ਭਾਸ਼ਾ ਅਤੇ ਪੰਜਾਬੀ ਭਾਸ਼ਾ : ਪਰਿਭਾਸ਼ਾ


ਪ੍ਰਸ਼ਨ 1. ਬੋਲੀ (ਭਾਸ਼ਾ) ਕਿਸ ਨੂੰ ਆਖਦੇ ਹਨ? ਇਸ ਦੀ ਪਰਿਭਾਸ਼ਾ ਲਿਖੋ।

ਉੱਤਰ : ਮੂੰਹ ਵਿਚੋਂ ਨਿਕਲਣ ਵਾਲੀਆਂ ਜਿਨ੍ਹਾਂ ਅਵਾਜ਼ਾਂ ਰਾਹੀਂ ਮਨੁੱਖ ਆਪਣੇ ਮਨੋਭਾਵਾਂ ਤੇ ਵਿਚਾਰਾਂ ਨੂੰ ਦੂਜਿਆਂ ਅੱਗੇ ਪ੍ਰਗਟ ਕਰਦਾ ਹੈ, ਉਨ੍ਹਾਂ ਨੂੰ ‘ਬੋਲੀ’ (ਭਾਸ਼ਾ) ਆਖਿਆ ਜਾਂਦਾ ਹੈ l।

ਪ੍ਰਸ਼ਨ 2. ਬੋਲੀ ਕਿੰਨੇ ਪ੍ਰਕਾਰ ਦੀ ਹੁੰਦੀ ਹੈ?

ਉੱਤਰ : ਮਨੁੱਖ ਆਪਣੇ ਮਨੋਭਾਵਾਂ ਨੂੰ ਦੋ ਤਰ੍ਹਾਂ-ਲਿਖ ਕੇ ਜਾਂ ਬੋਲ ਕੇ-ਪ੍ਰਗਟ ਕਰਦਾ ਹੈ। ਇਸ ਕਰਕੇ ਬੋਲੀ ਵੀ ਦੋ ਪ੍ਰਕਾਰ ਦੀ ਹੁੰਦੀ ਹੈ—

(ੳ) ਬੋਲ-ਚਾਲ ਦੀ ਬੋਲੀ ਅਤੇ

(ਅ) ਲਿਖਤੀ ਜਾਂ ਸਾਹਿਤਕ ਬੋਲੀ ।

ਪ੍ਰਸ਼ਨ 3. ਬੋਲ-ਚਾਲ ਦੀ ਬੋਲੀ ਤੋਂ ਕੀ ਭਾਵ ਹੈ?

ਉੱਤਰ : ਬੋਲ-ਚਾਲ ਦੀ ਬੋਲੀ ਉਹ ਹੁੰਦੀ ਹੈ, ਜਿਸ ਰਾਹੀਂ ਵੱਖ-ਵੱਖ ਇਲਾਕਿਆਂ ਵਿੱਚ ਰਹਿੰਦੇ ਲੋਕ ਆਪਸ ਵਿੱਚ ਗੱਲ-ਬਾਤ ਕਰਦੇ ਹਨ। ਇਕ ਭਾਸ਼ਾ-ਖੇਤਰ ਵਿੱਚ ਇਸ ਦੇ ਕਈ ਰੂਪ ਹੁੰਦੇ ਹਨ।

ਪ੍ਰਸ਼ਨ 4. ਆਪਣੇ ਭਾਵਾਂ ਨੂੰ ਪ੍ਰਗਟ ਕਰਨ ਲਈ ਮਨੁੱਖ ਕਿਹੜੇ ਸਫਲ ਸਾਧਨ ਦੀ ਵਰਤੋਂ ਕਰਦਾ ਹੈ?

ਉੱਤਰ : ਆਪਣੇ ਭਾਵਾਂ ਨੂੰ ਪ੍ਰਗਟ ਕਰਨ ਲਈ ਮਨੁੱਖ ਭਾਸ਼ਾ (ਬੋਲੀ) ਦੇ ਸਫਲ ਸਾਧਨ ਦੀ ਵਰਤੋਂ ਕਰਦਾ ਹੈ।

ਪ੍ਰਸ਼ਨ 5. ਸਾਡੇ ਸੰਵਿਧਾਨ ਵਿੱਚ ਕਿਹੜੀਆਂ-ਕਿਹੜੀਆਂ ਭਾਸ਼ਾਵਾਂ ਪ੍ਰਵਾਨਿਤ ਹਨ?

ਉੱਤਰ : ਸਾਡੇ ਸੰਵਿਧਾਨ ਵਿੱਚ 22 ਭਾਸ਼ਾਵਾਂ ਪ੍ਰਵਾਨਿਤ ਹਨ, ਜੋ ਕਿ ਹੇਠ ਲਿਖੀਆਂ ਹਨ :

ਪੰਜਾਬੀ, ਹਿੰਦੀ, ਗੁਜਰਾਤੀ, ਮਰਾਠੀ, ਬੰਗਲਾ, ਉੜੀਆ, ਬੋਡੋ, ਮੈਥਿਲੀ, ਸੰਥਾਲੀ, ਅਸਾਮੀ, ਕਸ਼ਮੀਰੀ, ਡੋਗਰੀ, ਤਾਮਿਲ, ਤੇਲਗੂ, ਕੰਨੜ, ਮਲਿਆਲਮ, ਉਰਦੂ, ਸੰਸਕ੍ਰਿਤ, ਕੋਂਕਣੀ, ਮਨੀਪੁਰੀ, ਸਿੰਧੀ, ਨੇਪਾਲੀ।

ਪ੍ਰਸ਼ਨ 6. ਮਾਤ-ਬੋਲੀ (ਮਾਤਾ-ਭਾਸ਼ਾ) ਕੀ ਹੁੰਦੀ ਹੈ?

ਉੱਤਰ : ਮਾਤ-ਬੋਲੀ (ਮਾਤ-ਭਾਸ਼ਾ) ਉਹ ਹੁੰਦੀ ਹੈ, ਜਿਹੜੀ ਬੱਚਾ ਆਪਣੇ ਜਨਮ ਤੋਂ ਹੀ ਆਪਣੀ ਮਾਂ ਕੋਲੋਂ ਸਿੱਖਦਾ ਹੈ

ਪ੍ਰਸ਼ਨ 7. ਪੰਜਾਬੀ ਬੋਲੀ ਨੂੰ ਕਿੰਨੇ ਲੋਕ ਬੋਲਦੇ ਹਨ? ਇਹ ਲੋਕ ਕਿੱਥੇ ਵਸਦੇ ਹਨ?

ਉੱਤਰ : ਪੰਜਾਬੀ ਬੋਲੀ ਨੂੰ 11 ਕਰੋੜ ਤੋਂ ਵੱਧ ਲੋਕ ਬੋਲਦੇ ਹਨ। ਇਨ੍ਹਾਂ ਨੂੰ ਬੋਲਣ ਵਾਲੇ ਭਾਰਤ, ਪਾਕਿਸਤਾਨ, ਇੰਗਲੈਂਡ, ਕੈਨੇਡਾ ਤੇ ਅਮਰੀਕਾ ਤੋਂ ਇਲਾਵਾ ਆਸਟਰੇਲੀਆ ਤੇ ਹੋਰਨਾਂ ਯੂਰਪੀਨ ਮੁਲਕਾਂ ਵਿਚ ਵਸਦੇ ਹਨ।