਅਖਾਣ ਹਮੇਸ਼ਾ ਆਸਵੰਦ ਰਹਿਣ ਦਾ ਉਪਦੇਸ਼ ਦੇਣ ਲਈ ਵਰਤੀ ਜਾਂਦੀ ਹੈ।) – ਜਦੋਂ ਮੇਰੀ ਪਰਦੇਸ ਵਿਚ ਪੜ੍ਹਨ ਗਈ ਧੀ ਦਾ ਉਸਦੇ ਉੱਥੇ ਰਹਿੰਦੇ ਮਾਮੇ ਨੇ ਉਸਦਾ ਖ਼ਰਚ ਚੁੱਕਣ ਤੋਂ ਇਨਕਾਰ ਕਰ ਦਿੱਤਾ, ਤਾਂ ਉਹ ਘਬਰਾ ਗਈ, ਪਰ ਮੈਂ ਉਸ ਨੂੰ ਹੌਂਸਲਾ ਦਿੰਦਿਆਂ ਕਿਹਾ, ਬੇਟੀ ਘਬਰਾਉਣ ਦੀ ਜ਼ਰੂਰਤ ਨਹੀਂ। ਸਿਆਣੇ ਕਹਿੰਦੇ ਹਨ, ”ਇਕ ਦਰ ਬੰਦ, ਸੌ-ਦਰ ਖੁੱਲ੍ਹਾ।” ਤੇਰੀ ਪੜ੍ਹਾਈ ਦਾ ਖ਼ਰਚ ਤੋਰਨ ਲਈ ਕੋਈ ਨਾ ਕੋਈ ਹੋਰ ਹੀਲਾ-ਵਸੀਲਾ ਨਿਕਲ ਹੀ ਆਵੇਗਾ।
6. ਕੁੱਤੇ ਭੌਂਕਦੇ ਰਹਿੰਦੇ ਹਨ, ਹਾਥੀ ਲੰਘ ਜਾਂਦੇ ਹਨ (ਇਹ ਅਖਾਣ ਅਸੂਲਾਂ ਤੇ ਦ੍ਰਿੜ੍ਹ ਰਹਿਣ ਦਾ ਇਰਾਦਾ ਪ੍ਰਗਟ ਕਰਨ ਲਈ ਵਰਤਿਆ ਜਾਂਦਾ ਹੈ।) – ਮੇਰੇ ਦੋਸਤ ਨੇ ਰਸਮਾਂ-ਰੀਤਾਂ ਤੇ ਜਾਤ-ਬਰਾਦਰੀ ਤੋੜ ਕੇ ਆਪਣੀ ਮਰਜ਼ੀ ਦੀ ਕੁੜੀ ਨਾਲ ਵਿਆਹ ਕਰਾ ਲਿਆ ਤੇ ਕਿਹਾ, ਮੈਂ ਲੋਕਾਂ ਦੀਆਂ ਗੱਲਾਂ ਦੀ ਕੋਈ ਪਰਵਾਹ ਨਹੀਂ ਕਰਦਾ, ‘ਕੁੱਤੇ ਭੌਂਕਦੇ ਰਹਿੰਦੇ ਹਨ, ਹਾਥੀ ਲੰਘ ਜਾਂਦੇ ਹਨ’।
7. ਗੱਲ ਕਹਿੰਦੀ ਮੈਨੂੰ ਮੂੰਹੋਂ ਕੱਢ, ਮੈਂ ਤੈਨੂੰ ਸ਼ਹਿਰੋਂ ਕਢਾਉਂਦੀ ਹਾਂ (ਇਸ ਅਖਾਣ ਦੁਆਰਾ ਗੱਲ ਨੂੰ ਸੋਚ-ਵਿਚਾਰ ਕੇ ਕਰਨ ਦਾ ਉਪਦੇਸ਼ ਦਿੱਤਾ ਗਿਆ ਹੈ।) – ਦੇਖ, ਤੇਰੀ ਬੇਸਮਝੀ ਭਰੀ ਨਿੱਕੀ ਜਿਹੀ ਗੱਲ ਨੇ ਕਿੰਨੇ ਪੁਆੜੇ ਖੜ੍ਹੇ ਕੀਤੇ ਹਨ। ਗੱਲ ਹਮੇਸ਼ਾ ਸੋਚ-ਵਿਚਾਰ ਕੇ ਕਰਨੀ ਚਾਹੀਦੀ ਹੈ। ਸਿਆਣੇ ਕਹਿੰਦੇ ਹਨ, ‘ਗੱਲ ਕਹਿੰਦੀ ਮੈਨੂੰ ਮੂੰਹੋਂ ਕੱਢ, ਮੈਂ ਤੈਨੂੰ ਸ਼ਹਿਰੋਂ ਕਢਾਉਂਦੀ ਹਾਂ’।
