ਅਣਡਿੱਠਾ ਪੈਰਾ : ਬਾਲ ਨਾਨਕ
ਬਾਲ ਨਾਨਕ ਵਿਚ ਛੋਟੀ ਉਮਰ ਤੋਂ ਹੀ ਕੁੱਝ ਵਿਸ਼ੇਸ਼ਤਾਈਆਂ ਸਨ, ਜੋ ਆਮ ਬਾਲਕਾਂ ਵਿਚ ਨਹੀਂ ਹੋਇਆ ਕਰਦੀਆਂ। ਪਰ ਮਾਪਿਆ ਦੀ ਨਜ਼ਰ ਵਿਚ ਉਹ ਇਕ ਸਧਾਰਨ ਬਾਲਕ ਸੀ, ਜਿਸ ਲਈ ਉਹ ਉਸ ਨੂੰ ਹੋਰ ਬਾਲਕਾਂ ਵਾਂਗ ਵਿਚਰਦਾ ਵੇਖਣਾ ਚਾਹੁੰਦੇ ਸਨ। ਇਸ ਲਈ ਉਨ੍ਹਾਂ ਨੇ ਨਾਨਕ ਨੂੰ ਵਾਰੀ-ਵਾਰੀ ਅਜਿਹੇ ਕੰਮਾਂ ਤੇ ਲਾਇਆ, ਜਿਹੋ ਜਿਹੇ ਉਸ ਸ਼੍ਰੇਣੀ ਦੇ ਬੱਚੇ ਕਰਦੇ ਸਨ, ਜਿਵੇਂ ਘਰ ਦੀਆਂ ਮਹੀਆਂ ਦਾ ਛੇੜੂ ਬਣਾਇਆ ਅਤੇ ਉਸ ਦੀ ਅਵਸਥਾ ਪੜ੍ਹਨ ਯੋਗ ਹੋਈ ਤਾਂ ਤਲਵੰਡੀ ਦੇ ਪਾਂਧੇ ਤੇ ਮੌਲਵੀ ਪਾਸ ਪੜ੍ਹਨੇ ਵੀ ਪਾਇਆ। ਜਦੋਂ ਨਾਨਕ ਹੋਰ ਵਡੇਰਾ ਹੋਇਆ, ਤਾਂ ਵੀਹ ਰੁਪਏ ਦੇ ਕੇ ਕੋਈ ਚੰਗਾ ਸੌਦਾ ਕਰਨ ਘੱਲਿਆ।
ਨਾਨਕ ਵੱਡਾ ਆਗਿਆਕਾਰ ਸਪੁੱਤਰ ਸੀ, ਇਸ ਲਈ ਜੋ ਕੰਮ ਵੀ ਮਾਪਿਆਂ ਨੇ ਸੌਂਪਿਆ ‘ਸੱਤ ਬਚਨ’ ਕਿਹਾ ਤੇ ਕਰਨ ਲੱਗ ਪਿਆ। ਪਰ ਹਰ ਕੰਮ ਕਰਨ ਦੀ ਵਿਧੀ ਉਸ ਦੀ ਆਪਣੀ ਹੀ ਸੀ, ਜੋ ਮਾਪਿਆ ਨੂੰ ਨਹੀਂ ਜਚਦੀ ਸੀ। ਅਜਿਹੇ ਸਾਰੇ ਕੰਮ ਨਾਨਕ ਨੇ ਤਲਵੰਡੀ ਵਿਚ ਰਹਿੰਦਿਆਂ ਕੀਤੇ, ਜਿਸ ਕਾਰਨ ਤਲਵੰਡੀ ਦੀਆਂ ਕਈ ਵਿਸ਼ੇਸ਼ ਥਾਂਵਾਂ ਤੇ ਸਾਧਾਰਨ ਜੰਗਲੀ ਰੁੱਖ, ਜਿਨ੍ਹਾਂ ਦੀ ਛਾਵੇਂ ਨਾਨਕ ਖਲੋਂਦਾ ਰਿਹਾ, ਉਸ ਦੇ ਨਾਂ ਨਾਲ ਸੰਬੰਧਿਤ ਹੋ ਗਏ। ਇਸ ਲਈ ਤਲਵੰਡੀ ਗੁਰੂ ਨਾਨਕ ਦਾ ਨਿਰਾ ਜਨਮ ਟਿਕਾਣਾ ਹੋਣ ਕਰਕੇ ਹੀ ਨਹੀਂ, ਬਲਕਿ ਬਾਲ-ਅਵਸਥਾ ਅੰਦਰ ਆਪ ਦੇ ਤਲਵੰਡੀ ਵਿਚ ਵਰਤਾਏ ਕਈ ਕੌਤਕ ਤੇ ਕੀਤੇ ਕਰਤੱਬ ਆਪ ਦੀਆਂ ਯਾਦਗਾਰਾਂ ਬਣ ਗਏ, ਜਿਸ ਗੱਲ ਨੇ ਸਮਾਂ ਪਾ ਕੇ ਤਲਵੰਡੀ ਦੀ ਵਡਿਆਈ ਵਿਚ ਹੋਰ ਵਾਧਾ ਕਰ ਦਿੱਤਾ। ਪਰ ਕਿਉਂਕਿ ਆਪ ਤਲਵੰਡੀ ਵਿਚ ਬਹੁਤ ਸਾਲ ਨਹੀਂ ਰਹੇ ਅਤੇ ਜਵਾਨ ਹੋਣ ਸਾਰ ਹੀ ਆਪ ਨੂੰ ਸੁਲਤਾਨਪੁਰ ਦੇ ਨਵਾਬ ਦਾ ਮੋਦੀ ਬਣਨਾ ਪਿਆ, ਜਿਸ ਤੋਂ ਪਿੱਛੋਂ ਆਪ ਦਾ ਜਗਤ ਸੁਧਾਰ ‘ਚੜ੍ਹਿਆ ਸੋਧਨ ਧਰਤ ਲੁਕਾਈ’ ਦਾ ਕੰਮ ਆਰੰਭ ਹੋ ਗਿਆ ਅਤੇ ਜਦੋਂ ਇਸ ਤੋਂ ਵਿਹਲੇ ਹੋਏ, ਤਾਂ ਆਪ ਰਾਵੀ ਕੰਢੇ ਕਰਤਾਰਪੁਰ ਜਾ ਵਸੇ, ਇਸ ਲਈ ਤਲਵੰਡੀ ਦੇ ਇਤਿਹਾਸ ਦਾ ਬਹੁਤ ਸਾਰਾ ਸਮਾਂ ਹਨੇਰੇ ਵਿਚ ਰਿਹਾ ਹੈ ਅਤੇ ਇਸ ਵਿਚਲੇ ਸਮੇਂ ਵਿਚ ਤਲਵੰਡੀ ਵਸਦੀ ਰਹੀ ਜਾਂ ਉੱਜੜ ਗਈ, ਇਸ ਬਾਰੇ ਕੁੱਝ ਕਿਹਾ ਨਹੀਂ ਜਾ ਸਕਦਾ।
ਉੱਪਰ ਲਿਖੇ ਪੈਰੇ ਨੂੰ ਧਿਆਨ ਨਾਲ ਪੜ੍ਹ ਕੇ ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ ਲਿਖੋ-
ਪ੍ਰਸ਼ਨ (ੳ) ਬਾਲ ਨਾਨਕ ਨੂੰ ਕਿਹੜੇ-ਕਿਹੜੇ ਕੰਮ ਤੇ ਲਾਇਆ ਗਿਆ?
ਉੱਤਰ : ਬਾਲ ਨਾਨਕ ਨੂੰ ਉਨ੍ਹਾਂ ਦੇ ਮਾਪਿਆਂ ਨੇ ਮਹੀਆਂ ਚਾਰਨ ਅਤੇ ਪਾਂਧੇ ਤੇ ਮੌਲਵੀ ਕੋਲ ਪੜ੍ਹਾਈ ਕਰਨ ਦੇ ਕੰਮ ਲਾਇਆ। ਜ਼ਰਾ ਵੱਡਾ ਹੋਇਆ, ਤਾਂ ਉਨ੍ਹਾਂ ਉਸ ਨੂੰ ਵਪਾਰ ਦੇ ਕੰਮ ਵਿਚ ਲਾਉਣਾ ਚਾਹਿਆ।
ਪ੍ਰਸ਼ਨ (ਅ) ਬਾਲ ਨਾਨਕ ਨੂੰ ਅਜਿਹੇ ਕੰਮਾਂ ਤੇ ਕਿਉਂ ਲਾਇਆ ਗਿਆ?