8. ਘਰ ਦਾ ਜੋਗੀ ਜੋਗੜਾ, ਬਾਹਰ ਦਾ ਜੋਗੀ ਸਿੱਧ (ਜਦੋਂ ਕੋਈ ਆਪਣੀ ਚੀਜ਼ ਨੂੰ ਨਿੰਦੇ, ਪਰ ਪਰਾਈ ਦੀ ਪ੍ਰਸੰਸਾ ਕਰੇ, ਤਾਂ ਇਹ ਅਖਾਣ ਵਰਤੀ ਜਾਂਦੀ ਹੈ।) – ਦੇਖੋ, ਬਲਦੇਵ ਦਾ ਆਪਣਾ ਭਰਾ ਮੰਨਿਆ-ਪ੍ਰਮੰਨਿਆ ਡਾਕਟਰ ਹੈ, ਪਰ ਉਸ ਨੂੰ ਉਸ ਦੀ ਦਵਾਈ ਵਿਚ ਵਿਸ਼ਵਾਸ ਹੀ ਨਹੀਂ, ਸਗੋਂ ਉਹ ਦੂਜੇ ਡਾਕਟਰ ਕੋਲ ਦਵਾਈ ਲੈਣ ਜਾਂਦਾ ਹੈ। ਇਸ ਦੀ ਤਾਂ ਉਹ ਗੱਲ ਹੈ, ਅਖੇ, ‘ਘਰ ਦਾ ਜੋਗੀ ਜੋਗੜਾ, ਬਾਹਰ ਦਾ ਜੋਗੀ ਸਿੱਧ।
9. ਤੂੰ ਮੇਰਾ ਮੁੰਡਾ ਖਿਡਾ, ਮੈਂ ਤੇਰੀ ਖ਼ੀਰ ਖਾਨੀ ਆਂ (ਜਦੋਂ ਕੋਈ ਚਲਾਕੀ ਨਾਲ ਕਿਸੇ ਨੂੰ ਭੁਚਲਾ ਕੇ ਉਸ ਕੰਮ ਵਿਚ ਲਾ ਦੇਵੇ, ਜਿਸ ਤੋਂ ਉਸ ਨੂੰ ਨਿੱਜੀ ਫ਼ਾਇਦਾ ਹੋਵੇ, ਉਦੋਂ ਕਹਿੰਦੇ ਹਨ।) – ਜਦੋਂ ਮੈਂ ਸਰਕਾਰੀ ਖ਼ਜ਼ਾਨੇ ਨੂੰ ਲੋਕ-ਹਿਤੂ ਕੰਮਾਂ ਉੱਤੇ ਖ਼ਰਚਣ ਦੀ ਥਾਂ ਹਵਾਈ ਜਹਾਜ਼ਾਂ ਵਿਚ ਨਿੱਜੀ ਉਡਾਰੀਆਂ ਮਾਰਨ ਤੇ ਵਿਦੇਸ਼ੀ ਦੌਰਿਆਂ ਦੀਆਂ ਮੌਜ਼ਾਂ ਉੱਪਰ ਖ਼ਰਚ ਕਰਨ ਵਾਲੇ ਚੀਫ਼ ਮਨਿਸਟਰ ਨੂੰ ਇਕ ਵਲੰਟੀਅਰ ਜੱਥੇਬੰਦੀ ਦੁਆਰਾ ਆਪਣੇ ਸਾਧਨਾਂ ਨਾਲ ਇਕੱਠੇ ਕੀਤੇ ਧਨ ਨਾਲ ਪਬਲਿਕ ਬਾਥਰੂਮ ਤੇ ਡਿਸਪੈਂਸਰੀਆਂ ਬਣਾਉਣ ਦੀ ਪ੍ਰਸੰਸਾ ਕਰਦਿਆਂ ਤੇ ਅੱਗੋਂ ਉਸ ਨੂੰ ਅਜਿਹੇ ਹੋਰ ਕੰਮ ਕਰਨ ਦੀ ਹੱਲਾ-ਸ਼ੇਰੀ ਦਿੰਦਿਆਂ ਦੇਖਿਆ ਤਾਂ ਮੇਰੇ ਮੂੰਹੋਂ ਨਿਕਲਿਆਂ, ”ਇਸ ਦੀ ਤਾਂ ਉਹ ਗੱਲ ਹੈ, ‘ਤੂੰ ਮੇਰਾ ਮੁੰਡਾ ਖਿਡਾ, ਮੈਂ ਤੇਰੀ ਖ਼ੀਰ ਖਾਨੀ ਆਂ’। ਅਸਲ ਵਿਚ ਇਹ ਕੰਮ ਕਰਨੇ ਤਾਂ ਉਸ ਦੀ ਸਰਕਾਰ ਦੀ ਜ਼ਿੰਮੇਵਾਰੀ ਹੈ, ਪਰ ਜੇਕਰ ਉਸ ਦੀ ਸਰਕਾਰ ਦੇ ਕੰਮ ਕੋਈ ਹੋਰ ਕਰੀ ਜਾਵੇ ਤੇ ਸਰਕਾਰੀ ਖ਼ਜ਼ਾਨਾ ਉਸ ਦੀ ਐਸ਼ ਤੇ ਵੋਟਾਂ ਦੇ ਜੋੜ-ਤੋੜ ਲਈ ਬਚਿਆ ਰਹੇ, ਤਾਂ ਉਸ ਨੇ ਅਜਿਹੇ ਕੰਮ ਕਰਨ ਵਾਲੀਆਂ ਜਥੇਬੰਦੀਆਂ ਨੂੰ ਹੱਲਾ-ਸ਼ੇਰੀ ਦੇਣੀ ਹੀ ਹੈ ।