ਉੱਤਰ : ਬਾਲ ਨਾਨਕ ਨੂੰ ਅਜਿਹੇ ਕੰਮਾਂ ਉੱਤੇ ਇਸ ਕਰਕੇ ਲਾਇਆ, ਕਿਉਂਕਿ ਉਸ ਸਮੇਂ ਬਾਲਕ ਅਜਿਹੇ ਹੀ ਕੰਮ ਕਰਦੇ ਹੁੰਦੇ ਸਨ। ਨਾਲ ਹੀ ਸਭ ਮਾਪੇ ਇਹ ਚਾਹੁੰਦੇ ਹਨ ਕਿ ਉਨ੍ਹਾਂ ਦਾ ਪੁੱਤਰ ਕੋਈ ਕੰਮ-ਕਾਰ ਕਰੋ।
ਪ੍ਰਸ਼ਨ (ੲ) ਆਪਣੇ ਮਾਪਿਆਂ ਦੁਆਰਾ ਸੌਂਪੇ ਹਰ ਕੰਮ ਬਾਰੇ ਨਾਨਕ ਦਾ ਕੀ ਵਤੀਰਾ ਹੁੰਦਾ ਸੀ?
ਉੱਤਰ : ਆਪਣੇ ਮਾਪਿਆਂ ਦੁਆਰਾ ਸੌਂਪੇ ਗਏ ਕੰਮਾਂ ਨੂੰ ਬਾਲਕ ਨਾਨਕ ‘ਸਤਿ ਬਚਨ’ ਕਹਿ ਕੇ ਕਰਨ ਲੱਗ ਪੈਂਦਾ, ਪਰ ਉਸ ਦੀ ਕੰਮ ਕਰਨ ਦੀ ਵਿਧੀ ਨਿਵੇਕਲੀ ਹੀ ਸੀ, ਜੋ ਕਿ ਉਸ ਦੇ ਮਾਪਿਆਂ ਨੂੰ ਨਹੀਂ ਸੀ ਜਚਦੀ।
ਪ੍ਰਸ਼ਨ (ਸ) ਤਲਵੰਡੀ ਦੀਆਂ ਵਿਸ਼ੇਸ਼ ਥਾਵਾਂ ਤੇ ਸਧਾਰਨ ਜੰਗਲੀ ਰੁੱਖ ਗੁਰੂ ਨਾਨਕ ਨਾਲ ਕਿਵੇਂ ਸੰਬੰਧਿਤ ਹੋ ਗਏ?
ਉੱਤਰ : ਤਲਵੰਡੀ ਦੀਆਂ ਵਿਸ਼ੇਸ਼ ਥਾਂਵਾਂ ਤੇ ਸਧਾਰਨ ਜੰਗਲੀ ਰੁੱਖ ਇਸ ਕਰਕੇ ਗੁਰੂ ਨਾਨਕ ਦੇਵ ਜੀ ਨਾਲ ਸੰਬੰਧਿਤ ਹੋ ਗਏ, ਕਿਉਂਕਿ ਉਨ੍ਹਾਂ ਦੁਆਰਾ ਆਪਣੇ ਬਚਪਨ ਵਿਚ ਵਰਤਾਏ ਕਈ ਕੌਤਕ ਤੇ ਕੀਤੇ ਕਰਤੱਬ ਇਨ੍ਹਾਂ ਨਾਲ ਸੰਬੰਧਿਤ ਹਨ।
ਪ੍ਰਸ਼ਨ (ਹ) ਤਲਵੰਡੀ ਦੇ ਇਤਿਹਾਸ ਦਾ ਬਹੁਤ ਸਮਾਂ ਹਨੇਰੇ ਵਿਚ ਕਿਉਂ ਰਿਹਾ?
ਉੱਤਰ : ਤਲਵੰਡੀ ਦੇ ਇਤਿਹਾਸ ਦਾ ਬਹੁਤਾ ਸਮਾਂ ਹਨੇਰੇ ਵਿਚ ਰਹਿਣ ਦਾ ਕਾਰਨ ਇਹ ਹੈ ਕਿ ਇਸ ਨਾਲ ਕੇਵਲ ਗੁਰੂ ਨਾਨਕ ਦੇਵ ਜੀ ਦਾ ਬਚਪਨ ਹੀ ਸੰਬੰਧਿਤ ਰਿਹਾ ਹੈ। ਗੁਰੂ ਜੀ ਨੇ ਆਪਣੀ ਜਵਾਨੀ ਤੇ ਬੁਢਾਪਾ ਇੱਥੇ ਨਹੀਂ ਗੁਜ਼ਾਰਿਆ।